ਜੋ ਪੰਜਾਬ ਦੀਆਂ ਰਾਜ ਸਭਾ ਦੀਆਂ 5 ਸੀਟਾਂ ਖਾਲੀ ਹੋਈਆ ਹਨ, ਉਹ ਪੰਜਾਬ ਨਾਲ ਸੰਬੰਧਤ ਉਨ੍ਹਾਂ ਸਖਸ਼ੀਅਤਾਂ ਨੂੰ ਦਿੱਤੀਆ ਜਾਣ ਜੋ ਇਥੋ ਦੇ ਮਸਲਿਆ ਨੂੰ ਹੱਲ ਕਰਨ ਦੀ ਸਮਰੱਥਾਂ ਰੱਖਦੇ ਹੋਣ : ਮਾਨ

ਫ਼ਤਹਿਗੜ੍ਹ ਸਾਹਿਬ, 16 ਮਾਰਚ ( ) “ਬੇਸ਼ੱਕ ਅਸੀਂ ਭਗਤ ਸਿੰਘ ਦੇ, ਖਟਕੜ ਕਲਾਂ ਵਿਖੇ ਸੌਹ ਚੁੱਕ ਸਮਾਗਮ ਦੇ ਅਤੇ ਹੋਰ ਕੌਮੀ ਤੇ ਪੰਜਾਬ ਦੇ ਗੰਭੀਰ ਮਸਲਿਆ ਤੋ ਵੱਖਰੀ ਅਤੇ ਪੰਜਾਬ ਪੱਖੀ ਸੋਚ ਰੱਖਦੇ ਹਾਂ, ਪਰ ਭਗਵੰਤ ਸਿੰਘ ਮਾਨ ਦੀ ਬਤੌਰ ਮੁੱਖ ਮੰਤਰੀ ਪੰਜਾਬ ਵੱਜੋ ਅਤੇ ਉਸਦੀ ਕੈਬਨਿਟ ਵੱਲੋ ਅੱਜ ਦੇ ਸੌਹ ਚੁੱਕ ਦੇ ਸੰਪਨ ਹੋਏ ਪ੍ਰੋਗਰਾਮ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁਬਾਰਕਬਾਦ ਭੇਜਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਇਹ ਨਵੀ ਬਣੀ ਸਰਕਾਰ ਅਤੇ ਮੁੱਖ ਮੰਤਰੀ ਦ੍ਰਿੜਤਾ ਪੂਰਵਕ ਅਤੇ ਸਹੀ ਪਹੁੰਚ ਅਪਣਾਕੇ, ਬਰਗਾੜੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ, ਬਹਿਬਲ ਕਲਾਂ ਵਿਖੇ 2 ਸਿੱਖਾਂ ਦੇ ਕੀਤੇ ਕਤਲੇਆਮ, ਰੀਪੇਰੀਅਨ ਕਾਨੂੰਨ ਅਨੁਸਾਰ ਪਾਣੀਆਂ, ਬਿਜਲੀ ਦੇ ਮੁੱਦੇ, ਪੰਜਾਬ ਤੋਂ ਬਾਹਰ ਰੱਖੇ ਗਏ ਪੰਜਾਬੀ ਬੋਲਦੇ ਇਲਾਕਿਆ ਚੰਡੀਗੜ੍ਹ ਆਦਿ ਦੇ ਗੰਭੀਰ ਮਸਲਿਆ ਨੂੰ ਪਹਿਲ ਦੇ ਆਧਾਰ ਤੇ ਸੰਜ਼ੀਦਗੀ ਨਾਲ ਫੌਰੀ ਹੱਲ ਕੀਤਾ ਜਾਵੇ । ਇਸ ਮਿਸ਼ਨ ਦੀ ਪੂਰਤੀ ਲਈ ਰਾਜ ਸਭਾ (Council of states) ਵਿਚ ਪੰਜਾਬ ਵਿਚੋ ਖਾਲੀ ਹੋਈਆ 5 ਸੀਟਾਂ ਉਤੇ ਵੱਡੇ-ਵੱਡੇ ਧਨਾਢਾਂ ਜਾਂ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਨਾ ਦੇਕੇ ਪੰਜਾਬ ਹਿਤੈਸੀ ਸੂਝਵਾਨਾਂ ਨੂੰ ਰਾਜ ਸਭਾ ਵਿਚ ਭੇਜਿਆ ਜਾਵੇ । ਤਾਂ ਕਿ ਰਾਜ ਸਭਾ ਵਿਚ ਪਹੁੰਚਣ ਵਾਲੇ ਇਹ ਪੰਜਾਬ ਦੇ ਨੁਮਾਇੰਦੇ ਸੈਟਰ ਵਿਚ ਆਪਣੇ ਹੱਕ-ਸੱਚ ਦੀ ਗੱਲ ਕਰਕੇ ਮਸਲੇ ਹੱਲ ਕਰਵਾ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਦੀ ਸੌਹ ਚੁੱਕ ਪ੍ਰੋਗਰਾਮ ਉਤੇ ਵਿਚਾਰਾਂ ਦੇ ਵਖਰੇਵੇ ਹੁੰਦੇ ਹੋਏ ਵੀ ਮੁਬਾਰਕਬਾਦ ਦਿੰਦੇ ਹੋਏ, 5 ਰਾਜ ਸਭਾ ਸੀਟਾਂ ਦੀ ਹੋ ਰਹੀ ਚੋਣ ਵਿਚ ਵੱਡੇ-ਵੱਡੇ ਧਨਾਢਾਂ ਜਾਂ ਬਾਹਰਲੇ ਸੂਬਿਆਂ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਲੋਕਾਂ ਨੂੰ ਭੇਜਣ ਦੀ ਬਜਾਇ, ਪੰਜਾਬ ਸੂਬੇ ਨਾਲ ਸੰਬੰਧਤ ਸੰਜ਼ੀਦਾ ਸਖਸ਼ੀਅਤਾਂ ਨੂੰ ਇਹ ਜਿ਼ੰਮੇਵਾਰੀ ਦੇਣ ਦੀ ਜੋਰਦਾਰ ਗੁਜਾਰਿਸ ਤੇ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਜੋ ਰਾਜ ਸਭਾ ਦੀਆਂ ਸੀਟਾਂ ਹੁੰਦੀਆਂ ਹਨ, ਉਹ ਸੰਬੰਧਤ ਸਟੇਟ ਦੀ ਰਾਜ ਸਭਾ ਵਿਚ ਵੱਡੀ ਜਿ਼ੰਮੇਵਾਰੀ ਵਾਲੀ ਨੁਮਾਇੰਦਗੀ ਹੁੰਦੀ ਹੈ । ਅਕਸਰ ਹੀ ਹੁਕਮਰਾਨ ਪਾਰਟੀਆਂ ਤੇ ਜਮਾਤਾਂ ਇਨ੍ਹਾਂ ਸੀਟਾਂ ਉਤੇ ਆਪਣੇ ਬਹੁਤ ਨੇੜੇ ਦੇ ਦੋਸਤਾਂ, ਸੰਬੰਧੀਆਂ ਅਤੇ ਬਾਹਰਲੇ ਸੂਬਿਆਂ ਦੇ ਵੱਡੇ-ਵੱਡੇ ਧਨਾਢਾਂ, ਉਦਯੋਗਪਤੀਆਂ ਨੂੰ ਦੇ ਦਿੰਦੀਆ ਹਨ ਜਿਨ੍ਹਾਂ ਨੂੰ ਪੰਜਾਬ ਸੂਬੇ ਦੀਆਂ ਮੁਸ਼ਕਿਲਾਂ ਅਤੇ ਇਥੋ ਦੇ ਮਸਲਿਆ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ । ਜਦੋਕਿ ਇਨ੍ਹਾਂ ਰਾਜ ਸਭਾ ਮੈਬਰਾਂ ਨੇ ਹੀ ਸੈਟਰ ਦੀ ਸਰਕਾਰ ਉਤੇ ਜੋਰ ਪਾ ਕੇ ਆਪਣੇ ਸੂਬੇ ਦੇ ਮਸਲਿਆ ਨੂੰ ਹੱਲ ਕਰਵਾਉਣਾ ਹੁੰਦਾ ਹੈ ਅਤੇ ਆਪਣੇ ਸੂਬੇ ਦੇ ਨਿਵਾਸੀਆ ਪੱਖੀ ਅਮਲ ਕਰਨੇ ਹੁੰਦੇ ਹਨ । ਜਦੋ ਪਾਰਟੀਆਂ ਆਪਣੇ ਰਿਸਤੇਦਾਰਾਂ, ਸੰਬੰਧੀਆਂ ਜਾਂ ਉਦਯੋਗਪਤੀਆਂ ਨੂੰ ਇਨ੍ਹਾਂ ਸੀਟਾਂ ਉਤੇ ਆਪਣੀਆ ਲਾਲਸਾਵਾ ਅਧੀਨ ਮੈਬਰ ਬਣਾ ਦਿੰਦੀਆ ਹਨ ਤਾਂ ਸੂਬੇ ਦੇ ਹੱਕ-ਹਕੂਕਾ ਦੀ ਪ੍ਰਾਪਤੀ ਮਨਫੀ ਹੋ ਜਾਂਦੀ ਹੈ ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਦੇ ਮੁਫਾਦ ਵੀ ਪੰਜਾਬ ਤੋ ਬਾਹਰੀ ਹਨ ਅਤੇ ਉਨ੍ਹਾਂ ਦੀ ਇੰਡੀਆ ਵਿਚ ਰਾਜ ਕਰਨ ਦੀ ਡੂੰਘੀ ਚਾਹਨਾ ਪੰਜਾਬ ਸੂਬੇ ਦੇ ਮੁਫਾਦਾ ਨੂੰ ਕੁਦਰਤੀ ਨਜ਼ਰ ਅੰਦਾਜ ਕਰਕੇ ਆਪਣੀ ਸਿਆਸੀ ਪਾਰਟੀ ਦੀ ਰਾਜ ਕਰਨ ਦੀ ਸੋਚ ਉਤੇ ਕੇਦਰਿਤ ਹੋਵੇਗੀ । ਇਸ ਲਈ ਉਹ ਕਦੀ ਵੀ ਪੰਜਾਬ ਸੂਬੇ ਦੀ ਚਹੁਪੱਖੀ ਪ੍ਰਫੁੱਲਤਾ ਜਾਂ ਵਿਕਾਸ ਉਤੇ ਕੇਦਰਿਤ ਨਹੀਂ ਕਰ ਸਕਣਗੇ । ਦੂਸਰਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਨਿਰੰਕਾਰੀ ਮੁੱਖੀ ਗੁਰਬਚਨੇ ਦਾ 250 ਫੁੱਟ ਉੱਚਾ ਬੁੱਤ ਸਥਾਪਿਤ ਕੀਤਾ ਜਾਵੇਗਾ । ਫਿਰ ਉਨ੍ਹਾਂ ਦੇ ਦਿੱਲੀ ਦੇ ਪਾਣੀ, ਬਿਜਲੀ ਦੇ ਮੁਫਾਦ ਵੀ ਹਨ । ਜਿਨ੍ਹਾਂ ਨੂੰ ਉਹ ਆਉਣ ਵਾਲੇ ਸਮੇ ਵਿਚ ਪੰਜਾਬ ਨਾਲ ਵਿਤਕਰਾ ਕਰਕੇ ਆਪਣੇ ਦਿੱਲੀ ਵਾਲੇ ਅੱਧੇ ਸੂਬੇ ਦੇ ਰਾਜ ਪ੍ਰਬੰਧ ਨੂੰ ਅੱਗੇ ਤੋਰਨਾ ਚਾਹੁੰਣਗੇ । ਅਜਿਹਾ ਕਰਦੇ ਹੋਏ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਉਹ ਪੰਜਾਬ ਦੀ ਸਿਆਸੀ ਤਾਕਤ ਦੀ ਆਪਣੇ ਦਿੱਲੀ ਸੂਬੇ, ਆਪਣੇ ਸੰਬੰਧੀਆਂ, ਆਪਣੇ ਸਿਆਸਤਦਾਨ, ਦੋਸਤਾਂ ਅਤੇ ਉਦਯੋਗਪਤੀਆਂ ਦੇ ਹੱਕ ਵਿਚ ਦੁਰਵਰਤੋ ਕਰ ਸਕਦੇ ਹਨ । ਜਿਸ ਤੋ ਇਸ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਮੁੱਚੇ ਵਿਧਾਨਕਾਰਾਂ, ਬਣਨ ਵਾਲੇ ਵਜ਼ੀਰਾਂ ਅਤੇ ਪੰਜਾਬ ਦੇ ਨਿਵਾਸੀਆ ਨੂੰ ਸੁਚੇਤ ਰਹਿਣਾ ਪਵੇਗਾ ਅਤੇ ਸਹੀ ਸਮੇ ਤੇ ਜਦੋ ਵੀ ਅਜਿਹਾ ਕੋਈ ਅਨਿਆਏ ਜਾਂ ਬੇਇਨਸਾਫ਼ੀ ਸ੍ਰੀ ਕੇਜਰੀਵਾਲ ਵੱਲੋ ਕਰਨ ਦੀ ਗੱਲ ਹੋਵੇ ਤਾਂ ਉਸੇ ਸਮੇਂ ਸਮੂਹਿਕ ਰੂਪ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਇਥੋ ਦੇ ਨਿਵਾਸੀਆ ਦੀ ਚਹੁਪੱਖੀ ਬਿਹਤਰੀ ਲਈ ਆਪਣੀਆ ਇਖਲਾਕੀ ਤੇ ਇਨਸਾਨੀ ਜਿ਼ੰਮੇਵਾਰੀਆ ਵੀ ਪੂਰਨ ਕਰਨੀਆ ਹੋਣਗੀਆ । ਉਨ੍ਹਾਂ ਕਿਹਾ ਕਿ ਮਰਹੂਮ ਇੰਦਰਾ ਗਾਂਧੀ ਨੇ ਸਮੁੱਚੇ ਮੁਲਕ ਨਿਵਾਸੀਆ ਨੂੰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਗੁੰਮਰਾਹ ਕਰਨ ਹਿੱਤ ਰੋਟੀ, ਕੱਪੜਾ ਅਤੇ ਮਕਾਨ ਦਾ ਜਜਬਾਤੀ ਨਾਅਰਾ ਦਿੱਤਾ ਸੀ । ਲੇਕਿਨ ਅੱਜ ਤੱਕ ਇਥੋ ਦੇ ਨਿਵਾਸੀਆ ਦੇ ਅਜੇ ਤੱਕ ਇਹ ਤਿੰਨੋ ਮਸਲੇ ਹੱਲ ਨਹੀਂ ਹੋ ਸਕੇ ਭਾਵੇਕਿ ਸਿਆਸਤਦਾਨ ਅਜਿਹੇ ਮੁੱਦਿਆ ਉਤੇ ਪੰਜਾਬ ਤੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਦੇ ਆਏ ਹਨ । ਪੰਜਾਬੀ ਬੋਲੀ, ਪਾਣੀਆ ਦੇ ਗੰਭੀਰ ਮੁੱਦੇ, ਹੈੱਡਵਰਕਸਾਂ ਤੋਂ ਪੰਜਾਬ ਦੀ ਪੈਦਾ ਹੋਣ ਵਾਲੀ ਬਿਜਲੀ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਤ ਪੀੜ੍ਹਾ ਵਾਲੇ ਮੁੱਦਿਆ ਅਤੇ ਮਸਲਿਆ ਦਾ ਹੱਲ ਤਦੇ ਹੋ ਸਕੇਗਾ ਜੇਕਰ ਰਾਜ ਸਭਾ ਵਿਚ ਭੇਜਣ ਵਾਲੇ ਮੈਬਰਾਂ ਤੋਂ ਕਰੋੜਾਂ-ਅਰਬਾਂ ਰੁਪਏ ਲੈਕੇ ਅਜਿਹੀਆ ਸੀਟਾਂ ਦੇਣ ਦੇ ਮੰਦਭਾਗਾ ਰੁਝਾਨ ਬੰਦ ਹੋਵੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ. ਭਗਵੰਤ ਸਿੰਘ ਮਾਨ ਅਤੇ ਸ੍ਰੀ ਕੇਜਰੀਵਾਲ ਪੰਜਾਬ ਦੀਆਂ ਪੰਜੇ ਰਾਜ ਸਭਾ ਸੀਟਾਂ ਪੰਜਾਬ ਹਿਤੈਸੀਆ ਅਤੇ ਪੰਜਾਬੀਆਂ ਨੂੰ ਹੀ ਦੇਣਗੇ ਅਤੇ ਉਪਰੋਕਤ ਵਰਣਨ ਕੀਤੇ ਗਏ ਮਸਲਿਆ ਨੂੰ ਸਹੀ ਪਹੁੰਚ ਅਪਣਾਕੇ ਪਹਿਲ ਦੇ ਆਧਾਰ ਤੇ ਹੱਲ ਕਰਨਗੇ ।

Leave a Reply

Your email address will not be published. Required fields are marked *