ਅਮਰੀਕਾ ਦੇ ਕਨੈਕਟੀਕਟ ਸੂਬੇ ਵੱਲੋ ‘ਦਸਤਾਰ ਬਿੱਲ 133’ ਪਾਸ ਕਰਕੇ, ਇੰਡੀਅਨ ਹੁਕਮਰਾਨਾਂ-ਕੌਸਲੇਟਾਂ ਦੇ ਸਿੱਖ ਵਿਰੋਧੀ ਚਿਹਰੇ ਨੂੰ ਨੰਗਾਂ ਕਰਨਾ ਸਵਾਗਤਯੋਗ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 07 ਮਈ ( ) “29 ਅਪ੍ਰੈਲ 2022 ਨੂੰ ਜਦੋਂ ਅਮਰੀਕਾ ਦੇ ਕਨੈਕਟੀਕਟ ਸੂਬੇ ਦੀ ਸੈਨੇਟ ਵੱਲੋ ‘ਖ਼ਾਲਿਸਤਾਨ ਐਲਾਨਨਾਮੇ’ ਨੂੰ ਕਾਨੂੰਨੀ ਮਾਨਤਾ ਦਿੰਦੇ ਹੋਏ ਸਿੱਖ ਕੌਮ ਦੇ ਲੜ੍ਹੇ ਜਾ ਰਹੇ ਆਜਾਦੀ ਪ੍ਰਾਪਤੀ ਦੇ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉਤੇ ਜਾਇਜ ਠਹਿਰਾਇਆ ਸੀ, ਤਾਂ ਇੰਡੀਅਨ ਕੌਸਲੇਟ ਤੇ ਹੁਕਮਰਾਨਾਂ ਵੱਲੋਂ ਇਸ ਗੰਭੀਰ ਵਿਸ਼ੇ ਉਤੇ ਮੰਦਭਾਵਨਾ ਅਧੀਨ ਬਹੁਤ ਚੀਕ-ਚਿਹਾੜਾ ਪਾਇਆ ਗਿਆ ਅਤੇ ਗੋਦੀ ਮੀਡੀਏ ਵੱਲੋ ਖ਼ਾਲਿਸਤਾਨ ਦੇ ਪਵਿੱਤਰ ਸ਼ਬਦ ਨੂੰ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਗਈ ਸੀ । ਤਾਂ ਕਿ ਅਮਰੀਕਾ ਖ਼ਾਲਿਸਤਾਨ ਐਲਾਨਨਾਮੇ ਨੂੰ ਮਾਨਤਾ ਨਾ ਦੇਵੇ । ਇਸਦੇ ਬਾਵਜੂਦ ਵੀ ਅਮਰੀਕਨ ਹੁਕਮਰਾਨਾਂ ਤੇ ਕਨੈਕਟੀਕਟ ਸੂਬੇ ਦੀ ਸੈਨੇਟ ਨੇ ਇੰਡੀਆਂ ਦੇ ਕੂੜ ਪ੍ਰਚਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖ ਕੌਮ ਦੇ ‘ਖ਼ਾਲਿਸਤਾਨ ਐਲਾਨਨਾਮੇ’ ਦੀ ਪੂਰਨ ਹਮਾਇਤ ਕਰਦੇ ਹੋਏ ਉਸਨੂੰ ਕਾਨੂੰਨੀ ਰੂਪ ਵਿਚ ਪਾਸ ਕਰਕੇ ਮਾਨਤਾ ਦਿੰਦੇ ਹੋਏ ਇੰਡੀਆ ਦੇ ਹੁਕਮਰਾਨਾਂ ਦੇ ਮੂੰਹ ਉਤੇ ਕਰਾਰੀ ਚਪੇੜ ਮਾਰਨ ਦਾ ਮਨੁੱਖਤਾ ਪੱਖੀ ਉਦਮ ਕੀਤਾ ਸੀ । ਇੰਡੀਅਨ ਹੁਕਮਰਾਨ ਉਸ ਸਮੇ ਅਲੱਗ-ਥਲੱਗ ਹੋ ਕੇ ਰਹਿ ਗਏ ਸਨ ਕਿਉਂਕਿ ਉਨ੍ਹਾਂ ਦੀ ਸਿੱਖ ਕੌਮ ਵਿਰੋਧੀ ਸਾਜਿ਼ਸ ਬਿਲਕੁਲ ਵੀ ਸਫਲ ਨਹੀਂ ਸੀ ਹੋ ਸਕੀ । ਇੰਡੀਅਨ ਹੁਕਮਰਾਨਾਂ ਅਤੇ ਫਿਰਕੂ ਸੋਚ ਵਾਲੇ ਕੌਸਲੇਟਾਂ ਦੀ ਸਿਰੀ ਉਤੇ ਅਮਰੀਕਾ ਦੇ ਕਨੈਕਟੀਕਟ ਸੂਬੇ ਨੇ 04 ਮਈ 2022 ਨੂੰ ‘133 ਦਸਤਾਰ ਬਿੱਲ’ ਪਾਸ ਕਰਕੇ ਇਨ੍ਹਾਂ ਫਿਰਕੂਆਂ ਦੀ ਸਿਰੀ ਚਿੱਤ ਕਰ ਦਿੱਤੀ । ਕਿਉਕਿ ਬਿੱਲ ਦੇ ਹੱਕ ਵਿਚ 36 ਵੋਟਾਂ ਵਿਚੋਂ 35 ਵੋਟਾਂ ਦਸਤਾਰ ਬਿੱਲ ਦੇ ਹੱਕ ਵਿਚ ਪਾਈਆ ਗਈਆ । ਅਮਰੀਕਾ ਦੇ ਇਸ ਸਿੱਖ ਕੌਮ ਪੱਖੀ ਕਾਨੂੰਨੀ ਉਦਮ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਇੰਡੀਅਨ ਹੁਕਮਰਾਨ ਇਥੇ ਵੱਸਦੀ ਸਿੱਖ ਕੌਮ ਨਾਲ ਗੈਰ-ਵਿਧਾਨਿਕ ਤਰੀਕੇ ਜ਼ਬਰ ਅਤੇ ਵਿਤਕਰੇ ਕਰਦੇ ਆ ਰਹੇ ਹਨ । ਲੇਕਿਨ ਇਨ੍ਹਾਂ ਮਨੁੱਖੀ ਹੱਕਾਂ ਅਤੇ ਵਿਧਾਨਿਕ ਹੱਕਾਂ ਦੇ ਮਾਮਲੇ ਵਿਚ ਅਮਰੀਕਾ ਸਿੱਖ ਕੌਮ ਨਾਲ ਹੈ । ਹੁਣ ਇਹ ਸਿੱਖ ਕੌਮ ਵਿਰੁੱਧ ਪ੍ਰਚਾਰ ਕਰਨ ਵਾਲੇ ਹੁਕਮਰਾਨ ਅਤੇ ਗੋਦੀ ਮੀਡੀਆ ਸਿੱਖ ਕੌਮ ਵਿਰੋਧੀ ਪ੍ਰਚਾਰ ਕਰਨ ਵਿਚ ਬਿਲਕੁਲ ਸਫਲ ਨਹੀ ਹੋ ਸਕਣਗੇ । ਕਿਉਂਕਿ ਅਮਰੀਕਾ, ਕੈਨੇਡਾ ਵਰਗੇ ਵੱਡੇ ਮੁਲਕ ਹੁਕਮਰਾਨਾਂ ਦੀ ‘ਪਾੜੋ ਅਤੇ ਰਾਜ ਕਰੋ’ ਦੀ ਮਨੁੱਖਤਾ ਵਿਰੋਧੀ ਸੋਚ ਨੂੰ ਸਮਝ ਚੁੱਕੇ ਹਨ ਅਤੇ ਸਿੱਖ ਕੌਮ ਦੀ ਆਜਾਦੀ ਪ੍ਰਾਪਤੀ ਖਾਲਿਸਤਾਨ ਨੂੰ ਕਾਇਮ ਕਰਨ ਵਿਚ ਖੁਦ ਯੋਗਦਾਨ ਪਾ ਰਹੇ ਹਨ । ਜੋ ਸਿੱਖ ਕੌਮ ਅਤੇ ਮਨੁੱਖਤਾ ਲਈ ਮੁਬਾਰਕਬਾਦ ਦਾ ਮੌਕਾ ਹੈ, ਉਥੇ ਕਨੈਕਟੀਕਟ ਸੂਬੇ ਦੇ ਸਮੁੱਚੇ ਸੈਨੇਟਰਾਂ ਅਤੇ ਅਮਰੀਕਾ ਦੀ ਹਕੂਮਤ ਦਾ ਅਸੀ ਤਹਿ ਦਿਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਡੀਆਂ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਨੂੰ ਅਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ । ਖ਼ਾਲਿਸਤਾਨ ਐਲਾਨਨਾਮੇ ਅਤੇ ਦਸਤਾਰ ਕਾਨੂੰਨ ਨੂੰ ਕੌਮਾਂਤਰੀ ਪੱਧਰ ਤੇ ਕਾਨੂੰਨੀ ਮਾਨਤਾ ਦਿੱਤੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਹੁਕਮਰਾਨਾਂ ਵਿਸ਼ੇਸ਼ ਤੌਰ ਤੇ ਕਨੈਕਟੀਕਟ ਸੂਬੇ ਦੀ ਸਰਕਾਰ, ਜਿਨ੍ਹਾਂ ਨੇ ਪਹਿਲੇ ਖ਼ਾਲਿਸਤਾਨ ਐਲਾਨਨਾਮੇ ਅਤੇ ਹੁਣ 133 ਦਸਤਾਰ ਬਿੱਲ ਪਾਸ ਕਰਕੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਖ਼ਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਵੀ ਮਾਨਤਾ ਦਿੱਤੀ ਹੈ ਅਤੇ ਸਿੱਖਾਂ ਨੂੰ ਦਸਤਾਰ ਪਹਿਨਣ ਦਾ ਕਾਨੂੰਨੀ ਹੱਕ ਦਿੱਤਾ ਹੈ, ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋ ਜੋਰਦਾਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 29 ਅਪ੍ਰੈਲ ਨੂੰ ਬੀਜੇਪੀ-ਆਰ.ਐਸ.ਐਸ. ਦੇ ਆਦੇਸ਼ਾਂ ਉਤੇ ਸਿਵ ਸੈਨਿਕ ਸ੍ਰੀ ਸਿੰਗਲੇ ਤੇ ਉਸਦੇ ਸਾਥੀਆਂ ਨੇ ਅਮਨਮਈ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ, ਖ਼ਾਲਿਸਤਾਨ ਦੇ ਨਾਮ ਉਤੇ ਦੰਗੇ-ਫ਼ਸਾਦ ਕਰਵਾਉਣ ਦੀ ਸਾਜਿਸ ਰਚੀ ਸੀ, ਉਸਦੀ ਇਕ-ਇਕ ਪਰਤ ਸਾਹਮਣੇ ਆਉਣ ਉਤੇ ਕੇਵਲ ਇਨ੍ਹਾਂ ਫਿਰਕੂ ਸੰਗਠਨਾਂ ਦਾ ਮਨੁੱਖਤਾ ਤੇ ਸਿੱਖ ਵਿਰੋਧੀ ਚੇਹਰਾ ਹੀ ਨੰਗਾਂ ਨਹੀਂ ਹੋਇਆ ਬਲਕਿ ਹੁਕਮਰਾਨਾਂ ਦੀਆਂ ਸਾਜਿ਼ਸਾਂ ਵੀ ਕੌਮਾਂਤਰੀ ਪੱਧਰ ਤੇ ਉਜਾਗਰ ਹੋ ਰਹੀਆ ਹਨ । ਜਿਸ ਨਾਲ ਇੰਡੀਅਨ ਹੁਕਮਰਾਨ ਖ਼ਾਲਿਸਤਾਨ ਜਾਂ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਵਿਰੁੱਧ ਹੁਣ ਕਿਸੇ ਤਰ੍ਹਾਂ ਦਾ ਵੀ ਗੁੰਮਰਾਹਕੁੰਨ ਪ੍ਰਚਾਰ ਕਰਨ ਲਈ ਸਫਲ ਨਹੀ ਹੋ ਸਕਣਗੇ । ਸ. ਟਿਵਾਣਾ ਨੇ ਵਰਲਡ ਸਿੱਖ ਪਾਰਲੀਮੈਟ ਦੇ ਕੁਆਰਡੀਨੇਟਰ ਸ. ਹਿੰਮਤ ਸਿੰਘ ਅਤੇ ਦੂਸਰੇ ਸਤਿਕਾਰਯੋਗ ਮੈਬਰਾਨ ਅਤੇ ਅਮਰੀਕਾ ਦੇ ਸਿੱਖਾਂ ਦਾ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਧੰਨਵਾਦ ਕੀਤਾ । ਜਿਨ੍ਹਾਂ ਨੇ ਅਮਰੀਕਾ ਦੇ ਹੁਕਮਰਾਨਾਂ, ਸੈਨੇਟਰਾਂ ਅਤੇ ਸਿਆਸਤਦਾਨਾਂ ਨੂੰ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ, ਖ਼ਾਲਿਸਤਾਨ, ਧਾਰਮਿਕ ਚਿੰਨ੍ਹਾਂ ਸੰਬੰਧੀ ਡੂੰਘੀ ਜਾਣਕਾਰੀ ਦੇ ਕੇ ਖ਼ਾਲਿਸਤਾਨ ਐਲਾਨਨਾਮੇ ਅਤੇ ਦਸਤਾਰ ਬਿੱਲ ਨੂੰ ਪਾਸ ਕਰਵਾਉਣ ਵਿਚ ਕੌਮੀ ਜਿ਼ੰਮੇਵਾਰੀ ਨਿਭਾਈ ਹੈ । ਉਨ੍ਹਾਂ ਅਮਰੀਕਾ, ਕੈਨੇਡਾ, ਜਰਮਨ ਫ਼ਰਾਂਸ, ਨਿਊਜੀਲੈਡ, ਆਸਟ੍ਰੇਲੀਆ, ਬਰਤਾਨੀਆ ਅਤੇ ਹੋਰ ਯੂਰਪਿੰਨ ਮੁਲਕਾਂ ਦੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਗੋਦੀ ਮੀਡੀਆ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਅਮਲ ਕਰ ਰਿਹਾ ਹੈ, ਉਸ ਸਮੇ ਇਨ੍ਹਾਂ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੀਆ ਸਰਕਾਰਾਂ ਵਿਚ ਮਜਬੂਤ ਲਾਬਿੰਗ ਕਰਕੇ, ਉਥੋ ਦੇ ਸੈਨੇਟਰਾਂ, ਪਾਰਲੀਮੈਟ ਮੈਬਰਾਂ, ਸੂਬੇ ਦੇ ਹੁਕਮਰਾਨਾਂ ਨੂੰ ਸਰਬੱਤ ਦੇ ਭਲੇ ਦੀ ਸਿੱਖ ਕੌਮ ਦੀ ਸੋਚ ਤੋ ਜਾਣੂ ਕਰਵਾਉਦੇ ਹੋਏ ਇਨ੍ਹਾਂ ਮੁਲਕਾਂ ਦੀਆਂ ਇੰਡੀਆ ਅਤੇ ਇਨ੍ਹਾਂ ਮੁਲਕਾਂ ਵਿਚ ਸਥਿਤ ਅੰਬੈਸੀਆ ਵਿਚ ‘ਸਿੱਖ ਡੈਸਕ’ ਕਾਇਮ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਸਿੱਖ ਕੌਮ ਆਪਣੇ ਕੌਮਾਂਤਰੀ ਪੱਧਰ ਦੇ ਮਸਲਿਆ ਨੂੰ ਵੀ ਹੱਲ ਕਰਵਾ ਸਕਣ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਸੌੜੀ ਸੋਚ ਅਧੀਨ ਸਿੱਖ ਕੌਮ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਕਾਊਟਰ ਕਰਕੇ ਇਨ੍ਹਾਂ ਦੀਆਂ ਸਾਜਿਸਾਂ ਨੂੰ ਅਸਫਲ ਬਣਾ ਸਕਣ । 

Leave a Reply

Your email address will not be published. Required fields are marked *