ਸ੍ਰੀ ਕੇਜਰੀਵਾਲ ਵਰਗੇ ਆਗੂਆਂ ਨੂੰ ਜੇਲ੍ਹ ਯਾਤਰਾ ਦਾ ਡਰ ਨਹੀ ਹੋਣਾ ਚਾਹੀਦਾ, ਜੇਲ੍ਹ ਯਾਤਰਾ ਤਾਂ ਕਿਸੇ ਸਖਸ਼ੀਅਤ ਨੂੰ ਬਹੁਤ ਵੱਡਾ ਤੁਜਰਬਾ ਪ੍ਰਦਾਨ ਕਰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 05 ਜਨਵਰੀ ( ) “ਸ੍ਰੀ ਕੇਜਰੀਵਾਲ ਜਿਸਦੀ ਪਾਰਟੀ ਦੀਆਂ ਦਿੱਲੀ ਅਤੇ ਪੰਜਾਬ ਵਿਚ ਸਰਕਾਰਾਂ ਹਨ, ਜੇਕਰ ਹੁਕਮਰਾਨ ਉਨ੍ਹਾਂ ਨੂੰ ਜੇਲ੍ਹ ਵਿਚ ਬੰਦੀ ਬਣਾਉਣਾ ਚਾਹੁੰਦਾ ਹੈ ਤਾਂ ਸਿਆਸੀ ਆਗੂਆਂ ਤੇ ਲੋਕਾਂ ਦੀ ਅਗਵਾਈ ਕਰਨ ਵਾਲੀਆ ਸਖਸ਼ੀਅਤਾਂ ਨੂੰ ਤਾਂ ਜੇਲ੍ਹ ਯਾਤਰਾ ਹਰ ਪੱਖੋ ਕੇਵਲ ਨਿਖਾਰਦੀ ਹੀ ਨਹੀ । ਬਲਕਿ ਵੱਡੇ ਤੁਜਰਬੇ ਵੀ ਪ੍ਰਦਾਨ ਕਰਦੀ ਹੈ । ਇਸ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਜੇਲ੍ਹ ਵਰਗੀ ਗੱਲ ਤੋ ਕਿਸੇ ਤਰ੍ਹਾਂ ਦੀ ਪਹਿਲਾ ਤਾਂ ਘਬਰਾਹਟ ਨਹੀ ਹੋਣੀ ਚਾਹੀਦੀ । ਦੂਸਰਾ ਜੈਸਾ ਬੀਜੋਗੇ ਤੈਸਾ ਵੱਢੋਗੇ, ਦੀ ਕਹਾਵਤ ਸਿਆਸੀ ਆਗੂਆਂ ਨੂੰ ਜਹਿਨ ਵਿਚ ਰੱਖਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਵੱਲੋ ਜੇਲ੍ਹ ਜਾਣ ਤੋ ਪੈਦਾ ਹੋਈ ਘਬਰਾਹਟ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸ੍ਰੀ ਕੇਜਰੀਵਾਲ ਨੂੰ ਜੇਲ੍ਹ ਯਾਤਰਾ ਦੇ ਤੁਜਰਬਿਆ ਤੋ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੈਂ ਸ੍ਰੀ ਕੇਜਰੀਵਾਲ ਅਤੇ ਦਿੱਲੀ ਦੇ ਲੈਫ. ਗਵਰਨਰ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਮਿਲਕੇ ਲਿਖਤੀ ਪੱਤਰ ਦਿੰਦੇ ਹੋਏ ਇਸ ਨੂੰ ਹੱਲ ਕਰਨ ਦੀ ਗੱਲ ਕਹੀ ਸੀ । ਜੋ ਕਿ ਸ੍ਰੀ ਕੇਜਰੀਵਾਲ ਨੇ ਉਸ ਉਤੇ ਕੋਈ ਸੰਜ਼ੀਦਗੀ ਨਾਲ ਅਮਲ ਨਾ ਕੀਤਾ । 32-32 ਸਾਲਾਂ ਤੋਂ ਸਾਡੇ ਸਿੱਖ ਨੌਜਵਾਨ ਹੁਕਮਰਾਨਾਂ ਨੇ ਬੰਦੀ ਬਣਾਏ ਹੋਏ ਹਨ । ਜਿਨ੍ਹਾਂ ਦੀਆਂ ਸਜਾਵਾਂ ਪੂਰੀਆ ਹੋਣ ਤੇ ਵੀ ਰਿਹਾਅ ਨਹੀ ਕੀਤਾ ਜਾ ਰਿਹਾ । ਜੇਕਰ ਨੇਵੀ ਦੇ 8 ਅਫਸਰਾਂ ਨੂੰ ਕਤਰ ਵਿਚੋ ਮੋਦੀ ਫਾਂਸੀ ਦੀ ਸਜ਼ਾ ਤੋ ਬਚਾਅ ਸਕਦੇ ਹਨ, ਤਾਂ ਸਾਡੇ ਨੌਜਵਾਨਾਂ ਨੂੰ ਰਿਹਾਅ ਕਰਨ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜਾ ਖਤਮ ਕਰਕੇ ਰਿਹਾਅ ਕਿਉ ਨਹੀ ਕੀਤਾ ਜਾ ਰਿਹਾ ? ਸ੍ਰੀ ਕੇਜਰੀਵਾਲ ਦੀ ਪਾਰਟੀ ਪੰਜਾਬ ਵਿਚ ਰਾਜ ਕਰ ਰਹੀ ਹੈ । ਫਿਰ ਇਨ੍ਹਾਂ ਦਾ ਫਰਜ ਨਹੀ ਬਣਦਾ ਕਿ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਈਏ । ਜੇਕਰ ਸ੍ਰੀ ਕੇਜਰੀਵਾਲ ਵਰਗੇ ਆਗੂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਪ੍ਰਤੀ ਕਿਸੇ ਤਰ੍ਹਾਂ ਦੀ ਹਮਦਰਦੀ ਨਹੀ ਰੱਖਦੇ ਅਤੇ ਉਨ੍ਹਾਂ ਨੂੰ ਰਿਹਾਅ ਹੋਣ ਦੇ ਹੱਕ ਉਤੇ ਦਸਤਖਤ ਕਰਨ ਤੋ ਨਾਂਹ ਕਰ ਦਿੰਦੇ ਹਨ, ਫਿਰ ਅਕਾਲ ਪੁਰਖ ਵੀ ਤਾਂ ਇਸ ਗੱਲ ਨੂੰ ਵੇਖ ਰਹੇ ਹਨ ਉਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਿੱਖਾਂ ਤੇ ਜ਼ਬਰ ਤੇ ਬੇਇਨਸਾਫ਼ੀ ਦੇ ਦੋਸ਼ੀ ਸਿਆਸਤਦਾਨਾਂ ਨੂੰ ਨਿਪਟਣਾ ਹੀ ਹੈ । 

ਉਨ੍ਹਾਂ ਕਿਹਾ ਕਿ ਅੱਜ ਜੇਲ੍ਹ ਤੋ ਡਰਨ ਵਾਲੇ ਸ੍ਰੀ ਕੇਜਰੀਵਾਲ ਨੂੰ ਸਿੱਖ ਕੌਮ ਦੇ ਭਾਈ ਰਣਧੀਰ ਸਿੰਘ ਦੇ ਜੀਵਨ ਤੋ ਸੇਧ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੀਆ ਜੇਲ੍ਹ ਚਿੱਠੀਆ ਵਿਚ ਜੇਲ੍ਹ ਜੀਵਨ ਤੇ ਤੁਜਰਬਿਆ ਨੂੰ ਸਾਂਝਾ ਵੀ ਕੀਤਾ ਅਤੇ ਹਰ ਹਕੂਮਤੀ ਵੱਡੀ ਤੋ ਵੱਡੀ ਮੁਸਕਿਲ ਤੇ ਔਕੜ ਦਾ ਟਾਕਰਾ ਕਰਨ ਦਾ ਵੱਡਾ ਜਿਗਰਾ ਵੀ ਰੱਖਿਆ । ਇਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਜੇਲ੍ਹ ਵਿਚ ਚੱਕੀਆ ਪੀਸੀਆ । ਛੇਵੀ ਪਾਤਸਾਹੀ ਹਰਗੋਬਿੰਦ ਸਾਹਿਬ ਨੇ ਜਹਾਗੀਰ ਦੀ ਗਵਾਲੀਅਰ ਜੇਲ੍ਹ ਵਿਚ ਕੈਦ ਕੱਟੀ । ਔਰੰਗਜੇਬ ਨੇ ਨੌਵੇ ਪਾਤਸਾਹੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਅਤੇ ਸਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀਆਂ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀਆਂ ਕੀਤੀਆ । ਜੇਕਰ ਇਹ ਸਿਆਸਤਦਾਨ ਜੇਲ੍ਹ ਜੀਵਨ ਤੋ ਹੀ ਭੱਜਣਗੇ ਫਿਰ ਉਨ੍ਹਾਂ ਨੂੰ ਆਮ ਨਿਵਾਸੀਆ ਦੀਆਂ ਮੁਸਕਿਲਾਂ ਦਾ ਅਹਿਸਾਸ ਕਿਵੇ ਹੋਵੇਗਾ ? ਬਾਬਾ ਫਰੀਦ ਜੀ ਨੇ ਪ੍ਰਤੱਖ ਕਿਹਾ ਹੈ ਕਿ ‘ਜਿਨ੍ਹਾ ਖਾਧੀਆ ਚੋਪੜੀਆ, ਘਣੇ ਸਹਿਣਗੇ ਦੁੱਖ’ । ਉਨ੍ਹਾਂ ਆਤਮਾਵਾ ਦੇ ਬਚਨਾਂ ਨੂੰ ਕੋਈ ਨਹੀ ਟਾਲ ਸਕਦਾ । ਕਿਉਂਕਿ ਕਹਾਵਤ ਹੈ ਤਪੋ ਰਾਜ ਅਤੇ ਰਾਜੋ ਨਰਕ । ਮੈਂ ਸ੍ਰੀ ਕੇਜਰੀਵਾਲ ਨੂੰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਬੀਰ ਸ਼ਾਹ, ਯਾਸੀਨ ਮਲਿਕ ਜੋ ਦਿੱਲੀ ਦੀ ਜੇਲ੍ਹ ਵਿਚ ਬੰਦੀ ਹਨ ਉਨ੍ਹਾਂ ਨਾਲ ਮੁਲਾਕਾਤਾਂ ਕਰਨ ਲਈ ਬਹੁਤ ਵਾਰੀ ਪਹੁੰਚ ਕੀਤੀ । ਜੋ ਕਿ ਮਨੁੱਖਤਾ ਪੱਖੀ ਮਸਲਿਆ ਦੀ ਬਦੌਲਤ ਹੀ ਜੇਲ੍ਹਾਂ ਵਿਚ ਬੰਦੀ ਹਨ ਅਤੇ ਇਨ੍ਹਾਂ ਵੱਲੋ ਸਮਾਂ ਨਾ ਦੇਣ ਦਾ ਇਵਜਾਨਾ ਤਾਂ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਨੂੰ ਦੇਣਾ ਹੀ ਪਵੇਗਾ । ਕਿਉਂਕਿ ਇਨਸਾਫ਼ ਦੀ ਤੱਕੜੀ ਤਾਂ ਉਸ ਅਕਾਲ ਪੁਰਖ ਦੇ ਹੱਥ ਵਿਚ ਹੈ ਜੋ ਸਭ ਕੁਝ ਵੇਖਦਾ ਹੈ । ਇਨ੍ਹਾਂ ਸਿਆਸਤਦਾਨਾਂ ਨੂੰ ਜੇਲ੍ਹ ਜਾਣ ਉਪਰੰਤ ਹੀ ਜੀਵਨ ਦੀ ਜਾਂਚ ਦਾ ਪਤਾ ਚੱਲਦਾ ਹੈ । ਕਿਉਂਕਿ ਉਥੇ ਸਹੀ ਸਮੇ ਤੇ ਖਾਣਾ ਮਿਲਦਾ ਹੈ, ਜੇਲ੍ਹ ਵਿਚ ਰਹਿਕੇ ਹਿਰਦਾ ਨਰਮ ਹੋ ਜਾਂਦਾ ਹੈ ਅਤੇ ਮਾਨਸਿਕ ਦਰਦ ਅਸਲੀਅਤ ਵਿਚ ਮਹਿਸੂਸ ਹੁੰਦਾ ਹੈ । ਮੈ ਜੇਲ੍ਹ ਵਿਚ ਚੋਪਈ ਸਾਹਿਬ ਦੇ 30 ਪਾਠ ਰੋਜਾਨਾ ਕਰਦਾ ਹੁੰਦਾ ਸੀ । ਜਿਸ ਨਾਲ ਸਭ ਕਸਟ-ਦੁੱਖ ਖੁਦ-ਬ-ਖੁਦ ਕੱਟੇ ਜਾਂਦੇ ਹਨ । ਜੇਲ੍ਹ ਜਿੰਦਗੀ ਜਾ ਕੇ ਅਮਲੀ ਰੂਪ ਵਿਚ ਇਕ ਵਾਰ ਦੇਖਣ ਤੇ ਮਹਿਸੂਸ ਕਰਨ ਤਾਂ ਸਿਆਸਤ ਕਰਨ ਦਾ ਅਸਲ ਮਕਸਦ ਦੀ ਜਾਣਕਾਰੀ ਮਿਲ ਜਾਵੇਗੀ ।

Leave a Reply

Your email address will not be published. Required fields are marked *