ਐਗਜਿ਼ਟ ਪੋਲ, ਹੁਕਮਰਾਨ ਅਤੇ ਉਨ੍ਹਾਂ ਦੇ ਚੋਣ ਕਮਿਸ਼ਨ ਦੀ ਪ੍ਰਕਿਰਿਆ ਕਿਸੇ ਨੂੰ ਜਿਤਾਵੇ ਜਾਂ ਹਰਾਵੇ, ਖ਼ਾਲਸਾ ਪੰਥ ਦੀ ਲੜਾਈ ਤਾਂ ਕੌਮੀ ਇਨਸਾਫ਼, ਅਣਖ਼-ਗੈਰਤ ਅਤੇ ਹੋਂਦ ਉਤੇ ਕੇਂਦਰਿਤ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 09 ਮਾਰਚ ( ) “ਸਿੱਖ ਕੌਮ ਅਤੇ ਖ਼ਾਲਸਾ ਪੰਥ ਨੂੰ ਬੇਸ਼ੱਕ ਹੁਕਮਰਾਨਾਂ ਤੇ ਚੋਣ ਕਮਿਸ਼ਨ ਨੇ ਚੋਣ ਪ੍ਰਣਾਲੀ ਵਿਚ ਉਲਝਾਕੇ, ਜਿੱਤ-ਹਾਰ ਦੀ ਲੜਾਈ ਵਿਚ ਮਸਰੂਫ ਕੀਤਾ ਹੋਇਆ ਹੈ ਅਤੇ ਸਿੱਖ ਕੌਮ ਜਮਹੂਰੀਅਤ ਅਤੇ ਅਮਨਮਈ ਕਦਰਾਂ-ਕੀਮਤਾਂ ਦੀ ਕਾਇਲ ਵੀ ਹੈ, ਪਰ ਖ਼ਾਲਸਾ ਪੰਥ ਦੀ ਲੜਾਈ ਜਿੱਤਾਂ-ਹਾਰਾਂ ਤੱਕ ਸੀਮਤ ਨਹੀਂ । ਇਹ ਲੜਾਈ ਤਾਂ ‘ਸਰਬੱਤ ਦੇ ਭਲੇ’ ਦੇ ਮਿਸ਼ਨ ਨੂੰ ਨਿਰੰਤਰ ਚੱਲਦਾ ਰੱਖਣ, ਇਨਸਾਫ਼ ਪ੍ਰਾਪਤੀ, ਕੌਮੀ ਅਣਖ਼-ਗੈਰਤ ਅਤੇ ਹਰ ਕੀਮਤ ‘ਤੇ ਕੌਮੀ ਹੋਂਦ ਨੂੰ ਕਾਇਮ ਰੱਖਣ ਦੀ ਹੈ । ਜਿਸ ਲਈ ਚੋਣ ਪ੍ਰਣਾਲੀ ਰਾਹੀ ਜਿੱਤਾਂ-ਹਾਰਾਂ ਸਾਡੇ ਪੜਾਅ ਤਾਂ ਹੋ ਸਕਦੇ ਹਨ, ਪਰ ਮੰਜਿ਼ਲ ਕਦਾਚਿੱਤ ਨਹੀ । ਇਸ ਲਈ ਐਗਜਿ਼ਟ ਪੋਲਾਂ ਦੀਆਂ ਪ੍ਰਕਾਸਿ਼ਤ ਹੋਣ ਵਾਲੀਆ ਝੂਠੀਆਂ ਰਿਪੋਰਟਾਂ, ਹੁਕਮਰਾਨਾਂ ਤੇ ਚੋਣ ਕਮਿਸ਼ਨ ਦੇ ਜਿੱਤ-ਹਾਰਾਂ ਦੇ ਨਤੀਜਿਆ ਨਾਲ ਸਿੱਖ ਕੌਮ ਨੂੰ ਵੱਡੀਆਂ ਖੁਸ਼ੀਆਂ ਜਾਂ ਗਮੀਆਂ ਵਿਚ ਨਹੀਂ ਜਾਣਾ ਚਾਹੀਦਾ। ਬਲਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਕੌਮੀ ਨਿਸ਼ਾਨੇ ਉਤੇ ਕੇਂਦਰਿਤ ਰਹਿੰਦੇ ਹੋਏ ਆਪਣੀਆ ਸਰਗਰਮੀਆਂ ਨੂੰ ਸਮੂਹਿਕ ਰੂਪ ਵਿਚ ਇਸ ਕਦਰ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਹਰ ਕੌਮ, ਧਰਮ, ਫਿਰਕੇ, ਕਬੀਲੇ ਅਤੇ ਮੁਲਕਾਂ ਆਦਿ ਵਿਚ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਮਜ਼ਬੂਤ ਹੋਵੇ ਤੇ ਦੂਸਰੀਆਂ ਕੌਮਾਂ, ਧਰਮਾਂ, ਕਬੀਲਿਆ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਹੋਣ ਦੇ ਨਾਲ-ਨਾਲ ਖ਼ਾਲਸਾ ਪੰਥ ਦੀ ਆਨ-ਸਾਨ, ਅਣਖ਼-ਗੈਰਤ ਅਤੇ ਹੋਂਦ ਕੌਮਾਂਤਰੀ ਪੱਧਰ ਉਤੇ ਸਦੀਵੀ ਤੌਰ ਤੇ ਬਰਕਰਾਰ ਰਹੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਮੁਤੱਸਵੀ ਹੁਕਮਰਾਨਾਂ, ਉਨ੍ਹਾਂ ਦੀਆਂ ਏਜੰਸੀਆਂ, ਐਗਜਿਟ ਪੋਲਾਂ, ਚੋਣ ਕਮਿਸ਼ਨ ਅਤੇ ਹੋਰ ਹਕੂਮਤੀ ਸਾਜ਼ਸੀ ਪ੍ਰਬੰਧਾਂ ਦੇ ਹੋ ਰਹੇ ਗੁੰਮਰਾਹਕੁੰਨ ਬੇਨਤੀਜਾ ਵਰਤਾਰੇ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਆਪਣੀ ਕੌਮੀ ਅਣਖ਼-ਗੈਰਤ, ਹੋਂਦ ਨੂੰ ਹਰ ਕੀਮਤ ਤੇ ਕਾਇਮ ਰੱਖਣ ਹਿੱਤ ਹਰ ਤਰ੍ਹਾਂ ਦੇ ਦੁਨਿਆਵੀ ਡਰ-ਭੈ ਅਤੇ ਗੁਲਾਮੀਅਤ ਵਾਲੀ ਸੋਚ ਤੋਂ ਰਹਿਤ ਰਹਿਕੇ ਸੰਜ਼ੀਦਾ ਕਾਰਵਾਈਆ ਕਰਦੇ ਰਹਿਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਮੁਲਕ ਦਾ ਕੱਟੜਵਾਦੀ ਸੋਚ ਵਾਲਾ ਹੁਕਮਰਾਨ ਬਹੁਤ ਸਾਤੁਰ ਅਤੇ ਮੁਕਾਰਤਾ ਨਾਲ ਭਰਿਆ ਹੋਇਆ ਉਹ ਦਿਮਾਗ ਹੈ, ਜੋ ਔਖੇ ਸਮੇਂ ਲੋੜ ਪੈਣ ਉਤੇ ਤਾਂ ਸਿੱਖ ਕੌਮ ਅਤੇ ਸਿੱਖ ਧਰਮ ਦੀਆਂ ਬਹਾਦਰੀਆਂ ਅਤੇ ਉਸਦੇ ਮਨੁੱਖਤਾ ਪੱਖੀ ਗੁਣਾਂ ਦੇ ਸੋਹਲੇ ਗਾਕੇ ਸਿੱਖ ਕੌਮ ਨੂੰ ਕੁਰਬਾਨੀਆਂ ਅਤੇ ਅਹੁੱਤੀਆ ਦੇਣ ਲਈ ਦੁਰਵਰਤੋਂ ਕਰਦਾ ਆ ਰਿਹਾ ਹੈ ਅਤੇ ਜਦੋ ਸਿੱਖ ਕੌਮ ਨੂੰ ਉਸਦੇ ਵਿਧਾਨਿਕ ਹੱਕ-ਹਕੂਕ, ਉਸਦੀ ਅਣਖ਼ੀਲੀ ਵੱਖਰੀ ਪਹਿਚਾਣ, ਆਨ-ਸਾਨ ਨੂੰ ਕਾਇਮ ਰੱਖਦੇ ਹੋਏ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਗੱਲ ਆਉਦੀ ਹੈ, ਤਾਂ ਇਹ ਸਾਤੁਰ ਹੁਕਮਰਾਨ ਉਸਨੂੰ ਬਾਕੀ ਮੁਲਕ ਨਿਵਾਸੀਆਂ ਵਿਚ ਆਪਣੇ ਪ੍ਰਚਾਰ ਸਾਧਨਾਂ ਰਾਹੀ ਅੱਤਵਾਦੀ, ਵੱਖਵਾਦੀ, ਸ਼ਰਾਰਤੀ, ਗਰਮਦਲੀਏ ਆਦਿ ਬਦਨਾਮਨੁੰਮਾ ਨਾਮ ਦੇ ਕੇ ਸਾਜ਼ਸੀ ਢੰਗਾਂ ਰਾਹੀ ਇੰਜ ਪੇਸ਼ ਕਰਦਾ ਹੈ ਜਿਵੇਂ ਸਿੱਖ ਕੌਮ ਤੋਂ ਵੱਡਾ ਅਪਰਾਧੀ ਤੇ ਪਾਪੀ ਕੋਈ ਨਾ ਹੋਵੇ । ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਜਿਸ ਸਿੱਖ ਕੌਮ ਨੇ ਬੀਤੇ ਸਮੇਂ ਵਿਚ ਆਪਣੇ ਅਸੂਲਾਂ ਤੇ ਨਿਯਮਾਂ ਉਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬਾਨ ਦੇ ਹੁਕਮਾਂ ਅਨੁਸਾਰ ਹਿੰਦੂ ਧੀਆਂ-ਭੈਣਾਂ, ਬੇਟੀਆਂ ਨੂੰ ਜਾਬਰ ਹੁਕਮਰਾਨਾਂ ਦੇ ਚੁੰਗਲ ਵਿਚੋਂ ਬਚਾਕੇ ਉਨ੍ਹਾਂ ਦੇ ਘਰੋ-ਘਰੀ ਬਾਇੱਜ਼ਤ ਪਹੁੰਚਾਉਣ ਦੇ ਇਨਸਾਨੀ ਫਰਜਾਂ ਦੀ ਪੂਰਤੀ ਕਰਦੀ ਰਹੀ, ਉਹ ਬਹੁਗਿਣਤੀ ਹਿੰਦੂਤਵ ਕੌਮ ਵੀ, ਹੁਕਮਰਾਨਾਂ ਵੱਲੋਂ ਸਿੱਖ ਕੌਮ ਪ੍ਰਤੀ ਨਫ਼ਰਤ ਪੈਦਾ ਕਰਨ ਵਾਲੇ ਸਾਜ਼ਸੀ ਵਰਤਾਰੇ ਨੂੰ ਪ੍ਰਵਾਨ ਕਰਕੇ ਉੱਚੇ-ਸੁੱਚੇ ਇਖ਼ਲਾਕ ਵਾਲੀ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਉਤੇ ਗੈਰ-ਇਨਸਾਨੀ, ਗੈਰ-ਧਾਰਮਿਕ ਅਤੇ ਗੈਰ ਕਾਨੂੰਨੀ ਕਾਰਵਾਈਆ ਕਰਦੇ ਆ ਰਹੇ ਹਨ । ਅਜਿਹੇ ਅਮਲ ਤਾਂ ਮਕਾਰ ਸੋਚ ਦੇ ਮਾਲਕ ਹੁਕਮਰਾਨਾਂ ਦੀ ਸੋਚ ਨੂੰ ਪੂਰਾ ਕਰਨ ਵਾਲੇ ਹਨ । ਇਸ ਲਈ ਸਮੁੱਚੀ ਸਿੱਖ ਕੌਮ ਨੂੰ ਜਿੱਥੇ ਆਪਣੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਰਾਹੀ ‘ਸਰਬੱਤ ਦੇ ਭਲੇ’ ਵਾਲੇ ਉਦਮਾਂ ਨੂੰ ਬਿਲਕੁਲ ਨਹੀਂ ਵਿਸਾਰਣਾ ਚਾਹੀਦਾ, ਉਥੇ ਹਰ ਪੰਜਾਬੀ ਅਤੇ ਗੁਰਸਿੱਖ ਨੂੰ ਜ਼ਮਹੂਰੀਅਤ ਢੰਗ ਪ੍ਰਣਾਲੀ ਵਾਲੀਆਂ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਸੰਘਰਸ਼ ਦੇ ਮਿਸ਼ਨ ਉਤੇ ਕੇਦਰਿਤ ਰਹਿਕੇ, ਉਸ ਅਕਾਲ ਪੁਰਖ ਦੇ ਭੈ ਵਿਚ ਰਹਿੰਦੇ ਹੋਏ ਅਜਿਹੇ ਅਮਲ ਕੀਤੇ ਜਾਣ ਜਿਸ ਨਾਲ ਪਿੰਡ, ਸ਼ਹਿਰ, ਸਟੇਟ ਜਾਂ ਮੁਲਕੀ ਪੱਧਰ ਉਤੇ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਉੱਚੇ-ਸੁੱਚੇ ਕਿਰਦਾਰ ਹੀ ਕੇਵਲ ਪ੍ਰਫੁੱਲਿਤ ਨਾ ਹੋਵੇ, ਬਲਕਿ ਸਿੱਖ ਕੌਮ ਦੀ ਮੰਜਿ਼ਲ ਅਤੇ ਨਿਸ਼ਾਨਾਂ ਕੀ ਹੈ, ਉਸ ਸੰਬੰਧੀ ਦੂਸਰੀਆਂ ਕੌਮਾਂ, ਧਰਮਾਂ, ਮੁਲਕਾਂ, ਕਬੀਲਿਆ ਵਿਚ ਇਹ ਸੋਚ ਨਿੱਖਰਕੇ ਸਾਹਮਣੇ ਆ ਸਕੇ ਅਤੇ ਸਮੁੱਚੇ ਸੰਸਾਰ ਨੂੰ ਸਾਡੇ ਗੁਰੂ ਸਾਹਿਬਾਨ ਜੀ ਦੀ ਸੋਚ ਅਤੇ ਸਿੱਖ ਕੌਮ ਦੀ ਕਦੀ ਵੀ ਗੁਲਾਮੀਅਤ ਨੂੰ ਪ੍ਰਵਾਨ ਨਾ ਕਰਨ, ਬਿਨ੍ਹਾਂ ਕਿਸੇ ਡਰ-ਭੈ ਤੋਂ ਆਜ਼ਾਦੀ ਨਾਲ ਜੀਊਣ ਅਤੇ ਦੂਸਰਿਆ ਨੂੰ ਆਜਾਦੀ ਨਾਲ ਜਿਊਂਣ ਦੇਣ ਦੀ ਸੋਚ ਦਾ ਕੌਮਾਂਤਰੀ ਪੱਧਰ ਤੇ ਪ੍ਰਸਾਰ ਤੇ ਪ੍ਰਚਾਰ ਹੋ ਸਕੇ ।