ਇੰਡੀਆ ਵਿਚ ਘੱਟ ਗਿਣਤੀਆਂ ‘ਤੇ ਨਿਰੰਤਰ ਹਮਲੇ ਹੁੰਦੇ ਆ ਰਹੇ ਹਨ ਜੋ ਕਿ ਇਥੇ ਬਿਲਕੁਲ ਵੀ ਸੁਰੱਖਿਅਤ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 16 ਮਾਰਚ ( ) “ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਰੰਘਰੇਟੇ, ਕਬੀਲੇ, ਆਦਿਵਾਸੀ ਆਦਿ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ । ਕਿਉਂਕਿ ਇਨ੍ਹਾਂ ਉਤੇ ਨਿਰੰਤਰ ਸਾਜਸੀ ਢੰਗ ਨਾਲ ਹਮਲੇ ਹੁੰਦੇ ਆ ਰਹੇ ਹਨ ਅਤੇ ਇਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਰੰਤਰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਅਤੇ ਕੱਟੜਵਾਦੀ ਸੋਚ ਅਧੀਨ ਸਭ ਵਿਧਾਨਿਕ ਅਤੇ ਕਾਨੂੰਨੀ ਕਦਰਾਂ-ਕੀਮਤਾਂ ਹੁਕਮਰਾਨਾਂ ਵੱਲੋਂ ਛਿੱਕੇ ਟੰਗਕੇ ਇਨ੍ਹਾਂ ਨਾਲ ਬੇਇਨਸਾਫ਼ੀਆਂ, ਵਿਤਕਰੇ ਅਤੇ ਜ਼ਬਰ-ਜੁਲਮ ਜਾਰੀ ਹੈ । ਇਸ ਲਈ ਸਮੁੱਚੀਆਂ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ ਆਦਿ ਸਭ ਨੂੰ ਆਪਣੇ ਸਮਾਜਿਕ, ਵਿਧਾਨਿਕ, ਧਾਰਮਿਕ ਹੱਕਾਂ ਦੀ ਹਿਫਾਜਤ ਲਈ ਸਮੂਹਿਕ ਤੌਰ ਤੇ ਇਕੱਤਰ ਵੀ ਹੋਣਾ ਪਵੇਗਾ ਅਤੇ ਜਮਹੂਰੀਅਤ ਤੇ ਅਮਨਮਈ ਲੀਹਾਂ ਉਤੇ ਹਕੂਮਤੀ ਦਹਿਸਤਗਰਦੀ ਵਿਰੁੱਧ ਸੰਘਰਸ਼ ਵੀ ਕਰਨਾ ਪਵੇਗਾ । ਜਿੰਨੀ ਜਲਦੀ ਇਹ ਸਭ ਇਕੱਤਰ ਹੋ ਜਾਣਗੇ, ਓਨਾ ਹੀ ਇਨ੍ਹਾਂ ਉਤੇ ਸਰੀਰਕ, ਧਾਰਮਿਕ ਤੇ ਸਮਾਜਿਕ ਹਮਲੇ ਹੋਣੇ ਬੰਦ ਹੋ ਜਾਣਗੇ । ਇਸ ਲਈ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਇਕਦਮ ਆਪਣੀ ਜਿੰਦਗੀ ਨੂੰ ਸਹੀ ਢੰਗ ਨਾਲ ਜਿਊਂਣ ਅਤੇ ਹੁਕਮਰਾਨਾਂ ਨੂੰ ਇਨਸਾਫ਼ ਲੈਣ ਲਈ ਇਕ ਪਲੇਟਫਾਰਮ ਤੇ ਇਕੱਤਰ ਹੋ ਜਾਣਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਨਾਗਪੁਰ ਵਿਖੇ ਇੰਡੀਆ ਦੇ ਹੁਕਮਰਾਨਾਂ ਦੀ ਏਜੰਸੀ ਈ.ਡੀ. ਵੱਲੋਂ ਇਸਾਈਆ ਦੇ ਇਕ ਗਿਰਜਾਘਰ ਉਤੇ ਛਾਪਾ ਮਾਰਨ ਦੀ ਵੱਡੀ ਵਿਤਕਰੇ ਭਰੀ ਕਾਰਵਾਈ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਮੌਜੂਦਾ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨਾਂ ਨੂੰ ਕੌਮਾਂਤਰੀ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਇਹ ਕਦੀ ਸਿੱਖ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਈਰਖਾਵਾਦੀ ਤੇ ਮੰਦਭਾਵਨਾ ਸੋਚ ਅਧੀਨ ਹਮਲੇ ਕਰਕੇ ਢਹਿ-ਢੇਰੀ ਕਰ ਦਿੰਦੇ ਹਨ। ਸਿੱਖਾਂ ਦਾ ਕਤਲੇਆਮ ਤੇ ਨਸਲਕੁਸੀ ਕਰ ਦਿੰਦੇ ਹਨ । ਕਦੀ ਦਿਨ ਦਿਹਾੜੇ ਗੈਤੀਆ, ਹਥੌੜਿਆ ਤੇ ਹੋਰ ਤੇਜ ਹਥਿਆਰ ਲੈਕੇ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋ ਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰ ਦਿੰਦੇ ਹਨ ਅਤੇ ਉਥੇ ਆਪਣੀ ਬਹੁਗਿਣਤੀ ਤਾਕਤ ਨਾਲ ਜ਼ਬਰੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਦੁਰਵਰਤੋ ਕਰਕੇ ਰਾਮ ਮੰਦਰ ਬਣਾਉਣ ਦੇ ਹੱਕ ਵਿਚ ਫੈਸਲਾ ਕਰਵਾਕੇ ਰਾਮ ਮੰਦਰ ਬਣਾ ਦਿੰਦੇ ਹਨ । ਕਰਨਾਟਕਾ ਤੇ ਊੜੀਸਾ ਵਿਚ ਇਸਾਈਆ ਦੇ ਗਿਰਜਾਘਰਾਂ ਉਤੇ ਅਤੇ ਉਨ੍ਹਾਂ ਦੀਆਂ ਨਨਜ਼ਾਂ ਉਤੇ ਹਮਲੇ ਕਰਕੇ ਜ਼ਬਰ ਕਰਦੇ ਹਨ । ਬੀਤੇ ਸਮੇ ਵਿਚ ਆਸਟ੍ਰੇਲੀਅਨ ਇਸਾਈ ਪ੍ਰਚਾਰ ਸ੍ਰੀ ਗ੍ਰਾਹਮ ਸਟੇਨਜ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਸਫਰ ਕਰਦਿਆ ਘੇਰਕੇ ਅੱਗ ਲਗਾਕੇ ਵੈਹਸੀਆਨਾ ਢੰਗ ਨਾਲ ਤੇਲ ਛਿੜਕੇ ਜਲਾ ਦਿੰਦੇ ਹਨ । ਕਦੀ ਆਦਿਵਾਸੀਆ ਉਤੇ ਭਾਰੀ ਫੋਰਸਾਂ ਤੇ ਅਸਲੇ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲੇਆਮ ਕਰਦੇ ਹਨ । ਗੁਜਰਾਤ ਵਿਚ ਦੰਗਿਆ ਦਾ ਨਾਮ ਦੇ ਕੇ ਸਾਜਸੀ ਢੰਗ ਨਾਲ 2002 ਵਿਚ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੀਆਂ ਔਰਤਾਂ ਨਾਲ ਜ਼ਬਰ-ਜ਼ਨਾਹ ਕੀਤੇ ਗਏ, 2013 ਵਿਚ ਗੁਜਰਾਤ ਵਿਚ ਘੱਟ ਗਿਣਤੀ ਸਿੱਖ ਕੌਮ ਨਾਲ ਸੰਬੰਧਤ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਉਨ੍ਹਾਂ ਦੀਆਂ ਜਮੀਨਾਂ ਖੋਹਕੇ ਬੇਜਮੀਨੇ ਅਤੇ ਬੇਘਰ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀ ਕੀਤਾ ਗਿਆ । ਗਊ ਰਖਸਕ ਰੋਜਾਨਾ ਹੀ ਮੁਲਕ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਘੱਟ ਗਿਣਤੀ ਕੌਮਾਂ ਉਤੇ ਗਊਆਂ ਦਾ ਵਪਾਰ ਕਰਨ ਦਾ ਬਹਾਨਾ ਬਣਾਕੇ ਜਾਨਲੇਵਾ ਹਮਲੇ ਕਰਦੇ ਹਨ । ਸਾਡੇ ਹਰਿਆਣਾ ਦੇ ਯੂਥ ਵਿੰਗ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਜਦੋ ਅਜਿਹੀ ਦੁੱਖਦਾਇਕ ਘਟਨਾ ਤੋ ਪੀੜ੍ਹਤ ਲੋਕਾਂ ਨੂੰ ਮਿਲਕੇ ਵਾਪਸ ਕਰਨਾਲ ਆ ਰਹੇ ਸਨ ਤਾਂ ਇਨ੍ਹਾਂ ਗਊ ਰਖਸਕਾਂ ਵੱਲੋ ਉਨ੍ਹਾਂ ਦੀ ਗੱਡੀ ਉਤੇ ਹਮਲਾ ਕਰਕੇ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਉਸ ਸੰਬੰਧ ਵਿਚ ਹਰਿਆਣਾ ਪੁਲਿਸ ਵੱਲੋ 307 ਦਾ ਕੇਸ ਵੀ ਦਰਜ ਨਹੀ ਕੀਤਾ ਗਿਆ । ਇਹ ਸਭ ਹਕੂਮਤੀ ਸਰਪ੍ਰਸਤੀ ਅਤੇ ਘੱਟ ਗਿਣਤੀ ਕੌਮਾਂ ਪ੍ਰਤੀ ਮੰਦਭਾਵਨਾ ਦਾ ਸਿੱਟਾ ਹੈ ।

ਇਥੇ ਹੀ ਬਸ ਨਹੀ ਇਥੋ ਦੇ ਵਿਧਾਨ ਤੇ ਕਾਨੂੰਨ ਨੂੰ ਆਪਣੀਆ ਇਛਾਵਾ ਤੇ ਮਰਜੀ ਨਾਲ ਤਰੋੜ-ਮਰੋੜਕੇ ਆਪਣੇ ਪੱਖ ਵਿਚ ਫੈਸਲੇ ਕੀਤੇ ਜਾ ਰਹੇ ਹਨ ਜਿਵੇਕਿ ਜੰਮੂ-ਕਸ਼ਮੀਰ ਦਾ ਜੋ ਸੂਬਾ ਆਜਾਦ ਸੂਬੇ ਵੱਜੋ ਵਿਧਾਨ ਦੀ ਧਾਰਾ 370 ਅਤੇ ਆਰਟੀਕਲ 35ਏ ਰਾਹੀ ਖੁਦਮੁਖਤਿਆਰੀ ਪ੍ਰਾਪਤ ਸੀ, ਉਸ ਤੋ ਇਹ ਵਿਧਾਨਿਕ ਹੱਕ ਖੋਹਕੇ ਸਾਰੇ ਕਾਨੂੰਨ ਰੱਦ ਕਰ ਦਿੱਤੇ ਗਏ ਹਨ ਅਤੇ ਜੰਮੂ-ਕਸਮੀਰ ਨੂੰ ਯੂ.ਟੀ ਐਲਾਨ ਦਿੱਤਾ ਗਿਆ ਹੈ । ਉਨ੍ਹਾਂ ਉਤੇ ਹਰ ਤਰ੍ਹਾਂ ਦਾ ਤਸੱਦਦ-ਜੁਲਮ ਢਾਹੁਣ ਲਈ ਕਾਲਾ ਕਾਨੂੰਨ ਅਫਸਪਾ ਉਥੇ ਲਾਗੂ ਕੀਤਾ ਗਿਆ ਹੈ । ਜਿਸ ਅਨੁਸਾਰ ਇਥੋ ਦੀਆਂ ਫੋਰਸਾਂ, ਪੁਲਿਸ, ਫ਼ੌਜ ਉਨ੍ਹਾਂ ਨੂੰ ਕਿਸੇ ਵੀ ਸਮੇਂ ਉਠਾਕੇ ਲਿਜਾ ਸਕਦੀ ਹੈ, ਉਨ੍ਹਾਂ ਉਤੇ ਤਸੱਦਦ ਕਰਕੇ ਲੱਤ-ਬਾਹ ਤੋੜ ਸਕਦੀ ਹੈ, ਜ਼ਬਰ-ਜ਼ਨਾਹ ਹੋ ਸਕਦਾ ਹੈ, ਅਗਵਾਹ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਸਰੀਰਕ ਤੌਰ ਤੇ ਖ਼ਤਮ ਵੀ ਕੀਤਾ ਜਾ ਸਕਦਾ ਹੈ । ਇਹ ਪ੍ਰਤੱਖ ਤੌਰ ਤੇ ਘੱਟ ਗਿਣਤੀਆ ਨਾਲ ਬੇਇਨਸਾਫ਼ੀਆਂ, ਜ਼ਬਰ ਹੈ । ਅਸੀ ਪੁੱਛਣਾ ਚਾਹਵਾਂਗੇ ਕਿ ਇੰਡੀਆ ਵਿਚ ਇਥੋ ਦੇ ਹੁਕਮਰਾਨ ਇਹ ਜ਼ਮਹੂਰੀਅਤ ਅਤੇ ਅਮਨ ਵਾਲੀਆ ਲੀਹਾਂ ਦਾ ਉਲੰਘਣ ਕਰਕੇ ਕੀ ਕਰ ਰਹੇ ਹਨ ਅਤੇ ਕੌਮਾਂਤਰੀ ਪੱਧਰ ਤੇ ਇੰਡੀਆ ਦੇ ਮੱਥੇ ਉਤੇ ਇਹ ਕਾਲਾ ਧੱਬਾ ਲਗਾਉਣ ਦਾ ਹੁਕਮਰਾਨਾਂ ਦਾ ਕੀ ਮਕਸਦ ਹੈ ? ਉਨ੍ਹਾਂ ਇਸ ਗੱਲ ਤੇ ਵੀ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜੋ ਇੰਡੀਆ ਦਾ ਮੁਤੱਸਵੀ ਮੀਡੀਆ ਹੈ, ਵਿਸੇਸ ਤੌਰ ਤੇ ਅੰਗਰੇਜ਼ੀ ਦੀਆਂ ਅਖਬਾਰਾਂ ਦਾ ਟ੍ਰਿਬਿਊਨ, ਟਾਈਮਜ਼ ਆਫ ਇੰਡੀਆ, ਹਿੰਦੂਸਤਾਨ ਟਾਈਮਜ, ਇੰਡੀਅਨ ਐਕਸਪ੍ਰੈਸ, ਪਾਈਨੀਅਰ, ਦਾ ਹਿੰਦੂ ਆਦਿ ਸਿੱਖ ਸਿਆਸਤਦਾਨਾਂ ਦੇ ਸੰਬੰਧੀ ਖਬਰਾਂ ਪ੍ਰਕਾਸਿਤ ਕਰਦੇ ਸਮੇਂ ਉਨ੍ਹਾਂ ਦੇ ਉਹ ਨਾਮ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡੇ ਸੰਘਰਸ਼ ਅਤੇ ਲੜਾਈਆ ਲੜਨ ਉਪਰੰਤ ਖ਼ਾਲਸੇ ਦੀ ਸਾਜਨਾ ਕਰਦੇ ਸਮੇ ‘ਸਿੰਘ’ ਅਤੇ ‘ਕੌਰ’ ਨਾਮ ਦਿੱਤੇ ਸੀ, ਉਨ੍ਹਾਂ ਦੇ ਨਾਵਾਂ ਨਾਲੋ ਸਿੰਘ ਅਤੇ ਕੌਰ ਕੱਟਕੇ ਖ਼ਬਰਾਂ ਪ੍ਰਕਾਸਿਤ ਕੀਤੀਆ ਜਾ ਰਹੀਆ ਹਨ ਜੋ ਕਿ ਸਰਦਾਰਾਂ ਅਤੇ ਸਰਦਾਰਨੀਆਂ ਦੀ ਸਿੱਖ ਕੌਮ ਦੇ ਵੱਡਮੁੱਲੇ ਨਿਯਮਾਂ, ਅਸੂਲਾਂ ਦਾ ਅਪਮਾਨ ਕਰਨ ਅਤੇ ਸਾਡੀ ਕੌਮਾਂਤਰੀ ਪੱਧਰ ਤੇ ਸਿੰਘ ਅਤੇ ਕੌਰ ਦੇ ਰਾਹੀ ਬਣੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ । ਅਜਿਹਾ ਵੀ ਹੁਕਮਰਾਨਾਂ ਦੀ ਸਾਜਿਸ ਦੀ ਬਦੌਲਤ ਹੀ ਕੀਤਾ ਜਾ ਰਿਹਾ ਹੈ । ਅਜਿਹੀਆ ਵਿਤਕਰੇ ਭਰੀਆ ਕਾਰਵਾਈਆ ਅਤੇ ਜ਼ਬਰ-ਜੁਲਮ ਇੰਡੀਆ ਵਿਧਾਨ ਦੀ ਧਾਰਾ 14, 19, 21 ਦੀ ਘੋਰ ਉਲੰਘਣਾ ਹੈ ਜਿਸ ਰਾਹੀ ਇੰਡੀਅਨ ਵਿਧਾਨ ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ-ਅਧਿਕਾਰ ਤਾਂ ਦਿੰਦਾ ਹੀ ਹੈ, ਲੇਕਿਨ ਉਨ੍ਹਾਂ ਨੂੰ ਆਪਣੀ ਆਜਾਦੀ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋ ਵਿਚਾਰ ਪ੍ਰਗਟ ਕਰਨ, ਉਨ੍ਹਾਂ ਨੂੰ ਲਿਖਤੀ ਰੂਪ ਦੇਣ, ਆਪਣੀਆ ਇਕੱਤਰਤਾਵਾ ਕਰਨ ਅਤੇ ਕਿਸੇ ਬੇਇਨਸਾਫ਼ੀ ਵਿਰੁੱਧ ਰੋਸ ਵਿਖਾਵੇ ਕਰਨ ਦੀ ਖੁੱਲ੍ਹ ਦਿੰਦਾ ਹੈ ਅਤੇ ਧਾਰਾ 21 ਜੋ ਮੁਲਕ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵੀ ਨਾਗਰਿਕ ਵੱਲੋ ਵਿਚਰਣ ਤੇ ਬਿਨ੍ਹਾਂ ਕਿਸੇ ਡਰ-ਭੈ ਤੋ ਕਿਸੇ ਵੀ ਸਥਾਂਨ ਤੇ ਜਾ ਕੇ ਵੱਸਣ ਅਤੇ ਜਿੰਦਗੀ ਜਿਊਂਣ ਦੇ ਹੱਕ ਪ੍ਰਦਾਨ ਕਰਦੀ ਹੈ । ਸਿੱਖ ਕੌਮ ਅਜਿਹੀਆ ਹਕੂਮਤੀ ਵਿਤਕਰੇ ਭਰੀਆ ਕਾਰਵਾਈਆ ਨੂੰ ਬਿਲਕੁਲ ਸਹਿਣ ਨਹੀ ਕਰੇਗੀ । ਬਿਹਤਰ ਇਹੀ ਹੋਵੇਗਾ ਕਿ ਹੁਕਮਰਾਨ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਵਿਤਕਰਿਆ, ਬੇਇਨਸਾਫ਼ੀਆਂ, ਜ਼ਬਰ ਜੁਲਮ ਤੋ ਤੋਬਾ ਕਰਕੇ ਉਨ੍ਹਾਂ ਨੂੰ ਬਰਾਬਰ ਦੇ ਸਹਿਰੀ ਪ੍ਰਵਾਨ ਕਰਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋ ਅਮਨਮਈ ਢੰਗ ਨਾਲ ਜਿੰਦਗੀ ਜਿਊਂਣ ਅਤੇ ਅੱਗੇ ਵੱਧਣ ਦੇ ਹੱਕ ਪ੍ਰਦਾਨ ਕਰਨ ।

Leave a Reply

Your email address will not be published. Required fields are marked *