ਮਨਜੀਤ ਸਿੰਘ ਕਰਤਾਰਪੁਰ ਅਤੇ ਪ੍ਰਿਤਪਾਲ ਸਿੰਘ ਬਰਗਾੜੀ ਉੱਤੇ ਹੋਏ ਹਮਲੇ ਦੀ ਸ. ਸਿਮਰਨਜੀਤ ਸਿੰਘ ਮਾਨ ਨੇ ਕੀਤੀ ਨਿੰਦਾ
ਫ਼ਤਹਿਗੜ੍ਹ ਸਾਹਿਬ/ਅੰਮ੍ਰਿਤਸਰ, 10 ਅਪ੍ਰੈਲ () ਅਮਨ ਪਸੰਦ ਤਰੀਕੇ ਨਾਲ ਆਪਣੇ ਹੱਕਾਂ ਅਤੇ ਪੰਥ ਦੀ ਗੱਲ ਕਰਨ ਵਾਲੇ ਸਿੱਖ ਆਗੂਆਂ ਉੱਤੇ ਹਮਲੇ ਜਾਰੀ ਹਨ ਜਿਸ ਦੀ ਘੋਰ ਨਿੰਦਿਆ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ, ਬੀਤੀ ਰਾਤ ਆਵਾਜ਼-ਏ-ਕੌਮ ਜਥੇਬੰਦੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਕਰਤਾਰਪੁਰ ਉੱਤੇ ਜਲੰਧਰ ਰੇਲਵੇ ਸਟੇਸ਼ਨ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਪਿੱਛਲੇ ਦਿਨਾਂ ਵਿੱਚ ਸਿੱਖ ਪ੍ਰਚਾਰਕ ਪ੍ਰਿਤਪਾਲ ਸਿੰਘ ਬੜਗਾੜੀ ਜਿੰਨ੍ਹਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਉਹਨਾਂ ਨੇ ਦੱਸਿਆ ਕਿ ਜੋ ਵੀ ਆਗੂ ਸਿੱਖ ਕੌਮ ਦੇ ਹੱਕਾਂ ਦੀ ਅਤੇ ਖਾਲਿਸਤਾਨ ਦੀ ਗੱਲ ਕਰਦੇ ਹਨ, ਉਹਨਾਂ ਨੂੰ ਇੰਡੀਅਨ ਸਰਕਾਰ ਵੱਲੋਂ ਜਾਂ ਤਾਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ । ਉਹਨਾਂ ਨੇ ਕਿਹਾ ਕਿ ਇਹਨਾਂ ਹਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਹਮਲਿਆਂ ਖਿਲਾਫ ਸਿੱਖ ਕੌਮ ਨੂੰ ਇਕੱਠੇ ਹੋ ਕੇ ਵਿਸਾਖੀ ਵਾਲੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਵਿੱਚ ਹਾਜ਼ਰ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਇਸ ਦੇ ਨਾਲ ਹੀ ਸਰਦਾਰ ਮਾਨ ਨੇ ਕਿਹਾ ਕਿ ਇੰਡੀਆ ਸਰਕਾਰ ਵੱਲੋਂ ਨਵੇਂ ਕਾਨੂੰਨਾਂ ਤਹਿਤ ਪੁਲਿਸ ਵੱਲੋਂ ਲਗਾਤਾਰ ਐਨਕਾਊਂਟਰ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਗੈਰ ਕਾਨੂੰਨੀ ਢੰਗ ਨਾਲ ਘਰ ਢਾਹੇ ਜਾ ਰਹੇ ਹਨ, ਇਸ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਵਾਅਦਾ ਲੈ ਕੇ ਆਈ ਸੀ ਪਰ ਉਹਨਾਂ ਨੂੰ ਰੁਜਗਾਰ ਦੇਣ ਦੀ ਥਾਂ ਹੁਣ ਉਨ੍ਹਾਂ ਬੇਰੁਜਗਾਰਾਂ ਦੇ ਘਰ ਢਾਉਣ ਵੱਲ ਵੱਧ ਚੁੱਕੀ ਹੈ । ਜੇਕਰ ਪੁਲਿਸ ਵੱਲੋਂ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦਾ ਇਹ ਸਿਲਸਿਲਾ ਨਾ ਰੋਕਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਸਮੂਹ ਡੀ.ਸੀ. ਆਂ ਨੂੰ ਪੁਲਿਸ ਦੇ ਖਿਲਾਫ ਅਪੀਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਦਾਰ ਮਾਨ ਨੇ ਕਿਹਾ ਕਿ ਹਿੰਦੁਤਵ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 14 ਸਾਲ ਤੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜੋ ਕਿ ਸਿੱਖਾਂ ਦੀ ਜਮਹੂਰੀਅਤ ਦਾ ਘਾਣ ਹੈ ਜਿਸ ਕਰਕੇ ਹੀ ਸਿੱਖਾਂ ਨੂੰ ਆਪਣੀ ਆਜ਼ਾਦੀ ਦੀ ਗੱਲ ਖੁੱਲ ਕੇ ਰੱਖਣ ਵਿੱਚ ਪ੍ਰੇਸ਼ਾਨੀ ਆ ਰਹੀ ਅਤੇ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।