ਆਨੰਦਪੁਰ ਸਾਹਿਬ ਦੀ ਵਾਪਰੀ ਘਟਨਾ ਦੁੱਖਦਾਇਕ, ਕਤਲ ਕੀਤੇ ਗਏ ਪ੍ਰਦੀਪ ਸਿੰਘ ਨਾਮ ਦੇ ਸਿੱਖ ਨੌਜ਼ਵਾਨ ਦੇ ਕਾਤਲਾਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਮਾਰਚ ( ) “ਜੋ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੇ ਵੱਡੇ ਮਹੱਤਵਪੂਰਨ ਹੋਲੇ-ਮਹੱਲੇ ਦੇ ਦਿਹਾੜੇ ਉਤੇ ਕੁਝ ਸ਼ਰਾਰਤੀ ਅਨਸਰਾਂ ਨੇ ਬਿਨ੍ਹਾਂ ਵਜਹ ਕੈਨੇਡਾ ਤੋ ਆਏ ਇਕ ਸਿੱਖੀ ਬਾਣੇ ਵਿਚ ਵਿਚਰਣ ਵਾਲੇ ਸਿੱਖ ਨੌਜ਼ਵਾਨ ਸ. ਪ੍ਰਦੀਪ ਸਿੰਘ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਹੈ, ਉਸਦੇ ਮਾਤਾ-ਪਿਤਾ ਅਤੇ ਪਰਿਵਾਰਿਕ ਮੈਬਰਾਂ ਦੇ ਮਨ-ਆਤਮਾ ਨੂੰ ਇਕ ਅਸਹਿ ਤੇ ਅਕਹਿ ਦੁੱਖ ਦੇਣ ਵਾਲਾ ਦੁੱਖਦਾਇਕ ਵਰਤਾਰਾ ਹੋਇਆ ਹੈ । ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਥੋੜੀ ਹੈ । ਕਿਉਂਕਿ ਇਸ ਹੋਣਹਾਰ ਨੌਜ਼ਵਾਨ ਨੂੰ ਮਾਪਿਆ ਨੇ ਪਤਾ ਨਹੀ ਕਿਹੜੀਆ ਮੁਸ਼ਕਿਲਾਂ ਵਿਚੋ ਲੰਘਦੇ ਹੋਏ ਬਾਹਰਲੇ ਮੁਲਕ ਭੇਜਿਆ ਅਤੇ ਜੋ ਲੰਮੇ ਸੰਘਰਸ਼ ਤੋ ਬਾਅਦ ਉਥੇ ਸਥਾਪਿਤ ਹੋਇਆ ਅਤੇ ਜੋ ਕੁਝ ਦਿਨ ਪਹਿਲੇ ਹੀ 7 ਸਾਲ ਮਗਰੋ ਪੰਜਾਬ ਆਪਣੇ ਮਾਪਿਆ ਨੂੰ ਮਿਲਣ ਲਈ ਪਰਤਿਆ ਸੀ ਅਤੇ ਆਪਣੀ ਸਿੱਖੀ ਸਰਧਾਂ ਅਤੇ ਸਤਿਕਾਰ ਨੂੰ ਨਤਮਸਤਕ ਹੋਣ ਲਈ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਇਆ ਸੀ । ਜੇਕਰ ਉਸਨੇ ਕੁਝ ਨੌਜ਼ਵਾਨਾਂ ਵੱਲੋ ਸਿੱਖੀ ਰਵਾਇਤਾ ਅਤੇ ਮਰਿਯਾਦਾਵਾਂ ਦੇ ਉਲਟ ਗੈਰ ਸੱਭਿਅਕ ਗਾਣੇ ਵਜਾਉਣ ਨੂੰ ਰੋਕਣ ਦੀ ਨੇਕ ਸਲਾਹ ਦਿੰਦੇ ਹੋਏ ਇਸ ਮਹਾਨ ਸਥਾਂਨ ਤੇ ਅਜਿਹਾ ਨਾ ਕਰਨ ਦੀ ਸੰਜ਼ੀਦਾ ਗੁਜਾਰਿਸ ਕੀਤੀ ਸੀ, ਤਾਂ ਉਸ ਵਿਚ ਉਸਨੇ ਕੋਈ ਵੀ ਗਲਤੀ ਨਹੀ ਸੀ ਕੀਤੀ ਅਤੇ ਦੂਸਰੇ ਨੌਜਵਾਨਾਂ ਨੇ ਜੋ ਇਸ ਗੱਲ ਤੇ ਹੀ ਉਸਦੇ ਗਲ ਪੈਕੇ ਉਸਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ, ਇਹ ਬਹੁਤ ਹੀ ਹਿਰਦੇ ਵੇਧਕ ਅਤੇ ਅਜਿਹ ੇਸਥਾਨਾਂ ਤੇ ਅਣਮਨੁੱਖੀ ਨਿੰਦਣਯੋਗ ਕਾਰਵਾਈ ਹੋਈ ਹੈ । ਜਿਨ੍ਹਾਂ ਨੇ ਮਾਪਿਆ ਦੇ ਦਿਲ ਦੇ ਟੁਕੜੇ ਨੂੰ ਦੂਰ ਕਰਨ ਲਈ ਇਹ ਵੀ ਨਾ ਸੋਚਿਆ ਕਿ ਉਸਦੇ ਮਾਪਿਆ ਤੇ ਭੈਣ-ਭਰਾਵਾਂ ਉਤੇ ਕੀ ਗੁਜਰੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੈਨੇਡਾ ਤੋ ਪੰਜਾਬ ਪਰਤੇ ਕਾਕਾ ਪ੍ਰਦੀਪ ਸਿੰਘ ਨਾਮ ਦੇ ਨੌਜ਼ਵਾਨ ਨੇ ਕੁਝ ਸਿਰਫਿਰੇ ਅਤੇ ਸਿੱਖੀ ਸੋਚ ਅਤੇ ਸਿਧਾਤਾਂ ਤੋ ਦੂਰ ਵਿਚਰਣ ਵਾਲੇ ਨੌਜ਼ਵਾਨਾਂ ਵੱਲੋ ਉਸਦੀ ਜਾਨ ਲੈ ਲੈਣ ਦੀ ਕਾਰਵਾਈ ਨੂੰ ਬਹੁਤ ਹੀ ਪੀੜ੍ਹਾ ਵਾਲੀ ਕਰਾਰ ਦਿੰਦੇ ਹੋਏ ਇਨ੍ਹਾਂ ਕਾਤਲਾਂ ਵਿਰੁੱਧ ਫੌਰੀ ਕਾਨੂੰਨੀ ਅਮਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਇਸ ਗੱਲ ਤੇ ਦੁੱਖ ਜਾਹਰ ਕੀਤਾ ਕਿ ਜਦੋ ਇਸ ਵੱਡੇ ਪ੍ਰੋਗਰਾਮ ਵਿਚ ਚੱਪੇ-ਚੱਪੇ ਤੇ ਪੁਲਿਸ ਫੋਰਸਾਂ ਦਾ ਪ੍ਰਬੰਧ ਸੀ, ਫਿਰ ਇਹ ਐਨੇ ਵੱਡੇ ਇੱਕਠ ਵਿਚ ਇਹ ਦੁੱਖਦਾਇਕ ਘਟਨਾ ਨੂੰ ਗਲਤ ਅਨਸਰ ਕਿਵੇ ਅੰਜਾਮ ਦੇ ਗਏ ? ਸ. ਮਾਨ ਨੇ ਕਾਕਾ ਪ੍ਰਦੀਪ ਸਿੰਘ ਦੇ ਮਾਪਿਆ, ਭੈਣ-ਭਰਾਵਾਂ ਨਾਲ ਇਸ ਵੱਡੇ ਦੁੱਖ ਦੀ ਘੜੀ ਵਿਚ ਆਤਮਿਕ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਸ ਮਾਂ-ਬਾਪ ਅਤੇ ਭੈਣ-ਭਰਾ ਦਾ ਹੋਣਹਾਰ ਪੁੱਤਰ ਜਾਂ ਭਰਾ ਚਲਾ ਗਿਆ ਹੈ, ਉਹ ਪਿਆ ਅਸਹਿ ਤੇ ਅਕਹਿ ਘਾਟਾ ਕੋਈ ਵੀ ਪੂਰਾ ਨਹੀ ਕਰ ਸਕਦਾ । ਪਰ ਅਸੀ ਬਤੌਰ ਸਿੱਖ ਕੌਮ ਦਾ ਅੰਗ ਹੋਣ ਦੇ ਨਾਤੇ ਉਨ੍ਹਾਂ ਦੀ ਇਸ ਵੱਡੀ ਪੀੜ੍ਹਾ ਵਿਚ ਸਮੂਲੀਅਤ ਕਰਦੇ ਹੋਏ ਉਸ ਵਿਛੜੀ ਨੌਜਵਾਨ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਉਸ ਪਰਿਵਾਰ ਦੇ ਹਰ ਦੁੱਖ-ਸੁੱਖ ਵਿਚ ਹਾਜਰ ਹੋਣਾ ਆਪਣਾ ਫਰਜ ਵੀ ਸਮਝਦੇ ਹਾਂ ਤਾਂ ਕਿ ਉਨ੍ਹਾਂ ਦੇ ਇਸ ਵੱਡੇ ਦੁੱਖ ਨੂੰ ਕੁਝ ਹਲਕਾ ਕਰ ਸਕੀਏ ਅਤੇ ਉਸ ਪਰਿਵਾਰ ਦੇ ਆਉਣ ਵਾਲੇ ਸਮੇ ਵਿਚ ਕਿਸੇ ਕੰਮ ਆ ਸਕੀਏ ਤਾਂ ਇਹ ਇਨਸਾਨੀਅਤ ਲੀਹਾਂ ਨੂੰ ਪੂਰਨ ਕਰਨਾ ਹੋਵੇਗਾ । ਉਨ੍ਹਾਂ ਮੰਗ ਕੀਤੀ ਕਿ ਸੰਬੰਧਤ ਕਾਤਲਾਂ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਸਖਤ ਸਜ਼ਾ ਦਿੱਤੀ ਜਾਵੇ । ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਸਾਡੇ ਕੌਮੀ ਦਿਹਾੜਿਆ ਜਾਂ ਇਨ੍ਹਾਂ ਮਹੱਤਵਪੂਰਨ ਪ੍ਰੋਗਰਾਮਾਂ ਵਿਚ ਸਿੱਖ ਨੌਜਵਾਨੀ ਆਪਣੇ ਮਹਾਨ ਇਤਿਹਾਸ, ਸੋਚ, ਮਰਿਯਾਦਾਵਾ, ਪ੍ਰੰਪਰਾਵਾ ਤੇ ਦ੍ਰਿੜ ਹੋ ਕੇ ਹੀ ਸਮੂਲੀਅਤ ਕਰੇ ਨਾ ਕਿ ਅਜਿਹੇ ਦਿਹਾੜਿਆ ਦੇ ਵੱਡੇ ਮਹੱਤਵ ਨੂੰ ਘੱਟ ਕਰਨ ਲਈ ਅਜਿਹੀਆ ਗੈਰ ਇਨਸਾਨੀਅਤ ਤੇ ਅਣਮਨੁੱਖੀ ਅਮਲ ਕਰਕੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ ਉਤੇ ਕਿਸੇ ਤਰ੍ਹਾਂ ਦਾ ਪ੍ਰਸ਼ਨ ਚਿੰਨ੍ਹ ਲਗਾਉਣ ਦੀ ਗੁਸਤਾਖੀ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੀ ਸਿੱਖ ਨੌਜਵਾਨੀ ਕੌਮੀ ਤੇ ਸਿੱਖੀ ਇਤਿਹਾਸ ਨਾਲ ਅਮਲੀ ਰੂਪ ਵਿਚ ਜੁੜਦੀ ਹੋਈ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਸਰਬਸਾਂਝਾ ਹਰ ਤਰ੍ਹਾਂ ਦੀਆਂ ਬੁਰਾਈਆ ਤੋ ਰਹਿਤ ਇਨਸਾਫ਼ ਵਾਲਾ ਰਾਜ ਕਾਇਮ ਕਰਨ ਵਿਚ ਯੋਗਦਾਨ ਪਾਏਗੀ । ਨਾ ਕਿ ਗੈਰ ਸਿਧਾਤਿਕ ਜਾਂ ਗੈਰ ਇਨਸਾਨੀਅਤ ਕਾਰਵਾਈਆ ਵਿਚ ਗਲਤਾਨ ਹੋ ਕੇ ਆਪਣੀ ਹੀ ਕੌਮ ਦੇ ਉੱਚੇ-ਸੁੱਚੇ ਇਖਲਾਕ ਨੂੰ ਦਾਗੀ ਕਰਨ ਦੀ ਕਿਸੇ ਤਰ੍ਹਾਂ ਦੀ ਗੁਸਤਾਖੀ ਕਰੇਗੀ ।