ਜੇਕਰ ਅੱਜ ਚੀਨ ਕਬਜਾ ਕੀਤੇ ਇਲਾਕਿਆ ਦੇ ਨਾਮ ਬਦਲ ਰਿਹਾ ਹੈ, ਤਾਂ 56 ਇੰਚ ਚੌੜੀ ਛਾਤੀ ਵਾਲਿਆ ਦੇ ਝੂਠੇ ਦਗਮਜਿਆ ਦੀ ਬਦੌਲਤ ਹੈ : ਮਾਨ

ਹੁਕਮਰਾਨ ਅੰਗਰੇਜ਼ਾਂ ਅਤੇ ਮੁਗਲਾਂ ਦੀਆਂ ਕਲਾਕ੍ਰਿਤਾਂ ਨੂੰ ਖ਼ਤਮ ਕਰਨ ਹਿੱਤ ਹੀ ਸ਼ਹਿਰਾਂ ਦੇ ਨਾਵਾਂ ਨੂੰ ਹਿੰਦੂਤਵ ਰੂਪ ਦੇ ਰਹੇ ਹਨ

ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇ ਸਮੇ ਤੋਂ ਇਹ ਆਵਾਜ਼ ਬਾਦਲੀਲ ਢੰਗ ਨਾਲ ਉਠਾਉਦਾ ਆ ਰਿਹਾ ਹੈ ਕਿ 1962 ਦੀ ਇੰਡੀਆ-ਚੀਨ ਜੰਗ ਸਮੇ ਜੋ ਚੀਨ ਨੇ ਲਾਹੌਰ ਖ਼ਾਲਸਾ ਰਾਜ ਦਰਬਾਰ ਦਾ ਲਦਾਖ ਦਾ ਇਲਾਕਾ 1834 ਵਿਚ ਫ਼ਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਸਨੂੰ ਇੰਡੀਆ ਦੇ ਹੁਕਮਰਾਨਾਂ ਨੇ ਉਪਰੋਕਤ ਜੰਗ ਸਮੇ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਦੇ ਸਪੁਰਦ ਕਰ ਦਿੱਤਾ ਸੀ ਜੋ ਅੱਜ ਤੱਕ ਹੁਕਮਰਾਨ ਵਾਪਸ ਨਹੀ ਲੈ ਸਕੇ । ਬਲਕਿ 2020 ਅਤੇ 2022 ਵਿਚ ਚੀਨ ਵੱਲੋ ਕੀਤੇ ਗਏ ਹਮਲਿਆ ਦੌਰਾਨ 2 ਹਜਾਰ ਸਕੇਅਰ ਵਰਗ ਕਿਲੋਮੀਟਰ ਹੋਰ ਇਲਾਕਾ ਕਬਜਾ ਕਰਵਾ ਦਿੱਤਾ ਹੈ । ਹੁਣ ਅਰੂਣਾਚਲ ਤੇ ਲਦਾਖ ਦੇ ਕਬਜੇ ਕੀਤੇ ਇਲਾਕਿਆ ਦੇ ਕਈ ਸਥਾਨਾਂ ਦੇ ਨਾਮ ਚੀਨ ਵੱਲੋ ਬਦਲੇ ਗਏ ਹਨ । ਅਜਿਹਾ ਤਦ ਹੀ ਹੋਇਆ ਹੈ ਜੋ ਹੁਕਮਰਾਨ ਫ਼ੌਜੀ ਤਾਕਤ ਦਾ ਦਿਖਾਵਾ ਕਰਕੇ, ਆਧੁਨਿਕ ਹੋਣ ਦਾ ਝੂਠਾਂ ਦਾਅਵਾ ਕਰਦੇ ਹੋਏ, 56 ਇੰਚ ਚੌੜੀ ਛਾਤੀ ਹੋਣ ਦੇ ਦਗਮਜੇ ਮਾਰ ਰਹੇ ਹਨ । ਜਦੋਕਿ ਅੱਜ ਤੱਕ ਆਪਣੇ ਇਲਾਕੇ ਵਾਪਸ ਲੈਣ ਦੀ ਹਿਮਤ ਨਹੀ ਕਰ ਸਕੇ । ਦੂਸਰਾ ਜੋ ਸਰਹੱਦੀ ਸੂਬਿਆਂ ਪੰਜਾਬ, ਕਸ਼ਮੀਰ, ਅਸਾਮ, ਅਰੂਣਾਚਲ, ਲਦਾਖ, ਮਿਜੋਰਮ, ਨਾਗਾਲੈਡ ਆਦਿ ਵਿਚ ਵੱਸਣ ਵਾਲੇ ਕਬੀਲੇ ਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਉਤੇ ਜ਼ਬਰ ਕਰਦੇ ਆ ਰਹੇ ਹਨ, ਇਨ੍ਹਾਂ ਨਾਲ ਦੁਸ਼ਮਣਾਂ ਦੀ ਤਰ੍ਹਾਂ ਪੇਸ਼ ਆਇਆ ਜਾ ਰਿਹਾ ਹੈ । ਇਹੀ ਵਜਹ ਹੈ ਕਿ ਇੰਡੀਆ ਦੇ ਅੰਦਰੂਨੀ ਅਤੇ ਬਾਹਰੀ ਸਰਹੱਦਾਂ ਦੀ ਰਾਖੀ ਦੇ ਮੁੱਦੇ ਦਿਨ ਬ ਦਿਨ ਗੰਭੀਰ ਹੁੰਦੇ ਜਾ ਰਹੇ ਹਨ । ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਕੇ ਸਥਿਤੀ ਨੂੰ ਵਿਸਫੋਟਕ ਬਣਾ ਰਹੇ ਹਨ । ਜੇਕਰ ਚੀਨ ਨਾਮ ਬਦਲ ਰਿਹਾ ਹੈ, ਤਾਂ ਇੰਡੀਆ ਦੇ ਹੁਕਮਰਾਨਾਂ ਦੀਆਂ ਦਿਸ਼ਾਹੀਣ ਬੇਨਤੀਜਾ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਜੁਲਮ ਢਾਹੁਣ ਵਾਲੀਆ ਨੀਤੀਆ ਹੀ ਜਿੰਮੇਵਾਰ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਆਪਣੀਆ ਮਿਜਾਇਲਾਂ, ਫੌ਼ਜੀ ਤਾਕਤ, ਆਰਮੀ, ਨੇਵੀ, ਏਅਰਫੋਰਸ ਜਿਨ੍ਹਾਂ ਵਿਚ ਜੰਗੀ ਜਹਾਜ ਅਤੇ ਉਪਕਰਣਾਂ ਦਾ 45% ਹਿੱਸਾ ਉਹ ਪੁਰਾਤਨ ਹੈ, ਜੋ ਆਧੁਨਿਕ ਢੰਗਾਂ ਵਾਲੇ ਹਥਿਆਰਾਂ ਤੇ ਤਕਨੀਕਾਂ ਦਾ ਮੁਕਾਬਲਾ ਕਰਨ ਦੀ ਸਮਰੱਥਾਂ ਨਾ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੇਕਿਨ ਝੂਠੇ ਦਗਮਜੇ ਮਾਰਕੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਨੂੰ ਦਬਾਉਣ ਜਾਂ ਗੁਲਾਮ ਬਣਾਉਣ ਦੀਆਂ ਅਸਫਲ ਕੋਸਿ਼ਸ਼ਾਂ ਤਾਂ ਕਰ ਰਹੇ ਹਨ, ਲੇਕਿਨ ਉਨ੍ਹਾਂ ਦੇ ਕੁੱਚਲੇ ਗਏ ਹੱਕ-ਹਕੂਕਾ, ਮਾਣ-ਸਨਮਾਨ, ਬਰਾਬਰਤਾ ਦੀ ਸੋਚ, ਬਿਨ੍ਹਾਂ ਕਿਸੇ ਡਰ-ਭੈ ਦੇ ਬੋਲਣ ਅਤੇ ਵਿਚਰਣ ਦੀ ਆਜਾਦੀ ਉਤੇ ਡਾਕਾ ਮਾਰਿਆ ਜਾ ਰਿਹਾ ਹੈ । ਜਿਸਦੀ ਬਦੌਲਤ ਇਨ੍ਹਾਂ ਵਰਗਾਂ ਵਿਚ ਬੇਚੈਨੀ ਵੱਧਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਹ ਹੁਕਮਰਾਨ ਜਿਨ੍ਹਾਂ ਕੋਲ ਅੰਗਰੇਜ਼ਾਂ ਅਤੇ ਮੁਗਲਾਂ ਦੇ ਪੱਧਰ ਦੀ ਕਲਾਕ੍ਰਿਤ ਦਾ ਤੁਜਰਬਾ ਨਹੀ ਹੈ । ਜੋ ਸ਼ਹਿਰ ਅੰਗਰੇਜ਼ਾਂ ਅਤੇ ਮੁਗਲਾਂ ਨੇ ਕਲਾਕ੍ਰਿਤਾਂ ਨੂੰ ਮੁੱਖ ਰੱਖਦੇ ਹੋਏ ਇਜਾਦ ਕੀਤੇ ਸਨ ਤੇ ਉਨ੍ਹਾਂ ਦੀਆਂ ਕਲਾਕ੍ਰਿਤਾਂ ਅਨੁਸਾਰ ਨਾਮ ਰੱਖੇ ਸਨ, ਇਹ ਹਿੰਦੂਤਵ ਹੁਕਮਰਾਨ ਫਿਰਕੂ ਤੇ ਮੰਦਭਾਵਨਾ ਭਰੀ ਸੋਚ ਅਧੀਨ ਹੀ ਉਨ੍ਹਾਂ ਵੱਲੋ ਵਸਾਏ ਸ਼ਹਿਰ, ਵੱਡੇ-ਵੱਡੇ ਪਾਰਕ, ਬਾਗ ਅਤੇ ਹੋਰ ਸਥਾਨਾਂ ਦੇ ਨਾਵਾਂ ਨੂੰ ਹਿੰਦੂਤਵ ਨਾਮ ਦੇ ਕੇ ਉਨ੍ਹਾਂ ਦੀਆਂ ਵੱਡੀਆਂ ਕਲਾਕ੍ਰਿਤਾਂ ਅਤੇ ਯਾਦਗਰਾਂ ਨੂੰ ਤਬਾਹ ਕਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਜਦੋਕਿ ਉਨ੍ਹਾਂ ਦੇ ਬਰਾਬਰ ਤੇ ਅਗਾਹਵਾਧੂ ਕਲਾਕ੍ਰਿਤਾਂ ਦਾ ਤੁਜਰਬਾ ਅਤੇ ਕਾਢ ਇਨ੍ਹਾਂ ਕੋਲ ਨਹੀ ਹੈ । ਜੇਕਰ ਹੁੰਦੀ ਫਿਰ ਤਾਂ ਸੋਚਿਆ ਜਾ ਸਕਦਾ ਸੀ ਕਿ ਇਹ ਕਿਸੇ ਅੱਛੀ ਕਲਾਕ੍ਰਿਤ ਨੂੰ ਉਜਾਗਰ ਕਰਨ ਲਈ ਅਜਿਹਾ ਕਰ ਰਹੇ ਹਨ । ਪਰ ਇਹ ਤਾਂ ਮੰਦਭਾਵਨਾ ਤੇ ਬਦਲੇ ਦੀ ਭਾਵਨਾ ਦੇ ਗੁਲਾਮ ਬਣਕੇ ਉਨ੍ਹਾਂ ਪੁਰਾਣੀਆ ਕਲਾਕ੍ਰਿਤਾਂ ਦਾ ਨਾਸ਼ ਕਰ ਰਹੇ ਹਨ । ਇਹ ਹੁਕਮਰਾਨ ਲਦਾਖ ਅਤੇ ਕਸ਼ਮੀਰ ਦੇ ਖੋਹੇ ਹੋਏ ਇਲਾਕੇ ਤਾਂ ਵਾਪਸ ਲੈਣ ਦੀ ਸਮਰੱਥਾਂ ਨਹੀ ਰੱਖਦੇ ਲੇਕਿਨ ਸ਼ਹਿਰਾਂ ਅਤੇ ਬਾਗਾਂ ਦੇ ਨਾਵਾਂ ਨੂੰ ਬਦਲਕੇ ਫਜੂਲ ਦਾ ਰੌਲਾ ਕਿਉਂ ਪਾ ਰਹੇ ਹਨ ? ਜੇਕਰ ਦਮ ਹੈ ਤਾਂ ਆਪਣੇ 39000 ਸਕੇਅਰ ਵਰਗ ਕਿਲੋਮੀਟਰ ਤੇ 2000 ਹੋਰ ਸਕੇਅਰ ਵਰਗ ਕਿਲੋਮੀਟਰ ਚੀਨ ਦੇ ਕਬਜੇ ਹੇਠਲੇ ਇਲਾਕਿਆ ਨੂੰ ਵਾਪਸ ਕਿਉਂ ਨਹੀ ਲਿਆ ਜਾਂਦਾ ?

Leave a Reply

Your email address will not be published. Required fields are marked *