ਖ਼ਾਲਿਸਤਾਨ ਦੀ ਗੱਲ ਕਰਨਾ ਸ. ਮਾਨ ਤੇ ਪਾਰਟੀ ਦਾ ਕੌਮੀ ਤੇ ਕਾਨੂੰਨੀ ਅਧਿਕਾਰ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਕਿਉਂਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਪਹਿਲੇ ਆਪਣੇ ਮੁਖਾਰਬਿੰਦ ਤੋਂ ਇਹ ਉਚਾਰਕੇ ਕਿ ‘ਇਨ ਗਰੀਬ ਸਿੱਖਨ ਕੋ ਦੇਊ ਪਾਤਸਾਹੀ’ ਦੇ ਬਚਨਾਂ ਰਾਹੀ ਸਪੱਸਟ ਕਰ ਦਿੱਤਾ ਸੀ ਕਿ ਸਿੱਖ ਕੌਮ ਆਪਣੇ ਆਪ ਵਿਚ ਆਜ਼ਾਦ ਕੌਮ ਹੈ ਅਤੇ ਰਾਜਭਾਗ ਦੀ ਮਾਲਕੀ ਹੱਕ ਰੱਖਦੀ ਹੈ । ਦੂਸਰਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲਾ ਹੋਣ ਤੋ ਪਹਿਲੇ ਇਹ ਕਿਹਾ ਗਿਆ ਸੀ ਕਿ ‘ਜਦੋ ਹਿੰਦ ਫ਼ੌਜ ਸ੍ਰੀ ਦਰਬਾਰ ਸਾਹਿਬ ਉਤੇ ਮੰਦਭਾਵਨਾ ਅਧੀਨ ਹਮਲਾ ਕਰੇਗੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਇਸ ਲਈ ਖ਼ਾਲਿਸਤਾਨ ਦੀ ਗੱਲ ਕਰਨਾ ਨਾ ਤਾਂ ਕਿਸੇ ਕਾਨੂੰਨ, ਨਿਯਮ ਵਿਚ ਕਿਸੇ ਤਰ੍ਹਾਂ ਦਾ ਜੁਰਮ-ਗੁਨਾਹ ਹੈ ਬਲਕਿ ਸਾਡਾ ਇਹ ਕੌਮੀ ਤੇ ਕਾਨੂੰਨੀ ਅਧਿਕਾਰ ਹੈ ਕਿ ਅਸੀਂ ਜਮਹੂਰੀਅਤ ਅਤੇ ਅਮਨਮਈ ਲੀਹਾਂ ਰਾਹੀ ਆਪਣਾ ਆਜਾਦ ਮੁਲਕ ਕਾਇਮ ਕਰੀਏ । ਜਿਸ ਉਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਨਿਰੰਤਰ ਬੀਤੇ 40 ਸਾਲਾਂ ਤੋ ਪਹਿਰਾ ਦਿੰਦੀ ਆ ਰਹੀ ਹੈ । ਜਦੋਕਿ ਸ. ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ 22 ਅਪ੍ਰੈਲ 1992 ਨੂੰ ਯੂ.ਐਨ. ਦੇ ਸਕੱਤਰ ਜਰਨਲ ਮਿਸਟਰ ਬੁਟਰੋਸ-ਬੁਟਰੋਸ ਘਾਲੀ ਨੂੰ ਸਮੁੱਚੀ ਸਿੱਖ ਲੀਡਰਸਿ਼ਪ ਵੱਲੋ ਖ਼ਾਲਿਸਤਾਨ ਦੀ ਮੰਗ ਕਰਦੇ ਹੋਏ ਯਾਦ ਪੱਤਰ ਦਿੱਤਾ ਗਿਆ ਸੀ । ਉਸ ਉਤੇ ਦਸਤਖਤ ਵੀ ਕੀਤੇ ਸਨ ਅਤੇ ਦਿੱਲੀ ਯਾਦ ਪੱਤਰ ਦੇਣ ਵਾਲੇ ਆਗੂਆਂ ਵਿਚ ਸਾਮਿਲ ਵੀ ਸਨ । ਫਿਰ ਉਹ ਆਪਣੇ ਇਸ ਕੌਮੀ ਮਿਸਨ ਨੂੰ ਪਿੱਠ ਦੇ ਕੇ ਕੌਮ ਨਾਲ ਧੋਖਾ ਉਨ੍ਹਾਂ ਨੇ ਕੀਤਾ ਜੀ ਜਾਂ ਸਿਮਰਨਜੀਤ ਸਿੰਘ ਮਾਨ ਨੇ ਜੋ ਅੱਜ ਵੀ ਇਸ ਮਿਸਨ ਤੇ ਦ੍ਰਿੜ ਹਨ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੱਖੜ ਪੁੰਨਿਆ ਬਾਬਾ ਬਕਾਲਾ ਸਾਹਿਬ ਵਿਖੇ ਅਤੇ ਲੌਗੋਵਾਲ ਬਾਦਲ ਦਲੀਆ ਵੱਲੋ ਉਨ੍ਹਾਂ ਦੀ ਬਰਸੀ ਮਨਾਉਣ ਦੇ ਮੌਕੇ ਸਮੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਪ੍ਰਤੀ ਗੈਰ ਦਲੀਲ ਢੰਗ ਨਾਲ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਸ. ਮਾਨ ਦੀ ਸਖਸੀਅਤ ਨੂੰ ਬਦਨਾਮ ਕਰਨ ਦੀ ਅਸਫਲ ਕੋਸਿਸ ਦੇ ਜੁਆਬ ਵੱਜੋ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੋ ਤੱਕ ਸ. ਸੁਖਬੀਰ ਸਿੰਘ ਬਾਦਲ ਨੇ ਸਿੱਖ ਨੌਜਵਾਨੀ ਸੰਬੰਧੀ ਬਾਹਰਲੇ ਮੁਲਕਾਂ ਨੂੰ ਸ. ਮਾਨ ਵੱਲੋ ਉਨ੍ਹਾਂ ਨੂੰ ਆਪਣਾ ਪੱਤਰ ਦੇ ਕੇ ਬਾਹਰਲੇ ਮੁਲਕਾਂ ਵਿਚ ਭੇਜਣ ਅਤੇ ਪੈਸੇ ਦੀ ਦੁਰਵਰਤੋ ਕਰਨ ਦੀ ਦੂਸਣਬਾਜੀ ਕੀਤੀ ਹੈ, ਇਨ੍ਹਾਂ ਬਾਦਲ ਦਲੀਆ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਦੀਆਂ ਪੰਜਾਬ ਵਿਚ 5 ਵਾਰੀ ਸਰਕਾਰਾਂ ਰਹੀਆ ਹਨ । ਇਸ ਦੌਰਾਨ ਇਨ੍ਹਾਂ ਵੱਲੋ ਪੰਜਾਬੀ ਬੇਰੁਜਗਾਰ ਸਿੱਖ ਨੌਜਵਾਨਾਂ ਦੇ ਰੁਜਗਾਰ ਲਈ ਕੋਈ ਵੀ ਅਜਿਹੀ ਯੋਜਨਾ ਨਹੀ ਬਣਾਈ ਗਈ ਜਿਸ ਨਾਲ ਸਿੱਖ ਨੌਜਵਾਨੀ ਰੁਜਗਾਰ ਲਈ ਬਾਹਰਲੇ ਮੁਲਕਾਂ ਵਿਚ ਨਾ ਭੱਜੇ ਅਤੇ ਉਨ੍ਹਾਂ ਦੀ ਮਾਲੀ ਹਾਲਤ ਇਥੇ ਹੀ ਬਿਹਤਰ ਹੋਵੇ । ਲੇਕਿਨ ਹੁਣ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਤੇ ਸ. ਮਾਨ ਵੱਲੋ ਸਿੱਖ ਬੱਚਿਆਂ ਦੇ ਰੁਜਗਾਰ ਲਈ ਬਾਹਰਲੇ ਮੁਲਕਾਂ ਲਈ ਰਾਜਸੀ ਪੱਤਰ ਦੇ ਕੇ ਉਥੇ ਰੁਜਗਾਰ ਪ੍ਰਾਪਤ ਕਰਨ, ਆਪਣੀ ਮਾਲੀ ਹਾਲਤ ਬਿਹਤਰ ਬਣਾਉਣ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਇਹ ਸਿਆਸੀ ਵਿਰੋਧੀ ਵੱਜੋ ਇਸ ਉੱਦਮ ਨੂੰ ਵੀ ਬਦਨਾਮ ਕਰਨ ਦੀ ਮਨਸਾ ਨਾਲ ਪ੍ਰਚਾਰ ਕਰਕੇ ਆਪਣੀ ਹੀ ਅਕਲ ਦਾ ਜਨਾਜ਼ਾਂ ਕੱਢ ਰਹੇ ਹਨ । ਜਦੋਕਿ ਆਪਣੀਆ ਸਰਕਾਰਾਂ ਦੌਰਾਨ ਜਦੋ ਇਨ੍ਹਾਂ ਦਾ ਸੈਟਰ ਦੀ ਬੀਜੇਪੀ-ਆਰ.ਐਸ.ਐਸ ਨਾਲ ਨੌਹ-ਮਾਸ ਦੇ ਰਿਸਤੇ ਦੀ ਸਾਂਝ ਰਹੀ ਹੈ, ਪੰਜਾਬ ਵਿਚਲੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਇਕ ਵੀ ਵੱਡੀ ਇੰਡਸਟਰੀ ਨਹੀ ਲਿਆ ਸਕੇ । ਬਲਕਿ ਪੰਜਾਬ ਦੇ ਕੀਮਤੀ ਸਾਧਨਾਂ, ਹੱਕ ਹਕੂਕਾ ਦੀ ਲੁੱਟ ਖਸੁੱਟ ਕਰਵਾਕੇ ਆਪਣੇ ਸਿਆਸੀ ਅਤੇ ਮਾਲੀ ਫਾਇਦੇ ਉਨ੍ਹਾਂ ਤੋ ਪ੍ਰਾਪਤ ਕਰਦੇ ਰਹੇ ਹਨ । ਇਥੋ ਤੱਕ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ, ਸ. ਗੁਰਚਰਨ ਸਿੰਘ ਟੋਹੜਾ ਅਤੇ ਹਰਚੰਦ ਸਿੰਘ ਲੌਗੋਵਾਲ ਆਗੂਆਂ ਨੇ ਖੁਦ ਮਰਹੂਮ ਇੰਦਰਾ ਗਾਂਧੀ ਨਾਲ ਸਹਿਮਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੀ ਨਹੀ ਕਰਵਾਇਆ, ਬਲਕਿ ਸਾਡੇ ਤੋਸਾਖਾਨਾ ਦੀਆਂ ਬੇਸਕੀਮਤੀ ਵਸਤਾਂ, ਬੇਸਕੀਮਤੀ ਇਤਿਹਾਸਿਕ ਯਾਦਗਰਾਂ, ਦਸਤਾਵੇਜ ਆਦਿ ਜੋ ਫ਼ੌਜ ਲੁੱਟਕੇ ਲੈ ਗਈ ਸੀ, ਉਹ ਅੱਜ ਤੱਕ ਵਾਪਸ ਨਹੀ ਕਰਵਾਇਆ ਗਿਆ । ਦੂਸਰਾ ਜੋ ਪੰਜਾਬ ਵਿਚ ਲੰਮਾਂ ਸਮਾਂ ਸਿੱਖ ਨੌਜਵਾਨੀ ਦਾ ਬੇਰਹਿੰਮੀ ਨਾਲ ਕਤਲੇਆਮ ਹੁੰਦਾ ਰਿਹਾ, ਉਸਦੇ ਵੀ ਇਹ ਦਿਸ਼ਾਹੀਣ ਸਵਾਰਥੀ ਲੀਡਰਸਿਪ ਜਿੰਮੇਵਾਰ ਹੈ ਜੋ ਸਿੱਖ ਕੌਮ ਦੇ ਕਾਤਲ ਅਫਸਰਾਂ ਦੀ ਪੁਸਤ ਪਨਾਹੀ ਹੀ ਨਹੀ ਕਰਦੀ ਰਹੀ ਬਲਕਿ ਉਨ੍ਹਾਂ ਨੂੰ ਤਰੱਕੀਆ ਵੀ ਦਿੰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਜੋ ਇੰਡੀਆਂ ਦੀ ਮੋਦੀ ਹਕੂਮਤ ਵੱਲੋ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਆਜ਼ਾਦੀ ਮੰਗਣ ਵਾਲੇ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ, ਜਿਸ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦਾ ਕਤਲੇਆਮ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਸੰਬੰਧੀ ਸ. ਸਿਮਰਨਜੀਤ ਸਿੰਘ ਮਾਨ ਵੱਲੋ ਪਾਰਲੀਮੈਟ ਵਿਚ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਤੌਰ ਪੰਜਾਬ ਦੀ ਨੁਮਾਇੰਦਗੀ ਕਰਨ ਉਤੇ ਸਹਿਜ ਨਾਲ ਉਪਰੋਕਤ ਗੰਭੀਰ ਵਿਸੇ ਉਤੇ ਸਾਂਝੇ ਤੌਰ ਤੇ ਪਾਰਲੀਮੈਟ ਵਿਚ ਆਵਾਜ ਉਠਾਉਣ ਦੀ ਭਾਵਨਾ ਅਧੀਨ ਸਪੀਕਰ ਨੂੰ ਮਿਲਣ ਲਈ ਕਿਹਾ ਤਾਂ ਇਹ ਦੋਵੇ ਸਪੀਕਰ ਦੇ ਕਮਰੇ ਵਿਚ ਦਾਖਲ ਹੋ ਕੇ ਬਾਹਰ ਨਿਕਲ ਗਏ । ਜਿਸ ਤੋ ਖੁਦ-ਬ-ਖੁਦ ਪ੍ਰਤੱਖ ਹੋ ਜਾਂਦਾ ਹੈ ਕਿ ਪੰਜਾਬੀਆਂ ਤੇ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਅਤੇ ਪੰਜਾਬ ਸੂਬੇ ਵਿਚ ਅਮਨ ਚੈਨ ਤੇ ਜਮਹੂਰੀਅਤ ਕਾਇਮ ਰੱਖਣ ਲਈ ਇਹ ਕਿੰਨੇ ਕੁ ਸੁਹਿਰਦ ਹਨ ? ਉਨ੍ਹਾਂ ਕਿਹਾ ਕਿ ਜਿਵੇਂ ਸੈਟਰ ਦੇ ਹੁਕਮਰਾਨ ਭਾਵੇ ਉਹ ਕਾਂਗਰਸ ਹੋਵੇ, ਬੀਜੇਪੀ-ਆਰ.ਐਸ.ਐਸ ਜਾਂ ਹੋਰ ਹਿੰਦੂਤਵ ਜਮਾਤਾਂ ਹੋਣ, ਜੋ ਅਕਸਰ ਹੀ ‘ਖ਼ਾਲਿਸਤਾਨ’ ਦੇ ਪਵਿੱਤਰ ਨਾਮ ਨੂੰ ਗੈਰ ਦਲੀਲ ਢੰਗ ਨਾਲ ਪ੍ਰਚਾਰ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਆ ਰਹੇ ਹਨ, ਇਸ ਅਮਲ ਵਿਚ ਇਹ ਬਾਦਲ ਦਲੀਏ ਖੁਦ ਵੀ ਮੋਹਰੀ ਹਨ ਤਾਂ ਕਿ ਪੰਜਾਬ ਸੂਬੇ ਦੀ ਵਿਧਾਨ ਸਭਾ ਅਤੇ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਉਤੇ ਸੈਟਰ ਦੇ ਸਹਿਯੋਗ ਨਾਲ ਆਪਣੇ ਮੰਦਭਾਵਨਾ ਭਰੇ ਕਬਜਿਆ ਨੂੰ ਕਾਇਮ ਰੱਖ ਸਕਣ । ਪਰ ਅਜਿਹਾ ਕਰਦੇ ਹੋਏ ਇਹ ਸਵਾਰਥੀ ਹਿੱਤਾ ਵਿਚ ਗ੍ਰਸਤ ਹੋਏ ਆਗੂ ਇਹ ਭੁੱਲ ਜਾਂਦੇ ਹਨ ਕਿ ‘ਕਾਠ ਦੀ ਹਾਂਡੀ ਵਾਰ-ਵਾਰ ਨਹੀ ਚੜ੍ਹਦੀ’ ਦੇ ਅਨੁਸਾਰ ਸਿੱਖ ਕੌਮ ਇਨ੍ਹਾਂ ਵੱਲੋ ਅੱਜ ਤੱਕ ਆਪਣੇ ਸਵਾਰਥੀ ਹਿੱਤਾ ਲਈ ਕੀਤੇ ਗਏ ਦੁਖਦਾਇਕ ਅਮਲਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਇਹੀ ਵਜਹ ਹੈ ਕਿ ਬੀਤੀਆ 4 ਹੋਈਆ ਚੋਣਾਂ ਵਿਚ ਇਨ੍ਹਾਂ ਦੇ ਉਮੀਦਵਾਰਾਂ ਦੀਆਂ ਸਿੱਖ ਕੌਮ ਨੇ ਜਮਾਨਤਾਂ ਜਬਤ ਕਰਵਾਈਆ ਹਨ । ਹੁਣ ਇਨ੍ਹਾਂ ਲਈ ਇਹੀ ਬਿਹਤਰ ਹੋਵੇਗਾ ਕਿ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਗੁੰਮਰਾਹਕੁੰਨ ਪ੍ਰਚਾਰ ਰਾਹੀ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਦੀਆਂ ਸਾਜਿਸਾਂ ਨੂੰ ਸਦਾ ਲਈ ਅਲਵਿਦਾ ਕਹਿਕੇ, ਆਪਣੀ ਚੌਧਰਾਂ ਦੀ ਸਿਆਸੀ ਅਤੇ ਮਾਲੀ ਭੁੱਖ ਤੋ ਤੋਬਾ ਕਰਕੇ, ਸਿੱਖੀ ਸੰਸਥਾਵਾਂ ਅਤੇ ਮਰਿਯਾਦਾਵਾਂ ਦੇ ਹੋ ਰਹੇ ਦੁੱਖਦਾਇਕ ਘਾਣ ਨੂੰ ਬੰਦ ਕਰਕੇ ਇਨ੍ਹਾਂ ਸੰਸਥਾਵਾਂ ਉਤੇ ਸਿੱਖ ਨੌਜਵਾਨੀ ਨੂੰ ਕੌਮੀ ਭਾਵਨਾਵਾ ਅਨੁਸਾਰ ਸਿਆਸਤ ਅਤੇ ਧਰਮੀ ਉੱਦਮਾਂ ਵਿਚ ਅੱਗੇ ਆਉਣ ਦੇ ਮੌਕੇ ਪ੍ਰਦਾਨ ਕਰਨ ਅਤੇ ਆਪਣੇ ਰਹਿੰਦੇ ਸਵਾਸਾਂ ਨੂੰ ਮਨੁੱਖਤਾ ਤੇ ਸਿੱਖ ਕੌਮ ਦੀ ਬਿਹਤਰੀ ਵਿਚ ਲਗਾਉਣ ਤਾਂ ਬਿਹਤਰ ਹੋਵੇਗਾ ।