ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਵਾਰ-ਵਾਰ ਸੱਦਕੇ ਜ਼ਲੀਲ ਕਰਨ ਦੀ ਕਾਰਵਾਈ ਅਤਿ ਨਿੰਦਣਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 10 ਜੂਨ ( ) “ਜੋ ਇਨਸਾਨ ਅਤਿ ਗਰੀਬੀ ਦੀ ਹਾਲਤ ਵਿਚੋ ਮਿਹਨਤ ਤੇ ਇਮਾਨਦਾਰੀ ਨਾਲ ਉੱਦਮ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦੇ ਅਹਿਮ ਅਹੁਦੇ ਤੱਕ ਪਹੁੰਚਿਆ ਹੋਵੇ, ਇਹ ਉਸਦੀ ਜਿੰਦਗੀ ਦੀ ਵੱਡੀ ਪ੍ਰਾਪਤੀ ਦੇ ਨਾਲ-ਨਾਲ ਉਨ੍ਹਾਂ ਦੀ ਕਾਬਲੀਅਤ ਨੂੰ ਵੀ ਪ੍ਰਤੱਖ ਕਰਦੀ ਹੈ । ਫਿਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਵਾਰ-ਵਾਰ ਸ. ਚਰਨਜੀਤ ਸਿੰਘ ਚੰਨੀ ਨੂੰ ਜਾਂਚ ਕਰਨ ਲਈ ਆਪਣੀਆ ਏਜੰਸੀਆ ਰਾਹੀ ਬੁਲਾਕੇ ਜਲੀਲ ਕਰਨ ਜਾਂ ਬਦਲੇ ਦੀ ਭਾਵਨਾ ਅਧੀਨ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋ ਪਹਿਲੇ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਦਾ ਹੀ ਮੁੱਖ ਮੰਤਰੀ ਨਹੀ ਰਹਿਣਾ । ਉਨ੍ਹਾਂ ਨੂੰ ਵੀ ਇਕ ਦਿਨ ਸਾਬਕਾ ਮੁੱਖ ਮੰਤਰੀ ਵੱਜੋ ਵਿਚਰਣਾ ਪਵੇਗਾ । ਉਨ੍ਹਾਂ ਤੋ ਬਾਅਦ ਆਉਣ ਵਾਲਾ ਕੋਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ‘ਹਊਮੈ ਅਤੇ ਈਰਖਾ’ ਦੀ ਸੋਚ ਅਧੀਨ ਅਜਿਹੇ ਅਮਲ ਕਰੇ ਜੋ ਉਹ ਹੁਣ ਸ. ਚੰਨੀ ਨਾਲ ਕਰ ਰਹੇ ਹਨ, ਫਿਰ ਉਨ੍ਹਾਂ ਉਤੇ ਕੀ ਗੁਜਰੇਗੀ ਤੇ ਉਨ੍ਹਾਂ ਦੀ ਸਥਿਤੀ ਕੀ ਹੋਵੇਗੀ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੌਜੂਦਾ ਸ. ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਬਿਨ੍ਹਾਂ ਵਜਹ ਮੰਦਭਾਵਨਾ ਅਧੀਨ ਵਾਰ-ਵਾਰ ਸੱਦਕੇ ਜਲੀਲ ਕਰਨ ਦੀਆਂ ਕਾਰਵਾਈਆ ਨੂੰ ਅਤਿ ਨਿੰਦਣਯੋਗ ਅਤੇ ਗੈਰ ਇਖਲਾਕੀ ਕਰਾਰ ਦਿੰਦੇ ਹੋਏ ਤੇ ਇਸਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋ ਸਿਕੰਦਰ ਬਾਦਸ਼ਾਹ ਨੇ ਪੰਜਾਬ ਦੇ ਰਾਜਾ ਪੋਰਸ ਉਤੇ ਜਿੱਤ ਪ੍ਰਾਪਤ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਤਾਂ ਸਿਕੰਦਰ ਨੇ ਰਾਜਾ ਪੋਰਸ ਨੂੰ ਕਿਹਾ ਕਿ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ? ਤਾਂ ਰਾਜਾ ਪੋਰਸ ਦਾ ਜੁਆਬ ਸੀ ਕਿ ਇਕ ਰਾਜੇ ਨੂੰ ਜੋ ਦੂਸਰੇ ਰਾਜੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ, ਉਹ ਕੀਤਾ ਜਾਵੇ । ਇਸ ਲਈ ਸ. ਭਗਵੰਤ ਸਿੰਘ ਮਾਨ ਨੂੰ ਉਪਰੋਕਤ ਰਾਜ ਪ੍ਰਬੰਧਾਂ ਵਿਚ ਵਰਤੀ ਜਾਣ ਵਾਲੀ ਤਹਿਜੀਬ ਤੇ ਸਲੀਕੇ ਦੇ ਵਰਤਾਰੇ ਨੂੰ ਦੇਖਦੇ ਹੋਏ ਉਨ੍ਹਾਂ ਇਤਿਹਾਸਿਕ ਲੀਹਾਂ ਨੂੰ ਕਾਇਮ ਰੱਖਦੇ ਹੋਏ ਹੀ ਵਿਚਰਣਾ ਚਾਹੀਦਾ ਹੈ ਵਰਨਾ ਆਉਣ ਵਾਲਾ ਸਮਾਂ ਉਨ੍ਹਾਂ ਨੂੰ ਵੀ ਅਜਿਹੀ ਸਥਿਤੀ ਵਿਚ ਖੜ੍ਹਾ ਕਰਨ ਤੋ ਗੁਰੇਜ ਨਹੀ ਕਰੇਗਾ । ਦੂਸਰਾ ਇਕ ਮੁੱਖ ਮੰਤਰੀ ਨੂੰ ਦੂਸਰੇ ਮੁੱਖ ਮੰਤਰੀ ਨਾਲ ਅਜਿਹਾ ਕਰਨਾ ਬਿਲਕੁਲ ਸੋਭਾ ਨਹੀ ਦਿੰਦਾ ।

ਸ. ਮਾਨ ਨੇ ਸ. ਚੰਨੀ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਨਮ ਭੂਮੀ ਸਿੱਖ ਕੌਮ ਦੇ ਸ਼ਹੀਦਾਂ ਦੀ ਮਹਾਨ ਧਰਤੀ ਚਮਕੌਰ ਸਾਹਿਬ ਹੈ । ਜਿਥੋ ਹਰ ਤਰ੍ਹਾਂ ਦੇ ਜ਼ਬਰ ਜੁਲਮ, ਬੇਇਨਸਾਫ਼ੀਆਂ ਤੇ ਇਨਸਾਨੀ ਵਿਤਕਰਿਆ ਵਿਰੁੱਧ ਆਵਾਜ ਉੱਠੀ, ਜਰਵਾਣਿਆ ਤੇ ਜਾਲਮਾਂ ਨੂੰ ਚੁਣੋਤੀ ਦਿੱਤੀ ਗਈ । ਇਸ ਲਈ ਸ. ਚੰਨੀ ਚਮਕੌਰ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਤੇ ਗੁਰੂਘਰ ਜਾ ਕੇ ਇਹ ਅਰਦਾਸ ਕਰਨ ਕਿ ਸਰਕਾਰ ਵੱਲੋ ਗੈਰ ਇਖਲਾਕੀ ਢੰਗ ਨਾਲ ਉਨ੍ਹਾਂ ਨਾਲ ਸੁਰੂ ਕੀਤੀ ਗਈ ਲੜਾਈ ਵਿਚ ਅਕਾਲ ਪੁਰਖ ਉਨ੍ਹਾਂ ਨੂੰ ਸ਼ਕਤੀ ਬਖਸਣ ਤੇ ਇਨ੍ਹਾਂ ਹਊਮੈ ਭਰੀਆ ਰਾਜਸੀ ਤਾਕਤਾਂ ਲਈ ਉਹ ਫਿਰ ਚੁਣੋਤੀ ਬਣਕੇ ਖੜ੍ਹ ਜਾਣ । ਜਦੋ ਉਹ ਅਰਦਾਸ ਕਰਨਗੇ ਤਾਂ ਉਨ੍ਹਾਂ ਨੂੰ ਵੀ ਸ਼ਹੀਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੀ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਇਹ ਸਾਜਸੀ ਸ਼ਕਤੀਆ ਸੱਚ-ਹੱਕ ਅੱਗੇ ਨਹੀ ਟਿਕ ਸਕਣਗੀਆ ਅਤੇ ਅੰਤ ਫਤਹਿ ਸੱਚ-ਹੱਕ ਅਤੇ ਸ. ਚਰਨਜੀਤ ਸਿੰਘ ਚੰਨੀ ਦੀ ਹੋਵੇਗੀ ।

Leave a Reply

Your email address will not be published. Required fields are marked *