ਲੋਕ ਸਭਾ ਹਲਕਾ ਸੰਗਰੂਰ ਦੇ, ਪੰਜਾਬ ਅਤੇ ਬਾਹਰਲੇ ਮੁਲਕਾਂ ਦੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਆਤਮਾ ਦੀ ਗਹਿਰਾਈਆ ‘ਚੋ ਧੰਨਵਾਦ : ਮਾਨ

ਫ਼ਤਹਿਗੜ੍ਹ ਸਾਹਿਬ, 27 ਜੂਨ ( ) “ਜਿਸ ਸਿੱਦਤ, ਦ੍ਰਿੜਤਾ ਅਤੇ ਇਮਾਨਦਾਰੀ ਨਾਲ ਲੋਕ ਸਭਾ ਹਲਕਾ ਸੰਗਰੂਰ ਦੀ ਸਮੁੱਚੇ ਵਰਗਾਂ ਦੇ ਨਿਵਾਸੀਆ, ਵੋਟਰਾਂ, ਸਮੁੱਚੇ ਪੰਜਾਬ ਸੂਬੇ ਅਤੇ ਬਾਹਰਲੇ ਮੁਲਕਾਂ ਵਿਚ ਸੱਚ ਉਤੇ ਪਹਿਰਾ ਦੇਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਹੋਈ ਜਿਮਨੀ ਚੋਣ ਵਿਚ ਦਿਨ-ਰਾਤ ਇਕ ਕਰਕੇ ਮੈਨੂੰ ਅਤੇ ਪਾਰਟੀ ਨੂੰ ਆਪਣੀਆ ਬਹੁਕੀਮਤੀ ਵੋਟਾਂ ਪਾ ਕੇ ਅਤੇ ਫੋਨਾਂ ਤੇ ਹੋਰ ਸਾਧਨਾਂ ਰਾਹੀ ਸੁਨੇਹੇ ਦੇ ਕੇ 3 ਵੱਡੀਆ ਤਾਕਤਾਂ ਮੋਦੀ ਹਕੂਮਤ, ਦਿੱਲੀ ਦੀ ਕੇਜਰੀਵਾਲ ਹਕੂਮਤ ਅਤੇ ਪੰਜਾਬ ਦੀ ਪਵਿੱਤਰ ਧਰਤੀ ਤੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਕਾਬਜ ਹੋਈ ਭਗਵੰਤ ਸਿੰਘ ਮਾਨ ਦੀ ਹਕੂਮਤ ਨੂੰ ਹਾਰ ਦੇ ਕੇ ਅਤੇ ਸਾਨੂੰ ਸ਼ਾਨ ਨਾਲ ਜਿਤਾਕੇ ਕੌਮਾਂਤਰੀ ਪੱਧਰ ਤੇ ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖੀਲੀ ਅਤੇ ਨਿਰਾਲੀ ਸੋਚ ਨੂੰ ਸਹੀ ਦਿਸ਼ਾ ਵੱਲ ਉਜਾਗਰ ਕੀਤਾ ਹੈ । ਉਸ ਨਿਭਾਈ ਗਈ ਵੱਡੀ ਜਿ਼ੰਮੇਵਾਰੀ ਲਈ ਅਸੀ ਉਪਰੋਕਤ ਸਭ ਵਰਗਾਂ ਦਾ ਮੈਂ ਆਪਣੇ ਵੱਲੋ ਅਤੇ ਸਮੁੱਚੀ ਪਾਰਟੀ ਵੱਲੋ ਤਹਿ ਦਿਲੋ ਆਤਮਾ ਦੀਆਂ ਗਹਿਰਾਈਆ ਵਿਚੋ ਧੰਨਵਾਦ ਕਰਦੇ ਹਾਂ, ਉਥੇ ਉਸ ਅਕਾਲ ਪੁਰਖ, ਅੱਲ੍ਹਾਤਾਲਾ, ਖੁੱਦਾ, ਪ੍ਰਮਾਤਮਾ ਉਸ ਅਦੁੱਤੀ ਸ਼ਕਤੀ ਦਾ ਸੁਕਰਾਨਾ ਵੀ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਅਤਿ ਅਹਿਮ ਘੜੀ ਵਿਚ ਦ੍ਰਿੜਤਾ ਅਤੇ ਸੱਚ ਉਤੇ ਪਹਿਰਾ ਦੇਣ ਦੀ ਸ਼ਕਤੀ ਬਖਸੀ ਅਤੇ ਪੰਜਾਬ ਸੂਬੇ, ਸਿੱਖ ਕੌਮ ਨਾਲ ਧੌਖਾ ਕਰਨ ਵਾਲੀਆ ਸ਼ਕਤੀਆ ਨੂੰ ਨਮੋਸ਼ੀ ਭਰੀ ਹਾਰ ਬਖਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਲੋਕ ਸਭਾ ਹਲਕੇ ਦੀ ਹੋਈ ਜਿਮਨੀ ਚੋਣ ਉਤੇ ਸੰਗਰੂਰ ਨਿਵਾਸੀਆ, ਸਮੁੱਚੇ ਪੰਜਾਬੀਆਂ ਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਸਭ ਪੰਜਾਬ ਦੇ ਨਿਵਾਸੀਆ ਵੱਲੋਂ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮੇਰੀ ਜਿੱਤ ਲਈ ਕੀਤੇ ਗਏ ਵੱਡੇ ਉੱਦਮਾਂ ਲਈ ਸਮੁੱਚੇ ਵਰਗਾਂ, ਪੰਜਾਬੀਆਂ ਤੇ ਸਿੱਖ ਕੌਮ ਦਾ ਧੰਨਵਾਦ ਕਰਦੇ ਹੋਏ ਅਤੇ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸ਼ਕਤੀ ਵੀ ਮੈਨੂੰ ਅਤੇ ਮੇਰੀ ਪਾਰਟੀ ਨੂੰ ਉਸ ਅਕਾਲ ਪੁਰਖ ਨੇ ਹੀ ਬਖਸਿ਼ਸ਼ ਕੀਤੀ ਹੋਈ ਹੈ ਕਿ ਅਸੀ ਸੀਮਤ ਸਾਧਨਾਂ ਦੇ ਹੁੰਦੇ ਹੋਏ ਵੀ ਬੀਤੇ ਲੰਮੇ ਸਮੇ ਤੋ ਇਥੋ ਦੀਆਂ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਤਾਕਤਾਂ ਬੀਜੇਪੀ-ਆਰ.ਐਸ.ਐਸ. ਬਾਦਲ ਦਲ, ਆਮ ਆਦਮੀ ਪਾਰਟੀ ਅਤੇ ਫਿਰਕੂ ਸੰਗਠਨਾਂ ਤੇ ਹਿੰਦੂ ਹੁਕਮਰਾਨਾਂ ਵਿਰੁੱਧ ਬਿਨ੍ਹਾਂ ਕਿਸੇ ਡਰ-ਭੈ ਤੋ ਅਡੋਲ ਜੂਝਦੇ ਆ ਰਹੇ ਹਾਂ ਅਤੇ ਆਪਣੇ ਮਿੱਥੇ ਨਿਸਾਨੇ ਦੀ ਪ੍ਰਾਪਤੀ ਲਈ ਹਰ ਪਲ, ਹਰ ਦਿਨ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਮੰਜਿਲ ਵੱਲ ਵੱਧ ਰਹੇ ਹਾਂ । ਸ. ਮਾਨ ਨੇ ਕਿਹਾ ਕਿ ਐਨੀਆ ਵੱਡੀਆ ਹਕੂਮਤੀ ਤਾਕਤਾਂ, ਸਿਆਸੀ ਤਾਕਤ, ਧਨ-ਦੌਲਤਾਂ ਦੀਆਂ ਮਾਲਕ ਸ਼ਕਤੀਆ ਨਾਲ ਆਢਾ ਲਿਆ ਹੋਇਆ ਹੈ, ਇਹ ਸ਼ਕਤੀ ਵੀ ਆਪ ਸਭ ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਦੀਆਂ ਅਰਦਾਸ਼ਾਂ ਸਦਕਾ ਸਾਡੇ ਕੋਲ ਭਰਪੂਰ ਹੈ । ਇਸ ਹੋਈ ਜਿੱਤ ਉਤੇ ਜਿਥੇ ਅਸੀ ਵੱਡੀ ਖੁਸ਼ੀ ਮਹਿਸੂਸ ਕਰ ਰਹੇ ਹਾਂ, ਉਥੇ ਅਸੀ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਇਹ ਜਿੱਤ ਦੇ ਕੇ ਸਾਡੇ ਉਤੇ ਪਾਈ ਗਈ ਵੱਡੀ ਜਿ਼ੰਮੇਵਾਰੀ ਦੇ ਅਹਿਸਾਸ ਨੂੰ ਵੀ ਆਪਣੇ ਜਹਿਨ ਵਿਚ ਰੱਖਦੇ ਹੋਏ ਅਗਲੀ ਰਣਨੀਤੀ ਅਤੇ ਵਿਊਤਬੰਦੀ ਵੀ ਕਰ ਰਹੇ ਹਾਂ । ਤਾਂ ਕਿ ਕੇਵਲ ਸੰਗਰੂਰ ਨਿਵਾਸੀਆ ਦੇ ਇਸ ਸਹਿਯੋਗ ਨਾਲ ਹੀ ਨਹੀ ਬਲਕਿ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਸੰਜ਼ੀਦਗੀ ਭਰੇ ਸਹਿਯੋਗ ਨਾਲ ਇਸ ਡੇਢ ਸਾਲ ਦੇ ਮਿਲੇ ਸਮੇ ਦੇ ਇਕਪਲ ਨੂੰ ਵੀ ਅਜਾਈ ਨਹੀ ਜਾਣ ਦੇਵਾਂਗੇ । ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਹਰ ਖੇਤਰ ਵਿਚ ਕੀਤੀਆ ਜਾਂਦੀਆ ਆ ਰਹੀਆ ਬੇਇਨਸਾਫ਼ੀਆਂ, ਵਿਤਕਰੇ, ਜ਼ਬਰ ਜੁਲਮ ਦੀ ਆਵਾਜ ਨੂੰ ਆਪ ਸਭਨਾਂ ਦੀ ਆਵਾਜ ਬਣਕੇ ਪਹਿਲੇ ਦੀ ਤਰ੍ਹਾਂ ਕੇਵਲ ਪਾਰਲੀਮੈਟ ਵਿਚ ਹੀ ਨਹੀ ਉਠਾਵਾਗੇ, ਬਲਕਿ ਇਸਨੂੰ ਪੰਜਾਬ ਸੂਬੇ ਅਤੇ ਕੌਮਾਂਤਰੀ ਪੱਧਰ ਦੀ ਲਹਿਰ ਬਣਾਕੇ, ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁੰਦੀ ਆ ਰਹੀ ਬੇਇਨਸਾਫ਼ੀ ਨੂੰ ਖਤਮ ਕਰਵਾਕੇ ਅਤੇ ਇਥੇ ਉਪਰੋਕਤ ਸਭ ਪੰਜਾਬ ਵਿਰੋਧੀ ਹਿੰਦੂਤਵ ਤਾਕਤਾਂ ਨੂੰ ਸਿਆਸੀ ਵਲਗਣਾ ਤੋ ਖਤਮ ਕਰਕੇ ਪੰਜਾਬੀਆ ਤੇ ਸਿੱਖ ਕੌਮ ਦਾ ਆਪਣਾ ਰਾਜ ਪ੍ਰਬੰਧ ਕਾਇਮ ਕਰਨ ਤੱਕ ਇਸੇ ਤਰ੍ਹਾਂ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਸੰਘਰਸ਼ ਕਰਾਂਗੇ । ਹਰ ਕੀਮਤ ਤੇ ਇਸ ਸੰਘਰਸ ਨੂੰ ਮੰਜਿਲ ਉਤੇ ਪਹੁੰਚਾਉਣ ਦੀ ਜਿ਼ੰਮੇਵਾਰੀ ਨੂੰ ਪੂਰਨ ਕਰਾਂਗੇ । 

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਵੇ ਸੰਗਰੂਰ ਨਿਵਾਸੀਆ, ਵੋਟਰਾਂ ਨੇ ਅਤੇ ਹਰ ਇਕ ਪੰਜਾਬੀ ਤੇ ਸਿੱਖ ਨੇ ਇਸ ਮਕਸਦ ਦੀ ਪ੍ਰਾਪਤੀ ਲਈ ਆਪੋ ਆਪਣੀ ਇਖਲਾਕੀ ਜਿ਼ੰਮੇਵਾਰੀ ਸਮਝਕੇ ਦਾਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕੀਤਾ ਹੈ, ਉਸੇ ਤਰ੍ਹਾਂ ਸਮੁੱਚੇ ਪੰਜਾਬ ਦੀ ਅਤੇ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ ਦੀ ਬਿਹਤਰੀ ਲਈ ਸਹੀ ਰਾਜ ਪ੍ਰਬੰਧ ਕਾਇਮ ਕਰਨ ਲਈ ਨਿਰੰਤਰ ਸਹਿਯੋਗ ਕਰਦੇ ਰਹੋਗੇ । ਇਹ ਸਾਡਾ ਵਾਅਦਾ ਹੈ ਕਿ ਅਸੀ ਆਪਣੇ ਕੀਤੇ ਗਏ ਬਚਨ ਅਨੁਸਾਰ ਇਸ ਦੁਨੀਆ ਤੋ ਸਰੂਖਰ ਹੋਣ ਤੋ ਪਹਿਲੇ-ਪਹਿਲੇ ਇਹ ਸਮਾਜਿਕ, ਇਖਲਾਕੀ ਅਤੇ ਇਨਸਾਨੀ ਜਿ਼ੰਮੇਵਾਰੀ ਨੂੰ ਪੂਰਨ ਕਰਨ ਦੀ ਹਰ ਸੰਭਵ ਕੋਸਿ਼ਸ਼ ਕਰਾਂਗੇ ।

Leave a Reply

Your email address will not be published. Required fields are marked *