ਬਾਬਾ ਰਾਮ ਸਿੰਘ ਵੱਲੋਂ 13 ਮਈ ਨੂੰ ਮੁਕਤਸਰ ਸਾਹਿਬ ਤੋਂ ਸੁਰੂ ਕੀਤੀ ਜਾਣ ਵਾਲੀ ‘ਖ਼ਾਲਸਾ ਵਹੀਰ’ ਕੌਮ ਪੱਖੀ ਦੂਰਅੰਦੇਸ਼ੀ ਵਾਲਾ ਉੱਦਮ : ਮਾਨ
ਫ਼ਤਹਿਗੜ੍ਹ ਸਾਹਿਬ, 01 ਮਈ ( ) “ਭਾਵੇਕਿ ਮੋਦੀ-ਸ਼ਾਹ, ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨਾਂ ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨਾਲ ਮਿਲੀਭੁਗਤ ਕਰਕੇ ਬੀਤੀ 18 ਮਾਰਚ ਨੂੰ ਇਕ ਸਿੱਖ ਕੌਮ ਵਿਰੋਧੀ ਡੂੰਘੀ ਸਾਜਿਸ ਨੂੰ ਅਮਲੀ ਰੂਪ ਦਿੰਦੇ ਹੋਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਜੋ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਸੁਰੂ ਕੀਤੀ ਜਾਣ ਵਾਲੀ ਖ਼ਾਲਸਾ ਵਹੀਰ ਦੇ ਅੰਮ੍ਰਿਤਸਰ ਸੰਚਾਰ ਦੇ ਪ੍ਰੋਗਰਾਮ ਨੂੰ ਮੰਦਭਾਵਨਾ ਅਧੀਨ ਮੁਕੰਮਲ ਨਹੀ ਹੋਣ ਦਿੱਤਾ । ਸਿੱਖ ਕੌਮ ਨੂੰ ਬਦਨਾਮ ਕਰਕੇ, ਮੀਡੀਏ ਉਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਕੌਮ ਵਿਰੁੱਧ ਮਾਹੌਲ ਉਸਾਰਨ ਦੀ ਜੋ ਹਕੂਮਤੀ ਅਸਫਲ ਕੋਸਿ਼ਸ਼ ਕੀਤੀ ਗਈ ਸੀ ਅਤੇ ਇਸ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਨਿਰਦੋਸ਼ ਸਾਥੀਆ ਨੂੰ ਜ਼ਬਰੀ ਗ੍ਰਿਫਤਾਰ ਕਰਕੇ ਡਿਬੜੂਗੜ੍ਹ (ਅਸਾਮ) ਦੀ ਜੇਲ੍ਹ ਵਿਚ ਜ਼ਬਰੀ ਕੈਦ ਕਰਨ ਵਿਚ ਸੈਟਰ ਤੇ ਪੰਜਾਬ ਦੀਆਂ ਹਕੂਮਤਾਂ ਕੁਝ ਹੱਦ ਤੱਕ ਕਾਮਯਾਬ ਹੋ ਗਈਆ ਹਨ । ਪਰ ਇਹ ਹੁਕਮਰਾਨ ਇਸ ਗੱਲ ਤੋ ਅਣਭਿੱਜ ਹਨ ਕਿ ਸਿੱਖ ਕੌਮ ਦਾ ਇਤਿਹਾਸ ‘ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ’ ਦੇ ਮਹਾਵਾਂਕ ਅਨੁਸਾਰ ਅਜਿਹੇ ਸੰਕਟਮਈ ਇਮਤਿਹਾਨਾਂ ਵਿਚੋ ਹਮੇਸ਼ਾਂ ਪਹਿਲੇ ਨਾਲੋ ਵੀ ਵਧੇਰੇ ਪ੍ਰਪੱਕ ਅਤੇ ਮਜਬੂਤ ਹੋ ਕੇ ਨਿਕਲਦੀ ਆਈ ਹੈ । ਦੁਸ਼ਮਣ ਤਾਕਤਾਂ ਦੇ ਮਨਸੂਬਿਆ ਨੂੰ ਅਸਫ਼ਲ ਵੀ ਬਣਾਉਦੀ ਆਈ ਹੈ । ਉਸ ਕੌਮ ਪੱਖੀ ਵੱਡਮੁੱਲੀ ਸੋਚ ਉਤੇ ਪਹਿਰਾ ਦਿੰਦੇ ਹੋਏ ਜੋ ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਜੀ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜਰ ਰੱਖਦੇ ਹੋਏ 13 ਮਈ ਨੂੰ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਤੋ ਖਾਲਸਾ ਵਹੀਰ ਸੁਰੂ ਕਰਨ ਦਾ ਚੜ੍ਹਦੀ ਕਲਾਂ ਵਾਲਾ ਪ੍ਰੋਗਰਾਮ ਉਲੀਕਿਆ ਹੈ, ਇਹ ਸਲਾਘਾਯੋਗ ਅਤੇ ਕੌਮ ਨੂੰ ਆਪਣੇ ਮਿਸ਼ਨ ਵੱਲ ਲਿਜਾਣ ਦਾ ਉਸਾਰੂ ਯੋਗ ਤਹੱਈਆ ਹੈ । ਜੋ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਚਲਾਏ ਮਿਸ਼ਨ ਨੂੰ ਪੂਰਾ ਕਰਨਾ ਸਾਡਾ ਸਭ ਦਾ ਸਾਂਝਾ ਫਰਜ ਹੈ । ਇਸ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ 13 ਮਈ ਨੂੰ ਹਰ ਕੀਮਤ ਤੇ ਆਪੋ ਆਪਣੇ ਸਾਧਨਾਂ ਰਾਹੀ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਰਾਮ ਸਿੰਘ ਜੀ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ ਵੱਲੋ ਸੁਰੂ ਕੀਤੇ ਜਾਣ ਵਾਲੇ ਖ਼ਾਲਸਾ ਵਹੀਰ ਦੇ ਅਧੂਰੇ ਕੰਮ ਨੂੰ ਸੰਪੂਰਨ ਕਰਨ ਦੀ ਸਲਾਘਾ ਕਰਦੇ ਹੋਏ ਅਤੇ ਸਮੁੱਚੇ ਖ਼ਾਲਸਾ ਪੰਥ ਨੂੰ ਇਸ ਮਹਾਨ ਮੌਕੇ ਤੇ ਵਹੀਰਾਂ ਘੱਤਕੇ ਪਹੁੰਚਣ ਦੀ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਜਾਬਰ ਜਰਵਾਣੇ ਹੁਕਮਰਾਨ ਸਿੱਖ ਕੌਮ ਵਿਚ ਦਹਿਸਤ ਪਾਉਣ ਅਤੇ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਮੰਦਭਾਵਨਾ ਅਧੀਨ ਕੋਈ ਜ਼ਬਰ ਕਰਦਾ ਹੈ, ਤਾਂ ਸਿੱਖ ਕੌਮ ਦਾ ਇਹ ਪੁਰਾਤਨ ਸੁਭਾਅ ਤੇ ਰਵਾਇਤ ਦਾ ਹਿੱਸਾ ਰਿਹਾ ਹੈ ਕਿ ਸਿੱਖ ਕੌਮ ਅਜਿਹੇ ਜ਼ਬਰ ਜੁਲਮ ਤੋ ਨਾ ਤਾਂ ਕਦੇ ਘਬਰਾਉਦੀ ਹੈ ਬਲਕਿ ‘ਢਾਈ ਫੱਟ’ ਦੀ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੀ ਗਈ ਕੌਮੀ ਯੁੱਧ ਨੀਤੀ ਉਤੇ ਅਮਲ ਕਰਦੀ ਹੋਈ ਪਹਿਲੇ ਨਾਲੋ ਵੀ ਵਧੇਰੇ ਹੋਸ ਅਤੇ ਜੋਸ ਨੂੰ ਕਾਇਮ ਰੱਖਦੀ ਹੋਈ ਦੁਸ਼ਮਣ ਤਾਕਤਾਂ ਨੂੰ ਜਿਥੇ ਵੰਗਾਰ ਦਿੰਦੀ ਹੈ, ਉਥੇ ਅਧੂਰੇ ਰਹਿ ਚੁੱਕੇ ਕੌਮੀ ਮਿਸਨ ਨੂੰ ਪੂਰਾ ਵੀ ਕਰਦੀ ਆਈ ਹੈ । ਲੇਕਿਨ ਅਜਿਹੇ ਮਿਸਨ ਦੀ ਪ੍ਰਾਪਤੀ ਲਈ ਕੌਮ ਵਿਚੋ ਆਤਮਿਕ ਤੇ ਸਮਾਜਿਕ ਸ਼ਕਤੀ ਦੀ ਵਰਤੋ ਕਰਨ ਵਾਲੀ ਸਖਸ਼ੀਅਤ ਉਤੇ ਗੁਰੂ ਸਾਹਿਬਾਨ ਆਪਣੀ ਮਿਹਰ ਕਰਦੇ ਹਨ । ਤਾਂ ਜੋ ਕੌਮ ਆਪਣੀ ਮੰਜਿਲ ਵੱਲ ਬਿਨ੍ਹਾਂ ਕਿਸੇ ਡਰ ਭੈ ਤੋ ਵੱਧ ਸਕੇ । ਫਿਰ ਅੰਮ੍ਰਿਤ ਸੰਚਾਰ ਕਰਨ ਜਾਂ ਕੌਮ ਨੂੰ ਨਸਿ਼ਆਂ ਵਰਗੀ ਸਮਾਜਿਕ ਬੁਰਾਈ ਤੋ ਨਿਜਾਤ ਦਿਵਾਉਣ ਲਈ ਸਾਨੂੰ ਦੁਨੀਆ ਦੀ ਕੋਈ ਵੀ ਵੱਡੀ ਤੋ ਵੱਡੀ ਫ਼ੌਜੀ ਜਾਂ ਸਿਆਸੀ ਤਾਕਤ ਨਾ ਕਦੇ ਪਹਿਲਾ ਰੋਕ ਸਕੀ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਰੋਕ ਸਕੇਗੀ । ਜੋ ਬਾਬਾ ਰਾਮ ਸਿੰਘ ਜੀ ਨੇ 13 ਮਈ ਨੂੰ ਖਾਲਸਾ ਵਹੀਰ ਆਰੰਭ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਇਸ ਵਹੀਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਤੱਕ ਸਮੁੱਚੇ ਖਾਲਸਾ ਪੰਥ ਤਨੋ-ਮਨੋ-ਧਨੋ ਹਰ ਤਰ੍ਹਾਂ ਸਹਿਯੋਗ ਕਰੇ ਅਤੇ ਇਸਦੇ ਰੂਟ ਦੇ ਦੋਵੇ ਪਾਸੇ ਵੱਡੀ ਗਿਣਤੀ ਵਿਚ ਖਲੋਕੇ ਸਵਾਗਤ ਵੀ ਕਰੇ ਅਤੇ ਇਸ ਮਿਸਨ ਨੂੰ ਸਮਝਦੇ ਹੋਏ ਅੰਮ੍ਰਿਤ ਸੰਚਾਰ ਅਤੇ ਨਸਿ਼ਆਂ ਤੋ ਦੂਰ ਕਰਨ ਵਿਚ ਹਰ ਤਰ੍ਹਾਂ ਮਦਦ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖਾਲਸਾ ਪੰਥ ਤੇ ਪੰਜਾਬ ਦੇ ਸਮੁੱਚੇ ਵਰਗ ਆਪਸ ਵਿਚ ਛੋਟੇ ਮੋਟੇ ਵਿਚਾਰਿਕ ਵਖਰੇਵਿਆ ਤੋ ਉਪਰ ਉੱਠਕੇ 13 ਮਈ ਨੂੰ ਮੁਕਤਸਰ ਸਾਹਿਬ ਦੀ ਮਹਾਨ ਸ਼ਹੀਦੀ ਪਵਿੱਤਰ ਧਰਤੀ ਉਤੇ ਪਹੁੰਚਣਗੇ ਅਤੇ ਕੌਮੀ ਮਿਸਨ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਉਣਗੇ ।