ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਮਰਿਯਾਦਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਗੁਰੂ ਸਾਹਿਬ ਨਹੀ ਬਖਸਦੇ : ਮਾਨ

ਫ਼ਤਹਿਗੜ੍ਹ ਸਾਹਿਬ, 02 ਮਈ ( ) “ਖ਼ਾਲਸਾ ਪੰਥ ਅਤੇ ਸਿੱਖ ਕੌਮ ਕਦੀ ਵੀ ਅਜਿਹਾ ਗੈਰ ਇਨਸਾਨੀ ਜਾਂ ਅਣਮਨੁੱਖੀ ਜਾਂ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਿਯਮਾਂ, ਅਸੂਲਾਂ ਦਾ ਉਲੰਘਣ ਕਰਨ ਵਾਲੀ ਕਾਰਵਾਈ ਕਦਾਚਿੱਤ ਨਹੀ ਕਰਦੇ ਅਤੇ ਨਾ ਹੀ ਕਿਸੇ ਕੌਮ, ਧਰਮ, ਫਿਰਕੇ, ਕਬੀਲੇ ਆਦਿ ਦੀਆਂ ਭਾਵਨਾਵਾ ਨੂੰ ਕਿਸੇ ਤਰ੍ਹਾਂ ਠੇਸ ਪਹੁੰਚਾਉਣ ਦੀ ਗੁਸਤਾਖੀ ਨਹੀ ਕਰਦੇ । ਲੇਕਿਨ ਜੋ ਫਿਰਕੂ ਸੋਚ ਅਤੇ ਸਾਜਿਸ ਅਧੀਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਜਾਂ ਗੁਰੂ ਮਰਿਯਾਦਾ ਨੂੰ ਭੰਗ ਕਰਨ ਦੀ ਜਾਂ ਕਿਸੇ ਗੁਰੂਘਰ ਉਤੇ ਮੰਦਭਾਵਨਾ ਅਧੀਨ ਹਮਲਾ ਕਰਨ ਦੀ ਬਜਰ ਗੁਸਤਾਖੀ ਕਰਦਾ ਹੈ, ਉਸਨੂੰ ਉਹ ਅਕਾਲ ਪੁਰਖ ਖੁਦ ਹੀ ਸਜ਼ਾ ਦਿੰਦੇ ਹਨ ਅਤੇ ਉਨ੍ਹਾਂ ਦੀ ਨਜ਼ਰ ਵਿਚ ਅਜਿਹਾ ਗੁਸਤਾਖ ਕਦੇ ਵੀ ਨਹੀ ਬਖਸਿਆ ਜਾਂਦਾ । ਜਿਸਦਾ ਪ੍ਰਤੱਖ ਸੱਚ ਸਾਹਮਣੇ ਹੈ ਕਿ ਮਰਹੂਮ ਇੰਦਰਾ ਗਾਂਧੀ, ਰਾਜੀਵ ਗਾਂਧੀ, ਜਰਨਲ ਵੈਦਿਆ, ਗਿਆਨੀ ਜੈਲ ਸਿੰਘ, ਨਿਹੰਗ ਪੂਲਾ ਨੂੰ ਆਪਣੇ ਕੀਤੇ ਦੀਆਂ ਭੁਗਤਣੀਆ ਪਈਆ । ਜੋ ਬੀਤੇ ਕੁਝ ਦਿਨ ਪਹਿਲੇ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ, ਉਸਦੇ ਦੋਸ਼ੀ ਨੂੰ ਗੁਰੂ ਸਾਹਿਬ ਨੇ ਆਪ ਸਜ਼ਾ ਦਿੱਤੀ ਹੈ । ਇਸ ਲਈ ਅਜਿਹੀ ਘਿਣੋਨੀ ਕਾਰਵਾਈ ਕਰਨ ਵਾਲੇ ਕੋਈ ਵੀ ਗੁਸਤਾਖ ਉਸ ਅਕਾਲ ਪੁਰਖ ਦੀ ਸਜ਼ਾ ਤੋ ਨਹੀ ਬਚ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਮਾਨਸਾ ਦੀ ਜੇਲ੍ਹ ਵਿਚ ਬੰਦੀ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਅਪਮਾਨ ਕਰਨ ਵਾਲੇ ਦੋਸ਼ੀ ਨੂੰ ਗੁਰੂ ਸਾਹਿਬ ਵੱਲੋ ਸਜ਼ਾ ਦੇਣ ਦੀ ਗੱਲ ਕਰਦੇ ਹੋਏ ਅਤੇ ਬੀਤੇ ਸਮੇ ਦੇ ਸਿੱਖ ਕੌਮ ਦੇ ਕਾਤਲਾਂ ਅਤੇ ਸਾਡੀਆ ਮਰਿਯਾਦਾਵਾ ਦਾ ਉਲੰਘਣ ਕਰਨ ਵਾਲਿਆ ਦੇ ਹਸਰ ਦਾ ਵੇਰਵਾ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਬੀ ਬੀਤੇ ਕੁਝ ਦਿਨ ਪਹਿਲੇ ਗੁਰੂ ਮਰਿਯਾਦਾਵਾਂ ਦਾ ਉਲੰਘਣ ਕਰਦੀ ਹੋਈ ਸ੍ਰੀ ਦਰਬਾਰ ਸਾਹਿਬ ਵਿਖੇ ਸਿੱਖ ਕੌਮ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਤਿਰੰਗੇ ਨੂੰ ਆਪਣੇ ਚੇਹਰੇ ਉਤੇ ਪ੍ਰਕਾਸਿਤ ਕਰਕੇ ਆਈ ਸੀ, ਉਸਨੇ ਜੋ ਸਮੁੱਚੀ ਸਿੱਖ ਕੌਮ ਤੋਂ ਜਨਤਕ ਤੌਰ ਤੇ ਆਪਣੀ ਕੀਤੀ ਗੁਸਤਾਖੀ ਦੀ ਮੁਆਫ਼ੀ ਮੰਗੀ ਹੈ, ਉਹ ਅੱਛੀ ਗੱਲ ਹੋਈ ਹੈ । ਜਿਸਨੇ ਵੀ ਗੁਰੂ ਮਰਿਯਾਦਾ ਨੂੰ ਭੰਗ ਕੀਤਾ ਜਾਂ ‘ਗੁਰੂ ਦੀ ਗੋਲਕ, ਗਰੀਬ ਦਾ ਮੂੰਹ’ ਦੀ ਦੁਰਵਰਤੋ ਕੀਤੀ, ਉਹ ਕਦੀ ਵੀ ਉਸ ਅਕਾਲ ਪੁਰਖ ਦੀ ਮਾਰ ਤੋ ਨਹੀ ਬਚ ਸਕਿਆ । ਬਲਕਿ ਸਮੁੱਚੇ ਸੰਸਾਰ ਨੇ ਉਸਦਾ ਹਸਰ ਹੁੰਦਾ ਦੇਖਿਆ ਹੈ । ਇਸ ਲਈ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਸਾਜਿਸਕਾਰ ਦੇ ਝਮੇਲੇ ਵਿਚ ਫਸਕੇ ਜਾਂ ਲਾਲਚਵੱਸ ਹੋ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨਹੀ ਬਲਕਿ ਕਿਸੇ ਧਰਮ ਦੇ ਗ੍ਰੰਥ ਦਾ ਵੀ ਜਾਂ ਮਰਿਯਾਦਾ ਨੂੰ ਭੰਗ ਨਹੀ ਕਰਨਾ ਚਾਹੀਦਾ । 

ਸ. ਮਾਨ ਨੇ ਕਿਹਾ ਕਿ ਬੇਸੱਕ ਅਕਾਲ ਪੁਰਖ ਨੇ ਮੋਰਿੰਡੇ ਅਪਮਾਨਿਤ ਦੋਸ਼ੀ ਨੂੰ ਸਜ਼ਾ ਦੇ ਦਿੱਤੀ ਹੈ, ਪਰ ਇਸ ਪਿੱਛੇ ਕਿਹੜੀਆ ਤਾਕਤਾਂ ਸਨ ਅਤੇ ਕਿਨ੍ਹਾਂ ਨੇ ਉਸਨੂੰ ਅਜਿਹਾ ਕਰਨ ਲਈ ਪ੍ਰੇਰਿਆ, ਉਨ੍ਹਾਂ ਤਾਕਤਾਂ ਦਾ ਕੀ ਮਕਸਦ ਹੈ, ਉਸਦੀ ਤਹਿ ਤੱਕ ਜਾਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਕ ਨਿਰਪੱਖਤਾ ਨਾਲ ਉੱਚ ਪੱਧਰੀ ਜਾਂਚ ਕਮੇਟੀ ਦਾ ਐਲਾਨ ਕਰਨਾ ਚਾਹੀਦਾ ਹੈ । ਤਾਂ ਕਿ ਅਜਿਹੀਆ ਖ਼ਾਲਸਾ ਪੰਥ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਅਤੇ ਸਮਾਜ ਵਿਚ ਫਿਰਕੂ ਨਫਰਤ ਫੈਲਾਉਣ ਵਾਲੀਆ ਤਾਕਤਾਂ ਅਤੇ ਸਾਜਿਸਕਾਰਾਂ ਨੂੰ ਸਾਹਮਣੇ ਲਿਆਉਦੇ ਹੋਏ ਉਨ੍ਹਾਂ ਦੇ ਕੀਤੇ ਦੀ ਕਾਨੂੰਨ ਅਨੁਸਾਰ ਸਜ਼ਾ ਵੀ ਹੋ ਸਕੇ ਅਤੇ ਅੱਗੋ ਲਈ ਕੋਈ ਵੀ ਇਨਸਾਨ ਕਿਸੇ ਸਾਜਿਸ ਦਾ ਸਿਕਾਰ ਹੋ ਕੇ ਜਾਂ ਲਾਲਚਵੱਸ ਹੋ ਕੇ ਅਜਿਹੀ ਗੁਸਤਾਖੀ ਨਾ ਕਰ ਸਕੇ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਜਾਹਰ ਕੀਤਾ ਕਿ ਜਦੋ ਵੀ ਅਜਿਹੀ ਕੋਈ ਕਾਰਵਾਈ ਜਾਂ ਦੁੱਖਾਂਤ ਵਾਪਰਦਾ ਹੈ, ਤਾਂ ਅਕਸਰ ਹੀ ਉਸਦੀ ਦਿਮਾਗੀ ਹਾਲਤ ਦੀ ਗੱਲ ਕਰਕੇ ਅਜਿਹੇ ਦੋਸ਼ੀ ਨੂੰ ਜਾਂ ਤਾਂ ਕੁਝ ਸਮੇ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ ਜਾਂ ਉਸ ਉਤੇ ਪਰਦਾ ਪਾਉਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ । ਜਦੋਕਿ ਅਜਿਹੇ ਦੁਖਾਤਾਂ ਦੇ ਪਿੱਛੇ ਕੰਮ ਕਰ ਰਹੀ ਤਾਕਤ ਅਤੇ ਸਾਜਿਸਕਾਰਾਂ ਦਾ ਪਤਾ ਲਗਾਉਣਾ ਹੁਕਮਰਾਨਾਂ ਦੀ ਇਖਲਾਕੀ ਜਿੰਮੇਵਾਰੀ ਬਣ ਜਾਂਦੀ ਹੈ । ਇਸ ਲਈ ਮੋਰਿੰਡਾ ਕੇਸ ਵਿਚ ਵੀ ਤਹਿ ਤੱਕ ਜਾਇਆ ਜਾਵੇ ਅਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ।

Leave a Reply

Your email address will not be published. Required fields are marked *