ਚੀਨ ਨਾਲ ਹੋ ਰਹੀ ਇੰਡੀਆਂ ਦੀ ਗੱਲਬਾਤ ਸਮੇਂ ਲਾਹੌਰ ਖ਼ਾਲਸਾ ਰਾਜ ਦਰਬਾਰ ਦਾ ਲਦਾਖ ਦਾ ਇਲਾਕਾ ਵਾਪਸ ਲੈਣ ਲਈ ਵੀ ਗੱਲ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 27 ਮਾਰਚ ( ) “ਚੀਨ ਦੇ ਵਿਦੇਸ਼ ਵਜ਼ੀਰ ਸ੍ਰੀ ਵਾਂਗ ਜੀ ਜੋ ਇੰਡੀਆ ਦੇ ਦੌਰੇ ਤੇ ਆਏ ਹਨ, ਉਨ੍ਹਾਂ ਨਾਲ ਇੰਡੀਆ ਦੇ ਹੁਕਮਰਾਨਾਂ ਦੀ ਹੋਣ ਵਾਲੀ ਗੱਲਬਾਤ ਵਿਚ ਲਦਾਖ ਦਾ ਉਹ ਇਲਾਕਾ ਜੋ ਲਾਹੌਰ ਖ਼ਾਲਸਾ ਰਾਜ ਦਰਬਾਰ ਦੀ ਸਾਡੀ ਹਕੂਮਤ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ ਅਤੇ ਕਸ਼ਮੀਰ ਨੂੰ 1819 ਵਿਚ ਫ਼ਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਹ ਸਭ ਇਲਾਕੇ ਚੀਨ ਤੋਂ ਵਾਪਸ ਕਰਵਾਏ ਜਾਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1962 ਦੀ ਚੀਨ-ਇੰਡੀਆ ਜੰਗ ਸਮੇਂ ਉਸ ਸਮੇਂ ਵਜ਼ੀਰ-ਏ-ਆਜ਼ਮ ਇੰਡੀਆ ਅਤੇ ਹੁਕਮਰਾਨਾਂ ਨੇ ਲਦਾਖ ਦਾ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਦੇ ਸਪੁਰਦ ਕਰ ਦਿੱਤਾ ਸੀ । ਇਸੇ ਤਰ੍ਹਾਂ 2020 ਵਿਚ 900 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਨੂੰ ਦੇ ਦਿੱਤਾ ਸੀ । ਇਹ ਸਾਰੇ ਇਲਾਕੇ ਸਾਡੇ ਖ਼ਾਲਸਾ ਰਾਜ ਦਾ ਹਿੱਸਾ ਹਨ । ਇਸ ਹੋ ਰਹੀ ਗੱਲਬਾਤ ਵਿਚ ਚੀਨ ਦੇ ਹੁਕਮਰਾਨਾਂ ਨਾਲ ਗੱਲਬਾਤ ਕਰਕੇ ਆਪਸੀ ਸਹਿਮਤੀ ਰਾਹੀ ਸਾਡੇ ਖ਼ਾਲਸਾ ਰਾਜ ਦੇ ਇਲਾਕੇ ਹਰ ਕੀਮਤ ਤੇ ਵਾਪਸ ਲਏ ਜਾਣ ।”
ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਦੇ ਵਿਦੇਸ਼ ਵਜ਼ੀਰ ਮਿਸਟਰ ਵਾਂਗ ਜੀ ਦੇ ਇੰਡੀਆ ਦੌਰੇ ਉਤੇ ਆਉਣ ਅਤੇ ਇੰਡੀਆ ਨਾਲ ਹੋ ਰਹੀ ਗੱਲਬਾਤ ਨੂੰ ਮੁੱਖ ਰੱਖਦੇ ਹੋਏ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਆਪਣੇ ਇਲਾਕਿਆ ਨੂੰ ਵਾਪਸ ਕਰਵਾਉਣ ਲਈ ਇਸ ਗੱਲਬਾਤ ਦਾ ਵਿਸ਼ੇਸ਼ ਮੁੱਦਾ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਚੀਨ ਨਾਲ ਇੰਡੀਆ ਦੀ ਗੱਲਬਾਤ ਹੋਵੇ ਉਸ ਵਿਚ ਸਿੱਖ ਕੌਮ ਦਾ ਨੁਮਾਇੰਦਾ ਸਾਮਿਲ ਹੋਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਜਿਥੇ ਇਹ ਆਪਣੇ ਖੋਹੇ ਗਏ ਇਲਾਕਿਆ ਨੂੰ ਵਾਪਸ ਲਿਆ ਜਾ ਸਕੇ, ਉਥੇ ਇਸ ਹੋਣ ਵਾਲੀ ਗੱਲਬਾਤ ਵਿਚ ਬਤੌਰ ਤੀਜੀ ਧਿਰ ਵੱਜੋ ਗੱਲਬਾਤ ਵਿਚ ਬੈਠਣ ਦਾ ਸਿੱਖ ਕੌਮ ਦਾ ਉਚੇਚਾ ਪ੍ਰਬੰਧ ਹੋਵੇ । ਉਨ੍ਹਾਂ ਕਿਹਾ ਕਿਉਕਿ ਇੰਡੀਆ ਦੇ ਪਹਿਲੇ ਵਜ਼ੀਰ-ਏ-ਆਜ਼ਮ ਸ੍ਰੀ ਜਵਾਹਰ ਲਾਲ ਨਹਿਰੂ ਨੇ 1948 ਵਿਚ ਯੂ.ਐਨ. ਸਕਿਊਰਟੀ ਕੌਸਲ ਦੀ ਹੋਈ ਬੈਠਕ ਵਿਚ ਸਮੂਲੀਅਤ ਕਰਦੇ ਹੋਏ ਯੂ.ਐਨ. ਦੇ ਇਸ ਮਤੇ ਤੇ ਦਸਤਖਤ ਕੀਤੇ ਸਨ ਕਿ ਕਸਮੀਰ ਦੇ ਮੁੱਦੇ ਉਤੇ ਉਥੋ ਦੇ ਕਸਮੀਰੀਆਂ ਦੀਆਂ ਭਾਵਨਾਵਾ ਨੂੰ ਸਹੀ ਰੂਪ ਵਿਚ ਜਾਨਣ ਲਈ ਰਾਏਸੁਮਾਰੀ ਕਰਵਾਈ ਜਾਵੇ । ਪਰ ਇੰਡੀਆ ਦੇ ਹੁਕਮਰਾਨਾ ਨੇ ਇਸ ਕੌਮਾਂਤਰੀ ਸੰਸਥਾਂ ਵਿਚ ਪਾਸ ਹੋਏ ਮਤੇ ਉਤੇ ਦਸਤਖਤ ਕਰਨ ਉਪਰੰਤ ਵੀ ਕਸ਼ਮੀਰੀਆਂ ਦੀ ਰਾਏਸੁਮਾਰੀ ਨਹੀ ਕਰਵਾਈ ਗਈ । ਬਲਕਿ ਜਿਸ ਕਸਮੀਰ ਨੂੰ ਸਿੱਖ ਫ਼ੌਜਾਂ ਨੇ 1819 ਵਿਚ ਫਤਹਿ ਕਰਕੇ ਆਪਣੇ ਖਾਲਸਾ ਰਾਜ ਦਰਬਾਰ ਦਾ ਹਿੱਸਾ ਬਣਾਇਆ ਸੀ, ਉਸ ਉਤੇ ਵੀ ਸਾਡੇ ਹੱਕ ਦੀ ਰਾਖੀ ਨਹੀ ਕੀਤੀ ਗਈ । ਉਨ੍ਹਾਂ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿਉਂਕਿ ਏਸੀਆ ਖਿੱਤੇ ਦੇ ਤਿੰਨ ਵੱਡੇ ਮੁਲਕ ਇੰਡੀਆ, ਚੀਨ ਤੇ ਪਾਕਿਸਤਾਨ ਦੀ ਲੰਮੇ ਸਮੇ ਤੋ ਪੁਰਾਤਨ ਦੁਸ਼ਮਣੀ ਚੱਲਦੀ ਆ ਰਹੀ ਹੈ। ਇਸ ਆਪਸੀ ਦੁਸਮਣੀ ਕਾਰਨ ਕਿਸੇ ਸਮੇਂ ਵੀ ਜੰਗ ਅਤੇ ਪ੍ਰਮਾਣੂ ਜੰਗ ਨੂੰ ਸੱਦਾ ਦੇ ਸਕਦੇ ਹਨ । ਅਜਿਹੇ ਹਾਲਾਤਾਂ ਵਿਚ ਪ੍ਰਮਾਣੂ ਜੰਗ ਸੁਰੂ ਹੋਣ ਤੇ ਤਾਂ ਸਾਡੀ ਸਿੱਖ ਕੌਮ ਜਿਸਦੀ ਨਾ ਤਾਂ ਚੀਨ ਨਾਲ ਕੋਈ ਦੁਸਮਣੀ ਹੈ, ਨਾ ਪਾਕਿਸਤਾਨ ਨਾਲ ਅਤੇ ਨਾ ਹੀ ਇੰਡੀਆ ਨਾਲ, ਉਸਦੀ ਤਾਂ ਪ੍ਰਮਾਣੂ ਜੰਗ ਹੋਣ ਤੇ ਨਸ਼ਲੀ ਸਫਾਈ ਹੋ ਕੇ ਰਹਿ ਜਾਵੇਗੀ । ਜਿਸ ਨਾਲ ਸਿੱਖ ਕੌਮ ਦੀ ਹੋਦ ਨੂੰ ਵੱਡਾ ਖਤਰਾਂ ਹੋ ਜਾਵੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਏਸੀਆ ਖਿੱਤੇ ਦੇ ਇਨ੍ਹਾਂ ਮੁਲਕਾਂ ਵਿਚ ਹਰ ਤਰ੍ਹਾਂ ਦੀ ਜੰਗ ਦੇ ਸਖਤ ਵਿਰੁੱਧ ਹੈ । ਅਸੀ ਇਹ ਵੀ ਚਾਹੁੰਦੇ ਹਾਂ ਕਿ ਉਪਰੋਕਤ ਤਿੰਨੇ ਦੁਸਮਣ ਮੁਲਕਾਂ ਇੰਡੀਆ, ਚੀਨ ਤੇ ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਖਾਲਸਾ ਰਾਜ ਤੇ ਅਧਾਰਿਤ ਕੌਮਾਂਤਰੀ ਕਾਨੂੰਨਾਂ ਅਧੀਨ ਬਿਨ੍ਹਾਂ ਕਿਸੇ ਤਰ੍ਹਾਂ ਦਾ ਜਾਨੀ, ਮਾਲੀ ਨੁਕਸਾਨ ਕਰੇ ਇਕ ਬਫਰ ਸਟੇਟ ਕਾਇਮ ਕਰਨ ਵਿਚ ਇਹ ਤਿੰਨੇ ਮੁਲਕ ਆਪੋ-ਆਪਣੀ ਜਿ਼ੰਮੇਵਾਰੀ ਨਿਭਾਉਣ । ਅਜਿਹਾ ਬਫਰ ਸਟੇਟ ਕਾਇਮ ਹੋਣ ਤੇ ਜਿਥੇ ਏਸੀਆ ਖਿੱਤੇ ਵਿਚ ਜੰਗ ਨੂੰ ਸਦਾ ਲਈ ਅਲਵਿਦਾ ਕੀਤੀ ਜਾ ਸਕਦੀ ਹੈ, ਉਥੇ ਸਮੁੱਚੇ ਏਸੀਆ ਖਿੱਤੇ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਬਹਾਲ ਰੱਖਣ ਵਿਚ ਵੱਡਾ ਸਹਿਯੋਗ ਮਿਲੇਗਾ । ਇਸ ਲਈ ਸਾਡੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੀ ਯੂਨਾਈਟਿਡ ਨੇਸ਼ਨ ਦੀ ਸਕਿਊਰਟੀ ਕੌਸਲ ਨੂੰ ਇਹ ਜੋਰਦਾਰ ਜਿਥੇ ਸੰਜ਼ੀਦਾ ਬੇਨਤੀ ਹੈ ਕਿ ਉਹ ਚੀਨ-ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ ਸਿੱਖ ਕੌਮ ਤੇ ਅਧਾਰਿਤ ਬਫਰ ਸਟੇਟ ਕਾਇਮ ਕਰਨ ਵਿਚ ਸੰਜ਼ੀਦਗੀ ਨਾਲ ਭੂਮਿਕਾ ਨਿਭਾਉਣ । ਅਜਿਹੇ ਅਮਲ ਹੋਣ ਤੇ ਜਿਥੇ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ ਚੈਨ ਅਤੇ ਜਮਹੂਰੀਅਤ ਬਹਾਲ ਹੋ ਜਾਵੇਗੀ, ਉਥੇ ਸਮੂਹਿਕ ਤੌਰ ਤੇ ਏਸੀਆ ਖਿੱਤੇ ਵਿਚ ਆਉਣ ਵਾਲੇ ਸਾਰੇ ਮੁਲਕਾਂ ਦਾ ਆਪਸ ਵਿਚ ਪਿਆਰ, ਮੁਹੱਬਤ, ਸਮਾਜਿਕ ਅਤੇ ਧਾਰਮਿਕ ਮਾਹੌਲ ਨੂੰ ਮਜਬੂਤ ਕਰਨ ਵਿਚ ਵੀ ਵੱਡੀ ਮਦਦ ਮਿਲੇਗੀ।
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਚੀਨ ਅਤੇ ਇੰਡੀਆ ਦੇ ਹੁਕਮਰਾਨ ਜਿਥੇ ਲਦਾਖ ਦੇ ਖਾਲਸਾ ਰਾਜ ਦਰਬਾਰ ਦੇ 39000 ਸਕੇਅਰ ਵਰਗ ਕਿਲੋਮੀਟਰ ਇਲਾਕੇ ਨੂੰ ਵਾਪਸ ਲੈਣ ਲਈ ਦੋਵੇ ਮੁਲਕ ਜਿ਼ੰਮੇਵਾਰੀ ਨਿਭਾਉਣਗੇ, ਉਥੇ ਆਪਣੀਆ ਇਨ੍ਹਾਂ ਸੁਹਿਰਦ ਕੋਸਿ਼ਸ਼ਾਂ ਨੂੰ ਵੀ ਅਮਲੀ ਰੂਪ ਦੇਣਗੇ । ਜਿਸ ਨਾਲ ਤਿੰਨੇ ਦੁਸਮਣ ਮੁਲਕਾਂ ਇੰਡੀਆ, ਚੀਨ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਕੁੜੱਤਣ ਤੇ ਦੁਸਮਣੀ ਨੂੰ ਸਦਾ ਲਈ ਦੂਰ ਕੀਤਾ ਜਾ ਸਕੇਗਾ ਅਤੇ ਏਸੀਆ ਖਿੱਤੇ ਵਿਚ ਅਮਨ-ਚੈਨ ਦੀ ਬੰਸਰੀ ਵੱਜ ਸਕੇਗੀ । ਉਨ੍ਹਾਂ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਅਜਿਹੀਆ ਹੋਣ ਵਾਲੀਆ ਮੀਟਿੰਗਾਂ ਵਿਚ ਇਹ ਦੋਵੇ ਮੁਲਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਤੌਰ ਸਿੱਖ ਕੌਮ ਦੇ ਨੁਮਾਇੰਦੇ ਵੱਜੋ ਪ੍ਰਵਾਨ ਕਰਦੇ ਹੋਏ ਇਨ੍ਹਾਂ ਮੀਟਿੰਗਾਂ ਵਿਚ ਸਾਡੀ ਸਮੂਲੀਅਤ ਨੂੰ ਯਕੀਨੀ ਬਣਾਉਣ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਗੇ ।