ਖ਼ਾਲਸਾ ਏਡ ਦੇ ਦਫਤਰ ਅਤੇ ਡਾਈਰੈਕਟਰ ਉਤੇ ਐਨ.ਆਈ.ਏ. ਦੀ ਕਾਰਵਾਈ, ਸਿੱਖ ਕੌਮ ਦੇ ਮਨੁੱਖਤਾ ਪੱਖੀ ਉੱਦਮਾਂ ਵਿਚ ਰੁਕਾਵਟ ਖੜ੍ਹੀ ਕਰਨ ਵਾਲਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 03 ਅਗਸਤ ( ) “ਜੋ ਸੈਂਟਰ ਦੀਆਂ ਸੀ.ਬੀ.ਆਈ, ਆਈ.ਬੀ, ਰਾਅ ਅਤੇ ਐਨ.ਆਈ.ਏ. ਏਜੰਸੀਆਂ ਹਨ, ਇਨ੍ਹਾਂ ਸਭਨਾਂ ਦੀ ਜਿੰਮੇਵਾਰੀ ਮੁਲਕ ਵਿਚ ਹੋਣ ਵਾਲੀ ਕਿਸੇ ਤਰ੍ਹਾਂ ਦੀ ਗੈਰ ਵਿਧਾਨਿਕ, ਅਣਮਨੁੱਖੀ ਇਨਸਾਨੀਅਤ ਵਿਰੋਧੀ ਕਾਰਵਾਈ ਦੀ ਜਾਂਚ ਲਈ ਤਹਿ ਤੱਕ ਜਾਣਾ, ਸੱਚ ਤੋ ਮੁਲਕ ਨਿਵਾਸੀਆ ਨੂੰ ਜਾਣੂ ਕਰਵਾਕੇ ਅਸਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੈਂਟਰ ਦੀਆਂ ਇਹ ਸਭ ਜਾਂਚ ਏਜੰਸੀਆ ਆਪਣੇ ਮਿੱਥੇ ਫਰਜਾਂ ਤੋ ਪਿੱਠ ਮੋੜਕੇ ਸੈਟਰ ਸਰਕਾਰ ਤੇ ਮੋਦੀ ਹਕੂਮਤ ਦੀਆਂ ਗੈਰ ਕਾਨੂੰਨੀ ਤੇ ਅਣਮਨੁੱਖੀ ਹੁਕਮਾਂ ਨੂੰ ਪੂਰਨ ਕਰਕੇ ਸੈਂਟਰ ਸਰਕਾਰ ਦੀਆਂ ਬਤੌਰ ਰਖੇਲ ਦੀ ਤਰ੍ਹਾਂ ਕੰਮ ਕਰ ਰਹੀਆ ਹਨ । ਜਿਸ ਨਾਲ ਇਨਸਾਫ਼ ਪ੍ਰਾਪਤ ਕਰਨ ਵਾਲੇ ਇੰਡੀਆਂ ਦੇ ਪੀੜ੍ਹਤ ਨਿਵਾਸੀ ਅਤੇ ਆਪਣੇ ਹੱਕੀ ਮੰਗਾਂ ਲਈ ਸੰਘਰਸ਼ੀਲ ਲੋਕਾਂ ਲਈ ਇਕ ਵੱਡੀ ਮੁਸਕਿਲ ਬਣਦੀਆਂ ਨਜਰ ਆ ਰਹੀਆ ਹਨ । ਇਹੀ ਵਜਹ ਹੈ ਕਿ ਐਨ.ਆਈ.ਏ. ਦੀ ਜਾਂਚ ਏਜੰਸੀ ਵੱਲੋ ਸੰਸਾਰ ਪ੍ਰਸਿੱਧ ਹਰਮਨ ਪਿਆਰੀ ਮਨੁੱਖਤਾ ਲਈ ਵੱਡੀ ਤੋ ਵੱਡੀ ਔਖੀ ਘੜੀ ਵਿਚ ਵੀ ਉਦਮ ਕਰਨ ਵਾਲੀ ਸਿੱਖ ਕੌਮ ਨਾਲ ਸੰਬੰਧਤ ਖ਼ਾਲਸਾ ਏਡ ਸੰਸਥਾਂ ਜੋ ਬਿਨ੍ਹਾਂ ਕਿਸੇ ਤਰ੍ਹਾਂ ਦੇ ਜਾਤ-ਪਾਤ, ਰੰਗ-ਨਸਲ, ਊਚ-ਨੀਚ ਆਦਿ ਤੋ ਨਿਰਲੇਪ ਰਹਿਕੇ ਦੁਨੀਆ ਵਿਚ ਹੋਣ ਵਾਲੇ ਜੰਗਾਂ-ਯੁੱਧਾਂ, ਹੜ੍ਹਾਂ, ਤੂਫਾਨਾਂ, ਵੱਡੀਆਂ ਬਿਮਾਰੀਆ, ਸੰਕਟ ਸਮੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਕਰਦੀ ਆ ਰਹੀ ਹੈ । ਉਸਨੂੰ ਨਿਸ਼ਾਨਾਂ ਬਣਾਕੇ ਮਨੁੱਖਤਾ ਲਈ ਚੰਗੇ ਉੱਦਮ ਕਰਨ ਵਾਲੀ ਖ਼ਾਲਸਾ ਏਡ ਸੰਸਥਾਂ ਦੇ ਰਾਹ ਵਿਚ ਰੁਕਾਵਟਾਂ ਖੜ੍ਹੀਆ ਕੀਤੀਆ ਜਾ ਰਹੀਆ ਹਨ ਤਾਂ ਕਿ ਸਿੱਖ ਕੌਮ ਦੀ ‘ਸਰਬੱਤ ਦੇ ਭਲੇ’ ਵਾਲੀ ਸੋਚ ਹਿੱਤ ਸੰਸਾਰ ਪੱਧਰ ਤੇ ਬਣਿਆ ਸਤਿਕਾਰਿਤ ਅਕਸ ਹੋਰ ਮਜਬੂਤ ਨਾ ਹੋ ਸਕੇ ਅਤੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ, ਗਰਮ ਦਲੀਏ ਆਦਿ ਦੇ ਨਾਮ ਦੇ ਕੇ ਬਦਨਾਮ ਕੀਤਾ ਜਾ ਸਕੇ । ਐਨ.ਆਈ.ਏ. ਵੱਲੋਂ ਖ਼ਾਲਸਾ ਏਡ ਦੇ ਪਟਿਆਲਾ ਸਥਿਤ ਦਫਤਰ ਅਤੇ ਡਾਈਰੈਕਟਰ ਸ. ਅਮਰਪ੍ਰੀਤ ਸਿੰਘ ਦੇ ਘਰ ਕੀਤੀ ਗਈ ਛਾਪੇਮਾਰੀ ਸੈਂਟਰ ਸਰਕਾਰ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸੈਂਟਰ ਦੀ ਜਾਂਚ ਏਜੰਸੀ ਐਨ.ਆਈ.ਏ. ਵੱਲੋ ਮਨੁੱਖਤਾ ਪੱਖੀ ਉੱਦਮ ਕਰਨ ਵਾਲੀ ਖ਼ਾਲਸਾ ਏਡ ਦੀ ਸੰਸਥਾਂ ਦੇ ਦਫਤਰ ਤੇ ਉਨ੍ਹਾਂ ਦੇ ਡਾਈਰੈਕਟਰ ਸ. ਅਮਰਪ੍ਰੀਤ ਸਿੰਘ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਕੀਤੀ ਗਈ ਛਾਪੇਮਾਰੀ, ਤਲਾਸੀ ਅਤੇ ਪ੍ਰੇਸ਼ਾਨ ਕਰਨ ਦੀਆਂ ਕਾਰਵਾਈਆ ਨੂੰ ਅਤਿ ਸ਼ਰਮਨਾਕ, ਮਨੁੱਖਤਾ ਪੱਖੀ ਉੱਦਮਾਂ ਵਿਚ ਹਕੂਮਤੀ ਪੱਧਰ ਤੇ ਰੁਕਾਵਟ ਪਾਉਣ ਵਾਲੀ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਐਨ.ਆਈ.ਏ. ਦੀ ਏਜੰਸੀ ਵੱਲੋ ਖ਼ਾਲਸਾ ਏਡ ਨੂੰ ਨਿਸ਼ਾਨਾਂ ਬਣਾਉਣ ਦੀ ਕਾਰਵਾਈ ਦੀ ਹਰ ਕੌਮ, ਧਰਮ, ਫਿਰਕੇ, ਕਬੀਲੇ ਨੂੰ ਇਸ ਲਈ ਜੋਰਦਾਰ ਨਿੰਦਾ ਕਰਨੀ ਬਣਦੀ ਹੈ ਤਾਂ ਕਿ ਮਨੁੱਖਤਾ ਲਈ ਕੰਮ ਕਰਨ ਵਾਲੀਆ ਸਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਹੁਕਮਰਾਨ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਅੱਛੇ ਕਦਮਾਂ ਵਿਚ ਨਾ ਤਾਂ ਰੁਕਾਵਟਾਂ ਖੜ੍ਹੀਆ ਕਰ ਸਕਣ ਅਤੇ ਨਾ ਹੀ ਸਿੱਖ ਕੌਮ ਦੇ ਸਰਬੱਤ ਦੇ ਭਲੇ ਦੀ ਸੋਚ ਨੂੰ ਦਬਾਉਣ ਵਿਚ ਕਾਮਯਾਬ ਹੋ ਸਕਣ । ਇਸ ਉੱਦਮ ਲਈ ਕੰਮ ਕਰਨ ਵਾਲੀਆ ਸਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਕਿਸੇ ਤਰ੍ਹਾਂ ਦੀ ਭਵਿੱਖ ਵਿਚ ਆਚ ਨਾ ਆਵੇ ਅਤੇ ਉਹ ਪਹਿਲੇ ਨਾਲੋ ਵੀ ਮਜਬੂਤੀ ਨਾਲ ਇਸ ਦਿਸਾ ਵੱਲ ਬਿਨ੍ਹਾਂ ਕਿਸੇ ਰੁਕਾਵਟ, ਡਰ-ਭੈ ਦੇ ਆਪਣੇ ਲੋਕ ਭਲਾਈ ਦੇ ਕੰਮਾਂ ਨੂੰ ਕਰਦੇ ਰਹਿਣ ।

ਉਨ੍ਹਾਂ ਕਿਹਾ ਕਿ ਸੈਟਰ ਦੇ ਹੁਕਮਰਾਨਾਂ ਵੱਲੋ ਜੋ ਮਨੀਪੁਰ ਅਤੇ ਹਰਿਆਣੇ ਦੇ ਨੂਹ ਜਿਲ੍ਹੇ ਵਿਚ ਘੱਟ ਗਿਣਤੀ ਮੁਸਲਿਮ ਕੌਮ ਅਤੇ ਕੂਕੀ ਕਬੀਲੇ ਦੇ ਲੋਕਾਂ ਨੂੰ ਨਿਸ਼ਾਨਾਂ ਬਣਾਕੇ ਦੋਵਾਂ ਥਾਵਾ ਤੇ ਬੀਜੇਪੀ ਦੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਬੇਇਨਸਾਫ਼ੀ ਤੇ ਜ਼ਬਰ ਜੁਲਮ ਹੋਇਆ ਹੈ, ਇਹ ਵੈਹਸੀਆਨਾ, ਬਹੁਗਿਣਤੀ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪਾਉਣ ਅਤੇ ਉਨ੍ਹਾਂ ਵਿਚ ਹੀਣ ਭਾਵਨਾ ਨੂੰ ਮਜਬੂਤ ਕਰਨ ਦੀ ਹਕੂਮਤੀ ਸਾਜਿਸ ਹੈ । ਦੋਵਾਂ ਥਾਵਾ ਉਤੇ ਹੋਇਆ ਉਪੱਦਰ 2 ਫਿਰਕਿਆ ਵਿਚ ਨਫਰਤ ਪੈਦਾ ਕਰਕੇ ਕੀਤਾ ਗਿਆ ਹੈ । ਇਸ ਪਿੱਛੇ ਉਹ ਲੋਕਾਂ ਦੇ ਸਾਜਸੀ ਦਿਮਾਗ ਕੰਮ ਕਰ ਰਹੇ ਹਨ ਜੋ ਅਮਨ ਚੈਨ ਨਾਲ ਵੱਸਦੇ ਇੱਥੋ ਦੇ ਨਿਵਾਸੀਆ ਵਿਚਕਾਰ ਨਫਰਤ ਦਾ ਬੀਜ ਬੀਜਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨਾ ਲੋੜਦੇ ਹਨ ਅਤੇ ਜਿਨ੍ਹਾਂ ਦਾ ਕਿਰਦਾਰ ਪਹਿਲੋ ਹੀ ਦਾਗੋ ਦਾਗ ਹੈ ਅਤੇ ਇਹ ਲੋਕ ਅਪਰਾਧਿਕ ਕਾਰਵਾਈਆ ਵਿਚ ਵੀ ਸਾਮਿਲ ਹਨ । ਅਜਿਹਾ ਇਕ ਸੋਚੀ ਸਮਝੀ ਸਾਜਿਸ ਅਧੀਨ ਕੀਤਾ ਜਾ ਰਿਹਾ ਹੈ । ਤਾਂ ਕਿ ਘੱਟ ਗਿਣਤੀ ਕੌਮਾਂ ਵਿਚ ਡਰ-ਸਹਿਮ ਪੈਦਾ ਹੋਵੇ ਅਤੇ ਬਹੁਗਿਣਤੀ ਕੌਮ ਨੂੰ ਇਕੱਤਰ ਕਰਕੇ ਹੁਕਮਰਾਨ ਆਉਣ ਵਾਲੀਆ 2024 ਦੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਵੋਟ ਬੈਂਕ ਵੱਜੋ ਦੁਰਵਰਤੋ ਕਰ ਸਕੇ ਅਤੇ ਇਹ ਸਾਬਤ ਕਰ ਸਕੇ ਕਿ ਬਹੁਗਿਣਤੀ ਹਿੰਦੂ ਕੌਮ ਦੀ ਰਾਖੀ ਕੇਵਲ ਬੀਜੇਪੀ-ਆਰ.ਐਸ.ਐਸ ਹੀ ਕਰ ਸਕਦੀ ਹੈ । ਮੁਸਲਿਮ, ਇਸਾਈ, ਸਿੱਖ, ਬੋਧੀ, ਜੈਨੀ, ਆਦਿਵਾਸੀ, ਕਬੀਲਿਆ ਨੂੰ ਦਬਾਕੇ, ਬਹੁਗਿਣਤੀ ਨੂੰ ਇੰਡੀਆ ਵਿਚ ਸਨਮਾਨ ਦਿਵਾਉਣ ਵਿਚ ਭੂਮਿਕਾ ਨਿਭਾਅ ਸਕਦੀ ਹੈ ਅਤੇ ਹਿੰਦੂਰਾਸਟਰ ਕਾਇਮ ਕਰਨਾ ਹੀ ਇਸਦਾ ਮਕਸਦ ਹੈ । ਇਹੀ ਵਜਹ ਹੈ ਅਜਿਹੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਘੱਟ ਗਿਣਤੀਆਂ ਅਤੇ ਬਹੁਗਿਣਤੀ ਵਿਚ ਦੀਵਾਰ ਖੜ੍ਹੀ ਕੀਤੀ ਜਾ ਰਹੀ ਹੈ, ਜਾਤ-ਪਾਤ, ਧਰਮਾਂ, ਕੌਮਾਂ ਦੇ ਨਾਮ ਤੇ ਨਫਰਤ ਫੈਲਾਕੇ ਹਿੰਦੂ ਬਹੁਗਿਣਤੀ ਕੌਮ ਨੂੰ ਇਕ ਪਲੇਟਫਾਰਮ ਤੇ ਇਕੱਤਰ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਮਨ-ਆਤਮਾ ਵਿਚ ਮੁਸਲਿਮ, ਸਿੱਖ, ਇਸਾਈ ਆਦਿ ਘੱਟ ਗਿਣਤੀ ਕੌਮਾਂ ਪ੍ਰਤੀ ਬਣਾਉਟੀ ਨਫਰਤ ਖੜ੍ਹੀ ਕਰਕੇ ਇਹ ਹੁਕਮਰਾਨ ਆਪਣੇ ਸਵਾਰਥਾਂ ਦੀ ਪੂਰਤੀ ਕਰ ਸਕਣ। ਸ. ਟਿਵਾਣਾ ਨੇ ਇੰਡੀਆ ਦੇ ਸਮੁੱਚੇ ਧਰਮਾਂ, ਕੌਮਾਂ ਨਾਲ ਸੰਬੰਧਤ ਨਿਵਾਸੀਆ ਨੂੰ ਇਸ ਦੁਨੀਆ ਦੇ ਸਿਰਜਣਹਾਰੇ ਦੀ ਸਾਂਝੀ ਪੈਦਾਇਸ ਦੱਸਦੇ ਹੋਏ ਸੰਜੀਦਗੀ ਭਰੀ ਅਪੀਲ ਕੀਤੀ ਕਿ ਜੋ ਉਸ ਅਕਾਲ ਪੁਰਖ ਨੇ ਸਾਨੂੰ ਸਭਨਾਂ ਨੂੰ ਇਕ ਦੂਸਰੇ ਦੇ ਹਮਦਰਦ, ਸੰਕਟ ਸਮੇ ਕੰਮ ਆਉਣ, ਪਿਆਰ, ਮੁਹੱਬਤ ਰਾਹੀ ਜਿੰਦਗੀ ਬਸਰ ਕਰਨ ਦਾ ਸੰਦੇਸ ਦਿੱਤਾ ਹੈ ਉਸ ਉਤੇ ਸਭ ਪਹਿਰਾ ਦਿੰਦੇ ਹੋਏ ਅਤੇ ਹਕੂਮਤੀ ਸਾਜਿਸਾਂ ਤੋ ਨਿਰਲੇਪ ਰਹਿੰਦੇ ਹੋਏ ਕੋਈ ਅਜਿਹਾ ਅਮਲ ਨਾ ਕਰਨ ਜਿਸ ਨਾਲ ਮਨੁੱਖਤਾ, ਇਨਸਾਨੀਅਤ ਦਾ ਖੂਨ ਵਹਿਦਾ ਹੋਵੇ, ਅਮਨ ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਢਾਅ ਲੱਗਦੀ ਹੋਵੇ ਬਲਕਿ ਸਮੂਹਿਕ ਤੌਰ ਤੇ ਅਜਿਹੇ ਉਦਮ ਕੀਤੇ ਜਾਣ ਜਿਸ ਨਾਲ ਹਕੂਮਤੀ ਸਾਜਿਸਾਂ ਖੁਦ ਬ ਖੁਦ ਅਸਫਲ ਹੋਣ ਅਤੇ ਇਥੇ ਸਦਾ ਅਮਨ ਚੈਨ ਕਾਇਮ ਰਹਿ ਸਕੇ ।

Leave a Reply

Your email address will not be published. Required fields are marked *