ਲੁਧਿਆਣੇ ਦੇ ਬੁੱਢੇ ਨਾਲੇ ਦੀ ਸਫ਼ਾਈ ਲਈ ਬਾਬਾ ਬਲਵੀਰ ਸਿੰਘ ਸੀਚੇਵਾਲ ਮੋਹਰੀ ਹੋ ਕੇ ਜਿ਼ੰਮੇਵਾਰੀ ਨਿਭਾਉਣ, ਅਸੀਂ ਹਰ ਤਰ੍ਹਾਂ ਸਾਥ ਦੇਵਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 03 ਮਈ ( ) “ਜੋ ਲੁਧਿਆਣੇ ਦਾ ਬੁੱਢਾ ਨਾਲਾ ਹੈ, ਉਸ ਵਿਚ ਇਸ ਸਹਿਰ ਨਾਲ ਸੰਬੰਧਤ ਫੈਕਟਰੀਆਂ ਅਤੇ ਉਦਯੋਗਾਂ ਦਾ ਤੇਜਾਬੀ ਅਤੇ ਖਤਰਨਾਕ ਤਰਲ ਇਸ ਬੁੱਢੇ ਨਾਲੇ ਵਿਚ ਲੰਮੇ ਸਮੇ ਤੋ ਸੁੱਟਿਆ ਜਾਂਦਾ ਆ ਰਿਹਾ ਹੈ । ਜਿਸ ਨਾਲ ਕੇਵਲ ਜਮੀਨ ਵਿਚ ਹੀ ਇਹ ਤੱਤ ਵੱਡੀ ਮਾਤਰਾ ਵਿਚ ਇਕੱਤਰ ਹੀ ਨਹੀ ਹੁੰਦੇ ਬਲਕਿ ਜਲ ਹਵਾ ਵੀ ਗੰਧਲਾ ਕਰ ਰਹੇ ਹਨ । ਜੋ ਨਿਵਾਸੀਆ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੀਆ ਗੈਰ ਇਨਸਾਨੀਅਤ ਦੁੱਖਦਾਇਕ ਕਾਰਵਾਈਆ ਹਨ । ਇਸਦੀ ਰੋਕਥਾਮ ਲਈ ਜਿਥੇ ਸਰਕਾਰੀ ਪੱਧਰ ਤੇ ਫੌਰੀ ਉੱਦਮ ਹੋਣੇ ਬਣਦੇ ਹਨ ਉਥੇ ਅਸੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੋ ਪੰਜਾਬ ਤੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਬਰ ਹਨ, ਉਨ੍ਹਾਂ ਨੂੰ ਜੋਰਦਾਰ ਗੁਜਾਰਿਸ ਕਰਨੀ ਚਾਹਵਾਂਗੇ ਕਿ ਉਹ ਇਸ ਬੁੱਢੇ ਨਾਲੇ ਵਿਚ ਜੋ ਪ੍ਰਦੂਸ਼ਣ ਫੈਲਿਆ ਹੋਇਆ ਹੈ ਅਤੇ ਜੋ ਇਸ ਇਲਾਕੇ ਦੇ ਨਿਵਾਸੀਆ ਦੀ ਜਾਨ ਲਈ ਖਤਰਾ ਬਣਿਆ ਹੋਇਆ ਹੈ, ਉਸਨੂੰ ਉਹ ਪਹਿਲ ਦੇ ਆਧਾਰ ਤੇ ਸਫਾਈ ਕਰਵਾਕੇ ਇਸ ਜਿੰਮੇਵਾਰੀ ਨੂੰ ਜਿਥੇ ਪੂਰਨ ਕਰਨ, ਉਥੇ ਪਾਰਲੀਮੈਟ ਵਿਚ ਇਸ ਮੁੱਦੇ ਉਤੇ ਅਗਲੇਰੀ ਕਾਰਵਾਈ ਤੇ ਅਮਲ ਕਰਵਾਉਣ ਲਈ ਆਪਣੀ ਆਮ ਆਦਮੀ ਪਾਰਟੀ ਤਰਫੋ ਜਿੰਮੇਵਾਰੀ ਪੂਰੀ ਕਰਨ । ਇਸ ਗੰਭੀਰ ਵਿਸ਼ੇ ਤੇ ਜੇਕਰ ਉਹ ਬਤੌਰ ਰਾਜ ਸਭਾ ਮੈਂਬਰ ਹੁੰਦੇ ਹੋਏ ਸੈਂਟਰ ਦੇ ਵਜੀਰ ਸ੍ਰੀ ਭੁਪਿੰਦਰਾ ਯਾਦਵ ਨਾਲ ਮੁਲਾਕਾਤ ਦਾ ਸਮਾਂ ਤਹਿ ਕਰ ਲੈਣ ਤਾਂ ਅਸੀ ਵੀ ਉਨ੍ਹਾਂ ਦੀ ਅਗਵਾਈ ਵਿਚ ਜਾ ਕੇ ਪੰਜਾਬ ਦੇ ਦਰਿਆਵਾ ਅਤੇ ਨਦੀਆਂ ਦੇ ਹੋ ਰਹੇ ਗੰਧਲੇਪਣ ਨੂੰ ਪੂਰਨ ਰੂਪ ਵਿਚ ਖ਼ਤਮ ਕਰਵਾਉਣ ਲਈ ਹਰ ਤਰ੍ਹਾਂ ਸਾਥ ਦੇਵਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੁਧਿਆਣੇ ਦਾ ਬੁੱਢਾ ਨਾਲਾ ਜਿਸ ਵਿਚ ਲੁਧਿਆਣੇ ਦੀ ਸਮੁੱਚੀ ਇੰਡਸਟਰੀ ਦਾ ਤੇਜਾਬੀ ਅਤੇ ਬਿਮਾਰੀਆ ਫੈਲਾਉਣ ਵਾਲਾ ਤਰਲ ਲੰਮੇ ਸਮੇ ਤੋਂ ਸੁੱਟਿਆ ਜਾਂਦਾ ਆ ਰਿਹਾ ਹੈ, ਦੇ ਗੰਧਲੇਪਣ ਨੂੰ ਪੂਰਨ ਰੂਪ ਵਿਚ ਖ਼ਤਮ ਕਰਨ ਲਈ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੂੰ ਇਸ ਗੰਭੀਰ ਮੁੱਦੇ ਉਤੇ ਫੌਰੀ ਅਮਲੀ ਰੂਪ ਵਿਚ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਿਸ਼ਵਾਸ ਦਿਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨਦੀਆ ਤੇ ਦਰਿਆਵਾ ਦੇ ਗੰਧਲੇ ਹੋਏ ਪਾਣੀਆ ਦੀ ਸਫ਼ਾਈ ਲਈ ਬੇਸ਼ੱਕ ਪਹਿਲੋ ਹੀ ਸੁਹਿਰਦ ਉਦਮ ਕਰਦੇ ਆ ਰਹੇ ਹਨ । ਪਰ ਬੁੱਢਾ ਨਾਲਾ ਲੁਧਿਆਣਾ ਨੇ ਜਿਵੇ 4-5 ਜਿ਼ਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਅਤੇ ਇਨ੍ਹਾਂ ਨਹਿਰਾਂ ਦੇ ਪਾਣੀ ਨੂੰ ਬਿਮਾਰੀਆ ਉਤਪੰਨ ਕਰਨ ਵਾਲਾ ਕਰ ਦਿੱਤਾ ਹੈ, ਇਸ ਨਾਲ ਗਲਘੋਟੂ, ਜੋੜਾ ਦੇ ਦਰਦ, ਕੈਂਸਰ, ਦਮਾ ਆਦਿ ਬਿਮਾਰੀਆ ਇਥੋ ਦੇ ਨਿਵਾਸੀਆ ਵਿਚ ਵੱਧਦੀਆ ਜਾ ਰਹੀਆ ਹਨ ਅਤੇ ਸਾਡੀਆ ਹੋਣ ਵਾਲੀਆ ਫ਼ਸਲਾਂ ਦੇ ਝਾੜ ਉਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ । ਉਸਨੂੰ ਸੰਪੂਰਨ ਰੂਪ ਵਿਚ ਖ਼ਤਮ ਕਰਵਾਉਣ ਲਈ ਪੰਜਾਬ ਦੇ ਸਮੁੱਚੇ ਐਮ.ਪੀਜ਼, ਰਾਜ ਸਭਾ ਮੈਬਰ ਅਤੇ ਸਿਆਸਤਦਾਨਾਂ ਦਾ ਇਹ ਫਰਜ ਬਣ ਜਾਂਦਾ ਹੈ ਕਿ ਇਸ ਵੱਡੀ ਮੁਸ਼ਕਿਲ ਦੇ ਖਾਤਮੇ ਲਈ ਪਾਰਟੀਆ ਦੇ ਸਿਆਸੀ ਝਮੇਲੇ ਵਿਚੋ ਉਪਰ ਉੱਠਕੇ ਸਾਂਝੇ ਤੌਰ ਤੇ ਸੈਟਰ ਤੱਕ ਪਹੁੰਚ ਕਰਦੇ ਹੋਏ ਆਪਣੀਆ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਗੰਧਲੇ ਹੋਏ ਪਾਣੀ ਦੀ ਸਫਾਈ ਕਰਵਾਉਣ ਦੀ ਜਿੰਮੇਵਾਰੀ ਨਿਭਾਈ ਜਾਵੇ । ਤਾਂ ਕਿ ਸਾਡੇ ਪੰਜਾਬ ਦੇ ਆਉਣ ਵਾਲੇ ਸਮੇ ਦੇ ਬੱਚੇ, ਨੌਜਵਾਨੀ ਹਰ ਤਰ੍ਹਾਂ ਦੀਆਂ ਅੰਦਰੂਨੀ ਬਿਮਾਰੀਆ ਦੀ ਮਾਰ ਤੋ ਦੂਰ ਰਹਿ ਸਕਣ ਅਤੇ ਹਰ ਖੇਤਰ ਵਿਚ ਰਿਸਟ-ਪੁਸਟ ਅਤੇ ਦਿਮਾਗੀ ਤੌਰ ਤੇ ਮਜਬੂਤ ਹੋ ਕੇ ਅੱਗੇ ਨਿਕਲ ਸਕਣ ਅਤੇ ਸਾਡੀਆ ਫ਼ਸਲਾਂ ਦਾ ਝਾੜ ਸਹੀ ਹੋ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਇਸ ਵਿਸੇ ਉਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਬਰ ਹੁੰਦੇ ਹੋਏ ਇਸ ਜਿੰਮੇਵਾਰੀ ਨੂੰ ਸਭਨਾਂ ਦੇ ਸਹਿਯੋਗ ਨਾਲ ਸੀਮਤ ਸਮੇ ਵਿਚ ਪੂਰਨ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਨਿਰਸਵਾਰਥ ਹੋ ਕੇ ਸੇਵਾ ਕਰਨਗੇ ।