ਕੁਸਤੀ ਖੇਡ ਨਾਲ ਸੰਬੰਧਤ ਫੋਗਾਟ ਭੈਣਾਂ ਅਤੇ ਹੋਰਨਾਂ ਨਾਲ ਹੋਈ ਬਦਸਲੂਕੀ ਦੇ ਦੋਸ਼ੀ ਵਿਰੁੱਧ ਕਾਨੂੰਨੀ ਤੇ ਹਕੂਮਤੀ ਪੱਧਰ ਤੇ ਫੌਰੀ ਕਾਰਵਾਈ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 03 ਮਈ ( ) “ਇਸ ਮੁਲਕ ਦੀਆਂ ਹੁਕਮਰਾਨ ਜਮਾਤਾਂ ਕਿਸ ਤਰ੍ਹਾਂ ਕਾਨੂੰਨ ਤੇ ਇਨਸਾਫ਼ ਨਾਲ ਖਿਲਵਾੜ ਕਰਦੀਆਂ ਹਨ, ਉਸਦੀ ਪ੍ਰਤੱਖ ਮਿਸ਼ਾਲ ਇਹ ਹੈ ਕਿ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿਚ ਪਹਿਲੇ ਨੰਬਰ ਤੇ ਆਉਣ ਵਾਲੀਆ ਕੁਸਤੀ ਦੀਆਂ ਖਿਡਾਰਣਾਂ ਬੀਬੀ ਸੰਗੀਤਾ ਫੋਗਾਟ ਅਤੇ ਹੋਰਨਾਂ ਬੀਬੀਆਂ ਨਾਲ ਮੌਜੂਦਾ ਬੀਜੇਪੀ ਜਮਾਤ ਦੇ ਐਮ.ਪੀ ਅਤੇ ਡਬਲਿਊ.ਐਫ.ਆਈ. ਦੇ ਪ੍ਰਧਾਨ ਸ੍ਰੀ ਬ੍ਰਿਜ ਭੂਸ਼ਨ ਵੱਲੋਂ ਗੈਰ ਇਖਲਾਕੀ ਕਾਰਵਾਈ ਕਰਨ ਦੇ ਬਾਵਜੂਦ ਪੁਲਿਸ ਅਤੇ ਨਿਜਾਮ ਵੱਲੋ ਕੋਈ ਹਰਕਤ ਨਹੀ ਹੋਈ । ਜਦੋਕਿ ਇਹ ਪੀੜ੍ਹਤ ਬੀਬੀਆਂ ਵੱਲੋ ਨਿਰੰਤਰ ਦੋਸ਼ੀਆਂ ਵਿਰੁੱਧ ਕਾਨੂੰਨੀ ਤੇ ਨਿਜਾਮੀ ਕਾਰਵਾਈ ਕਰਵਾਉਣ ਅਤੇ ਇਨ੍ਹਾਂ ਵਿਰੁੱਧ ਐਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਜਾਂਦੀ ਆ ਰਹੀ ਸੀ । ਇਸਦੇ ਬਾਵਜੂਦ ਵੀ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦਾ ਨਾਅਰਾ ਦੇਣ ਵਾਲੇ ਸ੍ਰੀ ਮੋਦੀ ਅਤੇ ਸ਼ਾਹ ਵਰਗੇ ਆਗੂਆਂ ਵੱਲੋਂ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਬਜਾਇ, ਉਸਨੂੰ ਇਨ੍ਹਾਂ ਦੋਸ਼ਾਂ ਤੋਂ ਬਚਾਉਣ ਦੇ ਅਤਿ ਨਿੰਦਣਯੋਗ ਅਮਲ ਕੀਤੇ ਜਾਂਦੇ ਆ ਰਹੇ ਹਨ । ਜਿਸ ਤੋ ਇਥੋ ਦੇ ਇਨਸਾਫ਼ ਅਤੇ ਕਾਨੂੰਨ ਨਾਲ ਹੁਕਮਰਾਨਾਂ ਵੱਲੋ ਹੀ ਖਿਲਵਾੜ ਕਰਨ ਦੀ ਗੱਲ ਸਾਹਮਣੇ ਆ ਜਾਂਦੀ ਹੈ । ਇਕ ਮਹੀਨੇ ਤੋਂ ਦੋਸ਼ੀ ਵਿਰੁੱਧ ਨਾ ਤਾਂ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਸੀ ਅਤੇ ਨਾ ਹੀ ਉਸਦੇ ਅਹਿਮ ਅਹੁਦੇ ਤੋਂ ਦੋਸ਼ੀ ਨੂੰ ਫਾਰਗ ਕੀਤਾ ਜਾ ਰਿਹਾ ਹੈ । ਜੋ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਅਮਲਾਂ ਦੀ ਹੁਕਮਰਾਨਾਂ ਵੱਲੋ ਸਰਪ੍ਰਸਤੀ ਕਰਨ ਦੇ ਸੱਚ ਨੂੰ ਉਜਾਗਰ ਕਰਦਾ ਹੈ । ਜਦੋਂ ਪੀੜ੍ਹਤਾਂ ਨੇ ਇਨਸਾਫ਼ ਪ੍ਰਾਪਤੀ ਲਈ ਸੁਪਰੀਮ ਕੋਰਟ ਨੂੰ ਪਹੁੰਚ ਕੀਤੀ ਤਦ ਜਾ ਕੇ ਹੀ ਐਫ.ਆਈ.ਆਰ. ਦਰਜ ਹੋਈ । ਅਜਿਹੀਆ ਕਾਰਵਾਈਆ ਅਤਿ ਨਿੰਦਣਯੋਗ ਅਤੇ ਸਮੁੱਚੇ ਮੁਲਕ ਵਿਚ ਇਨਸਾਫ਼ ਦੀ ਜੋਰਦਾਰ ਮੰਗ ਕਰਦੀਆਂ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੋਸ਼ੀ ਐਮ.ਪੀ ਤੇ ਬੀਜੇਪੀ ਆਗੂ ਵਿਰੁੱਧ ਨਿਰਪੱਖਤਾ ਨਾਲ ਜਾਂਚ ਕਰਨ ਦੀ ਜਿਥੇ ਮੰਗ ਕਰਦਾ ਹੈ, ਉਥੇ ਦਿੱਲੀ ਜੰਤਰ-ਮੰਤਰ ਵਿਖੇ ਇਨਸਾਫ ਪ੍ਰਾਪਤੀ ਲਈ ਇਨ੍ਹਾਂ ਬੀਬੀਆਂ ਵੱਲੋ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਸਤੀ ਦੀ ਖੇਡ ਨਾਲ ਕੌਮਾਂਤਰੀ ਪੱਧਰ ਦੇ ਤਗਮੇ ਪ੍ਰਾਪਤ ਕਰਨ ਵਾਲੀਆ ਖਿਡਾਰਣਾਂ ਬੀਬੀ ਸੰਗੀਤਾ ਫੋਗਾਟ ਭੈਣਾਂ ਤੇ ਹੋਰਨਾਂ ਬੀਬੀਆਂ ਨਾਲ ਬੀਜੇਪੀ ਦੇ ਐਮ.ਪੀ ਅਤੇ ਡਬਲਿਊ.ਐਫ.ਆਈ ਦੇ ਪ੍ਰਧਾਨ ਸ੍ਰੀ ਬ੍ਰਿਜ਼ ਭੂਸ਼ਨ ਵੱਲੋ ਕੀਤੇ ਗਏ ਅਪਮਾਨਜਨਕ ਵਿਵਹਾਰ ਵਿਰੁੱਧ ਹਕੂਮਤੀ ਅਤੇ ਕਾਨੂੰਨੀ ਪੱਧਰ ਤੋਂ ਅਮਲ ਹੋਣ ਅਤੇ ਇਨ੍ਹਾਂ ਬੀਬੀਆਂ ਨੂੰ ਇਨਸਾਫ ਦੇਣ ਦੀ ਜੋਰਦਾਰ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਇੰਡੀਆ ਦਾ ਇਕ ਵਿਧਾਨ, ਇਕ ਕਾਨੂੰਨ ਹੈ, ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਹੱਕ ਪ੍ਰਦਾਨ ਕਰਦਾ ਹੈ, ਫਿਰ ਹਕੂਮਤ ਬੀਜੇਪੀ ਪਾਰਟੀ ਆਪਣੀ ਪਾਰਟੀ ਦੇ ਦੋਸ਼ੀ ਆਗੂ ਨੂੰ ਕਾਨੂੰਨ ਦੀ ਨਜ਼ਰ ਤੋ ਬਚਾਉਣ ਲਈ ਗੈਰ ਸਿਧਾਂਤਿਕ ਤਰੀਕੇ ਰਾਹੀ ਉਸਦੀ ਪੱਖਪਾਤੀ ਤੌਰ ਤੇ ਸਰਪ੍ਰਸਤੀ ਕਰਦੀ ਕਿਉਂ ਨਜਰ ਆ ਰਹੀ ਹੈ ? ਜਦੋਕਿ ਵਿਰੋਧੀ ਪਾਰਟੀਆਂ ਨਾਲ ਵਿਚਰਦੇ ਹੋਏ ਇਹ ਹੁਕਮਰਾਨ ਅਤੇ ਪੁਲਿਸ ਫੌਰੀ ਹਰਕਤ ਵਿਚ ਆ ਜਾਂਦੀ ਹੈ । ਇਹ ਹੁਕਮਰਾਨ ਦੋਹਰੇ ਮਾਪਦੰਡ ਅਪਣਾਉਣ ਵਾਲੇ ਅਜਿਹੇ ਸਮੇ ਆਪਣੇ ਨਿਵਾਸੀਆ ਨੂੰ ਇਨਸਾਫ਼ ਦੇਣ ਵਿਚ ਦੇਰੀ ਕਿਉਂ ਕਰ ਰਹੇ ਹਨ ? ਸ. ਮਾਨ ਨੇ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੀ ਬਰਾਬਰੀ ਦੇ ਅਧਿਕਾਰਾਂ ਦੇ ਬਿਨ੍ਹਾਂ ਤੇ ਮੰਗ ਕੀਤੀ ਕਿ ਦੋਸ਼ੀ ਬ੍ਰਿਜ਼ ਭੂਸ਼ਨ ਬੀਜੇਪੀ ਦੇ ਆਗੂ ਨੂੰ ਡਬਲਿਊ.ਐਫ.ਆਈ ਦੇ ਮੁੱਖ ਅਹੁਦੇ ਉਤੋ ਫਾਰਗ ਕਰਕੇ, ਹੋਣ ਵਾਲੀ ਜਾਂਚ ਨੂੰ ਨਿਰਪੱਖਤਾ ਨਾਲ ਸੰਪੂਰਨ ਕਰਨ ਵਿਚ ਜਿੰਮੇਵਾਰੀ ਨਿਭਾਈ ਜਾਵੇ ਅਤੇ ਕਿਸੇ ਤਰ੍ਹਾਂ ਵੀ 40 ਕੇਸਾਂ ਵਿਚ ਉਲਝੇ ਹੋਏ ਇਸ ਐਮ.ਪੀ ਨੂੰ ਹੁਕਮਰਾਨਾਂ ਵੱਲੋ ਬਚਾਉਣ ਦੇ ਅਮਲ ਕਦਾਚਿੱਤ ਨਹੀ ਹੋਣੇ ਚਾਹੀਦੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਫ਼ ਮਿਲਣ ਤੱਕ ਇਨ੍ਹਾਂ ਬੀਬੀਆਂ ਵੱਲੋ ਚੱਲ ਰਹੇ ਸੰਘਰਸ਼ ਦੀ ਜਿਥੇ ਪੂਰਨ ਹਮਾਇਤ ਕਰਦਾ ਹੈ, ਉਥੇ ਸਾਡੀ ਹਰਿਆਣਾ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਯੂਨਿਟ ਵੱਲੋ ਸ. ਹਰਜੀਤ ਸਿੰਘ ਤੇ ਸਮੁੱਚੀ ਜਥੇਬੰਦੀ ਵੀ ਇਸ ਸੰਘਰਸ਼ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਦਾ ਬਚਨ ਕਰਦੀ ਹੈ ।