ਸਿੱਖ ਕੌਮ ਆਪਣੇ ਕੌਮੀ ਦੁਸ਼ਮਣਾਂ ਨੂੰ ਨਾ ਤਾਂ ਭੁੱਲਦੀ ਹੈ ਅਤੇ ਨਾ ਹੀ ਮੁਆਫ਼ ਕਰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 10 ਜੂਨ ( ) “ਸਿੱਖ ਕੌਮ ਨਾ ਤਾਂ ਆਪਣੇ ਦੁਸ਼ਮਣਾਂ ਨੂੰ ਕਦੀ ਭੁੱਲਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਮੁਆਫ਼ ਕਰਦੀ ਹੈ । ਇਹ ਗੱਲ ਸਿੱਖਾਂ ਦੇ ਖੂਨ ਵਿਚ ਹੈ । 1984 ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸੀਆਂ ਅਤੇ ਮੁਤੱਸਵੀ ਸੰਗਠਨਾਂ ਨੇ ਰਲਕੇ ਇਕ ਸੋਚੀ ਸਮਝੀ ਸਾਜਿਸ ਤਹਿਤ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਫ਼ੌਜੀ ਹਮਲਾ ਕਰਦੇ ਹੋਏ 25 ਹਜਾਰ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ । ਇਨ੍ਹਾਂ ਦੁਸ਼ਮਣ ਜਮਾਤਾਂ ਨੂੰ ਅਸੀ ਨਾ ਤਾਂ ਕਦੀ ਭੁੱਲਾ ਸਕਦੇ ਹਾਂ ਅਤੇ ਨਾ ਹੀ ਮੁਆਫ਼ ਕਰ ਸਕਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬਰਤਾਨੀਆ ਆਦਿ ਮੁਲਕਾਂ ਵਿਚ ਇੰਡੀਆ ਦੇ ਹੁਕਮਰਾਨਾਂ ਵੱਲੋ ਇਕ ਵਿਸ਼ੇਸ਼ ਯੋਜਨਾ ਅਧੀਨ ਸਿੱਖਾਂ ਦੇ ਕੌਮਾਂਤਰੀ ਪੱਧਰ ਤੇ ਕਾਇਮ ਹੋਏ ਮਾਣ ਸਤਿਕਾਰ ਅਤੇ ਉੱਚੇ-ਸੁੱਚੇ ਅਕਸ ਨੂੰ ਢਾਅ ਲਗਾਉਣ ਹਿੱਤ ਵਜੀਰਾਂ ਤੇ ਉੱਚ ਅਹੁਦੇਦਾਰਾਂ ਵੱਲੋ ਲਗਾਈਆ ਜਾ ਰਹੀਆ ਫੇਰੀਆ ਅਤੇ ਸਿੱਖ ਕੌਮ ਵਿਰੁੱਧ ਉਨ੍ਹਾਂ ਮੁਲਕਾਂ ਵਿਚ ਪ੍ਰਚਾਰ ਕਰਨ ਦੀ ਮੰਦਭਾਵਨਾ ਦਾ ਬਾਦਲੀਲ ਢੰਗ ਨਾਲ ਜੁਆਬ ਦਿੰਦੇ ਹੋਏ ਅਤੇ ਆਪਣੀ ਕੌਮੀ ਉਪਰੋਕਤ ਸੋਚ ਸਿੱਖ ਨਾ ਤਾਂ ਕਦੀ ਭੁੱਲਦੇ ਹਨ ਅਤੇ ਨਾ ਹੀ ਕਦੀ ਮੁਆਫ਼ ਕਰਦੇ ਹਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਜੇਕਰ ਅੱਜ ਸਿੱਖ ਕੌਮ ਆਪਣੇ 06 ਜੂਨ ਦੇ ਸ਼ਹੀਦੀ ਘੱਲੂਘਾਰੇ ਦਿਹਾੜੇ ਨੂੰ ਕੌਮਾਂਤਰੀ ਪੱਧਰ ਉਤੇ ਮਨਾਉਦੇ ਹੋਏ ਉਨ੍ਹਾਂ ਮੁਲਕਾਂ ਵਿਚ ਆਪਣੇ ਗੁਰੂਘਰਾਂ ਵਿਚ ਇਕੱਤਰ ਹੋ ਕੇ ਅਰਦਾਸ ਕਰਦੀ ਹੈ ਅਤੇ ਉਨ੍ਹਾਂ ਮੁਲਕਾਂ ਦੇ ਹੁਕਮਰਾਨਾਂ ਨੂੰ ਇੰਡੀਆ ਦੇ ਹੁਕਮਰਾਨਾਂ ਵੱਲੋ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਹਰ ਤਰ੍ਹਾਂ ਦੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਦੀ ਜਾਣਕਾਰੀ ਦਿੰਦੇ ਹੋਏ ਇੰਡੀਆ ਵਿਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਗੱਲ ਕਰਦੀ ਹੈ ਤਾਂ ਇਹ ਸਿੱਖ ਕੌਮ ਤੇ ਪੰਜਾਬੀਆਂ ਦਾ ਵਿਧਾਨਿਕ ਅਤੇ ਇਨਸਾਨੀ ਹੱਕ ਹੈ । ਇੰਡੀਆ ਦੇ ਵਜੀਰ, ਸਫੀਰ ਜਾਂ ਅਧਿਕਾਰੀ ਅਜਿਹੀਆ ਫੇਰੀਆ ਲਗਾਕੇ ਸਾਡੇ ਸੱਚ-ਹੱਕ ਦੀ ਆਵਾਜ਼ ਨੂੰ ਦਬਾਉਣ ਵਿਚ ਕਾਮਯਾਬ ਨਹੀ ਹੋ ਸਕਣਗੇ ।

ਉਨ੍ਹਾਂ ਕਿਹਾ ਕਿ ਜਦੋਂ ਸਮੁੱਚੀ ਹਿੰਦੂ ਕੌਮ ਹਰ ਸਾਲ ਚਹੁਵੈਦਾਂ ਦੇ ਗਿਆਤਾਂ ਰਾਵਣ ਦੇ ਦੁਸਹਿਰੇ ਉਤੇ ਪੁਤਲੇ ਫੂਕ ਕੇ ਆਪਣੀਆ ਭਾਵਨਾਵਾ ਦਾ ਇਜਹਾਰ ਕਰਦੇ ਹਨ, ਤਾਂ ਸਿੱਖ ਕੌਮ ਜੋ ਆਪਣੇ ਜਨਮ ਤੋ ਹੀ ‘ਸਰਬੱਤ ਦਾ ਭਲਾ’ ਇਨਸਾਨੀ ਕਦਰਾਂ-ਕੀਮਤਾਂ ਦੀ ਪੈਰਵੀ ਕਰਨ ਵਿਚ ਵਿਸਵਾਸ ਰੱਖਦੀ ਆਈ ਹੈ, ਉਸ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ 1984 ਵਿਚ ਬਲਿਊ ਸਟਾਰ ਦੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸਾਡੇ ਮਹਾਨ ਨਾਇਕਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਹੋਰ ਅਨੇਕਾ ਸਿੰਘਾਂ, ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਸ ਮਿੱਥੀ ਤਰੀਕ ਨੂੰ ਕਿਵੇ ਭੁੱਲ ਸਕਦੀ ਹੈ ? ਉਨ੍ਹਾਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਬੀਤੇ ਸਮੇ ਵਿਚ ਜਾਬਰਾਂ ਵੱਲੋ ਕੀਤੇ ਗਏ ਮੰਦਭਾਵਨਾ ਭਰੇ ਹਮਲਿਆ ਦੀ ਗੱਲ ਕਰਦੇ ਹੋਏ ਕਿਹਾ ਕਿ ਜਿਸ ਕਿਸੇ ਨੇ ਵੀ ਸ੍ਰੀ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਉਤੇ ਹਮਲਾ ਕੀਤਾ ਹੈ, ਉਹ ਸਿੱਖ ਕੌਮ ਦਾ ਕੋਈ ਵੀ ਦੋਸ਼ੀ ਤੜਫ ਤੜਫ ਕੇ ਮਰਨ ਤੋ ਬਿਨ੍ਹਾਂ ਨਹੀ ਬਚ ਸਕਿਆ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਇਹ ਕੁਕਰਮ ਕੀਤਾ ਸੀ । ਅਸੀ 3 ਵੱਡੀਆ ਜੰਗਾਂ ਕੁੱਪ, ਕੁੱਤਬਾ ਅਤੇ ਗਹਿਲਾ ਵਿਖੇ ਲੜੀਆ ਜਿਥੇ ਸਿੱਖਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆ ਅਤੇ ਫਤਹਿ ਵੀ ਪ੍ਰਾਪਤ ਕੀਤੀ । ਉਹ ਕੁਕਰਮ ਕਰਨ ਵਾਲੇ ਅਹਿਮਦ ਸ਼ਾਹ ਅਬਦਾਲੀ ਤੜਫ-ਤੜਫਕੇ ਮਰੇ ਹਨ । ਇਸੇ ਤਰ੍ਹਾਂ ਜਦੋ ਮਰਹੂਮ ਇੰਦਰਾ ਗਾਂਧੀ ਵਜੀਰ ਏ ਆਜਮ ਇੰਡੀਆ ਨੇ ਸਾਜਿਸ ਤਹਿਤ ਸਿੱਖ ਕੌਮ ਤੇ ਸਿੱਖਾਂ ਦੇ ਗੁਰੂਘਰਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ 4 ਜੂਨ ਤੋ 6 ਜੂਨ 1984 ਤੱਕ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਦੀ ਗੁਸਤਾਖੀ ਕੀਤੀ ਤਾਂ ਉਹ ਵੀ ਜੋ ਸਿੱਖ ਕੌਮ ਦੀ ਦੁਸਮਣ ਸੀ ਉਹ ਨਹੀ ਬਚ ਸਕੀ । ਦੁਨੀਆ ਦਾ ਵੱਡੇ ਤੋ ਵੱਡਾ ਬਾਦਸ਼ਾਹ ਜਾਂ ਤਾਕਤ ਕਿਉਂ ਨਾ ਹੋਵੇ ਜਿਸਨੇ ਵੀ ਭੈੜੀ ਨਜਰ ਨਾਲ ਜਾਂ ਮੰਦਭਾਵਨਾ ਨਾਲ ਸਾਡੇ ਇਤਿਹਾਸਿਕ ਗੁਰੂਘਰਾਂ ਵੱਲ ਨਜਰ ਰੱਖੀ, ਉਸਦਾ ਹਸਰ ਜੋ ਹੋਇਆ ਉਹ ਇਤਿਹਾਸ ਦੇ ਵਰਕੇ ਅੱਜ ਵੀ ਬੋਲਦੇ ਹਨ । ਉਨ੍ਹਾਂ ਕਿਹਾ ਕਿ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸਨਮਾਨ ਕੀਤਾ ਸੀ ਅਤੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਇਸ ਲਈ ਇਹ ਸਭ ਮੁਤੱਸਵੀ ਆਗੂ ਅਤੇ ਸਭ ਫਿਰਕੂ ਜਮਾਤਾਂ ਸਿੱਖ ਕੌਮ ਦੇ ਦੁਸ਼ਮਣਾਂ ਦੀ ਲੜੀ ਵਿਚ ਆਉਦੇ ਹਨ ਜਿਨ੍ਹਾਂ ਨੂੰ ਸਿੱਖ ਕੌਮ ਕਦੀ ਵੀ ਨਾ ਤਾਂ ਭੁਲਾਏਗੀ ਤੇ ਨਾ ਹੀ ਮੁਆਫ਼ ਕਰੇਗੀ ।

ਉਨ੍ਹਾਂ ਹਰਿਆਣਾ ਤੇ ਹਿਮਾਚਲ ਸੂਬਿਆ ਦੀਆਂ ਸਰਕਾਰਾਂ ਵੱਲੋ ਬਿਨ੍ਹਾਂ ਵਜਹ ਪੰਜਾਬ ਦੇ ਹੱਕ ਹਕੂਕਾ, ਉਨ੍ਹਾਂ ਦੀਆਂ ਮਲਕੀਅਤ ਜਮੀਨਾਂ ਜਾਂ ਵੱਡੇ ਪ੍ਰੋਜੈਕਟਾਂ ਉਤੇ ਦਾਅਵੇ ਜਿਤਾਉਣ ਦੀ ਕਾਰਵਾਈ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਸ਼ਾਨਨ ਪ੍ਰੋਜੈਕਟ ਪਹਿਲੇ ਵੀ ਪੰਜਾਬ ਸੂਬੇ ਦਾ ਸੀ, 1966 ਦੀ ਵੰਡ ਸਮੇ ਵੀ ਪੰਜਾਬ ਦਾ ਸੀ ਅਤੇ ਅੱਜ ਵੀ ਪੰਜਾਬ ਦਾ ਹੈ । ਇਸ ਲਈ ਹਿਮਾਚਲ ਵੱਲੋ ਸ਼ਾਨਨ ਪ੍ਰੋਜੈਕਟ ਉਤੇ ਵਿਵਾਦ ਛੇੜਨ ਦੀ ਕਾਰਵਾਈ ਕੇਵਲ ਗੈਰ ਦਲੀਲ ਹੀ ਨਹੀ ਬਲਕਿ ਪੰਜਾਬ, ਹਿਮਾਚਲ, ਹਰਿਆਣਾ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਹੈ ਜਿਸਦੀ ਅਸੀ ਕਤਈ ਇਜਾਜਤ ਨਹੀ ਦੇਵਾਂਗੇ । ਕਿਉਂਕਿ ਸੈਟਰ ਨੇ ਪਹਿਲੋ ਹੀ ਬੇਈਮਾਨੀ ਕਰਦੇ ਹੋਏ ਪੰਜਾਬੀ ਬੋਲਦੇ ਇਲਾਕਿਆ ਕਾਂਗੜਾ, ਚੰਬਾ, ਕਸੌਲੀ, ਨਾਲਾਗੜ੍ਹ, ਹਮੀਰਪੁਰ, ਧਰਮਸਾਲਾਂ, ਊਨਾ ਹਿਮਾਚਲ ਨੂੰ ਦੇ ਦਿੱਤੇ ਗਏ ਅਤੇ ਕਰਨਾਲ, ਸਿਰਸਾ, ਅੰਬਾਲਾ, ਕੁਰੂਕਸੇਤਰ, ਪੰਚਕੂਲਾ ਹਰਿਆਣਾ ਨੂੰ ਦੇ ਦਿੱਤੇ ਗਏ । ਫਿਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਹਰਿਆਣਾ ਬਿਨ੍ਹਾਂ ਵਜਹ ਦਾਅਵਾ ਕਰਨ ਲੱਗ ਪਿਆ ਜਦੋਕਿ ਇਹ ਪੰਜਾਬ ਦੀ ਮਲਕੀਅਤ ਧਰਤੀ ਹੈ ਜਿਸ ਉਤੇ ਪੰਜਾਬੀਆਂ ਦਾ ਹੱਕ ਹੈ । ਫਿਰ ਜ਼ਬਰੀ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਪਾਣੀਆ ਉਤੇ ਹਿਮਾਚਲ ਤੇ ਹਰਿਆਣਾ ਗੈਰ ਦਲੀਲ ਢੰਗ ਨਾਲ ਦਾਅਵੇ ਕਰ ਰਹੇ ਹਨ । ਫਿਰ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਿਚੋ ਦੋਵੇ ਯੂਨੀਵਰਸਿਟੀਆ ਪੰਜਾਬ ਦੀ ਧਰਤੀ ਤੇ ਪੰਜਾਬੀ ਬੋਲੀ, ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਨੂੰ ਕਾਇਮ ਰੱਖਣ ਲਈ ਹੋਦ ਵਿਚ ਆਈਆ ਸਨ । ਉਨ੍ਹਾਂ ਵਿਚ ਪੰਜਾਬੀ ਦੇ ਲਾਜਮੀ ਵਿਸੇ ਨੂੰ ਇਕ ਸਾਜਿਸ ਤਹਿਤ ਕੱਢਣ ਦੀਆਂ ਕੋਸਿ਼ਸ਼ਾਂ ਹੋ ਰਹੀਆ ਹਨ । ਜਿਨ੍ਹਾਂ ਉਤੇ ਪੰਜਾਬ ਸੂਬਾ, ਪੰਜਾਬੀ ਆਪਣੇ ਹੱਕ ਨੂੰ ਕਤਈ ਨਹੀ ਛੱਡ ਸਕਦੇ । ਕਿਉਂਕਿ ਇਹ ਸਭ ਪੰਜਾਬ ਦੀ ਮਲਕੀਅਤ ਤੇ ਪੰਜਾਬ ਦਾ ਹਿੱਸਾ ਹਨ ।

Leave a Reply

Your email address will not be published. Required fields are marked *