“ਐਗਜਿ਼ਟ ਪੋਲ” ਵੱਲੋਂ ਆਪ ਪਾਰਟੀ ਨੂੰ ਅੱਗੇ ਰੱਖਣਾ, ਹਿੰਦੂਤਵ ਤਾਕਤਾਂ ਦੀ ਪੰਜਾਬ ਅਤੇ ਸਿੱਖ ਵਿਰੋਧੀ ਭਾਵਨਾ ਦੀ ਸਾਜਿ਼ਸ ਦੀ ਕੜੀ ਦਾ ਹਿੱਸਾ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਾਰਚ ( ) “ਬੀਜੇਪੀ ਦੇ ਕੌਮੀ ਪ੍ਰਧਾਨ ਸ੍ਰੀ ਜੇਪੀ ਨੱਢਾ ਨੇ ਪੰਜਾਬ ਦੀਆਂ ਵੋਟਾਂ ਪੈਣ ਤੋਂ ਪਹਿਲੇ ਇਹ ਪੂਰੀ ਦ੍ਰਿੜਤਾਂ ਤੇ ਜੋਰਸੋਰ ਨਾਲ ਕਿਹਾ ਸੀ ਕਿ ਜੇਕਰ ਬੀਜੇਪੀ ਅਤੇ ਉਸਦੇ ਅਲਾਇਸ ਪੰਜਾਬ ਵਿਚ ਚੋਣਾਂ ਤੋਂ ਬਾਅਦ ਤਾਕਤ ਵਿਚ ਨਾ ਆਏ, ਤਾਂ ਗੁਆਂਢੀ ਮੁਲਕ ਪਾਕਿਸਤਾਨ ਦੀ ਫ਼ੌਜ ਤੇ ਉਸ ਮੁਲਕ ਦਾ ਪੰਜਾਬ ਸੂਬੇ ਰਾਹੀ ਦਾਖਲ ਹੋਣ ਅਤੇ ਵੱਡਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਜਦੋ ਪੰਜਾਬ ਦੇ ਸੂਝਵਾਨ ਨਿਵਾਸੀਆਂ ਅਤੇ ਵੋਟਰਾਂ ਨੇ ਬੀਜੇਪੀ ਵਰਗੀ ਕੱਟੜਵਾਦੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਸੋਚ ਦੀ ਮਾਲਕ ਜਮਾਤ ਨੂੰ ਪ੍ਰਵਾਨ ਹੀ ਨਹੀਂ ਕੀਤਾ ਤਾਂ ਵੱਖ-ਵੱਖ ਐਗਜਿ਼ਟ ਪੋਲਾਂ ਵੱਲੋ ਆਉਣ ਵਾਲੇ ਨਤੀਜਿਆ ਬਾਰੇ ਜਾਣਕਾਰੀ ਦਿੰਦੇ ਹੋਏ ਜੋ ਕਿਸੇ ਨੇ ਆਮ ਆਦਮੀ ਪਾਰਟੀ ਨੂੰ 70, 80, ਕਿਸੇ ਨੇ 90 ਅਤੇ ਕਿਸੇ ਨੇ 100 ਸੀਟਾਂ ਜਿੱਤਣ ਦੀਆਂ ਗੁੰਮਰਾਹਕੁੰਨ ਗੱਲਾਂ ਤਾਂ ਇਨ੍ਹਾਂ ਕੱਟੜਵਾਦੀ ਹਿੰਦੂਤਵ ਸੋਚ ਵਾਲਿਆ ਦੀ ਸੋਚੀ ਸਮਝੀ ਸਾਜਿ਼ਸ ਦੀ ਕੜੀ ਦਾ ਹਿੱਸਾ ਹਨ। ਜਦੋਕਿ ਇਹ ਕਿਵੇ ਹੋ ਸਕਦਾ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਆਰ.ਐਸ.ਐਸ. ਦੇ ਆਦੇਸ਼ਾਂ ਉਤੇ ਕੰਮ ਕਰਨ ਵਾਲੀ ਬੀ-ਟੀਮ ਆਮ ਆਦਮੀ ਪਾਰਟੀ ਜਿਸ ਵਿਰੁੱਧ ਪੰਜਾਬ ਵਿਚ ਵੱਡਾ ਗੁੱਸਾ ਤੇ ਨਫ਼ਰਤ ਸੀ, ਉਸਨੂੰ 57-61, 80-90 ਜਾਂ 100 ਸੀਟਾਂ ਉਤੇ ਜਿੱਤ ਕਿਵੇਂ ਪ੍ਰਾਪਤ ਹੋ ਸਕਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵੱਖ-ਵੱਖ ਐਗਜਿ਼ਟ ਪੋਲਾਂ ਦੀਆਂ ਟੀਮਾਂ ਵੱਲੋਂ ਨਿਰਆਧਾਰ ਰਿਪੋਰਟਾਂ ਨੂੰ ਮੁੱਖ ਰੱਖਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਵੱਧ ਸੀਟਾਂ ਮਿਲਣ ਦੇ ਕੀਤੇ ਗਏ ਪ੍ਰਚਾਰ ਨੂੰ ਹਾਸੋਹੀਣਾ ਅਤੇ ਸੱਚਾਈ ਤੋਂ ਦੂਰ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਥੇ ਉਨ੍ਹਾਂ ਨੇ ਇਸ ਗੱਲ ਦੀ ਵੀ ਡੂੰਘੀ ਸੰਕਾ ਜਾਹਰ ਕੀਤੀ ਕਿ ਜੇਕਰ ਐਗਜਿ਼ਟ ਪੋਲਾਂ ਦੇ ਅਨੁਸਾਰ ਪੰਜਾਬੀਆਂ ਤੇ ਸਿੱਖ ਕੌਮ ਵੱਲੋਂ ਦੁਰਕਾਰੀ ਜਾ ਚੁੱਕੀ ਆਮ ਆਦਮੀ ਪਾਰਟੀ ਐਨੀਆਂ ਵੱਧ ਸੀਟਾਂ ਉਤੇ ਜਿੱਤ ਦਰਜ ਕਰਦੀ ਹੈ ਤਾਂ ਇਹ ਇੰਡੀਆਂ ਦੀ ਹੁਕਮਰਾਨ ਜਮਾਤ ਬੀਜੇਪੀ, ਆਰ.ਐਸ.ਐਸ. ਵੱਲੋਂ ਈ.ਵੀ.ਐਮ. ਮਸ਼ੀਨਾਂ ਦੇ ਸੁਰੱਖਿਅਤ ਸੈਂਟਰਾਂ ਵਿਚ ਰਾਤਾਂ ਨੂੰ ਵੱਡੀ ਹੇਰਾਂ-ਫੇਰੀ ਕਰਨ ਦੇ ਜਮਹੂਰੀਅਤ ਵਿਰੋਧੀ ਅਮਲਾਂ ਤੋਂ ਕਤਈ ਇਨਕਾਰ ਨਹੀਂ ਕੀਤਾ ਜਾ ਸਕਦਾ । ਅਜਿਹਾ ਹੁਕਮਰਾਨ ਇਸ ਲਈ ਵੀ ਕਰ ਸਕਦਾ ਹੈ ਕਿਉਂਕਿ ਪੰਜਾਬ ਨਿਵਾਸੀਆ ਨੇ ਬੀਜੇਪੀ ਦੀ ਫਿਰਕੂ ਜਮਾਤ ਨੂੰ ਪੂਰਨ ਰੂਪ ਵਿਚ ਨਕਾਰ ਦਿੱਤਾ ਹੈ । ਇਸ ਲਈ ਪੰਜਾਬ ਦੀ ਸਿਆਸਤ ਉਤੇ ਆਮ ਆਦਮੀ ਪਾਰਟੀ ਰਾਹੀ ਅਗਲੀਆ ਫਿਰਕੂ ਨੀਤੀਆਂ ਅਤੇ ਅਮਲਾਂ ਨੂੰ ਲਾਗੂ ਕਰਨ ਲਈ ਰਾਹ ਪੱਧਰਾਂ ਕਰਨ ਵੱਲ ਵੀ ਇਸਾਰਾ ਕੀਤਾ । ਉਨ੍ਹਾਂ ਕਿਹਾ ਕਿ ਜੇਕਰ ਈ.ਵੀ.ਐਮ ਮਸ਼ੀਨਾਂ ਵਿਚ ਕਿਸੇ ਤਰ੍ਹਾਂ ਦੀ ਹਕੂਮਤੀ ਪੱਧਰ ਤੇ ਛੇੜਛਾੜ ਨਾ ਹੋ ਸਕੀ ਤਾਂ ਉਪਰੋਕਤ ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ, ਬਾਦਲ ਦਲੀਆ ਜਾਂ ਇਨ੍ਹਾਂ ਦੇ ਸਹਿਯੋਗੀ ਅਲਾਇਸ ਕੋਈ ਪ੍ਰਾਪਤੀ ਨਹੀ ਕਰ ਸਕਣਗੇ । ਬਲਕਿ ਇਥੇ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮੱਤ ਨਹੀਂ ਮਿਲ ਸਕੇਗਾ । ਸ. ਮਾਨ ਨੇ ਪੰਜਾਬ ਨਿਵਾਸੀਆ ਨੂੰ ਐਗਜਿ਼ਟ ਪੋਲਾਂ ਦੇ 2 ਦਿਨ ਪਹਿਲੇ ਫੈਲਾਏ ਜਾ ਰਹੇ ਝੂਠ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਨਿਰਲੇਪ ਰਹਿਣ ਅਤੇ 10 ਮਾਰਚ ਦੇ ਗਿਣਤੀ ਵਾਲੇ ਦਿਨ ਦਾ ਇੰਤਜਾਰ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਹਿੰਦੂਤਵ ਜਮਾਤਾਂ ਅਤੇ ਉਨ੍ਹਾਂ ਦੇ ਬਣੇ ਅੰਨ੍ਹੇ ਭਗਤਾਂ ਨੂੰ ਗਿਣਤੀ ਵਾਲੇ ਦਿਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣ ਦਾ ਗਿਆਨ ਖੁਦ ਹੋ ਜਾਵੇਗਾ ।