ਲੰਮੇ ਸਮੇਂ ਤੋਂ ਪਟਵਾਰੀਆਂ ਨਾਲ ਕੰਮ ਕਰਦੇ ਆ ਰਹੇ ਪੜ੍ਹੇ-ਲਿਖੇ ਨੌਜ਼ਵਾਨਾਂ ਨੂੰ ਪਟਵਾਰੀਆਂ ਦੀਆਂ ਨਵੀਆਂ ਅਸਾਮੀਆ ਉਤੇ ਨਿਯੁਕਤ ਕੀਤਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 08 ਸਤੰਬਰ ( ) “ਬੇਸ਼ੱਕ ਮਾਲ ਵਿਭਾਗ ਪੰਜਾਬ ਵੱਲੋਂ ਪੱਕੇ ਤੌਰ ਤੇ ਕੰਮ ਕਰਦੇ ਆ ਰਹੇ ਪਟਵਾਰੀ ਵਰਗ, ਪਿੰਡਾਂ-ਸ਼ਹਿਰਾਂ ਦੀਆਂ ਜ਼ਮੀਨਾਂ, ਜਾਇਦਾਦਾਂ ਨਾਲ ਸੰਬੰਧਤ ਗਦਾਵਰੀਆ, ਰਜਿਸਟਰੀਆਂ ਜਾਂ ਹੋਰ ਕੰਮਾਂ ਨੂੰ ਕਰਦੇ ਆ ਰਹੇ ਹਨ, ਪਰ ਲੰਮੇ ਸਮੇ ਤੋ ਇਨ੍ਹਾਂ ਪਟਵਾਰੀਆਂ ਨੇ ਉੱਚ ਯੋਗਤਾ ਪ੍ਰਾਪਤ, ਡਿਗਰੀ ਹੋਲਡਰ ਇਥੋ ਤੱਕ ਕਿ ਪੀ.ਐਚ.ਡੀ. ਕੀਤੇ ਨੌਜਵਾਨਾਂ ਨੂੰ ਵੀ ਆਪਣੇ ਨਾਲ ਸਹਾਇਕ ਵੱਜੋ ਕੰਮਾਂ ਉਤੇ ਲਗਾਇਆ ਹੋਇਆ ਹੈ ਅਤੇ ਇਹ ਵੱਡੀ ਗਿਣਤੀ ਵਿਚ ਤਕਰੀਬਨ 600-700 ਦੇ ਕਰੀਬ ਪੜ੍ਹੇ-ਲਿਖੇ ਨੌਜਵਾਨ ਇਹ ਜਿੰਮੇਵਾਰੀਆਂ ਪੂਰਨ ਕਰਦੇ ਆ ਰਹੇ ਹਨ ਅਤੇ ਜਿਨ੍ਹਾਂ ਨੂੰ ਪਟਵਾਰ ਦੇ ਸਮੁੱਚੇ ਕੰਮ ਬਾਰੇ ਭਰਪੂਰ ਜਾਣਕਾਰੀ ਹੈ ਅਤੇ ਮੁਹਾਰਤ ਹਾਸਿਲ ਨੌਜਵਾਨ ਇਹ ਕੰਮ ਕਰ ਰਹੇ ਹਨ । ਜਦੋ ਹੁਣ ਨਵੀਆ ਪਟਵਾਰੀ ਦੀਆਂ ਅਸਾਮੀਆ ਸਰਕਾਰ ਵੱਲੋ ਇਸਤਿਹਾਰਬਾਜੀ ਕਰਕੇ ਕੱਢੀਆ ਗਈਆ ਹਨ, ਤਾਂ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਜਿਥੇ ਪੱਕੇ ਪਟਵਾਰੀ ਪਹਿਲੋ ਹੀ ਕੰਮ ਕਰਦੇ ਹਨ ਤਾਂ ਇਨ੍ਹਾਂ ਪਟਵਾਰੀਆ ਨਾਲ ਕੰਮ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਨਵੀਆ ਅਸਾਮੀਆ ਉਤੇ ਨਿਯੁਕਤ ਕਰਕੇ ਰੁਜਗਾਰ ਦੇਣ ਦੀ ਜਿੰਮੇਵਾਰੀ ਨਿਭਾਈ ਜਾਵੇ ਜਿਸ ਨਾਲ ਇਹ ਨੌਜਵਾਨ ਵਰਗ ਪੂਰੀ ਜਿੰਮੇਵਾਰੀ ਨਾਲ ਪੰਜਾਬ ਦੇ ਨਿਵਾਸੀਆ ਦੀਆਂ ਜਮੀਨਾਂ, ਕਾਰੋਬਾਰਾਂ ਆਦਿ ਨਾਲ ਸੰਬੰਧਤ ਕੰਮਾਂ ਨੂੰ ਬਾਖੂਬੀ ਨਾਲ ਪੂਰਨ ਕਰੇਗਾ, ਉਥੇ ਪੜ੍ਹੇ-ਲਿਖੇ ਨੌਜਵਾਨ ਜੋ ਪਟਵਾਰੀਆਂ ਨਾਲ ਆਪਣੀਆ ਬੇਰੁਜਗਾਰੀ ਕਾਰਨ ਕੰਮ ਕਰ ਰਹੇ ਹਨ, ਉਨ੍ਹਾਂ ਦੀ ਤੁਜਰਬੇਕਾਰ ਜਿੰਦਗੀ ਤੋ ਪੰਜਾਬੀਆਂ ਤੇ ਸਰਕਾਰ ਨੂੰ ਵੱਡਾ ਫਾਇਦਾ ਪ੍ਰਾਪਤ ਹੋਵੇਗਾ ਅਤੇ ਬੇਰੁਜਗਾਰੀ ਘੱਟ ਕਰਨ ਵਿਚ ਮਦਦ ਮਿਲੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੱਕੇ ਪਟਵਾਰੀਆਂ ਨਾਲ ਉੱਚ ਯੋਗਤਾ ਪ੍ਰਾਪਤ ਕਰਨ ਵਾਲੇ ਬਤੌਰ ਸਹਾਇਕ ਦੇ ਕੰਮ ਕਰਨ ਵਾਲੇ ਸੂਝਵਾਨ ਨੌਜਵਾਨਾਂ ਨੂੰ ਨਵੀਆ ਪਟਵਾਰੀ ਦੀਆਂ ਅਸਾਮੀਆ ਉਤੇ ਪਹਿਲ ਦੇ ਆਧਾਰ ਤੇ ਨਿਯੁਕਤੀ ਪੱਤਰ ਦੇਣ ਅਤੇ ਇਨ੍ਹਾਂ ਨੌਜਵਾਨਾਂ ਦੀਆਂ ਸੇਵਾਵਾ ਲੈਕੇ ਕੁਝ ਬੇਰੁਜਗਾਰੀ ਨੂੰ ਘੱਟ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆ ਦਾ ਅਮਲ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਪਟਵਾਰੀਆ ਦੇ ਅਤੇ ਪੰਜਾਬ ਨਿਵਾਸੀਆ ਦੇ ਕੰਮਾਂ ਦੀ ਮੁਹਾਰਤ ਰੱਖਣ ਵਾਲੇ ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜਗਾਰ ਵੀ ਮਿਲ ਸਕੇ ਅਤੇ ਇਥੋ ਦੇ ਨਿਵਾਸੀਆ ਦੀਆਂ ਜ਼ਮੀਨਾਂ ਆਦਿ ਨਾਲ ਸੰਬੰਧਤ ਮੁਸਕਿਲਾਂ ਸਮੇ ਵਿਚ ਹੱਲ ਹੋ ਸਕਣ । ਅਜਿਹੀ ਜਿੰਮੇਵਾਰੀ ਇਹ ਪੜ੍ਹੇ-ਲਿਖੇ ਨੌਜਵਾਨ ਜੋ ਲੰਮੇ ਸਮੇ ਤੋਂ ਪਟਵਾਰੀਆਂ ਨਾਲ ਕੰਮ ਕਰਦੇ ਆ ਰਹੇ ਹਨ, ਉਹ ਬਾਖੂਬੀ ਨਿਭਾਉਣ ਦੀ ਸਮਰੱਥਾਂ ਰੱਖਦੇ ਹਨ ਅਤੇ ਉਨ੍ਹਾਂ ਨੂੰ ਹੀ ਇਸ ਖੇਤਰ ਵਿਚ ਅੱਗੇ ਲਿਆਂਦਾ ਜਾਵੇ ਤਾਂ ਕਿ ਇਸਦੇ ਨਤੀਜੇ ਪੰਜਾਬ ਅਤੇ ਪੰਜਾਬੀਆਂ ਲਈ ਹੋਰ ਵੀ ਬਿਹਤਰ ਹੋਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਉੱਚ ਯੋਗਤਾ ਪ੍ਰਾਪਤ ਕੰਮ ਕਰਦੇ ਆ ਰਹੇ ਪਟਵਾਰੀਆਂ ਨੂੰ ਨਵੀਆ ਅਸਾਮੀਆ ਉਤੇ ਨਿਯੁਕਤ ਕਰਕੇ ਜਿਥੇ ਬੇਰੁਜਗਾਰੀ ਦੇ ਮਸਲੇ ਨੂੰ ਕੁਝ ਘਟਾਉਣ ਵਿਚ ਮਦਦ ਕਰੇਗੀ, ਉਥੇ ਇਨ੍ਹਾਂ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਜਿੰਮੇਵਾਰੀ ਵੀ ਨਿਭਾਏਗੀ। 

Leave a Reply

Your email address will not be published. Required fields are marked *