ਸ੍ਰੀ ਡੋਵਾਲ ਪਹਿਲੇ ‘ਹਿੰਦੂਤਵ ਰਾਸਟਰ’ ਦੀ ਫਿਰਕੂ ਆਵਾਜ਼ ਉਠਾਉਣ ਵਾਲਿਆ ਵਿਰੁੱਧ ਕਾਰਵਾਈ ਕਰਨ, ਫਿਰ ਹੀ ਖ਼ਾਲਿਸਤਾਨੀਆਂ ਵੱਲ ਆਉਣ : ਮਾਨ

ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ ( ) “ਕਿਉਂਕਿ ਸ੍ਰੀ ਅਜੀਤ ਡੋਵਾਲ ਬਹੁਤ ਹੀ ਸਮਝਦਾਰ ਲੰਮੇ ਤੁਜਰਬੇ ਵਾਲੇ ਪੁਲਿਸ ਅਫਸਰ ਹਨ ਜਿਨ੍ਹਾਂ ਨੇ ਇਟੈਲੀਜੈਸ ਵਿਭਾਗ ਵਿਚ ਬਹੁਤ ਲੰਮੇ ਸਮੇ ਤੋਂ ਕੰਮ ਕਰਦੇ ਆ ਰਹੇ ਹਨ । ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਖ਼ਾਲਿਸਤਾਨੀਆਂ ਵਿਰੁੱਧ ਪੱਖਪਾਤੀ ਸੋਚ ਅਧੀਨ ਕਿਸੇ ਤਰ੍ਹਾਂ ਦਾ ਵੀ ਅਮਲ ਕਰਨ ਦੀ ਬਜਾਇ ਸਭ ਤੋਂ ਪਹਿਲੇ ‘ਹਿੰਦੂਰਾਸਟਰ’ ਦਾ ਰੌਲਾ ਪਾਉਣ ਵਾਲੀਆ ਜਮਾਤਾਂ ਬੀਜੇਪੀ-ਆਰ.ਐਸ.ਐਸ, ਹੋਰ ਫਿਰਕੂ ਸੰਗਠਨਾਂ ਵਿਰੁੱਧ ਅਮਲੀ ਰੂਪ ਵਿਚ ਕੰਮ ਕਰਨ ਜੋ ਸਮੁੱਚੇ ਮੁਲਕ ਵਿਚ ਸਾਜਸੀ ਤੇ ਮੰਦਭਾਵਨਾ ਭਰੇ ਢੰਗ ਨਾਲ ਦੰਗੇ-ਫਸਾਦ ਕਰਵਾਉਣ ਅਤੇ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਧਾਰਮਿਕ, ਸਮਾਜਿਕ ਅਤੇ ਇਖਲਾਕੀ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਵਿਚ ਵੱਡੀ ਬੇਚੈਨੀ ਅਤੇ ਬ਼ਗਾਵਤੀ ਰੋਹ ਪੈਦਾ ਕਰ ਰਹੇ ਹਨ । ਤਦ ਹੀ ਉਹ ਆਪਣੇ ਸੁਰੱਖਿਆ ਸਲਾਹਕਾਰ ਦੇ ਅਹੁਦੇ ਨਾਲ ਸਹੀ ਰੂਪ ਵਿਚ ਇਨਸਾਫ਼ ਕਰ ਸਕਣਗੇ । ਵਰਨਾ ਜੇਕਰ ਸ੍ਰੀ ਡੋਵਾਲ ਵੀ ਫਿਰਕੂ ਬੀਜੇਪੀ-ਆਰ.ਐਸ.ਐਸ ਜਮਾਤਾਂ ਦੇ ਵਹਿਣ ਵਿਚ ਵਹਿਕੇ ਸਿੱਖ ਕੌਮ ਜਾਂ ਖ਼ਾਲਿਸਤਾਨੀਆਂ ਵਿਰੁੱਧ ਇਕ ਪਾਸੜ ਕਾਰਵਾਈ ਕਰਨਗੇ, ਉਹ ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ, ਫ਼ੌਜ, ਅਰਧ ਸੈਨਿਕ ਬਲ, ਪੁਲਿਸ ਰਾਹੀ ਆਪਣੇ ਹੀ ਲੋਕਾਂ ਉਤੇ ਜ਼ਬਰ ਢਾਹੁਣਗੇ ਤਾਂ ਇਥੋ ਦੇ ਹਾਲਾਤਾਂ ਨੂੰ ਉਹ ਕਤਈ ਕਾਬੂ ਨਹੀ ਕਰ ਸਕਣਗੇ । ਬਲਕਿ ਹੋਰ ਵਿਸਫੋਟਕ ਬਣਾਉਣ ਦੇ ਭਾਗੀ ਬਣ ਜਾਣਗੇ । ਇਸ ਲਈ ਸਭ ਤੋਂ ਪਹਿਲੇ ਉਹ ਹਿੰਦੂਰਾਸਟਰ ਦੀ ਫਿਰਕੂ ਸੋਚ ਵਿਰੁੱਧ ਸਹੀ ਦਿਸ਼ਾ ਵੱਲ ਉਦਮ ਕਰਨ ਤਾਂ ਬਿਹਤਰ ਹੋਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਵੱਲੋਂ ਖ਼ਾਲਿਸਤਾਨ ਦੇ ਪਵਿੱਤਰ ਨਾਮ ਅਤੇ ਖ਼ਾਲਿਸਤਾਨੀਆਂ ਵਿਰੁੱਧ ਦੂਸਰੇ ਮੁਲਕਾਂ ਵਿਚ ਜਾ ਕੇ ਜਾਂ ਫੋਨ ਉਤੇ ਗੱਲ ਕਰਕੇ ਉਨ੍ਹਾਂ ਮੁਲਕਾਂ ਦੇ ਹੁਕਮਰਾਨਾਂ ਦੇ ਮਨ-ਆਤਮਾ ਵਿਚ ਸਿੱਖ ਕੌਮ, ਖ਼ਾਲਿਸਤਾਨ ਵਿਰੁੱਧ ਬਣਾਉਟੀ ਤੌਰ ਤੇ ਪੈਦਾ ਕੀਤੀ ਜਾ ਰਹੀ ਨਫਰਤ ਦੀ ਸੋਚ ਵਿਰੁੱਧ ਸਖ਼ਤ ਸਟੈਂਡ ਲੈਦੇ ਹੋਏ ਅਤੇ ਉਨ੍ਹਾਂ ਨੂੰ ਇਸ ਤੋ ਪਹਿਲੇ ‘ਹਿੰਦੂਰਾਸਟਰ’ ਦੀ ਗੱਲ ਕਰਨ ਵਾਲਿਆ ਵਿਰੁੱਧ ਅਮਲ ਕਰਨ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ-ਆਰ.ਐਸ.ਐਸ, ਹੁਕਮਰਾਨ ਅਤੇ ਸਲਾਹਕਾਰ ਸ੍ਰੀ ਡੋਵਾਲ ਫਿਰਕੂ ਸੋਚ ਅਧੀਨ ਬਹੁਗਿਣਤੀ ਹੁਕਮਰਾਨਾਂ ਦੀਆਂ ਮੰਦਭਾਵਨਾ ਨੂੰ ਪੂਰਨ ਕਰਦੇ ਹੋਏ ਅਮਲ ਕਰਦੇ ਨਜਰ ਆ ਰਹੇ ਹਨ, ਇਹ ਦੂਸਰੀ ਸੰਸਾਰ ਜੰਗ ਸਮੇ ਜ਼ਾਬਰ ਨਾਜੀਆ ਵੱਲੋਂ ਯਹੂਦੀਆ ਉਤੇ ਢਾਹੇ ਗਏ ਅਣਮਨੁੱਖੀ ਅਤੇ ਗੈਰ ਕਾਨੂੰਨੀ ਜ਼ਬਰ-ਜੁਲਮ ਦੀ ਤਰ੍ਹਾਂ ਹੋਵੇਗਾ । ਜਿਸ ਵਿਚ ਨਾਜੀ ਹੁਕਮਰਾਨਾਂ ਨੇ 60 ਲੱਖ ਯਹੂਦੀਆਂ ਨੂੰ ਬੇਰਹਿੰਮੀ ਨਾਲ ਗੈਂਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ ਅਤੇ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸਿ਼ਸ਼ ਕੀਤੀ ਸੀ । 

ਸ. ਮਾਨ ਨੇ ਸੰਸਾਰ ਪੱਧਰ ਉਤੇ ਹੋ ਰਹੀਆ ਵੱਡੀਆ ਤਬਦੀਲੀਆਂ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਹੁਣ ਘੱਟ ਗਿਣਤੀ ਕੌਮਾਂ ਨੂੰ ਆਪਣੇ ਪ੍ਰਚਾਰ ਸਾਧਨਾਂ ਉਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਨਿਸ਼ਾਨਾਂ ਬਣਾਕੇ ਨਾ ਤਾਂ ਜ਼ਬਰ ਜੁਲਮ ਹੋ ਸਕੇਗਾ ਅਤੇ ਨਾ ਹੀ ਕਿਸੇ ਵੀ ਘੱਟ ਗਿਣਤੀ ਕੌਮ ਨੂੰ ਇਹ ਹਿੰਦੂਤਵ ਹੁਕਮਰਾਨ ਗੁਲਾਮ ਬਣਾਉਣ ਦੀ ਆਪਣੀ ਮੰਦਭਾਵਨਾ ਭਰੀ ਸੋਚ ਵਿਚ ਕਾਮਯਾਬ ਹੋ ਸਕਣਗੇ । ਦੂਸਰਾ ਸ੍ਰੀ ਡੋਵਾਲ ਨੂੰ, ਸਰਹੱਦੀ ਸੂਬਿਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਫਿਰਕਿਆ, ਕਬੀਲਿਆ ਵਿਚ ਹਿੰਦੂਤਵ ਹੁਕਮਰਾਨਾਂ ਦੀਆਂ ਬੇਇਨਸਾਫ਼ੀਆਂ ਵਿਰੁੱਧ ਵੱਧਦੀ ਜਾ ਰਹੀ ਬੇਚੈਨੀ ਅਤੇ ਉੱਠ ਰਹੇ ਰੋਹ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਉਹ ਜਿਥੇ ਆਪਣੇ ਜੀਵਨ ਪੱਧਰ ਨੂੰ ਸਹੀ ਕਰਨ ਲਈ, ਆਪਣੇ ਮਾਲੀ ਸਾਧਨਾਂ ਨੂੰ ਜੁਟਾਉਣ ਲਈ ਸੰਘਰਸ਼ ਕਰ ਰਹੇ ਹਨ, ਉਥੇ ਹੁਕਮਰਾਨਾਂ ਵੱਲੋ ਹੋ ਰਹੀਆ ਜਿਆਦਤੀਆ ਵਿਰੁੱਧ ਵੀ ਇਨ੍ਹਾਂ ਸਭਨਾਂ ਨੇ ਬਿਗਲ ਵਜਾਇਆ ਹੋਇਆ ਹੈ । ਜੇਕਰ ਇਥੇ ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ ਦੇਣ ਦੀ ਬਜਾਇ, ਕਿਸੇ ਸਾਜਿਸ ਤਹਿਤ ਹੋਰ ਦਬਾਉਣ ਜਾਂ ਨਿਸ਼ਾਨਾਂ ਬਣਾਉਣ ਦੀ ਕੋਸਿ਼ਸ਼ ਕੀਤੀ ਗਈ ਤਾਂ ਇਨ੍ਹਾਂ ਸਰਹੱਦੀ ਸੂਬਿਆਂ ਜਿਨ੍ਹਾਂ ਵਿਚ ਕਸਮੀਰ, ਪੰਜਾਬ, ਅਸਾਮ, ਛੱਤੀਸਗੜ੍ਹ, ਮਿਜੋਰਮ, ਨਾਗਾਲੈਡ, ਅਰੁਣਾਚਲ, ਤ੍ਰਿਪੁਰਾ, ਲਦਾਖ ਆਦਿ ਸੂਬਿਆਂ ਵਿਚ ਜਿਥੇ ਘੱਟ ਗਿਣਤੀ ਕੌਮਾਂ ਤੇ ਫਿਰਕੇ ਵੱਸਦੇ ਹਨ, ਉਥੋ ਦੇ ਬਸਿੰਦਿਆ ਵਿਚ ਵੱਡੇ ਪੱਧਰ ਤੇ ਰੋਹ ਅਤੇ ਬ਼ਗਾਵਤ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਹੁਕਮਰਾਨਾਂ ਨੇ ਐਨ.ਐਸ.ਏ, ਅਫਸਪਾ, ਯੂ.ਏ.ਪੀ.ਏ, ਟਾਡਾ, ਪੋਟਾ ਆਦਿ ਕਾਲੇ ਕਾਨੂੰਨਾਂ ਦੀ ਦੁਰਵਰਤੋ ਕਰਕੇ ਦੇਖ ਲਿਆ ਹੈ, ਲੋਕ ਇਨ੍ਹਾਂ ਜਿਆਦਤੀਆਂ ਵਿਰੁੱਧ ਉੱਠ ਖੜ੍ਹੇ ਹਨ । ਜਿਨ੍ਹਾਂ ਨੂੰ ਫ਼ੌਜ, ਟੈਕਾਂ, ਤੋਪਾਂ, ਗੋਲੀਆਂ, ਅਰਧ ਸੈਨਿਕ ਬਲਾਂ ਅਤੇ ਸਰਕਾਰੀ ਤੰਤਰ ਰਾਹੀ ਬਿਲਕੁਲ ਵੀ ਸ਼ਾਂਤ ਜਾਂ ਕਾਬੂ ਨਹੀ ਕੀਤਾ ਜਾ ਸਕੇਗਾ । ਬਲਕਿ ਇਨ੍ਹਾਂ ਦੀ ਮਾਨਸਿਕ ਸੰਤੁਸਟੀ ਅਤੇ ਮਾਲੀ ਸਾਧਨਾਂ ਦੀ ਸੰਤੁਸਟੀ ਕਰਨ ਲਈ ਟੇਬਲ ਤੇ ਬੈਠਕੇ ਉਨ੍ਹਾਂ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਦਾ ਸੰਜ਼ੀਦਗੀ ਨਾਲ ਸੀਮਤ ਸਮੇ ਵਿਚ ਹੱਲ ਕਰਕੇ ਹੀ ਹੁਕਮਰਾਨ ਇੰਡੀਆ ਵਿਚ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖ ਸਕਦੇ ਹਨ, ਵਰਨਾ ਸਥਿਤੀ ਐਨੀ ਬੇਕਾਬੂ ਹੋ ਜਾਵੇਗੀ ਕਿ ਉਸਨੂੰ ਸਹੀ ਕਰਨ ਵਿਚ ਹੁਕਮਰਾਨ ਤੇ ਉਨ੍ਹਾਂ ਦੀਆਂ ਏਜੰਸੀਆਂ ਅਸਫਲ ਹੀ ਸਾਬਤ ਹੋਣਗੀਆ ।

Leave a Reply

Your email address will not be published. Required fields are marked *