ਸਿੱਖ ਕੌਮ ਨੇ ਜਦੋਂ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੀ 12 ਫਰਵਰੀ ਦੀ ਤਰੀਕ ਨੂੰ ਪ੍ਰਵਾਨ ਕਰ ਲਿਆ ਹੈ, ਫਿਰ ਇਸ ਉਤੇ ਭੰਬਲਭੂਸਾ ਕਿਉਂ ? : ਮਾਨ
ਫ਼ਤਹਿਗੜ੍ਹ ਸਾਹਿਬ, 31 ਮਈ ( ) “ਜਦੋਂ ਸੈਂਟਰ ਤੇ ਪੰਜਾਬ ਦੀਆਂ ਜ਼ਾਬਰ ਅਤੇ ਜਾਲਮ ਸਰਕਾਰਾਂ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਖ਼ਾਲਿਸਤਾਨ ਦੇ ਪਵਿੱਤਰ ਨਾਮ ਉਤੇ ਸੰਗੀਨ ਕੇਸ ਬਣਾਕੇ ਸਿੱਖਾਂ ਨੂੰ ਜੇਲ੍ਹਾਂ ਵਿਚ ਝੂਠੇ ਕੇਸਾਂ ਵਿਚ ਬੰਦੀ ਬਣਾ ਦਿੱਤਾ ਜਾਂਦਾ ਸੀ ਅਤੇ ਜ਼ਬਰ-ਜੁਲਮ ਦਾ ਦੌਰ ਜਾਰੀ ਸੀ ਤਾਂ ਉਸ ਸਮੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਕੌਮੀ ਨਾਇਕ ਸੰਤ ਭਿੰਡਰਾਂਵਾਲਿਆ ਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੇ ਨਾਮ ਨੂੰ ਕੌਮਾਂਤਰੀ ਪੱਧਰ ਉਤੇ ਆਵਾਜ਼ ਬੁਲੰਦ ਕਰਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਨ ਨੂੰ ਲੈਕੇ 12 ਫਰਵਰੀ ਨੂੰ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਜੀ ਦੀ ਮਹਾਨ ਧਰਤੀ ਫ਼ਤਹਿਗੜ੍ਹ ਸਾਹਿਬ ਉਤੇ ਇਸ ਜਨਮ ਦਿਨ ਨੂੰ ਮਨਾਉਣਾ ਸੁਰੂ ਕੀਤਾ। ਉਸ ਸਮੇਂ ਹਕੂਮਤੀ ਪੱਧਰ ਤੇ, ਪੁਲਿਸ ਪੱਧਰ ਤੇ ਅਤੇ ਮੁਤੱਸਵੀ ਸੰਗਠਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਦਿਨ ਨੂੰ ਮਨਾਉਣ ਨੂੰ ਰੋਕਣ ਲਈ ਚੁਣੋਤੀਆਂ ਵੀ ਦਿੱਤੀਆ ਗਈਆ । ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਇਸ ਕੌਮੀ ਮਿਸਨ ਨੂੰ ਜਾਰੀ ਰੱਖਿਆ ਜੋ ਨਿਰੰਤਰ ਅਸੀ ਹਰ ਸਾਲ 12 ਫਰਵਰੀ ਨੂੰ ਇਸ ਦਿਨ ਨੂੰ ਪੂਰੀ ਸਾਨੋ ਸੌਕਤ ਨਾਲ ਮਨਾਉਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵੱਲੋ ਮਿਥੇ ਕੌਮੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਉਤੇ ਦ੍ਰਿੜ ਰਹਿਣ ਦਾ ਪ੍ਰਣ ਨੂੰ ਦੁਹਰਾਉਦੇ ਆ ਰਹੇ ਹਾਂ । ਜਿਸ ਕਾਰਨ 12 ਫਰਵਰੀ ਦੀ ਸੰਤ ਭਿੰਡਰਾਂਵਾਲਿਆ ਦੀ ਜਨਮ ਦਿਹਾੜੇ ਦੀ ਤਰੀਕ ਕੇਵਲ ਪੰਜਾਬ ਜਾਂ ਇੰਡੀਆ ਵਿਚ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਤੇ ਵੀ ਪ੍ਰਵਾਨਿਤ ਹੋ ਚੁੱਕੀ ਹੈ ਅਤੇ ਕੌਮੀ ਕੈਲੰਡਰਾਂ ਵਿਚ ਦਰਜ ਹੋ ਚੁੱਕੀ ਹੈ । ਲੇਕਿਨ ਇਸਦੇ ਬਾਵਜੂਦ ਰੋਡੇ ਪਰਿਵਾਰ, ਦਮਦਮੀ ਟਕਸਾਲ ਅਤੇ ਹੋਰਨਾਂ ਕਈਆਂ ਵੱਲੋ ਇਸ ਜਨਮ ਦਿਨ ਦੇ ਦਿਹਾੜੇ ਨੂੰ ਵੱਖ-ਵੱਖ ਤਰੀਕਾ ਉਤੇ ਮਨਾਕੇ ਕੌਮ ਵਿਚ ਉਨ੍ਹਾਂ ਦੇ ਜਨਮ ਦਿਹਾੜੇ ਦੇ ਪ੍ਰਵਾਨਿਤ ਹੋਏ ਦਿਨ ਸੰਬੰਧੀ ਭੰਬਲਭੂਸਾ ਕਿਉਂ ਪਾਇਆ ਜਾ ਰਿਹਾ ਹੈ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਤ ਭਿੰਡਰਾਂਵਾਲਿਆ ਦੇ ਪਿੰਡ ਰੋਡੇ ਪਰਿਵਾਰ ਵੱਲੋ 02 ਜੂਨ ਨੂੰ ਰੋਡੇ ਪਿੰਡ ਵਿਖੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਅਤੇ ਦਮਦਮੀ ਟਕਸਾਲ ਵੱਲੋ ਮਹਿਤੇ ਵਿਖੇ ਮਨਾਉਣ ਆਦਿ ਵੱਖ-ਵੱਖ ਕੀਤੇ ਜਾ ਰਹੇ ਪ੍ਰੋਗਰਾਮਾਂ ਸੰਬੰਧੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਜਦੋਂ ਕੌਮ ਗੰਭੀਰ ਸਮੇ ਵਿਚੋ ਅਤੇ ਗੰਭੀਰ ਮਸਲਿਆ ਨੂੰ ਹੱਲ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਅਤੇ ਜਦੋ ਸਮੂਹਿਕ ਤੌਰ ਤੇ ਇਕ ਹੋ ਕੇ ਆਪਣੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਅਤੇ ਕੌਮੀ ਦਿਨਾਂ ਨੂੰ ਇਕ ਪਲੇਟਫਾਰਮ ਤੇ ਮਨਾਉਣ ਦੀ ਸਖਤ ਲੋੜ ਹੈ, ਉਸ ਸਮੇਂ ਕਿਸੇ ਵੀ ਵੱਲੋ ਕੌਮੀ ਵਿਚਾਰਾਂ ਦੇ ਵਖਰੇਵਿਆ ਨੂੰ ਤੁੱਲ ਨਹੀ ਦੇਣਾ ਚਾਹੀਦਾ । ਜੇਕਰ ਕਿਸੇ ਸੰਸਥਾਂ ਜਾਂ ਪਰਿਵਾਰ ਨੇ ਇਨ੍ਹਾਂ ਦਿਨਾਂ ਨੂੰ ਵੱਖਰੇ ਤੌਰ ਤੇ ਮਨਾਉਣਾ ਵੀ ਹੈ ਤਾਂ 06 ਜੂਨ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰ ਸਾਲ ਸ਼ਹੀਦਾਂ ਦੀ ਕੀਤੀ ਜਾਣ ਵਾਲੀ ਸਮੂਹਿਕ ਅਰਦਾਸ ਅਤੇ ਘੱਲੂਘਾਰੇ ਦਿਹਾੜੇ ਦੀ ਅਰਦਾਸ ਤੋ ਬਾਅਦ ਕਿਸੇ ਵੀ ਦਿਨ ਮਨਾਇਆ ਜਾ ਸਕਦਾ ਹੈ ਤਾਂ ਕਿ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਨੂੰ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਸਾਡੇ ਇਨ੍ਹਾਂ ਮਹਾਨ ਦਿਹਾੜਿਆ ਦੀ ਅਰਦਾਸ ਵਿਚ ਵਿਘਨ ਪਾਉਣ ਦਾ ਬਹਾਨਾ ਨਾ ਮਿਲ ਸਕੇ । ਉਨ੍ਹਾਂ ਕਿਹਾ ਕਿ 06 ਜੂਨ ਦਾ ਘੱਲੂਘਾਰਾ ਦਿਹਾੜਾ ਕੇਵਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸ਼ਹਾਦਤ ਨੂੰ ਹੀ ਨਤਮਸਤਕ ਨਹੀ ਹੁੰਦਾ, ਬਲਕਿ ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਸੈਕੜੇ ਸ਼ਹੀਦ ਹੋਏ ਸਿੰਘਾਂ ਦੀ ਸ਼ਹੀਦੀ ਨੂੰ ਸਮੂਹਿਕ ਰੂਪ ਵਿਚ ਸਮਰਪਿਤ ਹੁੰਦਾ ਹੈ ਅਤੇ ਇਹ ਕੌਮੀ ਦਿਹਾੜਾ ਹੈ । ਜਦੋਕਿ ਰੋਡੇ ਪਰਿਵਾਰ ਜਾਂ ਦਮਦਮੀ ਟਕਸਾਲ ਵੱਲੋ ਕੀਤੇ ਜਾਣ ਵਾਲੇ ਦਿਨਾਂ ਵਿਚ ਦੂਸਰੇ ਸਿੰਘਾਂ ਅਤੇ ਸ਼ਹੀਦਾਂ ਦੀ ਗੱਲ ਨਹੀ ਕੀਤੀ ਜਾਂਦੀ । ਇਸ ਲਈ ਸਾਨੂੰ ਕੌਮ ਵਿਚ ਭੰਬਲਭੂਸਾ ਪੈਦਾ ਕਰਨ ਜਾਂ ਕੌਮ ਦੀ ਵੱਡਮੁੱਲੀ ਸ਼ਕਤੀ ਨੂੰ ਅਜਿਹੇ ਸਮਿਆ ਤੇ ਵੰਡਣ ਦੀ ਗੁਸਤਾਖੀ ਕਰਕੇ, ਖ਼ਾਲਸਾ ਪੰਥ ਵਿਰੋਧੀ ਤਾਕਤਾਂ ਨੂੰ ਸਿੱਖ ਕੌਮ ਉਤੇ ਜ਼ਬਰ ਜੁਲਮ ਚੱਲਦਾ ਰੱਖਣ ਲਈ ਉਤਸਾਹਿਤ ਨਹੀ ਕਰਨਾ ਚਾਹੀਦਾ । ਬਲਕਿ ਇਕ ਰੂਪ ਵਿਚ ਕੌਮੀ ਤਾਕਤ ਅਤੇ ਕੌਮੀ ਨਿਸ਼ਾਨੇ ਦਾ ਇਜਹਾਰ ਕਰਦੇ ਹੋਏ ਦ੍ਰਿੜਤਾ ਨਾਲ ਚੁਣੋਤੀ ਬਣਕੇ ਇਨ੍ਹਾਂ ਤਾਕਤਾਂ ਦੇ ਸਾਹਮਣੇ ਖੜ੍ਹਦੇ ਹੋਏ ਆਪਣੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧਣਾ ਚਾਹੀਦਾ ਹੈ ਤਾਂ ਕਿ ਸਮੁੱਚੇ ਸੰਸਾਰ ਵਿਚ ਵੱਸਣ ਵਾਲੇ ਸਿੱਖਾਂ ਦੇ ਮਨ-ਆਤਮਾ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚੇ ਅਤੇ ਉਹ ਵੱਖ-ਵੱਖ ਸੰਗਠਨਾਂ ਵਿਚ ਵੰਡੇ ਹੋਏ ਸਿੱਖਾਂ ਨੂੰ ਦੇਖਕੇ ਨਮੋਸ਼ੀ ਵਿਚ ਜਾਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖ਼ਾਲਸਾ ਪੰਥ ਨਾਲ ਸੰਬੰਧਤ ਵੱਖ-ਵੱਖ ਸੰਗਠਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਨ ਦੀ ਪ੍ਰਵਾਨ ਹੋ ਚੁੱਕੀ 12 ਫਰਵਰੀ ਦੇ ਦਿਹਾੜੇ ਨੂੰ ਹੀ ਮੁੱਖ ਰੱਖਣਗੇ ਅਤੇ ਕੌਮੀ ਸ਼ਕਤੀ ਨੂੰ ਵੰਡਣ ਦੀ ਕੋਈ ਗੁਸਤਾਖੀ ਨਹੀ ਕਰੇਗੀ ।