ਗੈਰ ਕਾਨੂੰਨੀ ਤੇ ਗੈਰ ਸਮਾਜਿਕ ਕਾਰਵਾਈਆ ਨੂੰ ਦ੍ਰਿੜਤਾ ਨਾਲ ਠੱਲ੍ਹ ਪਾਉਣ ਵਾਲੇ ਪੁਲਿਸ ਅਫਸਰ ਸ. ਗੁਰਮੀਤ ਸਿੰਘ ਚੌਹਾਨ ਦੀ ਬਦਲੀ ਕਰਕੇ ਸਰਕਾਰ ਇਮਾਨਦਾਰ ਪੁਲਿਸ ਅਫਸਰਾਂ ਨੂੰ ਨਿਰਉਤਸਾਹਿਤ ਕਰ ਰਹੀ : ਮਾਨ
ਫ਼ਤਹਿਗੜ੍ਹ ਸਾਹਿਬ, 30 ਸਤੰਬਰ ( ) “ਇਕ ਪਾਸੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਖਬਾਰਾਂ, ਮੀਡੀਏ ਤੇ ਆਪਣੀਆ ਤਕਰੀਰਾਂ ਵਿਚ ਨਿੱਤ ਦਿਹਾੜੇ ਦਾਅਵੇ ਕਰਦੀ ਹੈ ਕਿ ਅਸੀ ਰਿਸਵਤਖੋਰੀ, ਨਸ਼ੀਲੀਆਂ ਵਸਤਾਂ ਦੇ ਕਾਰੋਬਾਰੀਆਂ, ਕਾਤਲਾਂ, ਗੈਗਸਟਰਾਂ ਤੇ ਹੋਰ ਸਮਾਜਿਕ ਬੁਰਾਈਆ ਦਾ ਅਮਲ ਕਰਨ ਵਾਲੇ ਅਨਸਰਾਂ ਦਾ ਪੰਜਾਬ ਵਿਚੋਂ ਖਾਤਮਾ ਕਰਨ ਦੀ ਜਿੰਮੇਵਾਰੀ ਨਿਭਾਵਾਂਗੇ । ਦੂਸਰੇ ਪਾਸੇ ਤਰਨਤਾਰਨ ਪੁਲਿਸ ਦੇ ਐਸ.ਐਸ.ਪੀ ਸ. ਗੁਰਮੀਤ ਸਿੰਘ ਚੌਹਾਨ ਜਿਨ੍ਹਾਂ ਨੇ ਸੈਡਮਾਇਨਿੰਗ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਇਕ ਵਿਧਾਇਕ ਦੇ ਰਿਸਤੇਦਾਰਾਂ ਅਤੇ ਸਾਥੀਆਂ ਨੂੰ ਜਿੰਮੇਵਾਰੀ ਤੇ ਸੰਜੀਦਗੀ ਨਾਲ ਗ੍ਰਿਫਤਾਰ ਕਰਕੇ ਚੰਗਾਂ ਸਮਾਜਿਕ ਸੁਨੇਹਾ ਦਿੱਤਾ ਹੈ, ਉਸ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਜਿਸਦੇ ਰਿਸਤੇਦਾਰਾਂ ਵੱਲੋ ਗੈਰ ਕਾਨੂੰਨੀ ਅਮਲ ਕੀਤੇ ਜਾ ਰਹੇ ਹਨ, ਉਸਦੀ ਸਰਪ੍ਰਸਤੀ ਕਰਦੇ ਹੋਏ ਇਕ ਨੇਕ, ਇਮਾਨਦਾਰ, ਦ੍ਰਿੜ ਭਾਵਨਾ ਰੱਖਣ ਵਾਲੇ ਸ. ਗੁਰਮੀਤ ਸਿੰਘ ਚੌਹਾਨ ਵਰਗੇ ਅਫਸਰ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਬਦੌਲਤ ਉਥੋ ਬਦਲਕੇ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਿਧਾਇਕਾਂ, ਵਜੀਰਾਂ ਭਾਵੇ ਉਹ ਕਿਸੇ ਵੀ ਗੈਰ ਸਮਾਜਿਕ, ਗੈਰ ਕਾਨੂੰਨੀ ਕੰਮ ਵਿਚ ਸਾਮਿਲ ਹੋਣ, ਉਨ੍ਹਾਂ ਦੀ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਰੱਖਿਆ ਕਰੇਗੀ । ਫਿਰ ਅਜਿਹੇ ਅਮਲ ਕਰਨ ਵਾਲੀ ਸਰਕਾਰ ਜਾਂ ਉਨ੍ਹਾਂ ਦੇ ਐਮ.ਐਲ.ਏ ਜਾਂ ਵਜੀਰ ਪੰਜਾਬ ਵਿਚ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ ਪ੍ਰਫੁੱਲਿਤ ਹੋ ਰਹੀਆ ਸਮਾਜਿਕ ਬੁਰਾਈਆ, ਰੇਤ ਮਾਇਨਿੰਗ, ਰਿਸਵਤਖੋਰੀ, ਕਤਲੋਗਾਰਤ, ਚੋਰੀ, ਡਕੈਤੀਆ, ਨਸੀਲੀਆ ਵਸਤਾਂ ਦੀ ਸਮਗਲਿੰਗ ਕਰਨ ਵਾਲੇ ਅਨਸਰਾਂ ਨੂੰ ਕਿਵੇ ਕਾਬੂ ਪਾ ਸਕਦੀ ਹੈ ? ਗੱਲ ਇਥੇ ਹੀ ਨਹੀ ਬਲਕਿ ਹਰ ਤਰ੍ਹਾਂ ਦੀ ਬੁਰਾਈ ਨੂੰ ਖਤਮ ਕਰਨ ਵਾਲੇ ਪੰਜਾਬ ਦੇ ਹੁਕਮਰਾਨਾਂ ਦੀ ਇਹ ਕਾਰਵਾਈ ਪੰਜਾਬ ਪੁਲਿਸ ਵਿਚ ਨੇਕ ਇਮਾਨਦਾਰੀ ਤੇ ਦ੍ਰਿੜਤਾ ਨਾਲ ਕੰਮ ਕਰਨ ਵਾਲੀ ਅਫਸਰਸਾਹੀ, ਅਧਿਕਾਰੀਆ ਤੇ ਮੁਲਾਜਮਾਂ ਨੂੰ ਉਤਸਾਹਿਤ ਕਰਨ ਦੀ ਬਜਾਇ ਨਿਰਉਤਸਾਹਿਤ ਕਰ ਰਹੀ ਹੈ । ਜਿਸਦੇ ਨਤੀਜੇ ਕਦੇ ਵੀ ਪੰਜਾਬ ਸੂਬੇ ਤੇ ਪੰਜਾਬੀਆਂ ਲਈ ਕਾਰਗਰ ਨਹੀ ਹੋ ਸਕਣਗੇ । ਅਜਿਹੇ ਅਮਲ ਪੰਜਾਬ ਪੁਲਿਸ ਵਿਚ ਵੱਡੀ ਨਮੋਸੀ ਪੈਦਾ ਕਰਨ ਦਾ ਕਾਰਨ ਬਣਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਰਨਤਾਰਨ ਵਿਖੇ ਗੁਰਮੀਤ ਸਿੰਘ ਚੌਹਾਨ ਨਾਮ ਦੇ ਦ੍ਰਿੜ ਪੁਲਿਸ ਅਫਸਰ ਵੱਲੋ ਗੈਰ ਕਾਨੂੰਨੀ ਅਮਲ ਕਰਨ ਵਾਲਿਆ ਵਿਰੁੱਧ ਪੁਲਿਸ ਤੇ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਉਤੇ ਪੰਜਾਬ ਸਰਕਾਰ ਵੱਲੋ ਆਪਣੇ ਇਕ ਐਮ.ਐਲ.ਏ ਅਤੇ ਉਸਦੇ ਰਿਸਤੇਦਾਰਾਂ ਦਾ ਬਚਾਅ ਕਰਨ ਲਈ ਕੀਤੀ ਕਾਰਵਾਈ ਨੂੰ ਅਤਿ ਸ਼ਰਮਨਾਕ ਅਤੇ ਪੰਜਾਬ ਵਿਚ ਗਲਤ ਅਨਸਰਾਂ ਰਾਹੀ ਵਿਸਫੋਟਕ ਸਥਿਤੀ ਬਣਾਉਣ ਤੇ ਸਰਪ੍ਰਸਤੀ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸ. ਗੁਰਮੀਤ ਸਿੰਘ ਚੌਹਾਨ ਅਤੇ ਉਨ੍ਹਾਂ ਵਰਗੇ ਹੋਰ ਅਨੇਕਾਂ ਇਮਾਨਦਾਰ ਤੇ ਦ੍ਰਿੜ ਅਫਸਰਾਂ ਵੱਲੋ ਨਿਭਾਈ ਜਾਣ ਵਾਲੀ ਜਿੰਮੇਵਾਰੀ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਗੁਰਮੀਤ ਸਿੰਘ ਚੌਹਾਨ ਨੂੰ ਜੇਕਰ ਤਰਨਤਾਰਨ ਦੇ ਨਿਵਾਸੀ ਪੂਰੇ ਗਰਮਜੋਸ਼ੀ ਨਾਲ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕਰਨ ਤੇ ਉਨ੍ਹਾਂ ਨੂੰ ਜੀ ਆਇਆ ਕਹਿਣ ਦਾ ਅਮਲ ਕਰ ਰਹੇ ਹਨ, ਤਾਂ ਪ੍ਰਤੱਖ ਹੈ ਕਿ ਆਮ ਲੋਕਾਂ ਦੀ ਵਸੋ ਦੀ ਬਹੁਗਿਣਤੀ ਅਜਿਹੇ ਨੇਕ ਤੇ ਇਮਾਨਦਾਰ ਅਫਸਰਾਂ ਨੂੰ ਆਪਣੇ ਇਲਾਕੇ ਵਿਚ ਤਾਇਨਾਤ ਕਰਨ ਅਤੇ ਸਮਾਜਿਕ ਬੁਰਾਈਆ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਸਾਥ ਦੇਣ ਲਈ ਉਤਾਵਲੀ ਹੁੰਦੀ ਹੈ । ਫਿਰ ਪੰਜਾਬ ਸਰਕਾਰ ਵੱਲੋ ਸ੍ਰੀ ਚੌਹਾਨ ਵੱਲੋ ਨਿਭਾਈ ਗਈ ਇਮਾਨਦਾਰੀ ਵਾਲੀ ਡਿਊਟੀ ਦੀ ਬਦੌਲਤ ਉਸਨੂੰ ਉਥੋ ਬਦਲਕੇ ਤਰਨਤਾਰਨ ਦੇ ਨਿਵਾਸੀਆਂ ਅਤੇ ਪੰਜਾਬ ਨਿਵਾਸੀਆ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤਰਨਤਾਰਨ ਨਾਲ ਸੰਬੰਧਤ ਜਿ਼ਲ੍ਹੇ ਦੇ ਪਾਰਟੀ ਦੇ ਜਰਨਲ ਸਕੱਤਰ ਸ. ਹਰਪਾਲ ਸਿੰਘ ਬਲੇਰ, ਜਿ਼ਲ੍ਹਾ ਪ੍ਰਧਾਨ ਹਰਜੀਤ ਸਿੰਘ ਮੀਆਪੁਰ, ਜਸਵੀਰ ਸਿੰਘ ਬੱਚੜੇ ਸੀਨੀਅਰ ਅਹੁਦੇਦਾਰ ਆਦਿ ਆਗੂਆ ਨੇ ਪੰਜਾਬ ਸਰਕਾਰ ਵੱਲੋ ਕੀਤੀ ਇਸ ਕਾਰਵਾਈ ਦੀ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਉਥੇ ਸ. ਗੁਰਮੀਤ ਸਿੰਘ ਚੌਹਾਨ ਵਰਗੇ ਪੁਲਿਸ ਅਫਸਰ ਦੀ ਨਿਰਪੱਖਤਾ ਨਾਲ ਕੰਮ ਕਰਨ ਦੀ ਸਲਾਘਾ ਕਰਦੇ ਹੋਏ ਐਮ.ਐਲ.ਏ. ਤੇ ਉਸਦੇ ਰਿਸਤੇਦਾਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵਿਚ ਸਰਕਾਰ ਵੱਲੋ ਰੁਕਾਵਟਾਂ ਖੜ੍ਹੀਆ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ । ਸ. ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀ ਪਹਿਲਾ ਵੀ ਧਰੂਮਨ ਐਚ ਨਿਬਾਲੇ ਜਿਨ੍ਹਾਂ ਵੱਲੋ ਸਮਾਜਿਕ ਅਨਸਰਾਂ ਵਿਰੁੱਧ ਅਤੇ ਸਮਾਜ ਵਿਚ ਨਫਰਤ ਫੈਲਾਉਣ ਵਾਲਿਆ ਵਿਰੁੱਧ ਇਮਾਨਦਾਰੀ ਤੇ ਦ੍ਰਿੜਤਾ ਨਾਲ ਕਾਰਵਾਈ ਕੀਤੀ ਗਈ, ਉਸ ਪੁਲਿਸ ਅਫਸਰ ਨੂੰ ਹੁਸਿਆਰਪੁਰ, ਮੋਗਾ ਰਹਿੰਦੇ ਹੋਏ 8 ਸਾਲਾਂ ਵਿਚ 18 ਵਾਰ ਬਦਲੀ ਕੀਤੀ ਗਈ । ਇਸੇ ਤਰ੍ਹਾਂ ਸ. ਹਰਦਿਆਲ ਸਿੰਘ ਮਾਨ ਜਦੋਂ ਫਿਰੋਜ਼ਪੁਰ ਜਿ਼ਲ੍ਹੇ ਦੇ ਐਸ.ਐਸ.ਪੀ ਸਨ, ਜਿਨ੍ਹਾਂ ਨੇ ਬੀਜੇਪੀ ਦੇ ਉਸ ਸਮੇ ਦੇ ਪੰਜਾਬ ਪ੍ਰਧਾਨ ਸ੍ਰੀ ਕਮਲ ਸ਼ਰਮਾ ਤੇ ਉਸਦੇ ਸਾਥੀਆ ਨੂੰ ਨਸ਼ੇ ਦੀ ਸਮਗਲਿੰਗ ਕਰਨ ਦੇ ਧੰਦੇ ਵਿਚ ਸਾਹਮਣੇ ਲਿਆਂਦਾ ਸੀ, ਉਨ੍ਹਾਂ ਦੀ ਵੀ ਬਦਲੀ ਕਰ ਦਿੱਤੀ ਗਈ ਸੀ । ਜਦੋਕਿ ਜੋ ਨੇਕ ਤੇ ਇਮਾਨਦਾਰ ਅਫਸਰ ਸਮਾਜ ਵਿਚੋ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲਾਂ ਨੂੰ ਖਤਮ ਕਰਨ ਦਾ ਦ੍ਰਿੜ ਇਰਾਦਾ ਰੱਖਦੇ ਹਨ, ਉਨ੍ਹਾਂ ਨੂੰ ਉਸ ਸਥਾਂਨ ਤੇ ਜਿਥੇ ਗੈਰ ਸਮਾਜਿਕ ਕਾਰਵਾਈ ਪਣਪ ਰਹੀ ਹੁੰਦੀ ਹੈ, ਉਥੇ ਰੱਖਦੇ ਹੋਏ ਉਸਦਾ ਖਾਤਮਾ ਕਰਨ ਲਈ ਲੰਮਾਂ ਸਮਾਂ ਸੇਵਾ ਜਾਰੀ ਰੱਖਣੀ ਬਣਦੀ ਹੈ । ਅਜਿਹੇ ਨੇਕ ਅਫਸਰਾਂ ਪ੍ਰਤੀ ਸਰਕਾਰਾਂ ਵੱਲੋ ਅਪਣਾਈ ਜਾਣ ਵਾਲੀ ਦੁਵਿਧਾ ਨੀਤੀ ਕੇਵਲ ਸਰਕਾਰ ਦੀ ਛਬੀ ਨੂੰ ਖਰਾਬ ਕਰਨ ਲਈ ਹੀ ਜਿੰਮੇਵਾਰ ਨਹੀ ਹੁੰਦੀ, ਬਲਕਿ ਸਮਾਜ ਵਿਚ ਗੰਧਲਾਪਣ ਫੈਲਾਉਣ ਲਈ ਵੀ ਅਜਿਹੇ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੁੰਦੇ ਹਨ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੁਲਿਸ ਨੂੰ ਨਿਰਉਤਸਾਹਿਤ ਕਰਨ ਅਤੇ ਗੈਰ ਕਾਨੂੰਨੀ ਕਾਰੋਬਾਰੀਆਂ ਦੀ ਸਰਪ੍ਰਸਤੀ ਕਰਨ ਦੇ ਅਮਲਾਂ ਨੂੰ ਬਿਲਕੁਲ ਬਰਦਾਸਤ ਨਹੀ ਕਰੇਗਾ । ਉਨ੍ਹਾਂ ਪੰਜਾਬ ਨਿਵਾਸੀਆ ਨੂੰ ਸੱਦਾ ਦਿੰਦੇ ਹੋਏ ਕਿਹਾ ਜਿਹੜੇ ਨੇਕ ਤੇ ਇਮਾਨਦਾਰ ਪੁਲਿਸ ਅਫਸਰ ਤੇ ਅਧਿਕਾਰੀ ਹਨ, ਉਨ੍ਹਾਂ ਦਾ ਹਰ ਪੱਖੋ ਸਾਥ ਦੇ ਕੇ ਪੰਜਾਬ ਵਿਚੋ ਬੁਰਾਈਆ ਦਾ ਖਾਤਮਾ ਕਰਨ ਵਿਚ ਯੋਗਦਾਨ ਪਾਇਆ ਜਾਵੇ ਅਤੇ ਜੇਕਰ ਸਰਕਾਰ ਜਾਂ ਹਕੂਮਤਾਂ ਆਪਣੇ ਕਿਸੇ ਵਿਧਾਇਕ, ਵਜੀਰ ਜੋ ਗਲਤ ਅਨਸਰਾਂ ਦੀ ਸਰਪ੍ਰਸਤੀ ਕਰਦਾ ਹੋਵੇ, ਉਸਦੀ ਹਿਫਾਜਤ ਕਰਨ ਦੀ ਕਾਰਵਾਈ ਕਰੇ, ਤਦ ਵੀ ਪੰਜਾਬ ਨਿਵਾਸੀਆ ਨੂੰ ਇਕ ਆਵਾਜ ਹੋ ਕੇ ਸਰਕਾਰ ਵਿਰੁੱਧ ਜੋਰਦਾਰ ਮੁਹਿੰਮ ਵੀ ਚਲਾਉਣੀ ਚਾਹੀਦੀ ਹੈ ਅਤੇ ਗੁਰਮੀਤ ਸਿੰਘ ਚੌਹਾਨ, ਨਿਬਾਲੇ ਅਤੇ ਸ. ਹਰਦਿਆਲ ਸਿੰਘ ਮਾਨ ਵਰਗੇ ਹੋਰ ਵੀ ਅਨੇਕਾ ਅਫਸਰਾਂ ਦਾ ਹਰ ਪੱਖੋ ਸਾਥ ਦੇਣ ਤਾਂ ਕਿ ਪੰਜਾਬ ਦੇ ਤਾਕਤ ਦੇ ਨਸੇ ਵਿਚ ਕੰਮ ਕਰ ਰਹੇ ਹੁਕਮਰਾਨਾਂ ਨੂੰ ਪੰਜਾਬ ਦੀ ਜਨਤਾ ਅਜਿਹੇ ਕੰਮਾਂ ਤੋ ਵਰਜ ਸਕੇ ਤੇ ਆਪਣੇ ਪੰਜਾਬ ਪ੍ਰਤੀ ਫਰਜਾਂ ਦੀ ਪੂਰਤੀ ਕਰ ਸਕੇ । ਸ. ਮਾਨ ਨੇ ਇਹ ਵੀ ਸੰਦੇਸ ਦਿੱਤਾ ਕਿ ਪੰਜਾਬ ਨਿਵਾਸੀ ਆਉਣ ਵਾਲੇ ਸਮੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਯੋਗਦਾਨ ਪਾਉਣ, ਅਸੀ ਇਥੇ ਇਮਾਨਦਾਰ ਦ੍ਰਿੜ ਇਰਾਦੇ ਵਾਲੇ ਅਫਸਰਾਂ ਦੀ ਹਰ ਕੀਮਤ ਤੇ ਪਿੱਠ ਥਾਪਾਗੇ, ਰਿਸਵਤਖੌਰੀ ਗੈਰ ਕਾਨੂੰਨੀ ਅਮਲ ਕਰਨ ਵਾਲੇ ਅਨਸਰਾਂ ਅਤੇ ਅਫਸਰਾਂ ਨੂੰ ਇਥੋ ਚੱਲਦਾ ਕਰਨ ਲਈ ਅਤੇ ਇਥੇ ਅਮਨ ਚੈਨ ਤੇ ਜਮਹੂਰੀਅਤ ਦਾ ਰਾਜ ਕਾਇਮ ਕਰਨ ਲਈ ਆਪਣੇ ਇਨਸਾਨੀ ਫਰਜਾਂ ਦੀ ਹਰ ਕੀਮਤ ਤੇ ਪੂਰਤੀ ਕਰਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਦਸ਼ਾ ਤੇ ਦਿਸ਼ਾ ਨੂੰ ਸਹੀ ਕਰਨ ਲਈ ਪੰਜਾਬ ਦੇ ਹਰ ਵਰਗ ਦੇ ਨਿਵਾਸੀ ਆਉਣ ਵਾਲੀਆ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਤਨੋ-ਮਨੋ-ਧਨੋ ਸਹਿਯੋਗ ਕਰਕੇ ਸਾਡੀ ਸਰਕਾਰ ਬਣਾਉਣ ਵਿਚ ਯੋਗਦਾਨ ਪਾਉਣਗੇ । ਜਿਸ ਨਾਲ ਇਥੇ ਜੰਗਲ ਦੇ ਰਾਜ ਦਾ ਖਾਤਮਾ ਕਰਕੇ ਕਾਨੂੰਨ ਦੇ ਰਾਜ ਦੀ ਸਥਾਪਨਾ ਹੋ ਸਕੇਗੀ ਅਤੇ ਸਹੀ ਮਾਇਨਿਆ ਵਿਚ ਭਗਤ ਰਵੀਦਾਸ ਜੀ ਦੇ ਹਲੀਮੀ ਰਾਜ ਸਰਬਸਾਂਝਾ ਕਾਇਮ ਹੋਵੇਗਾ ।