ਗਿਆਨੀ ਹਰਪ੍ਰੀਤ ਸਿੰਘ ਅਤੇ ਫਿਰਕੂ ਆਗੂ ਅਮਿਤ ਸ਼ਾਹ ਦੀ ਬੰਦ ਕਮਰਾ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਤੇ ਸਿੱਖ ਸੋਚ ਦੇ ਵਿਰੁੱਧ : ਮਾਨ

ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੇ ਜੋ ਪੰਜਾਬ ਸੂਬੇ ਦੇ ਨਿਵਾਸੀਆ ਅਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਢਾਹੁਣ ਵਾਲੀਆ ਫਿਰਕੂ ਤਾਕਤਾਂ ਨਾਲ ਬੰਦ ਕਮਰੇ ਵਿਚ ਗੁਫਤਗੁ ਕੀਤੀ ਹੈ, ਇਹ ਅਮਲ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਦੀ ਮਹਾਨ ਸੰਸਥਾਂ ਦੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਤਹਿ ਕੀਤੀਆ ਮਰਿਯਾਦਾਵਾਂ ਅਤੇ ਸਿੱਖੀ ਸੋਚ ਦੇ ਵਿਰੁੱਧ ਹੈ । ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਉਹ ਬਾਦਸਾਹੀ ਤਖਤ ਹੈ, ਜਿਸਦੀ ਸਿਰਜਣਾ ਛੇਵੀ ਪਾਤਸਾਹੀ ਨੇ ਸਿੱਖ ਕੌਮ ਦੀ ਵੱਖਰੀ, ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਅਤੇ ਆਪਣੀ ਕੌਮੀ ਬਾਦਸਾਹੀ ਦਾ ਸਮੁੱਚੇ ਸੰਸਾਰ ਵਿਚ ਪ੍ਰਗਟਾਵਾਂ ਕਰਦੇ ਰਹਿਣ ਦੇ ਮਕਸਦ ਨੂੰ ਮੁੱਖ ਰੱਖਕੇ ਕੀਤੀ ਸੀ । ਲੇਕਿਨ ਇਸ ਮਹਾਨ ਸਥਾਂਨ ਤੇ ਸਾਡੀਆ ਕਾਤਲ ਅਤੇ ਪੰਜਾਬ ਵਿਰੋਧੀ ਜਮਾਤਾਂ ਆਕੇ ਗੁਪਤ ਮੀਟਿੰਗਾਂ ਕਰਨ ਅਤੇ ਫਿਰ ਇਸ ਹੋਈ ਮੀਟਿੰਗ ਵਿਚੋ ਪੰਜਾਬ ਸੂਬੇ ਅਤੇ ਕੌਮ ਪੱਖੀ ਕੋਈ ਵੀ ਨਤੀਜਾ ਨਾ ਨਿਕਲਣ ਦੀ ਕਾਰਵਾਈ ਖੁਦ ਸਪੱਸਟ ਕਰਦੀ ਹੈ ਕਿ ਸਾਡੀਆ ਇਹ ਧਾਰਮਿਕ ਸੰਸਥਾਵਾਂ ਉਤੇ ਬੈਠੇ ਲੋਕ ਸਾਡੇ ਇਸ ਤਖਤ ਅਤੇ ਐਸ.ਜੀ.ਪੀ.ਸੀ. ਸੰਸਥਾਂ ਦੀ ਦੁਰਵਰਤੋ ਕਰਨ ਵਿਚ ਹੀ ਮਸਰੂਫ ਹਨ । ਗਿਆਨੀ ਹਰਪ੍ਰੀਤ ਸਿੰਘ ਨੇ ਬੇਸ਼ੱਕ 1984 ਵਿਚ ਇੰਡੀਅਨ, ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਵੱਲੋ ਕੀਤੇ ਗਏ ਸਾਂਝੇ ਬਲਿਊ ਸਟਾਰ ਦੇ ਹਮਲੇ ਦੀ ਜਾਂਚ ਲਈ ਕਮਿਸਨ ਕਾਇਮ ਕਰਨ ਦੀ ਗੱਲ ਕੀਤੀ ਹੈ, ਪਰ ਜੋ ਗੱਲਾਂ ਕੌਮੀ ਬਿਨ੍ਹਾਂ ਤੇ ਹੋਣੀਆ ਚਾਹੀਦੀਆ ਸਨ ਜਿਵੇਕਿ ਸਾਡੇ ਤੋਸਾਖਾਨੇ ਵਿਚੋ ਉਸ ਸਮੇਂ ਫ਼ੌਜ ਬੇਸ਼ਕੀਮਤੀ ਅਮੁੱਲ ਵਸਤਾਂ ਲੁੱਟਕੇ ਲੈ ਗਈ ਸੀ, ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋ ਸਾਡੇ ਇਤਿਹਾਸ ਨਾਲ ਸੰਬੰਧਤ ਅਮੁੱਲ ਦਸਤਾਵੇਜ ਲੁੱਟਕੇ ਲੈ ਗਏ ਸਨ, ਜੋ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ, ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਜ਼ਬਰ ਜੁਲਮ ਹੋਇਆ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਾਜਸੀ ਢੰਗ ਨਾਲ ਬੇਅਦਬੀਆ ਹੋਈਆ ਹਨ, ਭਾਈ ਗੁਰਜੀਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਨੌਜ਼ਵਾਨਾਂ ਦੀ ਸਹੀਦੀ ਹੋਈ ਹੈ, ਸਿਰਸੇਵਾਲੇ ਬਲਾਤਕਾਰੀ ਸਾਧ ਵੱਲੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਦੇ ਹੋਏ ਨਕਲੀ ਅੰਮ੍ਰਿਤ ਤਿਆਰ ਕਰਕੇ ਸਿੱਖੀ ਭਾਵਨਾਵਾ ਨੂੰ ਠੇਸ ਪਹੁੰਚਾਈ ਗਈ ਹੈ, ਸ੍ਰੀ ਦਰਬਾਰ ਸਾਹਿਬ ਵਿਖੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ 2011 ਤੋਂ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀਆਂ ਚੋਣਾਂ ਸੈਟਰ ਵੱਲੋ ਨਾ ਕਰਵਾਏ ਜਾਣ, ਪੰਜਾਬ-ਹਰਿਆਣਾ ਹਾਈਕੋਰਟ ਦੇ ਤਿੰਨ ਜੱਜਾਂ ਜਸਟਿਸ ਰਾਜਵੀਰ ਸੇਰਾਵਤ, ਅਰਵਿੰਦ ਸਾਂਗਵਾਨ, ਅਨਿਲ ਬਜਾਜ ਵੱਲੋਂ ਸਿੱਟ ਦੀ ਜਾਂਚ ਕਮੇਟੀ ਦੀਆਂ ਰਿਪੋਰਟਾਂ ਮੰਦਭਾਵਨਾ ਅਧੀਨ ਸਿਆਸੀ ਪ੍ਰਭਾਵ ਹੇਠ ਰੱਦ ਕੀਤੀਆ ਗਈਆ ਹਨ, ਇਨ੍ਹਾਂ ਅਤਿ ਭਖਦੇ ਅਤੇ ਗੰਭੀਰ ਮੁੱਦਿਆ ਉਤੇ ਕੋਈ ਗੱਲ ਨਾ ਕਰਨਾ ਜਿਥੇ ਅਤਿ ਗੈਰ-ਜਿ਼ੰਮੇਵਰਾਨਾ ਕਾਰਵਾਈ ਹੈ, ਉਥੇ ਤਾਨਾਸਾਹੀ ਤੇ ਜ਼ਾਬਰ ਹੁਕਮਰਾਨਾਂ ਨਾਲ, ਉਹ ਵੀ ਆਪਣੇ ਕੌਮੀ ਤਖਤ ਉਤੇ ਬੈਠਕੇ ਅਜਿਹੇ ਸਮਝੋਤੇ ਕਰਨ ਦੇ ਅਮਲਾਂ ਨੂੰ ਕੋਈ ਵੀ ਇਨਸਾਨ ਦਰੁਸਤ ਕਰਾਰ ਨਹੀਂ ਦੇ ਸਕਦਾ । ਇਸ ਕਾਰਵਾਈ ਨੇ ਸਿੱਖ ਕੌਮ ਦੇ ਮਨਾਂ ਨੂੰ ਇਕ ਵਾਰੀ ਫਿਰ ਡੂੰਘੀ ਠੇਸ ਪਹੁੰਚਾਈ ਹੈ । ਕਿਉਂਕਿ ਸਾਤਰ ਮੁਤੱਸਵੀ ਹੁਕਮਰਾਨ ਤਾਂ ਇਹ ਸਭ ਕੁਝ ਪੰਜਾਬ ਦੀਆਂ ਚੋਣਾਂ ਨੂੰ ਜਿੱਤਣ ਦੇ ਮਕਸਦ ਨਾਲ ਸਾਡੇ ਤਖਤ ਤੇ ਆਇਆ ਹੈ। ਜਿਸਨੂੰ ਬੇਰੰਗ ਵਾਪਸ ਭੇਜਣਾ ਚਾਹੀਦਾ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸੈਟਰ ਦੀ ਮੋਦੀ ਹਕੂਮਤ ਦੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਕਰਨ ਵਾਲੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਨਾਲ ਸਿੱਖ ਕੌਮ ਦੇ ਮਹਾਨ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਕੀਤੀ ਗਈ ਦਿਸ਼ਾਹੀਣ ਬੇਨਤੀਜਾ ਅਤੇ ਕੌਮ ਦੀ ਹੇਠੀ ਕਰਵਾਉਣ ਵਾਲੀ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਜਥੇਦਾਰ ਸਾਹਿਬਾਨ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *