ਬਾਦਲ ਦਲੀਏ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਪਹਿਲਾ ਵੀ ਧੋਖੇ-ਫਰੇਬ ਕਰਦੇ ਆਏ ਹਨ ਅਤੇ ਅੱਜ ਵੀ ਕਰ ਰਹੇ ਹਨ, ਸਿੱਖ ਕੌਮ ਇਨ੍ਹਾਂ ਵਿਰੁੱਧ ਰੋਸ਼ ਜਾਰੀ ਰੱਖੇ : ਮਾਨ

ਫ਼ਤਹਿਗੜ੍ਹ ਸਾਹਿਬ, 23 ਜੂਨ ( ) “ਸ. ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ 03 ਜੂਨ ਨੂੰ ਮੇਰੀ ਰਿਹਾਇਸ਼ ਸੰਗਰੂਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਮੁੱਖ ਰੱਖਕੇ ਅਤੇ ਖ਼ਾਲਸਾ ਪੰਥ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਲਈ ਇਕ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਤੇ ਵਿਚਾਰਾਂ ਕਰਨ ਆਏ ਸਨ । ਕਿਉਂਕਿ ਮੇਰੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੇ ਇਕ ਹਫਤਾ ਪਹਿਲੇ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਪੀ.ਏ.ਸੀ ਦੀ ਮੀਟਿੰਗ ਵਿਚ ਮੈਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਦਾ ਸਰਬਸੰਮਤੀ ਨਾਲ ਫੈਸਲਾ ਕਰ ਦਿੱਤਾ ਸੀ । ਪਰ ਫਿਰ ਵੀ ਮੈਂ ਉਨ੍ਹਾਂ ਨੂੰ ਸੁਝਾਅ ਰੱਖਿਆ ਸੀ ਕਿ ਜੇਕਰ ਅਕਾਲੀ ਦਲ ਬਾਦਲ, ਦਮਦਮੀ ਟਕਸਾਲ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਜੇਲ੍ਹਾਂ ਵਿਚ ਬੰਦੀ ਸਿੰਘਾਂ ਵਿਚੋਂ ਉਪਰੋਕਤ ਅਹੁਦਿਆ ਉਤੇ ਲਗਾ ਦਿੱਤੇ ਜਾਣ, ਭਾਵੇ ਮੈਂ ਵੀ ਬੰਦੀ ਸਿੰਘਾਂ ਵਿਚੋਂ ਹਾਂ ਪਰ ਫਿਰ ਵੀ ਇਹ ਸੀਟ ਬੰਦੀ ਸਿੰਘ ਨੂੰ ਦਿੱਤੀ ਜਾ ਸਕਦੀ ਹੈ । ਕਿਉਂਕਿ ਉਨ੍ਹਾਂ ਦੀ ਮੰਦਭਾਵਨਾ ਤਾਂ ਬੰਦੀ ਸਿੰਘਾਂ ਦੇ ਬਹਾਨੇ ਨਾਲ ਦਾਸ ਨੂੰ ਸੰਗਰੂਰ ਲੋਕ ਸਭਾ ਹਲਕੇ ਤੋ ਚੋਣ ਲੜਨ ਤੋਂ ਰੋਕਣਾ ਸੀ । ਜਿਸ ਵਿਚ ਉਹ ਉਸ ਅਕਾਲ ਪੁਰਖ ਦੀ ਕਿਰਪਾ ਅਤੇ ਬਖਸਿ਼ਸ਼ ਸਦਕਾ, ਸਿੱਖ ਕੌਮ ਦੀਆਂ ਭਾਵਨਾਵਾ ਸਦਕਾ ਕਾਮਯਾਬ ਨਹੀ ਹੋ ਸਕੇ । ਇਹ ਆਗੂ ਬੀਤੇ ਲੰਮੇ ਸਮੇ ਤੋਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਰੰਤਰ ਆਪਣੇ ਸਿਆਸੀ ਤੇ ਮਾਲੀ ਹਿੱਤਾ ਦੀ ਪੂਰਤੀ ਲਈ ਧੋਖੇ-ਫਰੇਬ ਕਰਦੇ ਆ ਰਹੇ ਹਨ । ਅੱਜ ਵੀ ਇਨ੍ਹਾਂ ਦੀ ਸੋਚ ਪੰਜਾਬ ਅਤੇ ਸਿੱਖ ਵਿਰੋਧੀ ਹੈ । ਇਸ ਲਈ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਇਨ੍ਹਾਂ ਦੀਆਂ ਹੁਕਮਰਾਨਾਂ ਨਾਲ ਸਾਂਝੀਆ ਸਾਜਿ਼ਸਾਂ ਤੋਂ ਜਿਥੇ ਸੁਚੇਤ ਰਹਿਣ, ਉਥੇ ਇਨ੍ਹਾਂ ਦੀਆਂ ਕਾਰਵਾਈਆ ਉਤੇ ਬਿਲਕੁਲ ਵਿਸਵਾਸ ਨਾ ਕਰਨ । ਜੋ ਇਨ੍ਹਾਂ ਨੇ ਬੀਤੀ ਰਾਤ ਸਮੁੱਚੀ ਕੌਮ ਤੇ ਪੰਜਾਬੀਆਂ ਨਾਲ ਧੋਖਾ ਕਰਦੇ ਹੋਏ ਮੇਰੀ ਪਾਰਟੀ ਦੇ ਲੈਟਰਪੈਡ ਕਾਪੀ ਦੀ ਦੁਰਵਰਤੋ ਕਰਦੇ ਹੋਏ ਪੰਜਾਬੀ ਵਿਚ ਬੀਬੀ ਕਮਲਦੀਪ ਕੌਰ ਦੇ ਹੱਕ ਵਿਚ ਬੈਠਣ ਦੀ ਝੂਠੀ ਗੁੰਮਰਾਹਕੁੰਨ ਅਪੀਲ ਕੀਤੀ ਹੈ, ਇਹ ਇਨ੍ਹਾਂ ਨੇ ਇਸ ਧਰਤੀ ਦੇ ਬਸਿੰਦਿਆ ਨਾਲ ਕਦੀ ਵੀ ਨਾ ਮੁਆਫ਼ ਕਰਨ ਵਾਲੀ ਗੁਸਤਾਖੀ ਕੀਤੀ ਹੈ । ਇਸ ਲਈ ਜਦੋ ਵੀ ਇਹ ਆਗੂ ਉਨ੍ਹਾਂ ਦੇ ਇਲਾਕਿਆ ਵਿਚ ਆਉਣ ਤਾਂ ਇਨ੍ਹਾਂ ਦਾ ਕਾਲੀਆ ਝੰਡੀਆਂ ਨਾਲ ਵਿਰੋਧ ਤੇ ਰੋਸ਼ ਵਿਖਾਵਾ ਕੀਤਾ ਜਾਵੇ । ਤਾਂ ਜੋ ਇਹ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਤਰ੍ਹਾਂ ਫਿਰ ਧੋਖਾ ਨਾ ਦੇ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਦਲੀਆ ਵੱਲੋ ਲੰਮੇ ਸਮੇ ਤੋ ਨਿਰੰਤਰ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਕੀਤੇ ਜਾਂਦੇ ਆ ਰਹੇ ਧੋਖਿਆ, ਫਰੇਬ ਅਤੇ ਬੀਤੀ ਰਾਤ ਮੇਰੇ ਦਸਤਖ਼ਤਾਂ ਹੇਠ ਜਾਅਲੀ ਚਿੱਠੀ ਜਾਰੀ ਕਰਨ ਨੂੰ ਵੱਡਾ ਜੁਲਮ ਅਤੇ ਕੌਮ ਨਾਲ ਧੋਖਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ 15 ਦਿਨਾਂ ਤੋਂ ਇਨ੍ਹਾਂ ਬਾਦਲ ਦਲੀਆ ਵੱਲੋ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ, ਆਮ ਆਦਮੀ ਪਾਰਟੀ ਬਾਰੇ ਤਾਂ ਕੁਝ ਨਹੀ ਬੋਲ ਰਹੇ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਨੂੰ ਘਸੀਆ-ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਬਦਨਾਮ ਕਰਨ ਦੀਆਂ ਅਸਫਲ ਕੋਸਿ਼ਸ਼ਾਂ ਕਰਦੇ ਰਹੇ ਹਨ । ਉਨ੍ਹਾਂ ਆਪਣੇ ਜਹਿਨ ਵਿਚ ਉੱਠੀ ਆਵਾਜ ਦਾ ਜਿਕਰ ਕਰਦੇ ਹੋਏ ਕਿਹਾ ਕਿ ਮੈਨੂੰ ਜਾਪਦਾ ਹੈ ਕਿ ਇਹ ਲੋਕ ਅਜਿਹਾ ਇੰਡੀਆਂ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ ਅਤੇ ਹੋਰ ਇਟੈਲੀਜੈਸ ਵਿਭਾਗ ਦੀ ਸਾਜ਼ਸੀ ਸਲਾਹ ਨਾਲ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਕਾਰਵਾਈਆ ਕਰ ਰਹੇ ਹਨ । ਇਥੋ ਤੱਕ ਅੱਜ ਸਵੇਰੇ ਚੋਣ ਪ੍ਰਕਿਰਿਆ ਸੁਰੂ ਹੋਣ ਤੋ ਪਹਿਲੇ-ਪਹਿਲੇ ਬਾਦਲ ਦਲੀਆ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੇ ਕਈ ਵਿਧਾਨ ਸਭਾ ਹਲਕਿਆ ਵਿਚ ਵਹੀਕਲਜ ਉਤੇ ਸਪੀਕਰ ਲਗਾਕੇ ਅਤੇ ਗੁਰੂਘਰਾਂ ਵਿਚ ਇਨ੍ਹਾਂ ਨੇ ਇਹ ਐਲਾਨ ਕਰਵਾਏ ਕਿ ਬਾਦਲ ਦਲ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਮਝੋਤਾ ਹੋ ਗਿਆ ਹੈ ਅਤੇ ਅਸੀ ਇਕੋ ਹੀ ਸਾਂਝੇ ਤੌਰ ਤੇ ਪੋਲਿੰਗ ਬੂਥ ਲਗਾਵਾਂਗੇ ਤਾਂ ਕਿ ਵੋਟਰਾਂ ਨੂੰ ਧੋਖਾ ਦੇ ਸਕਣ । ਪਰ ਦਾਸ ਅਤੇ ਮੇਰੀ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨੇ ਸਹੀ ਸਮੇ ਤੇ ਇਸ ਝੂਠ ਦਾ ਪਰਦਾਫਾਸ ਕਰਦੇ ਹੋਏ ਸੱਚਾਈ ਤੋਂ ਸੰਗਰੂਰ ਲੋਕ ਸਭਾ ਹਲਕੇ ਅਤੇ ਪੰਜਾਬੀਆ ਨੂੰ ਜਾਣੂ ਕਰਵਾਉਣ ਹਿੱਤ ਵੱਡੀ ਗਿਣਤੀ ਵਿਚ ਵੀਡੀਓਜ ਪਾ ਕੇ ਸੋਸਲ ਮੀਡੀਏ ਉਤੇ ਜਾਣਕਾਰੀ ਦੇਣ ਦੀ ਬਦੌਲਤ ਇਨ੍ਹਾਂ ਦੀ ਇਹ ਸਾਜਿਸ ਅਤੇ ਮੰਦਭਾਵਨਾ ਵੀ ਅਸਫਲ ਹੋਈ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਭਰੋਸੇਯੋਗ ਵਸੀਲਿਆ ਤੋ ਇਹ ਜਾਣਕਾਰੀ ਮਿਲੀ ਹੈ ਕਿ ਮੇਰੇ ਦਸਤਖ਼ਤਾਂ ਹੇਠ ਬੀਬੀ ਕਮਲਦੀਪ ਕੌਰ ਦੇ ਹੱਕ ਵਿਚ ਬੈਠਣ ਦਾ ਜਾਰੀ ਕੀਤਾ ਗਿਆ ਝੂਠਾਂ ਪੱਤਰ ਸ. ਕਰਨੈਲ ਸਿੰਘ ਪੀਰਮੁਹੰਮਦ ਅਤੇ ਵਿਰਸਾ ਸਿੰਘ ਵਲਟੋਹਾ ਦੇ ਸ਼ਰਾਰਤੀ ਦਿਮਾਗਾਂ ਦੀ ਕਾਢ ਹੈ । ਇਸ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਅਜਿਹੇ ਆਗੂਆਂ ਦੀਆਂ ਕਾਰਵਾਈਆ ਉਤੇ ਨਜ਼ਰ ਵੀ ਰੱਖਣ ਅਤੇ ਸਮੇਂ-ਸਮੇਂ ਤੇ ਇਨ੍ਹਾਂ ਦੀਆਂ ਆਤਮਾਵਾ ਨੂੰ ਕੌਮੀ ਕਚਹਿਰੀ ਵਿਚ ਖੜ੍ਹਾ ਕਰਨ ਲਈ ਉਦਮ ਵੀ ਕਰਦੇ ਰਹਿਣ । ਭਾਵੇਕਿ ਸਾਡੇ ਸੋਸਲ ਮੀਡੀਆ ਤੇ ਤਕੜਾ ਜੁਆਬ ਦੇਣ ਉਪਰੰਤ ਜਿਸ ਵੀ ਕਿਸੇ ਨੇ ਮੇਰਾ ਝੂਠਾਂ ਪੱਤਰ ਪਾਇਆ ਸੀ, ਉਸਨੂੰ ਡੀਲੀਟ ਕਰ ਦਿੱਤਾ ਗਿਆ । ਪਰ ਆਖਰੀ ਸਮੇ ਤੱਕ ਇਹ ਲੋਕ ਸ਼ਰਾਰਤਾਂ ਕਰਨ ਤੋਂ ਬਾਜ ਨਹੀ ਆਏ । ਜਿਨ੍ਹਾਂ ਨੂੰ ਕੌਮ ਨੂੰ ਸਦਾ ਲਈ ਦੁਰਕਾਰ ਦੇਣਾ ਚਾਹੀਦਾ ਹੈ ਅਤੇ ਖ਼ਾਲਸਾ ਪੰਥ ਦੀ ਸਮੁੱਚੀ ਅਗਵਾਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੋਪਣ ਲਈ ਸੁਹਿਰਦ ਉਦਮ ਕਰਦੇ ਰਹਿਣੇ ਚਾਹੀਦੇ ਹਨ ।

Leave a Reply

Your email address will not be published. Required fields are marked *