ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲੋਂ ਪੰਜਾਬ ਆਉਣ ‘ਤੇ ਸਵਾਗਤ ਕਰਨਾ ਠੀਕ, ਪਰ ਮੁੱਖ ਮੰਤਰੀ ਵੱਲੋਂ ਝੁਕ ਕੇ ਤੋਹਫਾ ਦੇਣਾ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ ( ) “ਪੰਜਾਬ ਸੂਬਾ ਅਤੇ ਇਥੋਂ ਦੇ ਨਿਵਾਸੀ ਆਪਣੀ ਅਣਖ਼-ਗੈਰਤ ਨੂੰ ਕਾਇਮ ਰੱਖਣ ਨੂੰ ਹਮੇਸ਼ਾਂ ਪਹਿਲ ਦਿੰਦੇ ਹਨ । ਕਿਉਂਕਿ ਸਾਨੂੰ ਇਹ ਆਪਣੇ ਗੁਰੂ ਸਾਹਿਬਾਨ ਤੋਂ ਗੁੜਤੀ ਪ੍ਰਾਪਤ ਹੈ ਕਿ ਅਣਖ਼-ਇੱਜ਼ਤ ਦੇ ਮਸਲੇ ਉਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ । ਜੋ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ.ਵੀ. ਰਮਾਨਾ ਬੀਤੇ ਕੁਝ ਦਿਨ ਪਹਿਲੇ ਪੰਜਾਬ ਆਏ ਤਾਂ ਬਤੌਰ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਹੋਏ ਸ. ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਜੀ-ਆਇਆ ਕਹਿਣਾ ਤੇ ਸਵਾਗਤ ਕਰਨਾ ਤਾਂ ਠੀਕ ਹੈ । ਪਰ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਸਨਮਾਨਿਤ ਕਰਦੇ ਹੋਏ ਤੋਹਫਾ ਭੇਟ ਕਰਨ ਸਮੇਂ ਝੁਕ ਕੇ ਪ੍ਰਸ਼ਨ ਚਿੰਨ੍ਹ ਬਣਕੇ ਤੋਹਫਾ ਭੇਟ ਕੀਤਾ ਹੈ, ਇਹ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਰਸੇ-ਵਿਰਾਸਤ ਦੀ ਅਣਖ਼-ਗੈਰਤ ਨੂੰ ਸੱਟ ਮਾਰਨ ਵਾਲੇ ਅਮਲ ਹਨ । ਅਜਿਹਾ ਕਰਕੇ ਮੁੱਖ ਮੰਤਰੀ ਨੇ ਕੇਵਲ ਆਪਣੇ ਨਿੱਜੀ ਇਖਲਾਕ ਉਤੇ ਹੀ ਪ੍ਰਸ਼ਨ ਚਿੰਨ੍ਹ ਨਹੀਂ ਲਗਵਾਇਆ, ਬਲਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵੀ ਨਮੋਸ਼ੀ ਦਿੱਤੀ ਹੈ । ਜਦੋਕਿ ਤੋਹਫਾ ਦੇਣ ਵਾਲਾ ਨਹੀਂ, ਬਲਕਿ ਤੋਹਫਾ ਪ੍ਰਾਪਤ ਕਰਨ ਵਾਲਾ ਝੁਕ ਕੇ ਸਤਿਕਾਰ ਵੱਜੋ ਤੋਹਫਾ ਪ੍ਰਾਪਤ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲੋਂ ਪੰਜਾਬ ਪਹੁੰਚਣ ਉਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦਾ ਤੋਹਫਾ ਭੇਟ ਕਰਦੇ ਹੋਏ ਪੂਰਨ ਤੌਰ ਤੇ ਝੁਕ ਕੇ ਦੇਣ, ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ਼ ਅਤੇ ਗੈਰਤ ਵਾਲੇ ਜੀਵਨ ਨੂੰ ਵੀ ਪ੍ਰਸ਼ਨ ਚਿੰਨ੍ਹ ਲਗਾਉਣ ਦੇ ਕੀਤੇ ਗਏ ਅਮਲਾਂ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਝੁਕ ਕੇ ਤੋਹਫਾ ਦੇਣ ਦੇ ਅਮਲ ਨੇ ਇਹ ਵੀ ਪ੍ਰਤੱਖ ਕਰ ਦਿੱਤਾ ਹੈ ਕਿ ਦਿਨ-ਬ-ਦਿਨ ਸਿੱਖਾਂ ਦੀ ਰੀੜ੍ਹ ਦੀ ਹੱਡੀ ਕੰਮਜੋਰ ਹੁੰਦੀ ਜਾ ਰਹੀ ਹੈ । ਦੂਸਰਾ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਇਸ ਤਰ੍ਹਾਂ ਭੇਟ ਕਰਨ ਦੀ ਪਾਈ ਗਈ ਮਾੜੀ ਪਿਰਤ ਨੂੰ ਵੀ ਤੁਰੰਤ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਅਤੇ ਸਿੱਖ ਧਰਮ ਮੂਰਤੀ ਪੂਜਾ ਵਿਚ ਬਿਲਕੁਲ ਵਿਸਵਾਸ ਨਹੀ ਕਰਦੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਗੁਰੂ ਸਾਹਿਬਾਨ ਦੇ ਸਮੇਂ ਕੋਈ ਸਿੰਘ ਜਾਂ ਜਰਨੈਲ ਜੰਗ ਵਿਚ ਫ਼ਤਹਿ ਪ੍ਰਾਪਤ ਕਰਕੇ ਆਉਦਾ ਸੀ ਜਾਂ ਕਿਸੇ ਨੇਕ ਉਦਮ ਲਈ ਸ਼ਹਾਦਤ ਦਿੰਦਾ ਸੀ ਜਾਂ ਸਮਾਜ ਅਤੇ ਮਨੁੱਖਤਾ ਲਈ ਕੋਈ ਵੱਡਾ ਉਦਮ ਕਰਕੇ ਆਉਦਾ ਸੀ, ਤਾਂ ਉਸਨੂੰ ਜਾਂ ਉਸਦੇ ਪਰਿਵਾਰਿਕ ਮੈਬਰਾਂ ਨੂੰ ਗੁਰੂ ਸਾਹਿਬਾਨ ਸਿਰਪਾਓ ਬਖਸਿ਼ਸ਼ ਕਰਕੇ ਸਨਮਾਨ ਦਿੰਦੇ ਸਨ । ਲੇਕਿਨ ਮੌਜੂਦਾ ਸਮੇਂ ਵਿਚ ਅੰਨ੍ਹੇਵਾਹ ਢੰਗ ਨਾਲ ਸਿਰਪਾਓ ਦੇਣ ਦੀ ਸੁਰੂ ਹੋਈ ਪਿਰਤ ਨੇ ਸਿਰਪਾਓ ਦੇ ਵੱਡੀ ਇਤਿਹਾਸਿਕ ਮਹਾਨਤਾ ਅਤੇ ਮਹੱਤਤਾ ਨੂੰ ਅਲੋਪ ਕਰ ਦਿੱਤਾ ਹੈ । ਜਿਸ ਉਤੇ ਸਾਡੇ ਪੰਥਕ ਤੇ ਇਤਿਹਾਸਿਕ ਵਿਦਵਾਨ ਆਪਣੀ ਬਾਦਲੀਲ ਢੰਗ ਨਾਲ ਰਾਏ ਦਿੰਦੇ ਹੋਏ, ਹਰ ਪਾਰਟੀ, ਹਰ ਆਗੂ ਅਤੇ ਹੋਰ ਸਮਾਜਿਕ ਸਮਿਆ ਉਤੇ ਦਿੱਤੇ ਜਾਣ ਵਾਲੇ ਸਿਰਪਾਓ ਦੇ ਹੋ ਰਹੇ ਅਮਲਾਂ ਸੰਬੰਧੀ ਨੇਕ ਰਾਏ ਵੀ ਦੇਣ ਅਤੇ ਇਸ ਸਿਰਪਾਓ ਦੀ ਇਤਿਹਾਸਿਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਸਮੂਹਿਕ ਉਦਮ ਵੀ ਕਰਨ ।

Leave a Reply

Your email address will not be published. Required fields are marked *