ਅਮਰੀਕਾ ਦੇ ਕੈਲੀਫੋਰਨੀਆਂ ਸਟੇਟ ਦੇ ਪ੍ਰਧਾਨ ਸ. ਤਰਸੇਮ ਸਿੰਘ ਖ਼ਾਲਸਾ ਜੀ ਦੇ ਸਤਿਕਾਰਯੋਗ ਮਾਤਾ ਸਵਰਨ ਕੌਰ ਦੇ ਅਕਾਲ ਚਲਾਣੇ ਦਾ ਖ਼ਾਲਸਾ ਪੰਥ ਨੂੰ ਵੱਡਾ ਘਾਟਾ ਪਿਆ : ਮਾਨ

ਫ਼ਤਹਿਗੜ੍ਹ ਸਾਹਿਬ, 08 ਜੂਨ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਨੂੰ ਇਹ ਜਾਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਸਾਡੇ ਅਮਰੀਕਾ ਦੇ ਕੈਲੀਫੋਰਨੀਆਂ ਸਟੇਟ ਦੇ ਪ੍ਰਧਾਨ ਸ. ਤਰਸੇਮ ਸਿੰਘ ਖ਼ਾਲਸਾ ਜੀ ਦੇ ਪੂਜਨੀਕ ਸਤਿਕਾਰਯੋਗ ਮਾਤਾ ਸਵਰਨ ਕੌਰ ਸਾਨੂੰ ਸਦੀਵੀ ਵਿਛੋੜਾ ਦਿੰਦੇ ਹੋਏ ਇਸ ਫਾਨੀ ਦੁਨੀਆਂ ਤੋ ਕੂਚ ਕਰ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸ. ਤਰਸੇਮ ਸਿੰਘ ਖ਼ਾਲਸਾ ਦੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਹੀ ਇਕ ਵੱਡਾ ਘਾਟਾ ਨਹੀ ਪਿਆ, ਬਲਕਿ ਖ਼ਾਲਸਾ ਪੰਥ ਤੋਂ ਵੀ ਇਕ ਸਿੱਖੀ ਵਿਚ ਪੂਰਨ ਤੌਰ ਤੇ ਪ੍ਰਪੱਕ ਆਪਣੇ ਨਗਰ ਨਿਵਾਸੀਆ ਤੇ ਇਲਾਕਾ ਨਿਵਾਸੀਆ ਨੂੰ ਗੁਰਬਾਣੀ ਅਤੇ ਗੁਰੂ ਸਾਹਿਬਾਨ ਨਾਲ ਜੋੜਨ ਵਾਲੀ ਨੇਕ ਆਤਮਾ ਸਾਡੇ ਤੋਂ ਵਿਛੜ ਗਈ ਹੈ । ਜਿਸ ਨਾਲ ਸਮੁੱਚੇ ਖ਼ਾਲਸਾ ਪੰਥ ਨੂੰ ਵੀ ਉਨ੍ਹਾਂ ਦੇ ਚਲੇ ਜਾਣ ਤੇ ਗਹਿਰਾ ਸਦਮਾ ਪਹੁੰਚਿਆ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸੀਨੀਅਰ ਲੀਡਰਸਿ਼ਪ ਨੇ ਸ. ਤਰਸੇਮ ਸਿੰਘ ਖ਼ਾਲਸਾ ਨਾਲ ਡੂੰਘੀ ਹਮਦਰਦੀ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਕੀਤਾ । ਸ. ਮਾਨ ਨੇ ਮਾਤਾ ਜੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਜਿਹੀਆ ਖ਼ਾਲਸਾ ਪੰਥ ਦੀ ਸੋਚ ਨਾਲ ਜੜ੍ਹ ਤੋਂ ਜੁੜੀਆਂ ਹੋਈਆ ਨੇਕ ਆਤਮਾਵਾ ਦੀ ਬਦੌਲਤ ਹੀ ਅੱਜ ਖ਼ਾਲਸਾ ਪੰਥ ਦੀਆਂ ਅਛਾਈਆ ਅਤੇ ਮਨੁੱਖਤਾ ਪੱਖੀ ਗੁਣਾਂ ਦਾ ਕੇਵਲ ਪੰਜਾਬ ਜਾਂ ਇੰਡੀਆਂ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਦੇ ਮੁਲਕਾਂ ਵਿਚ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਬਾਰੇ ਪ੍ਰਸ਼ੰਸ਼ਾਂਯੋਗ ਚਰਚਾਵਾਂ ਹੋ ਰਹੀਆ ਹਨ । ਜਦੋ ਵੀ ਕੋਈ ਅਜਿਹੀ ਕੌਮ ਦਾ ਦਰਦ ਰੱਖਣ ਵਾਲੀ ਸਖਸ਼ੀਅਤ ਸਾਡੇ ਵਿਚੋ ਸਰੀਰਕ ਤੌਰ ਤੇ ਚਲੇ ਜਾਂਦੀ ਹੈ, ਬੇਸ਼ੱਕ ਉਨ੍ਹਾਂ ਵੱਲੋ ਦਿੱਤੀ ਜਾਣ ਵਾਲੀ ਅਗਵਾਈ ਅਤੇ ਵਿਚਾਰਾਂ ਦੀ ਬਦੌਲਤ ਉਹ ਸਾਡੇ ਵਿਚ ਸਦਾ ਲਈ ਆਤਮਿਕ ਤੌਰ ਤੇ ਮੌਜੂਦ ਰਹਿੰਦੇ ਹਨ ਪਰ ਸਰੀਰਕ ਤੌਰ ਤੇ ਸਮਾਜ ਵਿਚ ਨਾ ਹੋਣ ਦੀ ਬਦੌਲਤ ਇਕ ਵੱਡਾ ਘਾਟਾ ਮਹਿਸੂਸ ਹੁੰਦਾ ਰਹਿੰਦਾ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਪੀੜ੍ਹਤ ਪਰਿਵਾਰ ਨਾਲ ਜਿਥੇ ਪੂਰਨ ਹਮਦਰਦੀ ਪ੍ਰਗਟ ਕਰਦੇ ਹਾਂ, ਉਥੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਨੇਕ ਬਜੁਰਗ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕਰਦੇ ਹਾਂ, ਪਰਿਵਾਰਿਕ ਮੈਬਰਾਂ ਅਤੇ ਸੰਬੰਧੀਆਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਜੋਈ ਵੀ ਕਰਦੇ ਹਾਂ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਲਖਵੀਰ ਸਿੰਘ ਮਹੇਸ਼ਪੁਰੀਆ, ਗੁਰਜੰਟ ਸਿੰਘ ਕੱਟੂ, ਸੁਲੱਖਣ ਸਿੰਘ ਸ਼ਾਹਕੋਟ, ਰਜਿੰਦਰ ਸਿੰਘ ਫ਼ੌਜੀ ਆਦਿ ਆਗੂ ਹਾਜਰ ਸਨ । 

ਮਾਤਾ ਸਵਰਨ ਕੌਰ ਜੀ ਦੇ ਭੋਗ ਸਮਾਗਮ 12 ਜੂਨ 2022 ਨੂੰ ਪਿੰਡ ਮੂਲੇਵਾਲ ਖਹਿਰਾ, ਜਿਲ੍ਹਾ ਜਲੰਧਰ ਦੇ ਗੁਰੂਘਰ ਵਿਖੇ ਪੈਣਗੇ । ਸਮੁੱਚੇ ਪੰਥਦਰਦੀਆਂ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *