ਹੁਕਮਰਾਨ, ਸਿੱਖਾਂ ਤੋਂ ਹੀ ਸਿੱਖਾਂ ਨੂੰ ਮਰਵਾਉਦੇ ਆ ਰਹੇ ਹਨ, ਕਾਤਲ ਸਿੱਖ ਅਫਸਰਸਾਹੀ ਨਾਲ ਸਮੂਹਿਕ ਤੌਰ ਤੇ ਕੌਮ ਰੋਟੀ-ਬੇਟੀ ਦੀ ਸਾਂਝ ਖ਼ਤਮ ਕਰੇ : ਮਾਨ

ਸਭ ਸਿੱਖ ਮਰਦ-ਔਰਤ ਆਪਣੇ ਨਾਵਾਂ ਨਾਲ ‘ਸਿੰਘ ਅਤੇ ਕੌਰ’ ਜ਼ਰੂਰ ਲਿਖਣ 

ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ ( ) “ਬੀਤੇ ਲੰਮੇ ਸਮੇ ਤੋਂ ਸੈਂਟਰ ਵਿਚ ਭਾਵੇ ਕਾਂਗਰਸ ਦੀਆਂ ਹਕੂਮਤਾਂ ਰਹੀਆ ਹੋਣ, ਭਾਵੇ ਬੀਜੇਪੀ-ਆਰ.ਐਸ.ਐਸ. ਦੀਆਂ ਸਭ ਨੇ ਨੀਵੇ ਦਰਜੇ ਦੀ ਮਨੁੱਖਤਾ ਵਿਰੋਧੀ ਖੇਡ ਸੁਰੂ ਕੀਤੀ ਹੋਈ ਹੈ ਕਿ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਵਰਗੇ ਵਿਸਾਲ ਅਤੇ ਮਨੁੱਖਤਾ ਪੱਖੀ ਸੋਚ ਰੱਖਣ ਵਾਲੇ ਸੂਬੇ ਦੇ ਨਿਵਾਸੀਆ ਤੇ ਸਿੱਖ ਕੌਮ ਨੂੰ ‘ਅੱਤਵਾਦੀ, ਵੱਖਵਾਦੀ, ਗਰਮਦਲੀਏ, ਸਰਾਰਤੀ ਅਨਸਰ’ ਬਦਨਾਮਨੁੰਮਾ ਨਾਮ ਦੇ ਕੇ ਆਪਣੇ ਮੀਡੀਏ ਤੇ ਪ੍ਰਚਾਰ ਸਾਧਨਾਂ ਰਾਹੀ ਬਦਨਾਮੀ ਵੀ ਕਰਦੇ ਆ ਰਹੇ ਹਨ, ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਜ਼ਬਰ ਜੁਲਮ ਵੀ ਨਿਰੰਤਰ ਕਰਦੇ ਆ ਰਹੇ ਹਨ । ਅਜਿਹਾ ਕਰਦੇ ਹੋਏ ਇਹ ਹਿੰਦੂਤਵ ਸੋਚ ਵਾਲੇ ਹੁਕਮਰਾਨ ਸਾਤੁਰ ਦਿਮਾਗਾਂ ਰਾਹੀ ਅਕਸਰ ਹੀ ਆਪਣੀ ਗੰਦੀ ਖੇਡ ਖੇਡਦੇ ਹੋਏ ਸਿੱਖ ਪੁਲਿਸ ਅਫਸਰਸਾਹੀ ਤੋ ਹੀ ਸਿੱਖਾਂ ਦਾ ਕਤਲੇਆਮ ਅਤੇ ਨਸਲਕੁਸੀ ਕਰਦੇ ਆ ਰਹੇ ਹਨ । 1984 ਵਿਚ ਵੀ ਹੁਕਮਰਾਨਾਂ ਨੇ ਸਿੱਖ ਨੌਜਵਾਨੀ ਦਾ ਕਤਲੇਆਮ ਕਰਨ ਲਈ ਤਰੱਕੀਆ, ਧਨ ਦੌਲਤਾਂ ਦੇ ਲਾਲਚ ਵਿਚ ਵੱਸਣ ਵਾਲੀ ਸਿੱਖ ਅਫਸਰਸਾਹੀ ਤੇ ਮੁਲਾਜਮਾਂ ਦੀ ਹੀ ਦੁਰਵਰਤੋ ਕੀਤੀ । ਅੱਜ ਵੀ ਜੋ ਬੀਤੇ 18 ਮਾਰਚ ਤੋਂ ਸੈਟਰ ਅਤੇ ਪੰਜਾਬ ਦੇ ਹੁਕਮਰਾਨਾਂ ਵੱਲੋ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਜੋ ਬਿਰਤਾਂਤ ਪੰਜਾਬ ਵਿਚ ਸਿਰਜਿਆ ਜਾ ਰਿਹਾ ਹੈ, ਉਸ ਵਿਚ ਦੋਵੇ ਪਾਸੇ ਸਿੱਖ ਹੀ ਖੜ੍ਹੇ ਕੀਤੇ ਹੋਏ ਹਨ । ਨਿਸ਼ਾਨਾਂ ਵੀ ਸਿੱਖ ਕੌਮ ਤੇ ਸਾਧਿਆ ਹੋਇਆ ਹੈ ਅਤੇ ਸਿਕਾਰ ਕਰਨ ਵਾਲੀ ਅਫਸਰਸਾਹੀ ਵੀ ਸਿੱਖ ਹੀ ਹਨ, ਜੋ ਅਤਿ ਸ਼ਰਮਨਾਕ ਅਤੇ ਮਨੁੱਖਤਾ ਵਿਰੋਧੀ ਕਾਰਵਾਈਆ ਹਨ । ਇਸ ਲਈ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਅਤੇ ਸੂਝਵਾਨ ਵਿਦਵਾਨਾਂ, ਆਗੂਆਂ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਉਹ ਸਮੂਹਿਕ ਤੌਰ ਤੇ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਨਾਲ ਅਜਿਹਾ ਫੈਸਲਾ ਕਰਨ ਕਿ ਜਿਨ੍ਹਾਂ ਸਿੱਖ ਕਾਤਲ ਅਫਸਰਸਾਹੀ ਨੇ ਬੀਤੇ ਸਮੇ ਵਿਚ ਸਿੱਖ ਕੌਮ ਦਾ, ਤਰੱਕੀਆ ਤੇ ਧਨ-ਦੌਲਤਾਂ ਦੇ ਲਾਲਚਵੱਸ ਹੋ ਕੇ ਸਿੱਖਾਂ ਦਾ ਕਤਲੇਆਮ ਕੀਤਾ ਹੈ, ਸਿੱਖਾਂ ਉਤੇ ਜ਼ਬਰ ਢਾਹਿਆ ਹੈ, ਉਨ੍ਹਾਂ ਕਾਤਲ ਸਿੱਖ ਅਫਸਰਸਾਹੀ ਪਰਿਵਾਰਾਂ ਨਾਲ ਰੋਟੀ-ਬੇਟੀ ਦੀ ਸਾਂਝ ਖਤਮ ਕਰਨ ਦੇ ਫੈਸਲੇ ਨੂੰ ਫੌਰੀ ਲਾਗੂ ਕੀਤਾ ਜਾਵੇ । ਤਾਂ ਕਿ ਕੋਈ ਵੀ ਸਿੱਖ ਪੁਲਿਸ ਅਫਸਰ ਜਾਂ ਸਿਪਾਹੀ ਆਉਣ ਵਾਲੇ ਸਮੇ ਵਿਚ ਅਜਿਹਾ ਅਣਮਨੁੱਖੀ ਤੇ ਗੈਰ ਵਿਧਾਨਿਕ ਅਮਲ ਨਾ ਕਰ ਸਕੇ ਅਤੇ ਮੁਤੱਸਵੀ ਹੁਕਮਰਾਨ, ਸਿੱਖ ਕੌਮ ਅਤੇ ਸਿੱਖੀ ਸਿਧਾਤਾਂ ਨੂੰ ਖ਼ਤਮ ਕਰਨ ਲਈ ਸਿੱਖ ਅਫਸਰਸਾਹੀ ਅਤੇ ਸਿੱਖਾਂ ਦੀ ਦੁਰਵਰਤੋ ਨਾ ਕਰ ਸਕਣ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮ ਦੀਆਂ ਮਹਾਨ ਸੰਸਥਾਵਾਂ ਤਖ਼ਤ ਸਾਹਿਬਾਨ, ਐਸ.ਜੀ.ਪੀ.ਸੀ, ਡੀਜੀਪੀਸੀ, ਸੂਝਵਾਨ ਸਿੱਖ ਵਿਦਵਾਨਾਂ ਅਤੇ ਕੌਮ ਵਿਚ ਵਿਚਰਣ ਵਾਲੀ ਧਾਰਮਿਕ, ਸਿਆਸੀ ਲੀਡਰਸਿ਼ਪ ਆਦਿ ਸਭਨਾਂ ਨੂੰ ਸੰਜ਼ੀਦਗੀ ਨਾਲ ਇਸ ਉਪਰੋਕਤ ‘ਰੋਟੀ-ਬੇਟੀ’ ਦੀ ਸਾਂਝ ਖਤਮ ਕਰਨ’ ਦੇ ਫੈਸਲੇ ਉਤੇ ਦ੍ਰਿੜ ਰਹਿਣ ਅਤੇ ਇਸਨੂੰ ਲਾਗੂ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਪੰਜਾਬੀਅਤ, ਕੌਮੀ ਵਿਰਸੇ-ਵਿਰਾਸਤ ਨੂੰ ਸਦਾ ਲਈ ਕਾਇਮ ਰੱਖਣ ਨੂੰ ਮੱਦੇਨਜਰ ਰੱਖਦੇ ਹੋਏ ਸਮੁੱਚੀ ਸਿੱਖ ਕੌਮ ਵਿਚ ਵਿਚਰਣ ਵਾਲੇ ਮਰਦਾਂ-ਔਰਤਾਂ, ਬੱਚੇ-ਬੱਚੀਆਂ ਸਭਨਾਂ ਨੂੰ ਆਪਣੇ ਨਾਵਾਂ ਨਾਲ ‘ਸਿੰਘ ਅਤੇ ਕੌਰ’ ਜਿੰਮੇਵਾਰੀ ਨਾਲ ਲਿਖਣ ਅਤੇ ਆਪਣੇ ਬੱਚਿਆਂ ਨੂੰ ਉੱਚੀ ਤਾਲੀਮ ਦਿਵਾਉਣ ਦੇ ਨਾਲ-ਨਾਲ ਆਪਣੇ ਗੁਰੂ ਸਾਹਿਬਾਨ ਜੀ ਦੀ ਗੁਰਮੁੱਖੀ (ਪੰਜਾਬੀ) ਭਾਸ਼ਾ-ਬੋਲੀ ਦੀ ਸਿੱਖਿਆ ਹਰ ਕੀਮਤ ਤੇ ਦੇਣ ਅਤੇ ਆਪਣੇ ਘਰਾਂ ਤੇ ਕਾਰੋਬਾਰਾਂ ਵਿਚ ਪੰਜਾਬੀ ਬੋਲੀ ਦੀ ਗੱਲਬਾਤ ਕਰਕੇ ਆਪਣੇ ਪੰਜਾਬੀ ਹੋਣ ਤੇ ਫਖ਼ਰ ਮਹਿਸੂਸ ਕਰਨ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਤ ਵਿਰਸੇ-ਵਿਰਾਸਤ ਨੂੰ ਪ੍ਰਫੁੱਲਿਤ ਕਰਨ ਵਿਚ ਦੇਸ਼-ਵਿਦੇਸ਼ ਵਿਚ ਯੋਗਦਾਨ ਪਾਉਣ ਲਈ ਠਾਣ ਲੈਣ ।

Leave a Reply

Your email address will not be published. Required fields are marked *