ਅਜਨਾਲਾ ਪੁਲਿਸ ਸਟੇਸ਼ਨ ਵਿਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਵਿਰੁੱਧ ਬਣਾਏ ਝੂਠੇ ਕੇਸ ਨੂੰ ਰੱਦ ਕਰਕੇ ਮਾਹੌਲ ਨੂੰ ਸਰਕਾਰ ਖੁਸ਼ਗਵਾਰ ਰੱਖੇ : ਮਾਨ

ਅੰਮ੍ਰਿਤਸਰ, 23 ਫਰਵਰੀ ( ) “ਪੰਜਾਬ ਸਰਕਾਰ ਦੇ ਆਦੇਸ਼ਾਂ ਉਤੇ ਜੋ ਅਜਨਾਲਾ ਪੁਲਿਸ ਸਟੇਸਨ ਵਿਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਕੁਝ ਸਾਥੀਆ ਵਿਰੁੱਧ ਮੰਦਭਾਵਨਾ ਅਧੀਨ ਕੇਸ ਦਰਜ ਕੀਤਾ ਗਿਆ ਹੈ, ਇਹ ਸਰਕਾਰ ਅਤੇ ਪੁਲਿਸ ਨੂੰ ਤੁਰੰਤ ਵਾਪਸ ਲੈਕੇ ਸੂਬੇ ਦੇ ਮਾਹੌਲ ਨੂੰ ਖੁਸ਼ਗਵਾਰ ਰੱਖਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ । ਜਦੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਨੇ ਕੋਈ ਗੈਰ ਕਾਨੂੰਨੀ ਕਾਰਵਾਈ ਜਾਂ ਅਮਲ ਕੀਤਾ ਹੀ ਨਹੀ ਫਿਰ ਸਰਕਾਰ ਜਾਂ ਪੁਲਿਸ ਵੱਲੋ ਅਜਿਹੀ ਭੜਕਾਊ ਕਾਰਵਾਈ ਕਰਨ ਦੀ ਕੋਈ ਦਲੀਲ ਨਹੀ ਬਣਦੀ । ਇਸ ਲਈ ਇਹ ਕੇਸ ਦੂਰ ਅੰਦੇਸ਼ੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਫੌਰੀ ਰੱਦ ਕਰਕੇ ਆਪਣੀ ਸੂਝਵਾਨਤਾ ਦਾ ਸਬੂਤ ਦਿੰਦੇ ਹੋਏ ਮਾਹੌਲ ਸਹੀ ਰੱਖਣ ਵਿਚ ਭੂਮਿਕਾ ਨਿਭਾਏ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜਨਾਲਾ ਪੁਲਿਸ ਸਟੇਸਨ ਵਿਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਸਾਥੀਆ ਵਿਰੁੱਧ ਮੰਦਭਾਵਨਾ ਅਧੀਨ ਦਰਜ ਕੀਤੇ ਗਏ ਝੂਠੇ ਕੇਸਾਂ ਨੂੰ ਤੁਰੰਤ ਵਾਪਸ ਲੈਕੇ ਰੱਦ ਕਰਨ ਦੀ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੂੰ ਸੰਜੀਦਗੀ ਭਰੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਨਾ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਨਾ ਹੀ ਕੋਈ ਖ਼ਾਲਸਾ ਪੰਥ ਨਾਲ ਸੰਬੰਧਤ ਜਥੇਬੰਦੀ ਪੰਜਾਬ ਸੂਬੇ ਦੇ ਮਾਹੌਲ ਨੂੰ ਕਿਸੇ ਵੀ ਪੱਖ ਤੋ ਨੁਕਸਾਨ ਨਹੀ ਪਹੁੰਚਾਉਣਾ ਚਾਹੁੰਦੀ । ਬਲਕਿ ਇਥੋ ਦੇ ਮਾਹੌਲ ਨੂੰ ਸਦਭਾਵਨਾ ਭਰਿਆ ਅਤੇ ਜਮਹੂਰੀਅਤ ਪੱਖੀ ਰੱਖਕੇ ਸਮੁੱਚੇ ਪੰਜਾਬੀਆ ਦੀ ਹਰ ਖੇਤਰ ਵਿਚ ਬਿਹਤਰੀ ਅਤੇ ਮਾਲੀ ਹਾਲਤ ਨੂੰ ਮਜਬੂਤ ਕਰਨ ਦੀ ਹਾਮੀ ਹੈ । ਇਸ ਲਈ ਜਦੋ ਪੰਜਾਬ ਵਿਚ ਪੰਥਕ ਗਰੁੱਪ ਜਾਂ ਹੋਰ ਸਭ ਆਪੋ ਆਪਣੀਆ ਸਰਗਰਮੀਆ ਕਰਦੇ ਹੋਏ ਜਮਹੂਰੀਅਤ ਢੰਗ ਨਾਲ ਆਪਣੀ ਸੋਚ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ, ਜਿਸ ਨਾਲ ਕਿਸੇ ਦੂਸਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀ ਹੈ, ਫਿਰ ਸਰਕਾਰ ਜਾਂ ਪੁਲਿਸ ਵੱਲੋ ਬਿਨ੍ਹਾਂ ਵਜਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆ ਵਿਰੁੱਧ ਇਸ ਤਰ੍ਹਾਂ ਕੇਸ ਦਰਜ ਕਰਨ ਦੀ ਕੋਈ ਤੁੱਕ ਨਹੀ ਬਣਦੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਅਮਨ ਚੈਨ ਦੇ ਮੁੱਦਿਆ ਨੂੰ ਮੁੱਖ ਰੱਖਕੇ ਹੀ ਅੱਜ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋ ਅਜਨਾਲਾ ਵਿਖੇ ਸਰਕਾਰ ਦੀ ਜਿਆਦਤੀ ਵਿਰੁੱਧ ਰੱਖੇ ਗਏ ਇਕੱਠ ਵਿਚ ਸਮੂਲੀਅਤ ਕਰਕੇ ਹੱਕ-ਸੱਚ ਦੀ ਆਵਾਜ ਨੂੰ ਬੁਲੰਦ ਕਰਨ ਦੇ ਨਾਲ-ਨਾਲ ਇਨ੍ਹਾਂ ਬਣਾਏ ਗਏ ਝੂਠੇ ਕੇਸਾਂ ਨੂੰ ਵਾਪਸ ਲੈਣ ਦੀ ਸਰਕਾਰ ਨੂੰ ਸੰਦੇਸ ਦਿੱਤਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਅਤੇ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਉਤੇ ਬਣਾਏ ਗਏ ਝੂਠੇ ਕੇਸਾਂ ਨੂੰ ਤੁਰੰਤ ਵਾਪਸ ਲੈਕੇ ਜਾਂ ਰੱਦ ਕਰਕੇ ਪੰਜਾਬ ਦੇ ਸਭ ਵਰਗਾਂ ਦੇ ਆਪਸੀ ਸਦਭਾਵਨਾ ਭਰੇ ਮਾਹੌਲ ਨੂੰ ਸਥਿਰ ਰੱਖਣ ਵਿਚ ਜਿੰਮੇਵਾਰੀ ਨਿਭਾਏਗੀ ।

Leave a Reply

Your email address will not be published. Required fields are marked *