ਅਦਾਰਾ ‘ਅੱਖਰ’ ਸੋ਼ਸ਼ਲ ਮੀਡੀਆ ਚੈਨਲ ਦਾ ਪੇਜ਼ ਸਰਕਾਰ ਵੱਲੋਂ ਬੰਦ ਕਰਨ ਅਤੇ ਉਸਦੇ ਮਾਲੀ ਸਾਧਨਾਂ ਨੂੰ ਸੱਟ ਮਾਰਨ ਦੀ ਕਾਰਵਾਈ ‘ਸੱਚ ਦਾ ਗਲਾ ਘੁੱਟਣ ਵਾਲੀ’ : ਮਾਨ

ਫ਼ਤਹਿਗੜ੍ਹ ਸਾਹਿਬ, 01 ਮਈ ( ) “ਜਦੋਂ ਹਰ ਪਾਸੇ ਸਿਆਸੀ ਤਾਕਤ, ਦੌਲਤ ਦੇ ਭੰਡਾਰਾਂ ਅਤੇ ਆਪਣੇ ਪਾਲੇ ਹੋਏ ਬਦਮਾਸ਼ਾਂ ਦੀ ਤਾਕਤ ਰਾਹੀ ਅਕਸਰ ਹੁਕਮਰਾਨ ਗਲਤ ਢੰਗਾਂ ਦੀ ਦੁਰਵਰਤੋ ਕਰਕੇ ਆਪਣੇ ਰਾਜ ਭਾਗ ਨੂੰ ਚਲਾਉਣ ਵਿਚ ਵਿਸਵਾਸ ਰੱਖਦਾ ਹੈ । ਜਦੋਕਿ ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਹੁਕਮਰਾਨ ਨੂੰ ਇਸ ਗੱਲ ਦੀ ਇਜਾਜਤ ਨਹੀ ਦਿੰਦੀਆ । ਕਹਿਣ ਤੋ ਭਾਵ ਹੈ ਕਿ ਹੁਕਮਰਾਨ ਖੁਦ ਤਾਂ ਕਾਨੂੰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਕਦਰ ਨਹੀ ਕਰ ਰਿਹਾ, ਬਲਕਿ ਇਨ੍ਹਾਂ ਦੀ ਘੋਰ ਉਲੰਘਣਾ ਕਰਕੇ ਹੀ ਆਪਣੇ ਰਾਜ ਪ੍ਰਬੰਧ ਨੂੰ ਚੱਲਦਾ ਰੱਖ ਰਿਹਾ ਹੈ । ਇਥੋ ਤੱਕ ਜੋ ਜਮਹੂਰੀਅਤ ਦਾ ਚੌਥਾਂ ਮੁੱਖ ਥੰਮ੍ਹ ‘ਪ੍ਰੈਸ ਦੀ ਆਜਾਦੀ’ ਹੈ, ਉਸਨੂੰ ਸੱਚ ਬੋਲਣ ਤੋ ਰੋਕਣ ਲਈ ਆਪਣੇ ਜ਼ਬਰ ਦਾ ਕੁਹਾੜਾ ਚਲਾਉਣ ਤੇ ਸੱਚ ਦੀ ਆਵਾਜ ਦਾ ਗਲਾਂ ਘੁੱਟਣ ਤੋ ਗੁਰੇਜ ਨਹੀ ਕਰ ਰਿਹਾ ਤਾਂ ਇਸ ਨਾਲ ਤਾਂ ਹਰ ਪਾਸੇ ਅਰਾਜਕਤਾ ਫੈਲ ਜਾਵੇਗੀ । ਅਮਨ-ਚੈਨ, ਜਮਹੂਰੀਅਤ ਅਤੇ ਕਾਨੂੰਨ ਦੇ ਰਾਜ ਦਾ ਖਾਤਮਾ ਹੋ ਕੇ ਰਹਿ ਜਾਵੇਗਾ। ਇਸੇ ਸੋਚ ਅਧੀਨ ਸੈਂਟਰ ਦੀ ਮੋਦੀ ਹਕੂਮਤ, ਪੰਜਾਬ ਦੀ ਭਗਵੰਤ ਸਿੰਘ ਮਾਨ ਹਕੂਮਤ ਨਿਰਪੱਖਤਾ ਨਾਲ ਸੱਚ ਦਾ ਪ੍ਰਸਾਰਨ ਕਰਨ ਵਾਲੇ ਗਿਣਤੀ ਦੇ ਕੁਝ ਟੀ.ਵੀ, ਵੈਬ ਅਤੇ ਸ਼ੋਸ਼ਲ ਮੀਡੀਆ ਦੇ ਚੈਨਲਾਂ ਉਤੇ ਗੈਰ ਕਾਨੂੰਨੀ ਸਖਤੀ ਵਰਤਕੇ, ਉਨ੍ਹਾਂ ਦੇ ਮਾਲੀ ਸਾਧਨਾਂ ਉਤੇ ਰੋਕ ਲਗਾਕੇ ਜ਼ਮਹੂਰੀਅਤ ਕਦਰਾਂ-ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ । ਜਿਸਨੂੰ ਕਿਸੇ ਤਰ੍ਹਾਂ ਵੀ ਦਰੁਸਤ ਨਹੀ ਕਿਹਾ ਜਾ ਸਕਦਾ । ਅਜਿਹਾ ਕੁਹਾੜਾ ਅੱਖਰ ਸ਼ੋਸ਼ਲ ਮੀਡੀਆ ਚੈਨਲ ਉਤੇ ਚਲਾਉਣਾ ਕੇਵਲ ਗੈਰ ਕਾਨੂੰਨੀ ਹੀ ਨਹੀ ਬਲਕਿ ਪ੍ਰੈਸ ਦੀ ਆਜਾਦੀ ਉਤੇ ਕੋਝਾ ਸ਼ਰਮਨਾਕ ਹਮਲਾ ਕਰਨ ਵਾਲੀ ਨਿੰਦਣਯੋਗ ਕਾਰਵਾਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਚੋਣ ਕਮਿਸ਼ਨ ਪੰਜਾਬ ਅਤੇ ਰਿਟਰਨਿੰਗ ਅਫਸਰ ਲੋਕ ਸਭਾ ਜਿਮਨੀ ਚੋਣ ਜਲੰਧਰ ਨੂੰ ਇਸ ਹੋਈ ਕਾਰਵਾਈ ਉਤੇ ਫੌਰੀ ਅਮਲ ਕਰਕੇ ਇਸ ਅੱਖਰ ਚੈਨਲ ਦੀ ਆਜਾਦੀ ਨੂੰ ਬਹਾਲ ਕਰਨ ਦੀ ਜੋਰਦਾਰ ਮੰਗ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਰਪੱਖਤਾ ਨਾਲ ਕੰਮ ਕਰਨ ਵਾਲੇ ਅਦਾਰਾ ‘ਅੱਖਰ’ ਸ਼ੋਸ਼ਲ ਮੀਡੀਆ ਚੈਨਲ ਉਤੇ ਸੈਂਟਰ ਅਤੇ ਪੰਜਾਬ ਦੀਆਂ ਹਕੂਮਤਾਂ ਵੱਲੋਂ ਮੰਦਭਾਵਨਾ ਅਧੀਨ ਗੈਰ ਕਾਨੂੰਨੀ ਢੰਗ ਰਾਹੀ ਰੋਕ ਲਗਾਉਣ ਅਤੇ ਉਸਦੇ ਮਾਲੀ ਸਾਧਨਾਂ ਨੂੰ ਖ਼ਤਮ ਕਰਨ ਦੀਆਂ ਅਤਿ ਸ਼ਰਮਨਾਕ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਚੋਣ ਕਮਿਸਨ ਪੰਜਾਬ, ਰਿਟਰਨਿੰਗ ਅਫਸਰ ਲੋਕ ਸਭਾ ਜਿਮਨੀ ਚੋਣ ਜਲੰਧਰ ਨੂੰ ਇਸ ਵਿਚ ਤੁਰੰਤ ਦਖਲ ਦੇ ਕੇ ਪ੍ਰੈਸ ਦੀ ਆਜਾਦੀ ਨੂੰ ਬਹਾਲ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਦੇ ਹਕੂਮਤੀ ਜ਼ਬਰ ਅਤੇ ਵਿਤਕਰਿਆ ਭਰੇ ਸਮੇਂ ਵਿਚ ਕੁਝ ਗਿਣਤੀ ਦੇ ਹੀ ਚੈਨਲ ਹਨ, ਜੋ ਨਿਰਪੱਖਤਾ ਤੇ ਦ੍ਰਿੜਤਾ ਨਾਲ ਪੰਜਾਬ ਦੇ ਨਿਵਾਸੀਆ ਨੂੰ ਹਰ ਖੇਤਰ ਦੀ ਸਹੀ ਜਾਣਕਾਰੀ ਦੇ ਕੇ ਅਤੇ ਹਕੂਮਤੀ ਜ਼ਬਰ ਵਿਰੁੱਧ ਆਵਾਜ ਬੁਲੰਦ ਕਰਕੇ ਇਥੋ ਦੇ ਮਾਹੌਲ ਨੂੰ ਖੁਸਗਵਾਰ ਰੱਖਣ ਦੀ ਦ੍ਰਿੜਤਾ ਪੂਰਵਕ ਭੂਮਿਕਾ ਨਿਭਾਅ ਰਹੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਸੱਚ ਦੀ ਆਵਾਜ ਨੂੰ ਬੁਲੰਦ ਕਰਨ ਵਾਲੇ ਅਦਾਰਾ ਅੱਖਰ ਸ਼ੋਸ਼ਲ ਮੀਡੀਆ ਉਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਜ਼ਬਰ ਦਾ ਕੁਹਾੜਾ ਚਲਾਕੇ ਸਾਬਤ ਕਰ ਦਿੱਤਾ ਹੈ ਕਿ ਇਥੇ ਜੰਗਲ ਦਾ ਰਾਜ ਹੈ ਨਾ ਕਿ ਕਾਨੂੰਨ ਦਾ । ਅਜਿਹੇ ਸਮੇ ਜਦੋਂ ਜਲੰਧਰ ਲੋਕ ਸਭਾ ਜਿਮਨੀ ਚੋਣ ਹੋ ਰਹੀ ਹੈ, ਪੰਜਾਬ ਨਿਵਾਸੀਆ ਨੂੰ ਸੱਚ ਤੋ ਜਾਣੂ ਕਰਵਾਉਣ ਵਾਲੇ ਅਦਾਰਾ ਅੱਖਰ ਵਰਗੇ ਚੈਨਲਾਂ ਵੱਲੋ ਨਿਭਾਈ ਜਾ ਰਹੀ ਜਿੰਮੇਵਾਰੀ ਨੂੰ ਚੱਲਦਾ ਰੱਖਣ ਲਈ ਚੋਣ ਕਮਿਸਨ ਪੰਜਾਬ ਅਤੇ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ ਜਲੰਧਰ ਦਾ ਇਹ ਚੋਣ ਨਿਯਮਾਂ ਅਨੁਸਾਰ ਫਰਜ ਬਣ ਜਾਂਦਾ ਹੈ ਕਿ ਸਰਕਾਰ ਦੀ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਅਤੇ ਸੱਚ ਤੇ ਪ੍ਰੈਸ ਦੀ ਆਵਾਜ ਨੂੰ ਮਜ਼ਬੂਤ ਕਰਨ ਲਈ ਫੌਰੀ ਹਰਕਤ ਵਿਚ ਆਵੇ ਅਤੇ ਅਜਿਹੇ ਚੈਨਲ ਉਤੇ ਲਗਾਈ ਰੋਕ ਜਾਂ ਉਸਦੇ ਮਾਲੀ ਸਾਧਨਾਂ ਨੂੰ ਖਤਮ ਕਰਨ ਦੀਆਂ ਸ਼ਰਮਨਾਕ ਕਾਰਵਾਈਆ ਨੂੰ ਤੁਰੰਤ ਰੋਕਿਆ ਜਾਵੇ ਤਾਂ ਕਿ ਇਥੋ ਦੇ ਨਿਵਾਸੀਆ ਨੂੰ ਸਹੀ ਸਮੇ ਤੇ ਹਰ ਖੇਤਰ ਦੀ ਸਹੀ ਰਿਪੋਰਟ ਵੀ ਮਿਲਦੀ ਰਹੇ ਅਤੇ ਜਲੰਧਰ ਲੋਕ ਸਭਾ ਚੋਣਾਂ ਬਿਨ੍ਹਾਂ ਕਿਸੇ ਪੱਖਪਾਤ ਤੋ ਜਾਂ ਗੁੰਮਰਾਹਕੁੰਨ ਪ੍ਰਚਾਰ ਤੋ ਹੋ ਸਕਣ ਅਤੇ ਜਲੰਧਰ ਲੋਕ ਸਭਾ ਹਲਕੇ ਦੇ ਵੋਟਰ ਨਿਰਪੱਖਤਾ ਨਾਲ ਆਪਣੇ ਵੋਟ ਹੱਕ ਦੀ ਵਰਤੋ ਕਰਕੇ ਲੋਕ ਸਭਾ ਵਿਚ ਆਪਣਾ ਨੁਮਾਇੰਦਾ ਜਿੱਤਾਕੇ ਭੇਜ ਸਕਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਚੋਣ ਕਮਿਸਨ ਪੰਜਾਬ ਅਤੇ ਰਿਟਰਨਿੰਗ ਅਫਸਰ ਜਲੰਧਰ ਇਸ ਗੰਭੀਰ ਮੁੱਦੇ ਤੇ ਆਪਣੀ ਫੌਰੀ ਕਾਰਵਾਈ ਕਰਕੇ ਪੰਜਾਬੀਆ ਨੂੰ ਇਨਸਾਫ਼ ਦੇਣਗੇ ।

Leave a Reply

Your email address will not be published. Required fields are marked *