ਲਖੀਮਪੁਰ ਖੀਰੀ ਕਿਸਾਨਾਂ ਦੇ ਕਤਲ ਦੇ ਦੋਸ਼ੀ ਅਸੀਸ ਮਿਸਰਾ ਨੂੰ ਇਲਾਹਾਬਾਦ ਹਾਈਕੋਰਟ ਵੱਲੋਂ ਜ਼ਮਾਨਤ ਦੇਣਾ ਕਿਸਾਨਾਂ ਤੇ ਸਿੱਖ ਕੌਮ ਲਈ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 11 ਫਰਵਰੀ ( ) “ਸੈਂਟਰ ਦੀ ਕੈਬਨਿਟ ਵਿਚ ਮਨਿਸਟਰ ਸ੍ਰੀ ਅਜੇ ਮਿਸਰਾ ਦੇ ਸਪੁੱਤਰ ਅਸੀਸ ਮਿਸਰਾ ਜਿਸਨੇ 3 ਅਕਤੂਬਰ 2021 ਨੂੰ ਸੰਘਰਸ਼ ਕਰ ਰਹੇ ਬੈਠੇ ਕਿਸਾਨਾਂ ਉਤੇ ਗੱਡੀ ਚੜ੍ਹਾਕੇ 4 ਕਿਸਾਨਾਂ ਤੇ 4 ਹੋਰਨਾਂ ਨੂੰ ਮਾਰ ਦਿੱਤਾ ਸੀ, ਉਸ ਦੋਸ਼ੀ ਕਾਤਲ ਨੂੰ ਇਹ ਕਹਿਕੇ ਕਿ ਇਹ ਕਾਤਲ ਨਿਰਦੋਸ਼ ਹੈ, ਇਸਦਾ ਉਸ ਕਤਲ ਵਿਚ ਕੋਈ ਸਬੂਤ ਨਹੀਂ ਮਿਲਿਆ ਕਹਿਕੇ ਇਲਾਹਾਬਾਦ ਹਾਈਕੋਰਟ ਵੱਲੋ ਜ਼ਮਾਨਤ ਦੇ ਦੇਣ ਦੇ ਦੁੱਖਦਾਇਕ ਅਮਲ ਸਿੱਖ ਕੌਮ ਤੇ ਕਿਸਾਨਾਂ ਲਈ ਅਸਹਿ ਹਨ । ਇੰਝ ਜਾਪਦਾ ਹੈ ਕਿ ਅਦਾਲਤ ਨੇ ਇਹ ਕਾਰਵਾਈ ਸਿਆਸੀ ਪ੍ਰਭਾਵ ਅਧੀਨ ਕੀਤੀ ਹੈ । ਜਿਸ ਨੂੰ ਸਮੁੱਚੀ ਦੁਨੀਆਂ ਨੇ ਵੀਡੀਓ ਵਿਚ ਕਿਸਾਨਾਂ ਉਪਰ ਗੱਡੀ ਚੜ੍ਹਾਉਦੇ ਹੋਏ ਵੇਖਿਆ ਹੈ ਅਤੇ ਸਮੁੱਚੇ ਸੰਸਾਰ ਵਿਚ ਇਸ ਗੱਲ ਦੀ ਨਿੰਦਾ ਹੋਈ ਸੀ ਕਿ ਹੁਕਮਰਾਨ ਅਤੇ ਹਿੰਦੂਤਵ ਸੋਚ ਵਾਲੇ ਕਿਸਾਨਾਂ ਤੇ ਸਿੱਖਾਂ ਉਤੇ ਜੁਲਮ ਕਰ ਰਹੇ ਹਨ । ਇਸਦੇ ਬਾਵਜੂਦ ਵੀ ਇਹ ਕਹਿਣਾ ਕਿ ਅਸੀਸ ਮਿਸਰਾ ਵਿਰੁੱਧ ਕੋਈ ਸਬੂਤ ਨਹੀਂ ਹੈ, ਇਹ ਸਿੱਖ ਕੌਮ ਅਤੇ ਕਿਸਾਨਾਂ ਪ੍ਰਤੀ ਹੁਕਮਰਾਨਾਂ ਦੀ ਵੱਡੀ ਵਿਤਕਰੇ ਭਰੀ ਨਿੰਦਣਯੋਗ ਕਾਰਵਾਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਲਾਹਬਾਦ ਹਾਈਕੋਰਟ ਵੱਲੋ ਲਖੀਮਪੁਰ ਖੀਰੀ ਵਿਖੇ 8 ਜਾਨਾਂ ਦੇ ਕਾਤਲ ਅਸੀਸ ਮਿਸਰਾ ਨੂੰ ਜਮਾਨਤ ਦੇਣ ਦੀ ਕਾਰਵਾਈ ਨੂੰ ਸਿੱਖ ਕੌਮ ਤੇ ਕਿਸਾਨਾਂ ਲਈ ਵਿਤਕਰੇ ਭਰੀ ਕਾਰਵਾਈ ਕਰਾਰ ਦਿੰਦੇ ਹੋਏ ਅਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਤੇ ਅਦਾਲਤਾਂ ਸਿੱਖ ਕੌਮ ਦੇ ਕਾਤਲਾਂ ਨੂੰ ਤਾਂ ਨਿਰਦੋਸ਼ ਸਾਬਤ ਕਰਕੇ ਜਮਾਨਤਾਂ ਵੀ ਦੇ ਰਹੀਆ ਹਨ ਅਤੇ ਰਿਹਾਅ ਵੀ ਕਰ ਰਹੀਆ ਹਨ । ਜਿਵੇਕਿ ਸਿਰਸੇਵਾਲੇ ਸਾਧ ਗੁਰਮੀਤ ਰਾਮ ਰਹੀਮ ਜਿਸ ਉਤੇ ਕਤਲਾਂ ਅਤੇ ਬਲਾਤਕਾਰੀ ਦੋਸ਼ ਹੋਣ ਦੇ ਨਾਲ-ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੋਟਕਪੂਰੇ, ਬੁਜਰ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ ਅਤੇ ਹੋਰ ਅਨੇਕਾਂ ਸਥਾਨਾਂ ਉਤੇ ਸਾਜਸੀ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਵਾਉਣ ਦਾ ਦੋਸ਼ੀ ਹੈ ਅਤੇ ਬਹਿਬਲ ਕਲਾਂ ਵਿਖੇ 2 ਸਿੱਖਾਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰਵਾਉਣ ਵਾਲਿਆ ਨੂੰ ਇਥੋ ਦੀਆਂ ਅਦਾਲਤਾਂ ਅਤੇ ਹੁਕਮਰਾਨ ਪੈਰੋਲ ਤੇ ਜਮਾਨਤਾਂ ਦੇ ਰਹੇ ਹਨ, ਪਰ ਸਾਡੇ 25-25 ਸਾਲਾਂ ਤੋ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਨਾ ਤਾਂ ਪੈਰੋਲ ਤੇ ਭੇਜ ਰਹੇ ਹਨ ਅਤੇ ਨਾ ਹੀ ਰਿਹਾਅ ਕਰ ਰਹੇ ਹਨ । ਅਜਿਹੇ ਅਮਲ ਇਕੋ ਵਿਧਾਨ ਤੇ ਇਕੋ ਕਾਨੂੰਨ ਹੇਠ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਦੀ ਗੱਲ ਨੂੰ ਪ੍ਰਤੱਖ ਕਰਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਾਨਾਸਾਹੀ ਹੁਕਮਰਾਨਾਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਅਦਾਲਤਾਂ, ਜੱਜਾਂ ਵੱਲੋਂ ਕੀਤੇ ਜਾ ਰਹੇ ਬੇਇਨਸਾਫ਼ੀ ਵਾਲੇ ਅਮਲਾਂ ਨੂੰ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਇਸ ਵਿਰੁੱਧ ਕੌਮਾਂਤਰੀ ਅਦਾਲਤਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ ਨੂੰ ਪਹੁੰਚ ਕਰਦੇ ਹੋਏ ਇਹ ਸੰਘਰਸ਼ ਇਨਸਾਫ਼ ਪ੍ਰਾਪਤੀ ਤੱਕ ਲੜੇਗੀ ।