ਸਿੱਖ ਜਿਸ ਟਾਹਣੀ ਤੇ ਬੈਠਦਾ ਹੈ, ਉਸੇ ਨੂੰ ਵੱਢਣ ਲੱਗ ਪੈਦਾ ਹੈ, ਇਹੀ ਵਜਹ ਹੈ ਕਿ ਸਿੱਖ ਕੌਮ ਅੱਜ ਵੀ ਗੁਲਾਮ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 01 ਮਈ ( ) “ਅੰਗਰੇਜ਼ਾਂ ਨੇ ਸਾਡੀ ਸਿੱਖ ਕੌਮ ਲਈ ਬਹੁਤ ਕੁਝ ਕੀਤਾ । ਲੇਕਿਨ ਅਸੀ ਹਿੰਦੂਤਵੀਆਂ ਦੀ ਆਜਾਦੀ ਦੀ ਲੜਾਈ ਵਿਚ ਅੰਗਰੇਜ਼ਾਂ ਦੇ ਖਿਲਾਫ਼ ਲੜਕੇ, ਇਸ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਉਦੇ ਹੋਏ ਵੱਡੀਆ ਸ਼ਹੀਦੀਆਂ ਤੇ ਕੁਰਬਾਨੀਆਂ ਦੇ ਕੇ ਬਜ਼ਰ ਗੁਸਤਾਖੀ ਇਸ ਲਈ ਕੀਤੀ ਹੈ ਕਿ ਜਿਸ ਗੁਲਾਮੀਅਤ ਦੇ ਜੂਲੇ ਨੂੰ ਲਾਹੁਣ ਲਈ ਅਸੀ ਲੰਮੇ ਸਮੇ ਤੋ ਔਕੜਾਂ ਭਰਿਆ ਤੇ ਜ਼ਬਰ ਭਰਿਆ ਸੰਘਰਸ਼ ਕਰਦੇ ਆ ਰਹੇ ਹਾਂ, ਉਹ ਗੁਲਾਮੀਅਤ ਤਾਂ ਅਜੇ ਤੱਕ ਖ਼ਤਮ ਨਹੀ ਹੋਈ । ਲੇਕਿਨ ਸਾਡੇ ਵੱਲੋ ਅੰਗਰੇਜ਼ਾਂ ਖਿਲਾਫ਼ ਲੜਨ ਦੀ ਬਦੌਲਤ ਮੁਸਲਿਮ ਕੌਮ ਨੂੰ ਆਪਣਾ ਆਜਾਦ ਮੁਲਕ ਪਾਕਿਸਤਾਨ ਮਿਲ ਗਿਆ ਹੈ, ਜੋ ਉਥੇ ਇਕ ਨੰਬਰ ਦੇ ਸ਼ਹਿਰੀ ਹਨ ਤੇ ਉਨ੍ਹਾਂ ਦੀ ਹਕੂਮਤ ਹੈ । ਇਸੇ ਤਰ੍ਹਾਂ ਇੰਡੀਆ ਵਿਚ ਹਿੰਦੂ ਕੌਮ ਦਾ ਆਪਣਾ ਆਜਾਦ ਮੁਲਕ ਹੈ ਅਤੇ ਉਹ ਇਕ ਨੰਬਰ ਦੇ ਸ਼ਹਿਰੀ ਹਨ ਤੇ ਉਨ੍ਹਾਂ ਦੀ ਹਕੂਮਤ ਹੈ । ਲੇਕਿਨ ਜਿਸ ਕੌਮ ਨੇ ਆਪਣੇ ਇਤਿਹਾਸਿਕ ਵਿਰਸੇ ਤੇ ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਇਹ ਆਜਾਦੀ ਦਿਵਾਈ, ਉਹ ਅੱਜ ਇੰਡੀਆ ਵਿਚ ਵੀ ਗੁਲਾਮ ਹੈ ਅਤੇ ਪਾਕਿਸਤਾਨ ਵਿਚ ਵੀ ਗੁਲਾਮ ਹੈ । ਫਿਰ ਅਸੀ ਸੋਚੀਏ ਕਿ ਅੰਗਰੇਜ਼ਾਂ ਦੇ ਖਿਲਾਫ਼ ਲੜਕੇ ਅਸੀ ਇਸ ਲਈ ਗਲਤੀ ਕੀਤੀ ਹੈ ਕਿ ਜੇਕਰ ਅੰਗਰੇਜ਼ਾਂ ਦਾ ਰਾਜ ਕਾਇਮ ਰਹਿੰਦਾ ਤਾਂ ਉਥੇ ਮੁਸਲਿਮ ਕੌਮ ਨੇ ਵੀ ਗੁਲਾਮ ਰਹਿਣਾ ਸੀ, ਹਿੰਦੂ ਕੌਮ ਨੇ ਵੀ ਅਤੇ ਅਸੀ ਵੀ, ਪਰ ਇਸ ਅਮਲ ਨਾਲ ਤਿੰਨਾਂ ਕੌਮਾਂ ਨੂੰ ਬਰਾਬਰਤਾ ਦਾ ਹੱਕ ਤਾਂ ਹਾਸਿਲ ਰਹਿੰਦਾ ਅਤੇ ਕਿਸੇ ਵਿਚ ਵੀ ਹੀਂਣ ਭਾਵਨਾ ਨਾ ਆਉਦੀ ਅਤੇ ਨਾ ਹੀ ਕੋਈ ਇਕ ਕੌਮ ਦੂਸਰੀ ਕੌਮ ਉਤੇ ਜ਼ਬਰ ਜੁਲਮ ਕਰ ਸਕਦੀ ਜਿਸ ਤਰ੍ਹਾਂ ਕਿ ਸਾਡੇ ਉਤੇ ਨਿਰੰਤਰ ਬੀਤੇ 75 ਸਾਲਾਂ ਤੋਂ ਜ਼ਬਰ ਜੁਲਮ ਤੇ ਵਿਤਕਰੇ ਹੁੰਦੇ ਆ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਪਾਰਲੀਮੈਂਟ ਜਲੰਧਰ ਚੋਣ ਹਲਕੇ ਦੇ ਨਿਵਾਸੀਆ ਨੂੰ ਚਿੱਟੀ ਪਿੰਡ ਦੇ ਇਕ ਜਨਤਕ ਇਕੱਠ ਵਿਚ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਕਿ ਅੰਗਰੇਜ਼ਾਂ ਦੇ ਖਿਲਾਫ ਅੱਜ ਵੀ ਸਾਡੀ ਸਿੱਖ ਕੌਮ ਨੂੰ ਪੜ੍ਹਾਇਆ ਤੇ ਸਿਖਾਇਆ ਜਾਂਦਾ ਹੈ । ਜਦੋਕਿ ਜਮਹੂਰੀਅਤ ਵਿਚ ਬਹੁਗਿਣਤੀ ਵੋਟਾਂ ਨਾਲ ਰਾਜ ਪ੍ਰਾਪਤ ਹੁੰਦੇ ਹਨ । ਫਿਰ ਸਾਨੂੰ ਇਹ ਸਮਝ ਕਿਉਂ ਨਹੀ ਆਉਦੀ ਕਿ ਅਸੀ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਅਤੇ ਬਹੁਗਿਣਤੀ ਵੱਲੋ ਪਰੋਸੀ ਜਾ ਰਹੀ ਤਾਲੀਮ ਅਤੇ ਸਿਖਿਆਵਾਂ ਦੇ ਪੈਰੋਕਾਰ ਕਿਉਂ ਬਣਦੇ ਜਾ ਰਹੇ ਹਾਂ ? ਅਸੀ ਇਨ੍ਹਾਂ ਦੇ ਮੁਕਾਰਤਾ ਭਰੇ ਅਤੇ ਸਵਾਰਥੀ ਹਿੱਤਾ ਦੀ ਪੂਰਤੀ ਵਾਲੇ ਪ੍ਰਚਾਰ ਵਿਚ ਗ੍ਰਸਤ ਹੋ ਕੇ, ਇਨ੍ਹਾਂ ਦੀਆਂ ਮਨੁੱਖਤਾ ਵਿਰੋਧੀ ਸਾਜਿਸਾਂ ਅਤੇ ਸੋਚ ਨੂੰ ਕਿਉਂ ਪੂਰਨ ਕਰ ਰਹੇ ਹਾਂ ? ਜਦੋਕਿ ਸਿੱਖ ਕੌਮ ਤਾਂ ਆਪਣੇ ਜਨਮ ਤੋ ਹੀ ਆਜਾਦ ਹਸਤੀ ਵਾਲੀ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਕੌਮ ਹੈ । ਜਿਸਨੇ ਕਦੀ ਵੀ ਗੁਲਾਮੀਅਤ ਨੂੰ ਪ੍ਰਵਾਨ ਹੀ ਨਹੀ ਕੀਤਾ ਅਤੇ ਆਪਣੇ ਫਖ਼ਰ ਵਾਲੇ ਆਜਾਦ ਹਸਤੀ ਵਾਲੇ ਇਤਿਹਾਸ ਉਤੇ ਪਹਿਰਾ ਦਿੰਦਿਆ ਆਜਾਦੀ ਦੇ ਮਿਸਨ ਨੂੰ ਪ੍ਰਾਪਤ ਕਰਨ ਅਤੇ ਇਨ੍ਹਾਂ ਦੀ ਬਣਾਵਟੀ ਸਿੱਖਿਆ ਅਤੇ ਤਾਲੀਮ ਵਿਚੋ ਨਿਕਲਣ ਦਾ ਉਦਮ ਕਿਉਂ ਨਹੀ ਕਰ ਰਹੇ ? ਸਿੱਖ ਜਿਸ ਟਾਹਣੀ ਉਤੇ ਬੈਠਦਾ ਹੈ, ਉਸਨੂੰ ਹੀ ਵੱਢਣ ਦੀ ਬਜਰ ਗੁਸਤਾਖੀ ਕਿਉਂ ਕਰਦਾ ਆ ਰਿਹਾ ਹੈ ? ਜਿੰਨਾਂ ਸਮਾਂ ਅਸੀ ਆਪਣੀ ਸੋਚ, ਬੁੱਧੀ ਨੂੰ ਸਹੀ ਨਹੀ ਕਰਾਂਗੇ, ਉਨਾ ਸਮਾਂ ਆਪਣੀ ਆਜਾਦੀ ਤੇ ਅਣਖ ਗੈਰਤ ਵਾਲੀ ਜਿੰਦਗੀ ਸਾਨੂੰ ਨਹੀ ਮਿਲ ਸਕੇਗੀ ।

ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਅਤੇ ਸਿੱਖ ਬਾਹਰਲੇ ਮੁਲਕਾਂ ਵਿਚ ਜਾਣ ਦੀ ਹੋੜ ਵਿਚ ਲੱਗੇ ਹੋਏ ਹਨ । ਇਥੋ ਤੱਕ ਜੋ ਕਾਂਮਰੇਡ ਅੰਗਰੇਜ਼ਾਂ ਵਿਰੁੱਧ ਲੜਨ ਦੇ ਅੰਦੋਲਨ ਦੇ ਦੌਰਾਨ ਉੱਚੀ ਆਵਾਜ ਵਿਚ ਆਜਾਦ ਹੋਣ ਦੀ ਗੱਲ ਕਰਦੇ ਰਹੇ ਹਨ, ਅੱਜ ਉਹ ਉਨ੍ਹਾਂ ਅੰਗਰੇਜ਼ ਮੁਲਕਾਂ ਵਿਚ ਜਾ ਕੇ ਵੱਸੇ ਹੋਏ ਹਨ । ਲੇਕਿਨ ਬਾਹਰ ਜਾਣ ਵਾਲੇ ਸਿੱਖਾਂ ਤੇ ਪੰਜਾਬੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੰਗਰੇਜ ਮੁਲਕ ਜਿਥੇ ਅਸੀ ਜਾਂਦੇ ਹਾਂ, ਉਹ ਸਾਨੂੰ ਰੁਜਗਾਰ ਦੇਣ ਜਾਂ ਸਾਡੀ ਮਾਲੀ ਹਾਲਤ ਨੂੰ ਸਹੀ ਕਰਨ ਲਈ ਪਨਾਹ ਨਹੀ ਦਿੰਦੇ । ਪਨਾਹ ਕੇਵਲ ਮਨੁੱਖੀ ਅਧਿਕਾਰਾਂ ਦੇ ਹਨਨ ਅਤੇ ਇਨਸਾਨੀਅਤ ਜ਼ਬਰ ਜੁਲਮ ਦੇ ਬਿਨ੍ਹਾਂ ਤੇ ਪ੍ਰਾਪਤ ਹੁੰਦੀ ਹੈ । ਕਿਉਂਕਿ ਸਾਡੇ ਨਾਲ ਹੁਕਮਰਾਨਾਂ ਨੇ 1947 ਤੋ ਹੀ ਜ਼ਬਰ ਸੁਰੂ ਕੀਤੇ ਹੋਏ ਹਨ । 1984 ਵਿਚ ਸਿੱਖਾਂ ਨੂੰ ਲੱਭ-ਲੱਭਕੇ, ਫੜ੍ਹ-ਫੜ੍ਹਕੇ ਮਾਰਿਆ ਗਿਆ । ਹੁਕਮਰਾਨਾਂ ਨੇ ਬੀਤੇ ਸਮੇ ਵਿਚ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਫੜ੍ਹਕੇ ਅਤੇ ਪੁਲਿਸ ਦੁਆਰਾ ਝੂਠੇ ਪੁਲਿਸ ਮੁਕਾਬਲਿਆ ਦੀਆਂ ਮਨਘੜਤ ਕਹਾਣੀਆ ਬਣਾਕੇ ਵੱਡੀ ਗਿਣਤੀ ਵਿਚ ਸ਼ਹੀਦ ਕੀਤਾ । ਸਾਡੇ ਮਹਾਨ ਧਾਰਮਿਕ ਸਥਾਨਾਂ ਨੂੰ ਨਿਸ਼ਾਨਾਂ ਬਣਾਕੇ ਢਹਿ-ਢੇਰੀ ਕੀਤਾ ਗਿਆ । ਸਿੱਖ ਕਤਲੇਆਮ ਕੀਤਾ ਗਿਆ । ਬੀਤੀ 18 ਮਾਰਚ ਨੂੰ ਬਹੁਤ ਵੱਡਾ ਜ਼ਬਰ ਜੁਲਮ ਹੋਇਆ, ਜਦੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰੀਆਂ ਕੀਤੀਆ । ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਹਜਾਰ-ਹਜਾਰ ਕਿਲੋਮੀਟਰ ਦੂਰ ਦੂਸਰੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਇਆ ਗਿਆ । ਸਾਡੇ ਸਿੱਖ ਨੌਜਵਾਨਾਂ ਦੇ ਮੋਬਾਇਲ ਫੋਨਾਂ ਨੂੰ ਜ਼ਬਤ ਕੀਤਾ ਗਿਆ । ਬਿਨ੍ਹਾਂ ਅਦਾਲਤੀ ਵਾਰੰਟਾਂ ਤੋ ਘਰਾਂ ਦੀਆਂ ਤਲਾਸੀਆ ਦੇ ਨਾਲ-ਨਾਲ ਨੌਜਵਾਨੀ ਦੀ ਗ੍ਰਿਫਤਾਰੀ ਵੀ ਕੀਤੀ ਗਈ । ਜਦੋਕਿ ਅਜਿਹਾ ਅਦਾਲਤੀ ਵਾਰੰਟਾਂ ਤੋ ਬਿਨ੍ਹਾਂ ਕੋਈ ਪੁਲਿਸ ਜਾਂ ਸਰਕਾਰ ਨਹੀ ਕਰ ਸਕਦੀ । ਇਸ ਹੋਏ ਜ਼ਬਰ ਜੁਲਮ ਤੋ ਬਚਾਉਣ ਲਈ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਲੋਕ ਸਭਾ ਜਿਮਨੀ ਚੋਣ ਲੜਨ ਦਾ ਫੈਸਲਾ ਕੀਤਾ ਹੈ । ਇਸ ਲਈ ਜ਼ਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਹਿੱਤ ਅਤੇ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਹਕੂਮਤੀ ਦਹਿਸਤਗਰਦੀ ਦਾ ਖਾਤਮਾ ਕਰਨ ਲਈ ਇਹ ਜ਼ਰੂਰੀ ਹੈ ਕਿ ਜਲੰਧਰ ਲੋਕ ਸਭਾ ਚੋਣ ਹਲਕੇ ਦੇ ਵੋਟਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਆਪਣੀਆ ਵੋਟਾਂ ਪਾਉਣ ਦੇ ਨਾਲ-ਨਾਲ ਜੋ ਮੁਸਲਮਾਨ ਹੈ, ਉਹ ਆਪਣੀਆ ਰਵਾਇਤਾਂ ਅਨੁਸਾਰ ਸੁੰਨਤ ਕਰਦੇ ਰਹਿਣਗੇ, ਹਿੰਦੂ ਆਪਣੀ ਬੋਦੀ ਅਤੇ ਜਨੇਊ ਦੀ ਰਵਾਇਤ ਨੂੰ ਪੂਰਨ ਕਰਨਗੇ ਅਤੇ ਸਿੱਖ ਆਪਣੀ ਰਵਾਇਤ ਅਨੁਸਾਰ ਦਾੜ੍ਹੀ ਅਤੇ ਕੇਸਾਂ ਦੀ ਹਿਫਾਜਤ ਕਰਦੇ ਹੋਏ ਆਪਣੀਆ ਰਹੁਰੀਤੀਆ ਅਨੁਸਾਰ ਜਿੰਦਗੀ ਜਿਊਣਗੇ । ਅਜਿਹੇ ਅਮਲ ਨਾਲ ਹੀ ਬਰਾਬਰਤਾ, ਅਮਨ ਚੈਨ ਅਤੇ ਇਨਸਾਫ ਦੇ ਰਾਜ ਨੂੰ ਕਾਇਮ ਕੀਤਾ ਜਾ ਸਕਦਾ ਹੈ । 

Leave a Reply

Your email address will not be published. Required fields are marked *