2014 ਤੋਂ ਸੈਟਰ ਵਿਚ ਹਕੂਮਤ ਕਰਦੀ ਆ ਰਹੀ ਬੀਜੇਪੀ-ਆਰ.ਐਸ.ਐਸ ਸਰਕਾਰ ਬੇਰੁਜਗਾਰੀ ਤੇ ਹੋਰ ਮੁੱਦਿਆ ਨੂੰ ਹੱਲ ਕਰਨ ਵਿਚ ਅਸਫਲ : ਮਾਨ

ਫ਼ਤਹਿਗੜ੍ਹ ਸਾਹਿਬ, 01 ਜਨਵਰੀ ( ) “ਜੋ ਬੀਤੇ ਕੁਝ ਦਿਨ ਪਹਿਲੇ ਪਾਰਲੀਮੈਟ ਦੇ ਚੱਲਦੇ ਸੈਸਨ ਵਿਚ ਕੁਝ ਨੌਜਵਾਨਾਂ ਬੱਚੇ-ਬੱਚੀਆਂ ਨੇ ਰੋਸ ਵੱਜੋ ਇਕ ਬਣਾਉਟੀ ਵਿਸਫੋਟ ਕਰਕੇ ਅਤੇ ਧੂੰਆ ਛੱਡਕੇ ਨੌਜਵਾਨੀ ਵਿਚ ਵੱਧ ਰਹੀ ਬੇਰੁਜਗਾਰੀ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ, ਉਹ ਨੌਜਵਾਨਾਂ ਦੀ ਬੇਰੁਜਗਾਰੀ ਦੀ ਗੰਭੀਰ ਸਮੱਸਿਆ ਦੀ ਬਦੌਲਤ ਹੋਇਆ ਹੈ । ਜੇਕਰ ਇਹ ਗੈਸ ਵਿਸਫੋਟ ਜਹਿਰੀਲਾ ਹੁੰਦਾ ਤਾਂ ਪਾਰਲੀਮੈਟ ਦੇ 800 ਦੇ ਕਰੀਬ ਅਤੇ ਵੱਡੀ ਗਿਣਤੀ ਵਿਚ ਸਟਾਫ ਬਿਨ੍ਹਾਂ ਵਜਹ ਮੌਤ ਦੇ ਮੂੰਹ ਵਿਚ ਚਲਿਆ ਜਾਣਾ ਸੀ । ਇਸ ਲਈ ਮੌਜੂਦਾ ਮੋਦੀ ਹਕੂਮਤ ਦੀਆਂ ਇਥੋ ਦੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਨਾ ਕਰਨ ਦੀ ਨੀਤੀ ਸਿੱਧੇ ਤੌਰ ਤੇ ਜਿੰਮੇਵਾਰ ਹੈ । ਜੋ ਸਰਕਾਰ 2014 ਤੋ ਲੈਕੇ 2024 ਤੱਕ ਆਪਣੀਆ 2 ਟਰਮਾ ਦੇ ਦੌਰਾਨ ਪੜ੍ਹੇ-ਲਿਖੇ, ਤੁਜਰਬੇਕਾਰ ਬੇਰੁਜਗਾਰ ਨੌਜਵਾਨਾਂ ਦੀ ਯੋਗਤਾ ਤੇ ਕਾਬਲੀਅਤ ਪ੍ਰਤੀ ਸੰਜੀਦਾ ਹੀ ਨਹੀ ਹੈ, ਉਸ ਵੱਲੋ ਹੋਰ ਵੱਡੇ ਤੋ ਵੱਡੇ ਗੰਭੀਰ ਮੁੱਦਿਆ ਦਾ ਹੱਲ ਕਰਨ ਦੇ ਦਾਅਵੇ ਖੁਦ ਬ ਖੁਦ ਖੋਖਲਾ ਸਾਬਤ ਹੋ ਜਾਂਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਪਾਰਲੀਮੈਟ ਵਿਚ ਨੌਜਵਾਨਾਂ ਵੱਲੋ ਕੀਤੇ ਗਏ ਇਕ ਵਿਸਫੋਟ ਨੂੰ ਹੁਕਮਰਾਨਾਂ ਦੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਨਾ ਕਰਨ ਲਈ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਫ਼ੌਜ ਵਿਚ ਅਗਨੀਵੀਰ ਸਕੀਮ ਅਧੀਨ ਨੌਜਵਾਨਾਂ ਨੂੰ ਕੇਵਲ 4 ਸਾਲਾਂ ਲਈ ਹੀ ਫੌਜ ਵਿਚ ਭਰਤੀ ਕੀਤਾ ਗਿਆ ਹੈ, ਐਨੇ ਥੋੜੇ ਸਮੇ ਵਿਚ ਤਾਂ ਇਕ ਫੌ਼ਜੀ ਦੀ ਹਥਿਆਰਾਂ ਅਤੇ ਹੋਰ ਤਕਨੀਕੀ ਢੰਗਾਂ ਦੀ ਸਿਖਲਾਈ ਹੀ ਪੂਰੀ ਨਹੀ ਹੁੰਦੀ । ਫਿਰ 4 ਸਾਲ ਬਾਅਦ ਉਸ ਪਰਿਵਾਰ ਤੇ ਉਸ ਨੌਜਵਾਨ ਨੂੰ ਬੇਰੁਜਗਾਰ ਕਰ ਦੇਣ ਦੀ ਸੋਚ ਤੇ ਅਮਲ ਖੁਦ ਜਾਹਰ ਕਰਦੇ ਹਨ ਕਿ ਹੁਕਮਰਾਨਾਂ ਦੀਆਂ ਨੀਤੀਆ ਇਥੋ ਦੇ ਨੌਜਵਾਨਾਂ ਪ੍ਰਤੀ ਦਿਸ਼ਾਹੀਣ ਤੇ ਬੇਨਤੀਜਾ ਹਨ । ਜਿਸ ਨਾਲ ਇਥੋ ਦੇ ਹਾਲਤ ਬਿਹਤਰ ਹੋਣ ਦੀ ਬਜਾਇ ਪਹਿਲੇ ਨਾਲੋ ਵੀ ਵਿਸਫੋਟਕ ਬਣ ਜਾਣਗੇ । ਇਸ ਲਈ ਮੌਜੂਦਾ ਬੀਜੇਪੀ-ਆਰ.ਐਸ.ਐਸ ਸਰਕਾਰ ਜੋ ਬੀਤੇ 10 ਸਾਲਾਂ ਤੋਂ ਇਥੋ ਦੇ ਨਿਵਾਸੀਆ ਨੂੰ ਸਬਜਬਾਗ ਦਿਖਾਕੇ ਗੁੰਮਰਾਹ ਕਰਦੀ ਆ ਰਹੀ ਹੈ ਅਤੇ ਸੰਬੰਧਤ ਮਸਲਿਆ ਨੂੰ ਹੱਲ ਕਰਨ ਦੀ ਬਜਾਇ ਹੋਰ ਪੇਚੀਦਾ ਬਣਾ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਜੀਦਗੀ ਭਰੇ ਢੰਗ ਨਾਲ ਇਹ ਮੰਗ ਕਰਦਾ ਹੈ ਕਿ ਲੱਖਾਂ ਦੀ ਗਿਣਤੀ ਵਿਚ ਵੱਧਦੀ ਬੇਰੁਜਗਾਰੀ ਦੇ ਮੁੱਖ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਅਮਲੀ ਰੂਪ ਵਿਚ ਹੱਲ ਕੀਤਾ ਜਾਵੇ । ਤਾਂ ਕਿ ਨੌਜਵਾਨੀ ਵਿਚ ਵੱਧਦੀ ਬੇਚੈਨੀ ਅਤੇ ਉਸਦੇ ਕਾਰਨ ਨਸਿਆ ਵਿਚ ਗਲਤਾਨ ਹੋਣ ਦੀ ਦੁੱਖਦਾਇਕ ਕਾਰਵਾਈ ਨੂੰ ਅਸਲਦਾਇਕ ਤਰੀਕੇ ਨਾਲ ਰੋਕਿਆ ਜਾ ਸਕੇ ਅਤੇ ਇਥੋ ਦੇ ਹਾਲਾਤ ਬੇਰੁਜਗਾਰੀ ਦੀ ਬਦੌਲਤ ਵਿਸਫੋਟਕ ਨਾ ਬਣ ਸਕਣ ।

Leave a Reply

Your email address will not be published. Required fields are marked *