ਜਨਾਬ ਸ਼ਾਹਬਾਜ ਸਰੀਫ਼ ਦਾ ਵਜੀਰ ਏ ਆਜਮ ਬਣਨ ਉਤੇ ਹਾਰਦਿਕ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 04 ਮਾਰਚ ( ) “ਪਾਕਿਸਤਾਨ ਦੀਆਂ ਹੁਣੇ ਹੀ ਹੋਈਆ ਨਵੀਆ ਚੋਣਾਂ ਵਿਚ ਜੋ ਸਰੀਫ ਪਰਿਵਾਰ ਦੇ ਜਨਾਬ ਸ਼ਾਹਬਾਜ ਸਰੀਫ ਨਵੇ ਵਜੀਰ ਏ ਆਜਮ ਦੇ ਅਹੁਦੇ ਉਤੇ ਬਿਰਾਜਮਾਨ ਹੋਏ ਹਨ, ਅਸੀ ਇਸ ਮੌਕੇ ਉਤੇ ਜਨਾਬ ਸਾਹਬਾਜ ਸਰੀਫ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਪਾਕਿਸਤਾਨ ਨਿਵਾਸੀਆ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ 1947 ਤੋਂ ਬਾਅਦ ਜਦੋ ਤੋ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਵੰਡ ਹੋਈ ਹੈ, ਉਦੋ ਤੋ ਲੈਕੇ ਅੱਜ ਤੱਕ ਸਿੱਖ ਕੌਮ ਨਾਲ ਅੰਗਰੇਜ਼ਾਂ ਦੀ 1849 ਵਿਚ ਹੋਈ ਸੰਧੀ ਮੁਤਾਬਿਕ ਜੋ ਸਿੱਖਾਂ ਦਾ ਖਾਲਸਾ ਰਾਜ ਦਰਬਾਰ ਚੱਲਦਾ ਆ ਰਿਹਾ ਸੀ, ਜਿਸ ਨੂੰ ਅੰਗਰੇਜ਼ਾਂ ਵੱਲੋ ਮੁਲਤਵੀ ਕੀਤਾ ਗਿਆ ਸੀ ਅਤੇ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਉਪਰੰਤ ਇਸ ਨੂੰ ਬਹਾਲ ਕਰਨ ਦੀ ਗੱਲ ਵੀ ਕੀਤੀ ਗਈ ਸੀ । ਉਸ ਨੂੰ ਬਹਾਲ ਨਾ ਕਰਕੇ ਸਾਡੇ ਨਾਲ ਵੱਡਾ ਧੋਖਾ ਕੀਤਾ ਗਿਆ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਇਹ ਵੰਡ ਹੋਈ ਸੀ, ਉਹ ਮਜ੍ਹਬਾਂ ਦੇ ਆਧਾਰ ਤੇ ਹੋਈ ਸੀ ਜਿਸ ਵਿਚ ਤਿੰਨ ਕੌਮਾਂ ਮੁਸਲਿਮ, ਹਿੰਦੂ ਅਤੇ ਸਿੱਖ ਬਰਾਬਰ ਦੀਆਂ ਧਿਰਾਂ ਸਨ । ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਆਜਾਦ ਪਾਕਿਸਤਾਨ ਦੇ ਦਿੱਤਾ, ਹਿੰਦੂਆਂ ਨੂੰ ਆਜਾਦ ਇੰਡੀਆ ਦੇ ਦਿੱਤਾ ਅਤੇ ਜੋ ਤੀਜੀ ਮੁੱਖ ਧਿਰ ਸਿੱਖ ਸਨ, ਉਨ੍ਹਾਂ ਨੂੰ ਉਨ੍ਹਾਂ ਦਾ ਆਜਾਦ ਮੁਲਕ ਨਾ ਦੇ ਕੇ ਵੱਡੀ ਬੇਇਨਸਾਫ਼ੀ ਕੀਤੀ ਗਈ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਗਰੇਜ਼ਾਂ ਵੇਲੇ ਵੀ ਅਤੇ 1947 ਤੋਂ ਬਾਅਦ ਇੰਡੀਅਨ ਤੇ ਪਾਕਿਸਤਾਨ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਕੀਤੇ ਜਾ ਰਹੇ ਵਿਤਕਰਿਆ, ਬੇਇਨਸਾਫ਼ੀਆਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਇੰਡੀਆਂ ਅਤੇ ਚੀਨ ਵੱਲੋ ਸਿੱਖਾਂ ਦੇ ਇਲਾਕਿਆ ਉਤੇ ਕੀਤੇ ਹੋਏ ਕਬਜਿਆ ਦੀ ਅੱਜ ਕੌਮਾਂਤਰੀ ਪੱਧਰ ਉਤੇ ਜੋ ਗੱਲ ਚੱਲ ਰਹੀ ਹੈ, ਉਸ ਬਾਰੇ ਇਹ ਜਾਣਕਾਰੀ ਦੇਣਾ ਜਰੂਰੀ ਹੈ ਕਿ 1819 ਵਿਚ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਕਸਮੀਰ ਸੂਬੇ ਨੂੰ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ ਜੋ ਕਿ ਅਫਗਾਨੀਸਤਾਨ ਦਾ ਸੂਬਾ ਸੀ । ਇਸੇ ਤਰ੍ਹਾਂ 1834 ਵਿਚ ਲਾਹੌਰ ਖਾਲਸਾ ਫ਼ੌਜਾਂ ਨੇ ਲਦਾਖ ਨੂੰ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ । ਕਸਮੀਰ ਅਤੇ ਲਦਾਖ ਲਾਹੌਰ ਖਾਲਸਾ ਰਾਜ ਦਰਬਾਰ ਦੇ ਸਾਡੇ ਸਿੱਖ ਇਲਾਕੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ 1947 ਦੀ ਵੰਡ ਸਮੇ ਕਸਮੀਰ ਦਾ ਸਾਡਾ ਇਲਾਕਾ ਅੱਧਾ ਪਾਕਿਸਤਾਨ ਨੂੰ ਦੇ ਦਿੱਤਾ ਗਿਆ, ਅੱਧਾ ਇੰਡੀਆ ਕੋਲ ਆ ਗਿਆ । ਜੋ ਲਦਾਖ ਦਾ ਸਾਡਾ ਇਲਾਕਾ ਸੀ, ਉਸ ਵਿਚੋ ਬਹੁਤ ਵੱਡਾ ਇਲਾਕਾ ਇੰਡੀਆ ਨੇ 1962 ਦੀ ਜੰਗ ਸਮੇ ਅਤੇ ਹੁਣ 2020 ਅਤੇ 2022 ਵਿਚ ਚੀਨ ਨੂੰ ਲੁਟਾ ਦਿੱਤਾ ਅਤੇ ਪਾਕਿਸਤਾਨ ਨੇ ਸਾਕਸਗਾਮ ਵੈਲੀ ਦਾ 1,942 ਸਕੇਅਰ ਵਰਗ ਕਿਲੋਮੀਟਰ ਇਲਾਕਾ 1963 ਵਿਚ ਚੀਨ ਦੇ ਸਪੁਰਦ ਕਰ ਦਿੱਤਾ । ਉਨ੍ਹਾਂ ਇਸ ਗੱਲ ਤੇ ਵੀ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਕਸਮੀਰ ਦੀ ਜੋ ਆਰਟੀਕਲ 370 ਅਤੇ ਧਾਰਾ 35ਏ ਰਾਹੀ ਉਨ੍ਹਾਂ ਨੂੰ ਖੁਦਮੁਖਤਿਆਰੀ ਹਾਸਿਲ ਸੀ, ਉਹ 2019 ਵਿਚ ਜ਼ਬਰੀ ਰੱਦ ਕਰਕੇ ਕਸਮੀਰੀਆਂ ਦੀ ਆਜਾਦੀ ਨੂੰ ਕੁੱਚਲ ਦਿੱਤਾ ਗਿਆ । ਇਹ ਅਮਲ ਵੀ ਸਹਿਣਯੋਗ ਨਹੀ ਹੈ ।
ਉਨ੍ਹਾਂ ਕਿਹਾ ਕਿ ਜਦੋਂ ਹੁਣ ਚੀਨ, ਪਾਕਿਸਤਾਨ, ਇੰਡੀਆਂ ਅਤੇ ਹੋਰ ਕੌਮਾਂਤਰੀ ਪੱਧਰ ਉਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਸਮੀਰ, ਲਦਾਖ ਅਤੇ ਸਾਡੇ ਹੋਰ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਇਲਾਕਿਆ ਦੀ ਗੱਲ ਉੱਠ ਰਹੀ ਹੈ, ਤਾਂ ਸਿੱਖ ਕੌਮ ਨੂੰ ਇਨ੍ਹਾਂ ਇਲਾਕਿਆ ਸੰਬੰਧੀ ਹੋਣ ਵਾਲੀ ਮੁਲਕਾਂ ਦੀ ਗੱਲਬਾਤ ਵਿਚ ਨਜਰਅੰਦਾਜ ਕਰਨਾ ਅਤਿ ਦੁੱਖਦਾਇਕ ਹੈ । ਜਦੋਕਿ ਸਿੱਖ ਕੌਮ ਦੀ ਸਮੂਲੀਅਤ ਤੋ ਬਗੈਰ ਉਪਰੋਕਤ ਖਾਲਸਾਈ ਇਲਾਕਿਆ ਦੀ ਹੋਣ ਵਾਲੀ ਕਿਸੇ ਤਰ੍ਹਾਂ ਦੀ ਗੱਲ ਉਦੋ ਤੱਕ ਕਾਮਯਾਬ ਨਹੀ ਹੋ ਸਕੇਗੀ ਜਦੋ ਤੱਕ ਇਸ ਗੱਲਬਾਤ ਵਿਚ ਕੌਮਾਂਤਰੀ ਧਿਰਾਂ ਵਿਚ ਸਿੱਖ ਕੌਮ ਨੂੰ ਧਿਰ ਬਣਾਕੇ ਗੱਲਬਾਤ ਵਿਚ ਸਾਮਿਲ ਨਹੀ ਕੀਤਾ ਜਾਂਦਾ । ਵਰਨਾ ਇਹ ਮਸਲੇ ਜਿਊ ਦੇ ਤਿਊ ਖੜ੍ਹੇ ਰਹਿਣਗੇ । ਕਿਉਂਕਿ ਆਉਣ ਵਾਲੇ ਸਮੇ ਵਿਚ ਸਿੱਖਾਂ ਨੇ ਆਪਣੇ ਇਲਾਕਿਆ ਨੂੰ ਪ੍ਰਾਪਤ ਕਰਨ ਲਈ ਜੱਦੋ ਜਹਿਦ ਦੀ ਫ਼ਤਹਿ ਕਰਨੀ ਹੈ ਅਤੇ ਇਹ ਮਸਲੇ ਸਿੱਖਾਂ ਤੋ ਬਗੈਰ ਹੱਲ ਨਹੀ ਹੋ ਸਕਣਗੇ ।