ਬੀਬੀ ਅਵਨੀਤ ਕੌਰ ਸਿੱਧੂ ਐਸ.ਐਸ.ਪੀ ਫਾਜਿਲਕਾ ਵੱਲੋ ਪਹਿਲਵਾਨ ਬੀਬੀਆਂ ਦੇ ਹੱਕ ਵਿਚ ਦ੍ਰਿੜਤਾ ਨਾਲ ਸਟੈਂਡ ਲੈਣਾ ਸਵਾਗਤਯੋਗ : ਮਾਨ

ਪਹਿਲਵਾਨ ਖਿਡਾਰੀਆਂ ਵੱਲੋਂ ਆਪਣੇ ਪ੍ਰਾਪਤ ਮੈਡਲਾਂ ਨੂੰ ਹਰਿਦੁਆਰ ਗੰਗਾਂ ਵਿਚ ਸੁੱਟ ਦੇਣ ਦੀ ਗੱਲ ਖੁਦ ਬ ਖੁਦ ਵੱਡੀ ਗੰਭੀਰਤਾ ਨੂੰ ਪ੍ਰਤੱਖ ਕਰਦੀ ਹੈ

ਫ਼ਤਹਿਗੜ੍ਹ ਸਾਹਿਬ, 31 ਮਈ ( ) “ਬੀਬੀ ਅਵਨੀਤ ਕੌਰ ਸਿੱਧੂ ਜੋ ਇਸ ਸਮੇਂ ਬਤੌਰ ਐਸ.ਐਸ.ਪੀ ਫਾਜਿਲਕਾ ਦੀ ਜਿੰਮੇਵਾਰੀ ਨਿਭਾਅ ਰਹੇ ਹਨ ਅਤੇ ਜਿਨ੍ਹਾਂ ਨੂੰ ਖੇਡਾਂ ਵਿਚ ਚੰਗੀ ਪ੍ਰਦਰਸ਼ਨੀ ਕਾਰਨ ਅਤੇ ਅੱਵਲ ਰਹਿਣ ਦੀ ਬਦੌਲਤ ਖੇਡ ਕੋਟੇ ਵਿਚੋਂ ਪੁਲਿਸ ਦੀ ਵੱਡੀ ਜਿੰਮੇਵਾਰੀ ਮਿਲੀ ਹੈ, ਉਨ੍ਹਾਂ ਨੇ ਜੰਤਰ-ਮੰਤਰ ਉਤੇ ਬੈਠੀਆਂ ਪਹਿਲਵਾਨ ਖਿਡਾਰਣਾਂ ਦੇ ਇਨਸਾਫ਼ ਪ੍ਰਾਪਤੀ ਦੇ ਸੰਘਰਸ਼ ਦੀ ਜਿਸ ਦ੍ਰਿੜਤਾ ਤੇ ਦਲੇਰੀ ਨਾਲ ਪੱਖ ਪੂਰਿਆ ਹੈ ਅਤੇ ਉਨ੍ਹਾਂ ਉਤੇ ਹੋਏ ਸਰਕਾਰੀ ਜ਼ਬਰ ਦੀ ਨਿੰਦਾ ਕੀਤੀ ਹੈ, ਇਹ ਉੱਦਮ ਜਿਥੇ ਉੱਚ ਇਖਲਾਕੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਾਲਾ ਹੈ, ਉਥੇ ਉਨ੍ਹਾਂ ਵੱਲੋ ਲਿਆ ਗਿਆ ਦ੍ਰਿੜ ਸਟੈਂਡ ਅਤਿ ਸਵਾਗਤਯੋਗ ਹੈ । ਜਿਨ੍ਹਾਂ ਨੇ ਆਪਣੇ ਅਹੁਦੇ ਉਤੇ ਬਿਰਾਜਮਾਨ ਹੁੰਦੇ ਹੋਏ ਵੀ ਸੱਚ-ਹੱਕ ਦੀ ਗੱਲ ਨੂੰ ਸਹੀ ਕਰਾਰ ਦਿੰਦੇ ਹੋਏ ਇਨਸਾਫ਼ ਦੀ ਆਵਾਜ਼ ਨੂੰ ਮਜ਼ਬੂਤੀ ਬਖਸ਼ੀ ਹੈ । ਜਦੋਂ ਹੁਕਮਰਾਨਾਂ ਵੱਲੋਂ ਪਹਿਲਵਾਨ ਬੀਬੀਆ ਨਾਲ ਜ਼ਬਰ ਕਰਦੇ ਹੋਏ ਪਾਰਲੀਮੈਟ ਦੇ ਉਦਘਾਟਨੀ ਸਮਾਰੋਹ ਦਾ ਬਹਾਨਾ ਬਣਾਕੇ ਜ਼ਬਰੀ ਉਠਾਇਆ ਗਿਆ, ਇਹ ਤਾਂ ਹੋਰ ਵੀ ਵੱਡਾ ਜ਼ਬਰ ਹੈ ਜਦੋਕਿ ਪਾਰਲੀਮੈਟ ਉਦਘਾਟਨ ਵਿਚ ਤਾਂ ਇਨ੍ਹਾਂ ਪਹਿਲਵਾਨ ਬੀਬੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀ ਪਾਈ । ਦੂਸਰਾ ਪਹਿਲਵਾਨ ਬੀਬੀਆ ਵੱਲੋ ਗੰਗਾਂ ਵਿਚ ਆਪਣੇ ਮੈਡਲ ਸੁੱਟ ਦੇਣ ਦੀ ਸੋਚ ਤਾਂ ਇਸ ਮਸਲੇ ਦੀ ਵੱਡੀ ਗੰਭੀਰਤਾ ਨੂੰ ਖੁਦ ਜਾਹਰ ਕਰਦੀ ਹੈ । ਬੀਬੀ ਅਵਨੀਤ ਕੌਰ ਸਿੱਧੂ ਜਦੋ ਦੇ ਫਾਜਿਲਕਾ ਸਰਹੱਦੀ ਜਿ਼ਲ੍ਹੇ ਦੀ ਜਿੰਮੇਵਾਰੀ ਸਾਂਭੀ ਹੈ ਤਾਂ ਉਥੇ ਨਸੀਲੀਆ ਵਸਤਾਂ ਦੀ ਹੋਣ ਵਾਲੀ ਸਮਗਲਿੰਗ ਅਤੇ ਡਰੋਨਾ ਰਾਹੀ ਆ ਰਹੇ ਗੈਰ ਕਾਨੂੰਨੀ ਸਮਾਨ ਉਤੇ ਬਹੁਤ ਵੱਡੀ ਸਫਲਤਾ ਮਿਲੀ ਹੈ । ਜਿਸ ਤੋ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਬੀਬੀ ਸਿੱਧੂ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਵੀ ਇਮਾਨਦਾਰ ਤੇ ਦ੍ਰਿੜ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਾਜਿਲਕਾ ਦੇ ਐਸ.ਐਸ.ਪੀ ਬੀਬੀ ਅਵਨੀਤ ਕੌਰ ਸਿੱਧੂ ਵੱਲੋ ਦ੍ਰਿੜਤਾ ਨਾਲ ਪਹਿਲਵਾਨ ਬੀਬੀਆਂ ਦੇ ਹੱਕ ਵਿਚ ਲਏ ਗਏ ਸਟੈਂਡ ਅਤੇ ਉਨ੍ਹਾਂ ਦੇ ਇਨਸਾਫ਼ ਪ੍ਰਾਪਤੀ ਦੇ ਚੱਲ ਰਹੇ ਸੰਘਰਸ਼ ਨੂੰ ਹਮਾਇਤ ਦੇਣ ਦੇ ਉੱਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਏ.ਡੀ.ਜੀ.ਪੀ. ਸ. ਜੀ.ਐਸ. ਢਿੱਲੋ ਵੱਲੋ ਉਪਰੋਕਤ ਬੀਬੀ ਵੱਲੋ ਲਏ ਗਏ ਸਟੈਂਡ ਦੀ ਗੱਲ ਕਰਦੇ ਹੋਏ, ਹਕੂਮਤੀ ਪ੍ਰਭਾਵ ਨੂੰ ਕਬੂਲਦੇ ਹੋਏ ਉਸਦੇ ਪੱਖ ਵਿਚ ਗੱਲ ਕਰਨ ਦੀ ਕੋਸਿ਼ਸ਼ ਕੀਤੀ ਹੈ, ਇਹ ਤਾਂ ਹੁਕਮਰਾਨਾਂ ਅਤੇ ਤਾਕਤਵਰ ਸ਼ਕਤੀਆਂ ਦੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਕੰਮਾਂ ਨੂੰ ਉਤਸਾਹਿਤ ਕਰਨ ਵਾਲੀ ਕਾਰਵਾਈ ਹੈ । ਜਦੋਕਿ ਅੱਜ ਕੇਵਲ ਇੰਡੀਆ ਪੱਧਰ ਤੇ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਉਤੇ ਬੀਬੀਆਂ ਦੇ ਇਨਸਾਫ਼ ਪ੍ਰਾਪਤੀ ਦੇ ਇਸ ਸੰਘਰਸ ਦੇ ਹੱਕ ਵਿਚ ਹਰ ਇਨਸਾਨ ਆਵਾਜ ਉਠਾ ਰਿਹਾ ਹੈ । ਦੂਸਰਾ ਇਥੋ ਦੇ ਹਰ ਨਾਗਰਿਕ ਨੂੰ ਜਮਹੂਰੀਅਤ ਢੰਗ ਨਾਲ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਇਥੋ ਦਾ ਵਿਧਾਨ ਹੱਕ ਤੇ ਇਜਾਜਤ ਦਿੰਦਾ ਹੈ । ਜੇਕਰ ਕੋਈ ਅਫਸਰ ਕਿਸੇ ਸਮੇ ਸੰਘਰਸ਼ੀਲ ਲੋਕਾਂ ਦਾ ਵਿਰੋਧ ਕਰਕੇ ਹੁਕਮਰਾਨਾਂ ਨੂੰ ਖੁਸ਼ ਕਰਨ ਜਾਂ ਆਪਣੀਆ ਤਰੱਕੀਆ ਤੇ ਦੁਨਿਆਵੀ ਲਾਲਸਾਵਾਂ ਅਧੀਨ ਅਜਿਹੀ ਦਿਸ਼ਾਹੀਣ ਬਿਆਨਬਾਜੀ ਕਰਦਾ ਹੈ, ਤਾਂ ਉਹ ਕਦੀ ਵੀ ਆਪਣੇ ਸੂਬੇ ਜਾਂ ਮੁਲਕ ਨਿਵਾਸੀਆ ਦੀ ਨਜਰ ਵਿਚ ਸਤਿਕਾਰਿਤ ਨਹੀ ਰਹਿ ਸਕਦਾ ਅਤੇ ਨਾ ਹੀ ਸਰਕਾਰਾਂ, ਉਨ੍ਹਾਂ ਦੀਆਂ ਇਛਾਵਾ ਨੂੰ ਲੰਮੇ ਸਮੇ ਤੱਕ ਪੂਰਨ ਕਰ ਸਕਦੀਆਂ ਹਨ । ਫਿਰ ਕਿਉਂ ਨਾ ਸੱਚ-ਹੱਕ ਦੀ ਆਵਾਜ ਦੇ ਹੱਕ ਵਿਚ ਇਖਲਾਕੀ ਢੰਗ ਨਾਲ ਆਵਾਜ ਬੁਲੰਦ ਕੀਤੀ ਜਾਵੇ ਤੇ ਆਪਣੇ ਆਪ ਨੂੰ ਆਪਣੀ ਆਤਮਾ ਦੇ ਦੋਸੀ ਹੋਣ ਤੋ ਮੁਕਤ ਰੱਖਿਆ ਜਾਵੇ ।

Leave a Reply

Your email address will not be published. Required fields are marked *