ਜਿਵੇ ਸਰਕਾਰ ਹਰ ਕੀਮਤ ਤੇ ਫ਼ੌਜ ਨੂੰ ਖੜ੍ਹੀ ਰੱਖਦੀ ਹੈ, ਉਸੇ ਤਰ੍ਹਾਂ ਕਿਸਾਨਾਂ ਤੇ ਮਜਦੂਰਾਂ ਨੂੰ ਵੀ ਖੜ੍ਹਾ ਰੱਖਣਾ ਅਤਿ ਜ਼ਰੂਰੀ : ਮਾਨ

ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ ( ) “ਬੇਮੌਸਮੀ ਬਾਰਿਸਾਂ ਦੇ ਕਾਰਨ ਜਿੰਮੀਦਾਰ ਅਤੇ ਖੇਤ ਮਜਦੂਰਾਂ ਦੇ ਹੋਏ ਨੁਕਸਾਨ ਦੀ ਸਰਕਾਰ ਨੇ ਪੂਰਤੀ ਨਾ ਕੀਤੀ ਤਾਂ ਮੁਲਕ ਵਿਚ ਕਾਲ ਪੈਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਜਿਵੇ ਸਰਕਾਰ ਹਰ ਕੀਮਤ ਤੇ ਫੌ਼ਜ ਨੂੰ ਖੜ੍ਹਾ ਰੱਖਦੀ ਹੈ, ਉਸੇ ਤਰ੍ਹਾਂ ਕਿਸਾਨਾਂ ਤੇ ਮਜਦੂਰਾਂ ਨੂੰ ਵੀ ਮਾਲੀ ਤੇ ਮਾਨਸਿਕ ਤੌਰ ਤੇ ਖੜ੍ਹਾ ਰੱਖਣਾ ਅਤਿ ਜਰੂਰੀ ਹੈ । ਇਸ ਲਈ ਜੋ ਕਿਸਾਨ ਵਰਗ ਦੀ ਕਣਕ ਦੀ ਫ਼ਸਲ ਅਤੇ ਖੇਤ ਮਜਦੂਰ ਦਾ ਮਾਲੀ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ, ਉਸਦੀ ਭਰਪਾਈ ਸਰਕਾਰ ਨੂੰ ਫੌਰੀ 14 ਅਪ੍ਰੈਲ ਵਿਸਾਖੀ ਤੋ ਪਹਿਲੇ-ਪਹਿਲੇ ਉਨ੍ਹਾਂ ਦੇ ਹੱਥਾਂ ਵਿਚ ਮਦਦ ਪਹੁੰਚਦੀ ਕਰਨੀ ਬਣਦੀ ਹੈ । ਕਿਉਂਕਿ ਕਿਸਾਨ-ਖੇਤ ਮਜਦੂਰ ਸਮੁੱਚੇ ਮੁਲਕ ਦਾ ਢਿੱਡ ਭਰਨ ਵਾਲੀ ਫ਼ੌਜ ਹੈ । ਫ਼ੌਜ ਵਿਚ ਵੀ ਬਹੁਗਿਣਤੀ ਕਿਸਾਨਾਂ ਦੇ ਪੁੱਤਰ ਭਰਤੀ ਹਨ । ਜੇਕਰ ਜਿੰਮੀਦਾਰ ਮਾਲੀ ਤੌਰ ਤੇ ਸੰਕਟ ਵਿਚ ਆ ਗਿਆ, ਤਾਂ ਸਰਹੱਦਾਂ ਤੇ ਫ਼ੌਜੀ ਵੀ ਆਪਣੀ ਜਿੰਮੇਵਾਰੀ ਮਾਯੂਸੀ ਦੀ ਬਦੌਲਤ ਪੂਰਨ ਰੂਪ ਵਿਚ ਨਹੀ ਨਿਭਾਅ ਸਕਣਗੇ ਜਿਸ ਨਾਲ ਅੰਦਰੂਨੀ ਅਤੇ ਬਾਹਰੀ ਦੋਵੇ ਹਾਲਾਤ ਵਿਸਫੋਟਕ ਬਣ ਜਾਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿੰਮੀਦਾਰ-ਖੇਤ ਮਜਦੂਰ ਨਾਲ ਬਾਰਿਸਾਂ ਦੀ ਬਦੌਲਤ ਹੋਏ ਵੱਡੇ ਨੁਕਸਾਨ ਉਤੇ ਫੌਰੀ ਉਨ੍ਹਾਂ ਦੀ ਮਾਲੀ ਅਤੇ ਇਖਲਾਕੀ ਤੌਰ ਤੇ ਸਰਕਾਰ ਨੂੰ ਮਦਦ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਅਤੇ 14 ਅਪ੍ਰੈਲ ਤੋ ਪਹਿਲੇ-ਪਹਿਲੇ ਇਹ ਮਾਇਕ ਸਹਾਇਤਾ ਉਨ੍ਹਾਂ ਦੇ ਖਾਤਿਆ ਵਿਚ ਪਹੁੰਚਦੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਹੀ ਸਮੇ ਤੇ ਪੀੜ੍ਹਤ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਮੁਆਵਜਾ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਮੱਕੀ, ਮੂੰਗੀ, ਝੋਨਾ ਆਦਿ ਸਹੀ ਸਮੇ ਤੇ ਬਿਜਾਈ ਕਰ ਸਕਣਗੇ । ਕਿਉਂਕਿ ਕਿਸਾਨ ਮਜਦੂਰ ਦੋਵੇ ਇਸ ਸਮੇ ਵੱਡੀ ਮਾਯੂਸੀ ਵਿਚ ਹਨ । ਜਿਨ੍ਹਾਂ ਨੂੰ ਮੁਆਵਜਾ ਦੇ ਕੇ ਮਾਯੂਸੀ ਵਿਚੋ ਕੱਢਣਾ ਅਤਿ ਜਰੂਰੀ ਹੈ ਨਹੀ ਤਾਂ ਸਾਰੇ ਮੁਲਕ ਦਾ ਭੱਠਾ ਬੈਠ ਜਾਵੇਗਾ। ਕਿਉਂਕਿ ਇਥੋ ਦਾ ਸਭ ਵਪਾਰ, ਟਰਾਸਪੋਰਟਰ, ਕੱਪੜੇ, ਪ੍ਰਚੂਨ, ਇਮਾਰਤੀ ਸਾਜੋ-ਸਮਾਨ ਆਦਿ ਜਿੰਨਾ ਵੀ ਕਾਰੋਬਾਰ ਹੈ, ਉਹ ਸਭ ਖੇਤੀ ਉਤੇ ਨਿਰਭਰ ਹੈ । ਜੇਕਰ ਕਿਸਾਨ-ਮਜਦੂਰ ਮਜਬੂਤ ਰਹਿਣਗੇ ਤਾਂ ਸਭਨਾਂ ਦਾ ਵਪਾਰ ਤੇ ਮਾਲੀ ਹਾਲਤ ਚੰਗੀ ਬਣੇਗੀ । ਯੂ.ਪੀ, ਹਰਿਆਣਾ, ਰਾਜਸਥਾਂਨ ਆਦਿ ਸੂਬਿਆ ਦੀ ਖੇਤੀ ਨੂੰ ਵੀ ਪੰਜਾਬੀ ਕਿਸਾਨਾਂ ਨੇ ਹੀ ਆਬਾਦ ਕੀਤਾ ਹੈ ਅਤੇ ਫ਼ਸਲਾਂ ਦੀ ਪੈਦਾਵਾਰ ਵਿਚ ਵਾਧਾ ਕੀਤਾ ਹੈ । 

ਸ. ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਜਿਥੇ ਕਈ ਪਿੰਡਾਂ ਦਾ ਦੌਰਾ ਕਰਦੇ ਹੋਏ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲਿਆ, ਉਥੇ ਉਨ੍ਹਾਂ ਨੇ ਆਪਣੇ ਇਸ ਹਲਕੇ ਦੀਆਂ ਕਈ ਮੰਡੀਆ ਜਿਨ੍ਹਾਂ ਵਿਚ ਦ੍ਰਿੜਬਾ, ਸੰਗਰੂਰ ਆਦਿ ਵਿਚ ਜਾ ਕੇ ਕਿਸਾਨ ਵਰਗ ਅਤੇ ਉਨ੍ਹਾਂ ਦੀਆਂ ਫਸਲਾਂ ਬਾਰੇ ਰਿਪੋਰਟ ਲੈਦੇ ਹੋਏ ਕਿਹਾ ਕਿ ਕਿਸਾਨਾਂ ਦੀ 70-80% ਕਣਕ ਦਾ ਨੁਕਸਾਨ ਹੋਣ ਬਾਰੇ ਜਾਣਕਾਰੀ ਮਿਲੀ ਹੈ । ਕਣਕ ਦਾ ਸਿੱਟਾ ਅਤੇ ਨਾੜੀ ਖਰਾਬ ਹੋਣ ਦੀ ਬਦੌਲਤ ਹੁਣ ਕਿਸਾਨ ਦੀ ਤੂੜੀ ਵੀ ਨਹੀ ਬਣਨੀ । ਜਿਸ ਨਾਲ ਉਸਦੇ ਨੁਕਸਾਨ ਵਿਚ ਵੱਡਾ ਵਾਧਾ ਹੈ । ਉਨ੍ਹਾਂ ਨੇ ਮੌਕੇ ਉਤੇ ਤਹਿਸੀਲਦਾਰ, ਪਟਵਾਰੀ ਸਹਿਬਾਨ ਅਤੇ ਖੇਤੀਬਾੜੀ ਅਫਸਰਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਕਣਕ ਅਤੇ ਤੂੜੀ ਨਾ ਬਣਨ ਦਾ ਨੁਕਸਾਨ ਹੋਇਆ ਹੈ, ਉਹ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਤੁਰੰਤ ਲਿਖਕੇ ਭੇਜਿਆ ਜਾਵੇ ਤਾਂ ਕਿ ਪੀੜ੍ਹਤ ਕਿਸਾਨਾਂ ਤੇ ਮਜਦੂਰਾਂ ਨੂੰ ਸਹੀ ਰੂਪ ਵਿਚ ਮੁਆਵਜਾ ਪ੍ਰਾਪਤ ਹੋ ਸਕੇ ਅਤੇ ਉਹ ਆਪਣੇ ਪੈਰਾਂ ਉਤੇ ਖੜ੍ਹੇ ਹੋ ਸਕਣ । ਸ. ਮਾਨ ਨੇ ਆਨਾਜ ਮੰਡੀਆ ਵਿਚ ਕਿਸਾਨਾਂ ਲਈ ਪਖਾਨੇ, ਲਾਇਟਾਂ ਨਾ ਹੋਣ ਅਤੇ ਕਿਸਾਨਾਂ ਦੇ ਬੈਠਣ ਲਈ ਸਹੀ ਰੂਪ ਵਿਚ ਸੈੱਡ ਨਾ ਹੋਣ ਉਤੇ ਵੀ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਸੰਬੰਧਤ ਜਿ਼ਲ੍ਹੇ ਦੇ ਡਿਪਟੀ ਕਮਿਸਨਰ ਅਤੇ ਸਰਕਾਰ ਨੂੰ ਗੁਜਾਰਿਸ ਕੀਤੀ ਕਿ ਉਹ ਇਨ੍ਹਾਂ ਮੰਡੀਆ ਵਿਚ ਇਹ ਖੜ੍ਹੀਆ ਵੱਡੀਆ ਕਮੀਆ ਨੂੰ ਤੁਰੰਤ ਪੂਰਾ ਕਰਦੇ ਹੋਏ ਗਰਮੀ-ਸਰਦੀ ਵਿਚ ਕਿਸਾਨ ਦੀ ਸਹੂਲਤ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ । 

ਉਨ੍ਹਾਂ ਕਿਹਾ ਕਿ ਯੂਕਰੇਨ ਇਕ ਅਜਿਹਾ ਮੁਲਕ ਹੈ ਜਿਥੇ ਸੰਸਾਰ ਵਿਚ ਸਭ ਤੋ ਜਿਆਦਾ ਕਣਕ ਪੈਦਾ ਹੁੰਦੀ ਹੈ ਅਤੇ ਯੂਕਰੇਨ ਬਹੁਤ ਵੱਡੇ ਹਿੱਸੇ ਵਿਚ ਇਹ ਆਪਣੀ ਕਣਕ ਭੇਜਦਾ ਹੈ । ਲੇਕਿਨ ਲੰਮੇ ਸਮੇ ਤੋ ਯੂਕਰੇਨ ਅਤੇ ਰੂਸ ਦੀ ਲੱਗੀ ਜੰਗ ਦੀ ਬਦੌਲਤ ਉਥੇ ਕਣਕ ਦੀ ਫਸਲ ਨਹੀ ਹੋਈ । ਜਿਸ ਨਾਲ ਕਣਕ ਦੀ ਵੱਡੀ ਕਮੀ ਹੋ ਗਈ ਹੈ । ਦੂਸਰੇ ਪਾਸੇ ਪਾਕਿਸਤਾਨ ਵਿਚ ਵੀ ਭੁੱਖਮਰੀ ਪਈ ਹੋਈ ਹੈ । ਅਜੇ ਤੱਕ ਹਿੰਦੂਤਵ ਹਕੂਮਤ ਨੇ ਪੰਜਾਬ ਦੀਆਂ ਸਰਹੱਦਾਂ ਨੂੰ ਕਿਸਾਨੀ ਵਸਤਾਂ ਅਤੇ ਵਪਾਰਿਕ ਵਸਤਾਂ ਲਈ ਨਹੀ ਖੋਲਿਆ । ਜਿਸ ਕਾਰਨ ਕਿਸਾਨ ਤੇ ਵਪਾਰੀ ਨੂੰ ਮਾਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਨੂੰ ਆਪਣੇ ਉਦਪਾਦਾਂ ਨੂੰ ਵੇਚਣ ਅਤੇ ਮੰਡੀਕਰਨ ਵਿਚ ਵੱਡੀ ਮੁਸਕਿਲ ਪੇਸ ਆ ਰਹੀ ਹੈ । ਇਸ ਲਈ ਹਿੰਦੂਤਵ ਹੁਕਮਰਾਨ ਕਿਸਾਨ ਅਤੇ ਮਜਦੂਰ ਵਰਗ ਦੀ ਮਾਲੀ ਹਾਲਤ ਨੂੰ ਸਹੀ ਕਰਨ ਲਈ ਤੁਰੰਤ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਵਪਾਰ ਲਈ ਖੋਲ੍ਹਣ ਦਾ ਐਲਾਨ ਕਰਨ ।

ਉਨ੍ਹਾਂ ਇਸ ਗੱਲ ਤੇ ਸਰਕਾਰ ਤੇ ਪੁਲਿਸ ਪ੍ਰਬੰਧ ਦੀ ਜੋਰਦਾਰ ਨਿਖੇਧੀ ਕੀਤੀ ਕਿ ਉਨ੍ਹਾਂ ਦੀ ਪਾਰਟੀ ਦੇ ਅਹੁਦੇਦਾਰਾਂ ਨੂੰ ਦਫਤਰਾਂ ਵਿਚ ਬੁਲਾਕੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਭੈਣ ਭਰਾਵਾਂ ਦਾ ਜ਼ਬਰੀ ਬਿਓਰਾ ਲਿਆ ਜਾ ਰਿਹਾ ਹੈ ਕਿ ਉਹ ਕਿਥੇ ਵਿਆਹੇ ਹਨ, ਕਿੰਨੇ ਬੱਚੇ ਹਨ ਆਦਿ ਜੋ ਕਿ ਕੇਵਲ ਗੈਰ ਵਿਧਾਨਿਕ ਹੀ ਨਹੀ ਬਲਕਿ ਸਿੱਖ ਕੌਮ ਨੂੰ ਬੁਰੀ ਤਰ੍ਹਾਂ ਜਲੀਲ ਕਰਨ ਵਾਲੀ ਨਾ ਸਹਿਣਯੋਗ ਦੁੱਖਦਾਇਕ ਕਾਰਵਾਈ ਹੈ । ਜਿਸਨੂੰ ਸਰਕਾਰ ਤੇ ਪੁਲਿਸ ਤੁਰੰਤ ਬੰਦ ਕਰੇ । ਕਿਉਂਕਿ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਅਜਿਹਾ ਕਰਨ ਦਾ ਕੋਈ ਵੀ ਵਿਧਾਨਿਕ, ਕਾਨੂੰਨੀ ਹੱਕ ਨਹੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆ ਕਾਰਵਾਈਆ ਨੂੰ ਬਿਲਕੁਲ ਬਰਦਾਸਤ ਨਹੀ ਕਰੇਗਾ ਅਤੇ ਨਾ ਹੀ ਪੰਜਾਬ ਦੇ ਅਮਨਮਈ ਮਾਹੌਲ ਨੂੰ ਦਹਿਸਤਗਰਦੀ ਵਾਲਾ, ਡਰ ਵਾਲਾ ਅਤੇ ਸਹਿਮ ਵਾਲਾ ਬਣਾਉਣ ਦੀ ਇਜਾਜਤ ਦੇਵੇਗਾ ।

Leave a Reply

Your email address will not be published. Required fields are marked *