ਸ. ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵੱਲੋਂ ਸਿੱਖ ਪਰਿਵਾਰ ਵਿਚ ਪੈਦਾ ਹੋ ਕੇ, ਗਊ ਪੂਜਾ ਦੀ ਗੱਲ ਨਹੀਂ ਸੀ ਕਰਨੀ ਚਾਹੀਦੀ : ਮਾਨ
ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “ਸਿੱਖ ਕੌਮ ਵਿਚ ਗੁਰੂ ਸਾਹਿਬਾਨ ਨੇ ਪੂਜਾ ਦਾ ਸੁਰੂ ਵਿਚ ਹੀ ਖੰਡਨ ਕਰ ਦਿੱਤਾ ਸੀ । ਕਿਉਂਕਿ ਉਹ ਅਜਿਹੀਆ ਕਾਰਵਾਈਆ ਨੂੰ ਸਮਾਜ ਵਿਰੋਧੀ ਪਾਖੰਡ ਕਰਾਰ ਦਿੰਦੇ ਸਨ । ਸਿੱਖ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਸਤਰਾਂ ਨੂੰ ਮੰਨਦੇ ਹਨ । ਅਸੀ ਇਹ ਵੀ ਕਿਹਾ ਸੀ ਕਿ ਜੇਕਰ ਪੰਜਾਬੀ ਅਤੇ ਸਿੱਖ ਕੌਮ ਹਿੰਦੂਤਵ ਨੂੰ ਵੋਟਾਂ ਪਾਉਣਗੇ, ਤਾਂ ਉਹ ਪੰਜਾਬ ਅਤੇ ਸਿੱਖ ਧਰਮ ਵਿਚ ਘੁਸਪੈਠ ਤੇ ਪ੍ਰਵੇਸ਼ ਕਰਨਗੇ । ਫਿਰ ਸਾਡੀ ਗੱਲ ਤਾਂ ਸੱਚ ਸਾਬਤ ਹੋ ਗਈ । ਹਿੰਦੂ ਧਰਮ ਤਾਂ ਪੂਜਾ ਨੂੰ ਸਵੀਕਾਰ ਕਰਦਾ ਹੈ । ਬੇਸ਼ੱਕ ਅਸੀਂ ਕਿਸੇ ਵੀ ਧਰਮ ਦੀ ਪੂਜਾ ਦੇ ਖਿਲਾਫ਼ ਨਹੀ । ਪਰ ਅਸੀਂ ਪੂਜਾ ਵਿਚ ਵਿਸਵਾਸ ਨਹੀ ਕਰਦੇ । ਡੇਰਾਵਾਦ ਅਤੇ ਪੂਜਾਵਾਦ ਵਾਲੇ ਸਿੱਖ ਧਰਮ ਨੂੰ ਮੰਦਭਾਵਨਾ ਅਧੀਨ ਤਰੋੜ-ਮਰੋੜਕੇ ਪੇਸ਼ ਕਰ ਰਹੇ ਹਨ ਅਤੇ ਸਿੱਖ ਧਰਮ ਦਾ ਗਲਤ ਪ੍ਰਭਾਵ ਦੇ ਰਹੇ ਹਨ, ਜਿਵੇਂਕਿ ਸਿਰਸੇਵਾਲੇ, ਨੂਰਮਹਿਲੀਏ, ਆਸੂਤੋਸੀਏ, ਨਿਰੰਕਾਰੀਏ ਆਦਿ ਕਰਦੇ ਆ ਰਹੇ ਹਨ । ਸਿੱਖ ਕੌਮ ਵਿਚ ਪੂਜਾ ਵਰਜਿਤ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਜਾਬ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਵੱਲੋਂ ਗੁਰਸਿੱਖ ਮਰਿਯਾਦਾਂ ਦਾ ਉਲੰਘਣ ਕਰਦੇ ਹੋਏ ਗਊ ਪੂਜਾ ਜਿਸਦਾ ਗੁਰੂ ਸਾਹਿਬਾਨ ਨੇ ਅਤੇ ਗੁਰਬਾਣੀ ਨੇ ਖੰਡਨ ਕੀਤਾ ਹੈ, ਵੱਲੋਂ ਆਪਣੀ ਜਿੱਤ ਉਪਰੰਤ ਗਊ ਪੂਜਾ ਦੀ ਗੱਲ ਕਰਨ ਉਤੇ ਗਹਿਰਾ ਦੁੱਖ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਅਤੇ ਇਸ ਕਾਰਵਾਈ ਨੂੰ ਸਿੱਖ ਮਰਿਯਾਦਾਵਾ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਕੁਲਤਾਰ ਸਿੰਘ ਸੰਧਵਾ ਤੇ ਉਨ੍ਹਾਂ ਵਰਗੇ ਹੋਰ ਸਿੱਖੀ ਤੋ ਦੂਰ ਰਹਿਣ ਵਾਲਿਆ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜਦੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਗੁਰਦਿੱਤਾ ਜੀ ਵੱਲੋ ਮਰੀ ਹੋਈ ਗਾਂ ਨੂੰ ਜਿਊਂਦਾ ਕਰ ਦਿੱਤਾ ਗਿਆ ਸੀ ਤਾਂ ਸ੍ਰੀ ਹਰਗੋਬਿੰਦ ਸਾਹਿਬ ਉਨ੍ਹਾਂ ਦੀ ਇਸ ਕਾਰਵਾਈ ਤੋਂ ਗੁੱਸੇ ਹੋ ਗਏ ਸਨ। ਜੇਕਰ ਸਿੱਖ ਧਰਮ ਵਿਚ ਗਊ ਪੂਜਾ ਸਹੀ ਹੁੰਦੀ ਤਾਂ ਗੁਰੂ ਸਾਹਿਬ ਨੂੰ ਬਾਬਾ ਗੁਰਦਿੱਤਾ ਨਾਲ ਉਪਰੋਕਤ ਕਾਰਵਾਈ ਉਤੇ ਗੁੱਸੇ ਨਹੀਂ ਸੀ ਹੋਣਾ ਕਿਉਂਕਿ ਗੁਰਬਾਣੀ ‘ਸਭਨਾ ਜੀਆ ਕਾ ਇਕ ਦਾਤਾ’ ਅਨੁਸਾਰ ਸਿੱਖ ਧਰਮ ਵਿਚ ਪਵਿੱਤਰ ਅਤੇ ਅਪਵਿੱਤਰ ਨਹੀ ਹੁੰਦਾ, ਜਦੋਕਿ ਹਿੰਦੂ ਧਰਮ ਵਿਚ ਬੀਫ ਦਾ ਮਾਸ ਖਾਣਾ ਅਪਵਿੱਤਰ ਹੈ ਅਤੇ ਮੁਸਲਿਮ ਧਰਮ ਵਿਚ ਸੂਰ ਦਾ ਮਾਸ ਖਾਣਾ ਅਪਵਿੱਤਰ ਹੈ । ਬਲਕਿ ਬੀਫ, ਸੂਰ, ਬੱਕਰਾ ਆਦਿ ਜਾਨਵਰ ਨੂੰ ਝਟਕੇ ਰਾਹੀ ਵਰਤਣਾ ਪ੍ਰਵਾਨ ਹੈ । ਸਿੱਖ ਧਰਮ ਵਿਚ ਹਲਾਲ ਅਪ੍ਰਵਾਨ ਹੈ । ਝਟਕੇ ਰਾਹੀ ਕੀਤੇ ਗਏ ਅਮਲ ਨੂੰ ਮਹਾਪ੍ਰਸ਼ਾਦ ਕਿਹਾ ਜਾਂਦਾ ਹੈ । ਜੋ ਸਿੱਖ ਧਰਮ ਵਿਚ ਵਰਜਿਤ ਨਹੀਂ ।
ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ । ਜਦੋ ਮੈਂ ਐਮ.ਪੀ. ਸੀ, ਤਾਂ ਮੈ ਮਹਿਸੂਸ ਕੀਤਾ ਕਿ ਜੋ ਹਿੰਦੂ ਗਊ ਨੂੰ ਪਵਿੱਤਰ ਮੰਨਦੇ ਹਨ, ਉਹ ਆਪਣੀ ਗਊ ਦੀ ਰੱਖਿਆ ਨਹੀਂ ਕਰਦੇ ਅਤੇ ਨਾ ਹੀ ਵੱਡੀ ਗਿਣਤੀ ਵਿਚ ਸੜਕਾਂ, ਰੇਲਵੇ ਲਾਇਨਾਂ ਅਤੇ ਹੋਰ ਚੌਰਾਹਿਆ ਵਿਚ ਵੱਡੀ ਗਿਣਤੀ ਵਿਚ ਫਿਰਦੀਆ ਅਵਾਰਾ ਗਊਆ ਜੋ ਅਕਸਰ ਹੀ ਖਤਰਨਾਕ ਐਕਸੀਡੈਟ ਦਾ ਕਾਰਨ ਬਣਦੀਆ ਹਨ ਉਨ੍ਹਾਂ ਨੂੰ ਆਪਣੀਆ ਗਊਸਲਾਵਾ ਵਿਚ ਨਹੀਂ ਸਾਂਭਦੇ ਤਾਂ ਮੈਂ ਆਪਣੇ ਸੰਗਰੂਰ ਪਾਰਲੀਮੈਟ ਹਲਕੇ ਦੇ ਸਭ ਸ਼ਹਿਰਾਂ ਅਤੇ ਪਿੰਡਾਂ ਵਿਚ ਗਊਸਲਾਵਾ ਲਈ ਖੁੱਲ੍ਹੇ ਰੂਪ ਵਿਚ ਐਮ.ਪੀ. ਕੋਟੇ ਦੇ ਫੰਡ ਰੀਲੀਜ ਕੀਤੇ ਤਾਂ ਕਿ ਇਨ੍ਹਾਂ ਪਲਾਸਟਿਕ ਅਤੇ ਹੋਰ ਗੰਦਮੰਦ ਖਾਣ ਵਾਲੀਆ ਅਵਾਰਾ ਗਊਆ ਨੂੰ ਗਊਸਲਾਵਾ ਵਿਚ ਪੂਰੀ ਖੁਰਾਕ ਮਿਲੇ ਅਤੇ ਸਾਭਿਆ ਜਾਵੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਪਤੰਜਲੀ ਦੇ ਨਿਰਮਾਤਾ ਰਾਮਦੇਵ ਆਪਣੀਆ ਵਸਤਾਂ ਤਿਆਰ ਕਰਦੇ ਹਨ, ਉਨ੍ਹਾਂ ਵਿਚ ਗਊਮੂਤਰ, ਜਾਨਵਰਾਂ ਦੀਆਂ ਹੱਡੀਆ, ਇਥੋ ਤੱਕ ਕਿ ਉਨ੍ਹਾਂ ਦੇ ਗੋਬਰ ਦੀ ਵੀ ਵਰਤੋ ਕਰਦੇ ਹਨ । ਯੂਪੀ ਦੇ ਮੁੱਖ ਮੰਤਰੀ ਤਾਂ ਸਿੱਧੇ ਤੌਰ ਤੇ ਤਾਜਾ ਗਊ ਦਾ ਮੂਤਰ ਵੀ ਪੀਦੇ ਹਨ । ਲੇਕਿਨ ਸਾਡੇ ਧਰਮ ਵਿਚ ਇਹ ਸਭ ਵਰਜਿਤ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਐਸ.ਜੀ.ਪੀ.ਸੀ. ਅਤੇ ਹੋਰ ਆਗੂ ਤਿਲਕ ਵੀ ਲਗਾਉਦੇ ਹਨ, ਹਵਨ ਵੀ ਕਰਦੇ ਹਨ ਜੋਕਿ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੀ ਸੋਚ ਦੇ ਉਲਟ ਜਾ ਕੇ ਹਿੰਦੂਤਵ ਪਾਖੰਡਾਂ ਵਿਚ ਫੱਸ ਚੁੱਕੇ ਹਨ । ਸਪੀਕਰ ਸਾਹਿਬ ਆਪ ਜੀ ਨੇ ਗਊਪੂਜਾ ਨੂੰ ਪ੍ਰਵਾਨ ਕਰਕੇ ਗੈਰ ਸਿਧਾਤਿਕ ਦੁੱਖਦਾਇਕ ਅਮਲ ਕੀਤਾ ਹੈ । ਜਦੋਕਿ ਸਾਡੇ (ਸਿੱਖ ਕੌਮ) ਲਈ ਬੀਫ, ਸੂਰ, ਬੱਕਰਾ ਆਦਿ ਦਾ ਮਾਸ ਖਾਣਾ ਵਰਜਿਤ ਨਹੀਂ ਹੈ ਜੇਕਰ ਜਾਨਵਰ ਝਟਕਾਕੇ ਵਰਤੇ ਜਾਣ ।




