ਬਾਦਲ ਦਲ ਵੱਲੋਂ ਪਾਰਟੀ ਸਮਿਖਿਆ ਲਈ ਬਣਾਈ ਗਈ ‘ਝੂੰਦਾ ਕਮੇਟੀ’ ਦੀ ਆਈ ਰਿਪੋਰਟ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੀ ਲੀਹ ਉਤੇ ਹੀ ਅਸੀ ਨਿਰੰਤਰ ਕੰਮ ਕਰ ਰਹੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 28 ਮਈ ( ) “ਬਾਦਲ ਦਲ ਵੱਲੋਂ ਪਾਰਟੀ ਦੀ ਬੀਤੀਆਂ ਚੋਣਾਂ ਵਿਚ ਹੋਈ ਹਾਰਦਿਕ ਕਾਰਨਾਂ ਤੇ ਕਮੀਆਂ ਦੀ ਜਾਂਚ ਲਈ ਸ. ਇਕਬਾਲ ਸਿੰਘ ਝੂੰਦਾ ‘ਤੇ ਅਧਾਰਿਤ ਬਣਾਈ ਗਈ ਕਮੇਟੀ ਦੇ ਅਖ਼ਬਾਰਾਂ ਵਿਚ ਨਸ਼ਰ ਹੋਏ ਵਿਚਾਰਾਂ ਅਨੁਸਾਰ ਕਿਹਾ ਹੈ ਕਿਉਂਕਿ ਅਸੀ ਜਮਹੂਰੀਅਤ ਲੀਹ ਛੱਡ ਦਿੱਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈਆ ਬੇਅਦਬੀਆਂ, ਬਹਿਬਲ ਕਲਾਂ ਵਿਖੇ ਦੋ ਸਿੱਖਾਂ ਦੇ ਹੋਏ ਕਤਲ, 328 ਪਾਵਨ ਸਰੂਪਾਂ ਦਾ ਐਸ.ਜੀ.ਪੀ.ਸੀ. ਦੇ ਹੈੱਡਕੁਆਰਟਰ ਤੋ ਅਲੋਪ ਹੋਣਾ, ਸਿੱਖ ਕੌਮ ਦੇ ਕਾਤਲ ਸਿਰਸੇਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਮੁਆਫ਼ ਕਰਦੇ ਹੋਏ ਗੈਰ ਸਿਧਾਤਿਕ ਸਾਧ ਦੇਣਾ, ਸਿਰਸੇਵਾਲੇ ਸਾਧ ਨੂੰ ਸਹੀ ਸਾਬਤ ਕਰਨ ਲਈ ਐਸ.ਜੀ.ਪੀ.ਸੀ. ਦੇ ਖਾਤੇ ਵਿਚੋ 92 ਲੱਖ ਰੁਪਏ ਦੀ ਰਕਮ ਖਰਚਕੇ ਅਖਬਾਰਾਂ ਨੂੰ ਇਸਤਿਹਾਰ ਦੇਣ, ਪੰਜਾਬ ਸੂਬੇ ਦੇ ਹੱਕ-ਹਕੂਕਾ ਦੀ ਦ੍ਰਿੜਤਾ ਨਾਲ ਰੱਖਿਆ ਨਾ ਕਰਨ ਦੀ ਬਦੌਲਤ ਸਾਡੀ ਪਾਰਟੀ ਨੂੰ ਨਮੋਸ਼ੀ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਇਸ ਰਿਪੋਰਟ ਦੇ ਸੱਚ ਰਾਹੀ ਸਾਹਮਣੇ ਆਏ ਕੌਮੀ ਨੁਕਤਿਆ ਉਤੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨਿਰੰਤਰ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਕਰਦੀ ਆ ਰਹੀ ਹੈ । ਇਸੇ ਮਕਸਦ ਨੂੰ ਲੈਕੇ 01 ਜੂਨ ਨੂੰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਪਸਚਾਤਾਪ ਦਿਹਾੜਾ ਮਨਾਉਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਸਮਾਗਮ ਦੀ ਅਰਦਾਸ ਕੀਤੀ ਜਾ ਰਹੀ ਹੈ । ਇਸੇ ਕੌਮੀ ਭਾਵਨਾ ਨੂੰ ਲੈਕੇ ਅਸੀ 11 ਮਈ ਨੂੰ ਐਸ.ਜੀ.ਪੀ.ਸੀ. ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਐਡਵੋਕੇਟ ਵੱਲੋ ਮਿਲੇ ਸਤਿਕਾਰ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਕੇਵਲ ਮੀਟਿੰਗ ਵਿਚ ਹਾਜਰ ਹੀ ਨਹੀ ਹੋਏ ਬਲਕਿ ਉਥੇ ਉਪਰੋਕਤ ਕੌਮੀ ਮੁੱਦਿਆ ਉਤੇ ਸਾਂਝੇ ਤੌਰ ਤੇ ਸਹਿਜ ਭਰੇ ਢੰਗ ਨਾਲ ਵਿਚਾਰਾਂ ਵੀ ਹੋਈਆ ਸਨ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਬਾਦਲ ਦਲ ਦੀ ਚੋਣਾਂ ਵਿਚ ਹੋਈ ਹਾਰ ਸੰਬੰਧੀ ਬਣੀ ‘ਝੂੰਦਾ ਕਮੇਟੀ’ ਦੀ ਰਿਪੋਰਟ ਦੇ ਅਖ਼ਬਾਰਾਂ ਵਿਚ ਛਪੇ ਸੱਚ ਭਰੇ ਅੰਸਾਂ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਅਤੇ ਨੀਤੀਆ ਨੂੰ ਫਿਰ ਦੁਹਰਾਉਦੇ ਹੋਏ ਅਤੇ ਝੂੰਦਾ ਕਮੇਟੀ ਵੱਲੋ ਸਾਡੇ ਕੌਮੀ ਮੁੱਦਿਆ ਉਤੇ ਪਾਰਟੀ ਵੱਲੋ ਸਹੀ ਸਟੈਂਡ ਨਾ ਲੈਣ ਦੀ ਗੱਲ ਕਰਦੇ ਹੋਏ ਇਕ ਬਿਆਨ ਰਾਹੀ ਦਿੱਤੀ ਅਤੇ ਕਿਹਾ ਕਿ ਇਸ ਰਿਪੋਰਟ ਵਿਚ ਆਏ ਅੰਸਾਂ ਉਤੇ ਤਾਂ ਅਸੀ ਪਹਿਲੇ ਹੀ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਕੰਮ ਕਰਦੇ ਆ ਰਹੇ ਹਾਂ । ਇਹੀ ਵਜਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ 16 ਮਈ ਨੂੰ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਪੀ.ਏ.ਸੀ. ਦੀ ਹੋਈ ਪਹਿਲੀ ਮੀਟਿੰਗ ਅਤੇ ਬੀਤੇ ਕੱਲ੍ਹ ਫ਼ਤਹਿਗੜ੍ਹ ਸਾਹਿਬ ਦੇ ਆਮ ਖਾਸ ਰਿਜੋਰਟ ਵਿਖੇ ਹੋਈ ਪੀ.ਏ.ਸੀ. ਦੀ ਦੂਸਰੀ ਮੀਟਿੰਗ ਵਿਚ ਪਾਰਟੀ ਮੈਬਰਾਂ ਨੇ ਵਿਚਾਰਾਂ ਕਰਦੇ ਹੋਏ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ ਮੇਰੇ ਨਾਮ ਉਤੇ ਸਰਬਸੰਮਤੀ ਕੀਤੀ ਹੈ । ਉਨ੍ਹਾਂ ਕਿਹਾ ਕਿ ਜੋ ਬਾਦਲ ਦਲ ਦੀ ਕੋਰ ਕਮੇਟੀ ਦੇ ਮੈਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣਾ ਨਾਮ ਸੰਗਰੂਰ ਤੋ ਉਮੀਦਵਾਰ ਲਈ ਇਕੱਲਿਆ ਹੀ ਜਾਰੀ ਕਰ ਦਿੱਤਾ ਹੈ, ਇਹ ਬਿਲਕੁਲ ਗਲਤ ਹੈ ਕਿਉਂਕਿ ਉਪਰੋਕਤ ਦੋ ਸਮਿਆ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਦੀ ਹੋਈ ਮੀਟਿੰਗ ਨੇ ਮੇਰੇ ਨਾਮ ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ, ਮੈਂ ਆਪਣਾ ਨਾਮ ਆਪ ਕਿਵੇ ਐਲਾਨ ਕਰ ਸਕਦਾ ਹਾਂ ? ਦੂਸਰਾ ਜੋ ਉਨ੍ਹਾਂ ਨੇ ਕਿਹਾ ਹੈ ਕਿ ਸੰਗਰੂਰ ਤੋ ਸਾਂਝਾ ਪੰਥਕ ਉਮੀਦਵਾਰ ਹੋਣਾ ਚਾਹੀਦਾ ਹੈ, ਇਹ ਤਾਂ ਬਾਦਲ ਦਲ ਦੀ ਖੁਦ ਪਾਰਟੀ ਦੀ ਨੌਜ਼ਵਾਨੀ ਵੱਲੋ ਉੱਚੀ ਆਵਾਜ ਵਿਚ ਮੇਰੇ ਨਾਮ ਤੇ ਉੱਠ ਰਹੀ ਆਵਾਜ ਅਤੇ ਹੋਰ ਵੱਖ-ਵੱਖ ਪੰਥਕ ਗਰੁੱਪਾਂ, ਸੰਗਠਨਾਂ ਵਿਚ ਕੰਮ ਕਰ ਰਹੀ ਨੌਜ਼ਵਾਨੀ ਵੱਲੋ ਆਪ ਮੁਹਾਰੇ ਮੇਰੇ ਹੱਕ ਵਿਚ ਬੁਲੰਦ ਹੋ ਰਹੀ ਆਵਾਜ ਖੁਦ ਪ੍ਰਤੱਖ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਪੰਜਾਬ ਅਤੇ ਸੰਗਰੂਰ ਹਲਕੇ ਦੇ ਨਿਵਾਸੀਆ ਅਤੇ ਵੋਟਰਾਂ ਦੀਆਂ ਭਾਵਨਾਵਾ ਅਨੁਸਾਰ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਨਾ ਕਿ ਸਾਡੀ ਪਾਰਟੀ ਵਿਚ ਕਿਸੇ ਤਰ੍ਹਾਂ ਦੀ ਤਾਨਾਸਾਹੀ ਅਮਲ ਹੁੰਦਾ ਹੈ । ਅਸੀ ਹਮੇਸ਼ਾਂ ਜਮਹੂਰੀਅਤ ਕਦਰਾਂ-ਕੀਮਤਾਂ ਦੀ ਕਦਰ ਕਰਦੇ ਆਏ ਹਾਂ ਅਤੇ ਸਾਡੀ ਪਾਰਟੀ ਦੇ ਸਭ ਫੈਸਲੇ ਲੰਮੀਆਂ ਵਿਚਾਰਾਂ ਉਪਰੰਤ ਸਰਬਸੰਮਤੀ ਨਾਲ ਹੀ ਹੁੰਦੇ ਹਨ । ਇਸ ਲਈ ਪ੍ਰੋ. ਚੰਦੂਮਾਜਰਾ ਵੱਲੋ ਪ੍ਰਗਟਾਏ ਵਿਚਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸਹਿਮਤ ਨਹੀ ਹੈ ਕਿ ਮੇਰੇ ਨਾਮ ਲਈ ਸੰਗਰੂਰ ਲੋਕ ਸਭਾ ਚੋਣ ਲਈ ਮੈਂ ਖੁਦ ਕੀਤਾ ਹੈ। ਸ. ਮਾਨ ਨੇ ਪੰਜਾਬ ਸੂਬੇ ਅਤੇ ਸੰਗਰੂਰ ਹਲਕੇ ਨਾਲ ਸੰਬੰਧਤ ਸਮੁੱਚੇ ਵੋਟਰਾਂ ਅਤੇ ਸਮਰੱਥਕਾਂ ਨੂੰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਮੁਤੱਸਵੀ ਹੁਕਮਰਾਨ ਜਮਾਤਾਂ ਅਤੇ ਪੰਜਾਬ ਵਿਰੋਧੀ ਤਾਕਤਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਅਨੁਸਾਰ ਵੋਟਾਂ ਪਾ ਕੇ ਅਤੇ ਹਰ ਪੱਖੋ ਸਮਰੱਥਕ ਦੇ ਕੇ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਨੂੰ ਭਾਜ ਦਿੱਤੀ ਜਾਵੇ ਅਤੇ ਇਥੇ ਜਮਹੂਰੀਅਤ ਅਤੇ ਅਮਨ ਪਸ਼ੰਦ ਨਿਜਾਮ ਕਾਇਮ ਕਰਨ, ਸਾਜ਼ਸੀ ਢੰਗਾਂ ਰਾਹੀ ਹੁਕਮਰਾਨਾਂ ਵੱਲੋ ਪੈਦਾ ਕੀਤੇ ਜਾ ਰਹੇ ਵਿਸਫੋਟਕ ਹਾਲਾਤਾਂ ਤੋਂ ਨਿਜਾਤ ਦਿਵਾਉਣ ਲਈ ਸੰਗਰੂਰ ਹਲਕੇ ਨਾਲ ਸੰਬੰਧਤ ਹਰ ਵੋਟਰ ਆਪਣੀ ਜਿ਼ੰਮੇਵਾਰੀ ਆਜਾਦਆਨਾ ਤੌਰ ਤੇ ਨਿਭਾਏ ।