ਕਣਕ ਦੀ ਬਿਜਾਈ ਦੀ ਫ਼ਸਲ ਸਮੇਂ ਨਹਿਰੀ ਪਾਣੀਆਂ ਦੀ ਸਪਲਾਈ ਨੂੰ ਘੱਟ ਕਰਨਾ ਪੰਜਾਬ ਦੇ ਜਿ਼ੰਮੀਦਾਰਾਂ ਨਾਲ ਵੱਡੀ ਬੇਇਨਸਾਫ਼ੀ : ਮਾਨ
ਬਠਿੰਡਾ, 28 ਨਵੰਬਰ ( ) “ਜਦੋਂ ਹੁਣ ਪੰਜਾਬ ਦੇ ਵਿਸ਼ੇਸ਼ ਤੌਰ ਤੇ ਮਾਲਵੇ ਦੇ ਇਲਾਕੇ ਵਿਚ ਕਣਕ ਦੀ ਬਿਜਾਈ ਜੋਰਾ ਤੇ ਹੈ ਅਤੇ ਜਿੰਮੀਦਾਰਾਂ ਨੂੰ ਆਪਣੀ ਇਸ ਫ਼ਸਲ ਲਈ ਪਾਣੀ ਦੀ ਸਖਤ ਲੋੜ ਹੈ ਤਾਂ ਪੰਜਾਬ ਦੀਆਂ ਨਦੀਆਂ, ਨਹਿਰਾਂ ਵਿਚ ਪਾਣੀ ਦੀ ਸਪਲਾਈ ਕਾਫੀ ਘਟਾ ਦਿੱਤੀ ਗਈ ਹੈ ਜੋ ਕਿ ਨਿਮਨ ਦਿੱਤੀ ਫੋਟੋ ਵਿਚ ਸਾਫ ਜਾਹਰ ਹੈ, ਇਹ ਅਮਲ ਤਾਂ ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਤੇ ਉਥੋ ਦੇ ਜਿੰਮੀਦਾਰਾਂ ਲਈ ਬਹੁਤ ਵੱਡੀ ਬੇਇਨਸਾਫੀ ਵਾਲੇ ਹਨ । ਜਦੋਕਿ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਹਿਰੀ ਵਿਭਾਗ ਅਤੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਅਧਿਕਾਰੀਆ ਨਾਲ ਤੁਰੰਤ ਸੰਪਰਕ ਕਰਕੇ ਉਨ੍ਹਾਂ ਨੂੰ ਪੰਜਾਬ ਸੂਬੇ ਦੇ ਜਿੰਮੀਦਾਰਾਂ ਨੂੰ ਇਨ੍ਹਾਂ ਨਹਿਰਾਂ ਰਾਹੀ ਲੋੜੀਦਾ ਪਾਣੀ ਜਾਰੀ ਕਰਨ ਦਾ ਪ੍ਰਬੰਧ ਕਰਨ । ਤਾਂ ਕਿ ਕਣਕ ਦੀ ਬਿਜਾਈ ਵਿਚ ਵਿਸੇਸ ਤੌਰ ਤੇ ਮਾਲਵੇ ਦੇ ਜਿੰਮੀਦਾਰਾਂ ਨੂੰ ਕਿਸੇ ਤਰ੍ਹਾਂ ਦੀ ਮੁਸਕਿਲ ਪੇਸ਼ ਨਾ ਆਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀਆਂ ਨਹਿਰਾਂ ਵਿਚ ਭਾਖੜਾ ਡੈਮ ਰਾਹੀ ਜਾਰੀ ਹੋਣ ਵਾਲੇ ਪਾਣੀ ਦੀ ਮਾਤਰਾ ਨੂੰ ਬੀਤੇ ਕਈ ਦਿਨਾਂ ਤੋ ਘਟਾ ਦੇਣ ਦੇ ਪੰਜਾਬ ਸੂਬੇ ਤੇ ਪੰਜਾਬ ਦੇ ਜਿੰਮੀਦਾਰਾਂ ਵਿਰੋਧੀ ਅਮਲਾਂ ਪ੍ਰਤੀ ਸਖਤ ਨੋਟਿਸ ਲੈਦੇ ਹੋਏ ਤੇ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੂੰ ਇਸ ਗੰਭੀਰ ਵਿਸੇ ਤੇ ਤੁਰੰਤ ਸੰਜੀਦਗੀ ਨਾਲ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਹੀ ਇਕੋ ਇਕ ਅਜਿਹਾ ਸੂਬਾ ਹੈ ਜੋ ਮੁਲਕ ਦੀ ਕਣਕ ਦੀ ਮੰਗ ਦੀ ਪੂਰਤੀ ਕਰਨ ਦੇ ਨਾਲ-ਨਾਲ ਦੁਨੀਆ ਵਿਚ ਜੋ ਕਣਕ ਦੀ ਰੂਸ-ਯੂਕਰੇਨ ਜੰਗ ਲੱਗਣ ਕਾਰਨ ਵੱਡੀ ਕਮੀ ਆ ਗਈ ਹੈ, ਉਸਨੂੰ ਪੂਰਨ ਕਰਨ ਦੀ ਸਮਰੱਥਾਂ ਰੱਖਦਾ ਹੈ । ਇਸ ਲਈ ਇਸ ਬਿਜਾਈ ਦੇ ਮੌਕੇ ਅਤੇ ਕਣਕ ਦੀ ਫ਼ਸਲ ਨੂੰ ਪਾਲਣ ਲਈ ਨਹਿਰਾਂ ਰਾਹੀ ਲੌੜੀਦੇ ਪਾਣੀ ਦੀ ਸਪਲਾਈ ਜਾਰੀ ਕਰਨੀ ਉਨ੍ਹਾਂ ਦੀ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ । ਦੂਸਰਾ ਅਬੋਹਰ, ਫਾਜਿਲਕਾ ਦੇ ਇਲਾਕੇ ਵਿਚ ਕਿੰਨੂ ਦੀ ਵੱਡੀ ਫਸਲ ਹੁੰਦੀ ਹੈ ਉਸ ਲਈ ਵੀ ਪਾਣੀ ਦੀ ਬਹੁਤ ਲੋੜ ਹੈ । ਇਨ੍ਹਾਂ ਦੋਵਾਂ ਕਣਕ ਦੀ ਫਸਲ ਅਤੇ ਕਿੰਨੂ ਦੀ ਫਸਲ ਵਿਚ ਪੰਜਾਬ ਕਿਸੇ ਤਰ੍ਹਾਂ ਵੀ ਪਿੱਛੇ ਨਾ ਰਹਿ ਜਾਵੇ । ਇਸਦਾ ਪ੍ਰਬੰਧ ਕਰਨਾ ਪੰਜਾਬ ਸਰਕਾਰ ਦਾ ਪਹਿਲਾ ਫਰਜ ਬਣ ਜਾਂਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਪੰਜਾਬੀਆਂ, ਜਿੰਮੀਦਾਰਾਂ ਲਈ ਲੋੜੀਦੇ ਪਾਣੀ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕਰ ਦੇਵੇਗੀ ।