ਲੁਧਿਆਣਾ ਵਿਖੇ ਗੈਸ ਲੀਕੇਜ ਨਾਲ ਹੋਇਆ ਜਾਨੀ ਨੁਕਸਾਨ ਅਤਿ ਦੁੱਖਦਾਇਕ, ਇਸਦੀ ਉੱਚ ਪੱਧਰੀ ਜਾਂਚ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 02 ਮਈ ( ) “ਲੁਧਿਆਣਾ ਵਰਗੇ ਵੱਡੇ ਉਦਯੋਗਿਕ ਸ਼ਹਿਰ ਵਿਚ ਇਕ ਫੈਕਟਰੀ ਵਿਚ ਮਾਰੂ ਗੈਸ ਲੀਕੇਜ ਹੋਣ ਦੀ ਬਦੌਲਤ ਜੋ 11 ਜਾਨਾਂ ਅਜਾਈ ਗਈਆ ਹਨ, ਉਹ ਇਕ ਬਹੁਤ ਹੀ ਦੁੱਖਦਾਇਕ ਘਟਨਾ ਵਾਪਰੀ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮ੍ਰਿਤਕ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ, ਉਥੇ ਸਰਕਾਰ ਅਤੇ ਉਦਯੋਗ ਵਿਭਾਗ ਨਾਲ ਸੰਬੰਧਤ ਵੱਡੇ ਅਧਿਕਾਰੀਆ ਜਿਨ੍ਹਾਂ ਵੱਲੋ ਅਜਿਹੀਆ ਫੈਕਟਰੀਆਂ ਅਤੇ ਉਦਯੋਗਾਂ ਨੂੰ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ਉਨ੍ਹਾਂ ਵੱਲੋ ਅਜਿਹੀਆ ਖ਼ਤਰਨਾਕ ਗੈਸਾਂ ਤੋਂ ਨਿਵਾਸੀਆ ਨੂੰ ਸੁਰੱਖਿਅਤ ਕਰਨ ਦੀ ਸੰਜ਼ੀਦਗੀ ਨਾਲ ਜਿੰਮੇਵਾਰੀ ਨਾ ਨਿਭਾਉਣ ਦੀ ਬਦੌਲਤ ਇਹ ਵੱਡਾ ਦੁਖਾਂਤ ਵਾਪਰਿਆ ਹੈ । ਜਦੋਕਿ ਉਦਯੋਗਾਂ ਦੀ ਸਥਾਪਨਾ ਕਰਦੇ ਸਮੇਂ ਜੋ ਉਸ ਫੈਕਟਰੀ ਜਾਂ ਉਦਯੋਗ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ, ਤਕਨੀਸ਼ਨਾਂ, ਪ੍ਰਬੰਧਕਾਂ ਅਤੇ ਆਲੇ ਦੁਆਲੇ ਦੇ ਨਿਵਾਸੀਆ ਦੇ ਜਾਨ-ਮਾਲ ਦੀ ਰੱਖਿਆ ਸੰਬੰਧੀ ਜੋ ਨਿਯਮ ਹਨ, ਉਨ੍ਹਾਂ ਦੀ ਸਖਤੀ ਨਾਲ ਪਾਲਣਾ ਹੋਣੀ ਬਣਦੀ ਹੈ ਤਾਂ ਕਿ ਕਿਸੇ ਵੀ ਸਥਾਨ ਤੇ ਅਜਿਹੀ ਘਟਨਾ ਨਾ ਵਾਪਰ ਸਕੇ । ਇਸ ਹੋਏ ਦੁਖਾਂਤ ਦੀ ਨਿਰਪੱਖਤਾ ਨਾਲ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਫੈਕਟਰੀ ਦੇ ਪ੍ਰਬੰਧਕ ਜਾਂ ਵਿਭਾਗਾਂ ਨਾਲ ਸੰਬੰਧਤ ਅਧਿਕਾਰੀਆਂ ਵੱਲੋ ਜਿਥੇ ਵੀ ਅਣਗਹਿਲੀ ਵਰਤੀ ਗਈ ਹੈ, ਉਨ੍ਹਾਂ ਨੂੰ ਬਣਦੀ ਸਜ਼ਾ ਹਰ ਕੀਮਤ ਤੇ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਅਧਿਕਾਰੀ ਜਾਂ ਪ੍ਰਬੰਧਕ ਲੋਕਾਂ ਦੇ ਜਾਨ-ਮਾਲ ਨਾਲ ਖਿਲਵਾੜ ਨਾ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਲੁਧਿਆਣਾ ਸ਼ਹਿਰ ਵਿਚ ਖਤਰਨਾਕ ਗੈਸ ਲੀਕ ਹੋਣ ਦੀ ਬਦੌਲਤ ਮਾਰੇ ਗਏ 11 ਇਨਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਅਤੇ ਇਸਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜੋ ਲੁਧਿਆਣੇ ਦਾ ਬੁੱਢਾ ਨਾਲਾ ਹੈ, ਉਸ ਵਿਚ ਇਸ ਸਹਿਰ ਨਾਲ ਸੰਬੰਧਤ ਫੈਕਟਰੀਆਂ ਅਤੇ ਉਦਯੋਗਾਂ ਦਾ ਤੇਜਾਬੀ ਅਤੇ ਖਤਰਨਾਕ ਤਰਲ ਇਸ ਬੁੱਢੇ ਨਾਲੇ ਵਿਚ ਲੰਮੇ ਸਮੇ ਤੋ ਸੁੱਟਿਆ ਜਾਂਦਾ ਆ ਰਿਹਾ ਹੈ । ਜਿਸ ਨਾਲ ਕੇਵਲ ਜਮੀਨ ਵਿਚ ਹੀ ਇਹ ਤੱਤ ਵੱਡੀ ਮਾਤਰਾ ਵਿਚ ਇਕੱਤਰ ਹੀ ਨਹੀ ਹੁੰਦੇ ਬਲਕਿ ਜਲ ਹਵਾ ਵੀ ਗੰਧਲਾ ਕਰ ਰਹੇ ਹਨ । ਜੋ ਨਿਵਾਸੀਆ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੀਆ ਗੈਰ ਇਨਸਾਨੀਅਤ ਦੁੱਖਦਾਇਕ ਕਾਰਵਾਈਆ ਹਨ । ਇਸਦੀ ਰੋਕਥਾਮ ਲਈ ਜਿਥੇ ਸਰਕਾਰੀ ਪੱਧਰ ਤੇ ਫੌਰੀ ਉੱਦਮ ਹੋਣੇ ਬਣਦੇ ਹਨ ਉਥੇ ਅਸੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੋ ਪੰਜਾਬ ਤੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਬਰ ਹਨ, ਉਨ੍ਹਾਂ ਨੂੰ ਜੋਰਦਾਰ ਗੁਜਾਰਿਸ ਕਰਨੀ ਚਾਹਵਾਂਗੇ ਕਿ ਉਹ ਇਸ ਬੁੱਢੇ ਨਾਲੇ ਵਿਚ ਜੋ ਪ੍ਰਦੂਸ਼ਣ ਫੈਲਿਆ ਹੋਇਆ ਹੈ ਅਤੇ ਜੋ ਇਸ ਇਲਾਕੇ ਦੇ ਨਿਵਾਸੀਆ ਦੀ ਜਾਨ ਲਈ ਖਤਰਾ ਬਣਿਆ ਹੋਇਆ ਹੈ, ਉਸਨੂੰ ਉਹ ਪਹਿਲ ਦੇ ਆਧਾਰ ਤੇ ਸਫਾਈ ਕਰਵਾਕੇ ਇਸ ਜਿੰਮੇਵਾਰੀ ਨੂੰ ਜਿਥੇ ਪੂਰਨ ਕਰਨ, ਉਥੇ ਪਾਰਲੀਮੈਟ ਵਿਚ ਇਸ ਮੁੱਦੇ ਉਤੇ ਅਗਲੇਰੀ ਕਾਰਵਾਈ ਤੇ ਅਮਲ ਕਰਵਾਉਣ ਲਈ ਆਪਣੀ ਆਮ ਆਦਮੀ ਪਾਰਟੀ ਤਰਫੋ ਜਿੰਮੇਵਾਰੀ ਪੂਰੀ ਕਰਨ ਅਸੀ ਵੀ ਇਸ ਮੁੱਦੇ ਤੇ ਪਾਰਲੀਮੈਟ ਵਿਚ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਵੇ ਹੋਰ ਦਰਿਆਵਾ, ਨਦੀਆ ਦੇ ਗੰਧਲੇਪਣ ਨੂੰ ਦੂਰ ਕਰਨ ਦੀ ਜਿੰਮੇਵਾਰੀ ਪੂਰਨ ਕਰ ਰਹੇ ਹਨ, ਉਸੇ ਤਰ੍ਹਾਂ ਪੰਜਾਬ ਸੂਬੇ ਪ੍ਰਤੀ ਇਹ ਜਿੰਮੇਵਾਰੀ ਨੂੰ ਤਨਦੇਹੀ ਨਾਲ ਪੂਰਨ ਕਰਨਗੇ।

Leave a Reply

Your email address will not be published. Required fields are marked *