ਸੁਖਬੀਰ ਬਾਦਲ ਵੱਲੋਂ ਆਪਣੀਆ ਗਲਤੀਆਂ ਦੀ ਮੰਗੀ ਮੁਆਫ਼ੀ ਅੰਤਰ ਆਤਮਾ ਤੋਂ ਨਹੀ, ਬਲਕਿ ਸਿਆਸੀ ਸੋਚ ਤੋ ਪ੍ਰੇਰਿਤ : ਮਾਨ

ਫ਼ਤਹਿਗੜ੍ਹ ਸਾਹਿਬ, 15 ਦਸੰਬਰ ( ) “ਸ. ਸੁਖਬੀਰ ਸਿੰਘ ਬਾਦਲ ਨੇ ਜੋ ਬੀਤੇ ਕੱਲ੍ਹ ਆਪਣੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਖਾਏ ਗਏ ਪਾਠ ਦੇ ਭੋਗ ਸਮੇ ਤਕਰੀਰ ਕਰਦੇ ਹੋਏ ਜੋ ਆਪਣੀ ਸਰਕਾਰ ਦੇ ਹੁੰਦਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਾਂ ਹੋਰ ਗੁਸਤਾਖੀਆਂ ਹੋਈਆ ਹਨ, ਉਸ ਸੰਬੰਧੀ ਜੋ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗੀ ਹੈ, ਉਹ ਕੇਵਲ ਤੇ ਕੇਵਲ ਸਿਆਸੀ ਹਿੱਤਾ ਤੋ ਪ੍ਰੇਰਿਤ ਢਕਵੌਜ ਹੈ । ਨਾ ਕਿ ਇਹ ਮੁਆਫ਼ੀ ਅਸਲੀਅਤ ਵਿਚ ਅੰਤਰ ਆਤਮਾ ਤੋ ਮੰਗੀ ਗਈ ਹੈ । ਦੂਸਰਾ ਜਦੋਂ ਖ਼ਾਲਸਾ ਪੰਥ ਨਾਲ ਕੋਈ ਖਿਲਵਾੜ ਕਰੇ, ਸਿੱਖੀ ਅਸੂਲਾਂ, ਨਿਯਮਾਂ ਦਾ ਘਾਣ ਕਰੇ, ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਨਿਰਦੋਸ਼ਾਂ ਦਾ ਕਤਲ ਕਰਵਾਏ ਅਤੇ ਹੋਰ ਜ਼ਬਰ ਜੁਲਮ ਕਰੇ, ਤਾਂ ਅਜਿਹੀ ਗੁਸਤਾਖੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਉਸ ਦੋਸ਼ੀ ਨੂੰ ਦੋਸ਼ੀ ਗਰਦਾਨਕੇ ਗਲ ਵਿਚ ਦੋਸ਼ੀ ਹੋਣ ਦੀ ਫੱਟੀ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਨਿਮਾਣੇ ਸਿੱਖ ਵੱਜੋ ਪੇਸ਼ ਹੋਇਆ ਜਾਂਦਾ ਹੈ ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਉਸ ਦੋਸ਼ ਲਈ ਵਿਚਾਰ ਕਰਕੇ ਦੋਸ਼ੀ ਸਿੱਖ ਨੂੰ ਗੁਰੂ ਮਰਿਯਾਦਾ ਅਨੁਸਾਰ ਸਜ਼ਾ ਲਗਾਉਦੇ ਹਨ । ਫਿਰ ਜਾ ਕੇ ਇਹ ਮੁਆਫ਼ੀ ਮੰਗਣ ਦੀ ਪ੍ਰਕਿਰਿਆ ਪੂਰਨ ਹੁੰਦੀ ਹੈ । ਲੇਕਿਨ ਜੋ ਬੱਜਰ ਗੁਸਤਾਖੀਆਂ ਸ. ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੀਆਂ ਵਿਜਾਰਤਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਣ ਵਾਲੇ ਸਿਰਸੇਵਾਲੇ ਸਾਧ ਨੂੰ ਬਿਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ ਹੋਏ ਆਪਣੇ ਜਥੇਦਾਰ ਸਾਹਿਬਾਨ ਤੋ ਸਿੱਖੀ ਰਵਾਇਤਾ ਦੇ ਉਲਟ ਮੁਆਫ਼ੀ ਦਿਵਾਉਣਾ, ਫਿਰ ਉਸ ਦੋਸ਼ੀ ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਸਹੀ ਪ੍ਰਚਾਰਨ ਲਈ ਐਸ.ਜੀ.ਪੀ.ਸੀ ਦੇ 90 ਲੱਖ ਰੁਪਏ ਅਜਾਈ ਖਰਚ ਕਰਨਾ, 328 ਪਾਵਨ ਸਰੂਪ ਲਾਪਤਾ ਕਰਨ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਦੇਣਾ, ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਗੋਲੀ ਚਲਾਕੇ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਕ੍ਰਿਸਨ ਭਗਵਾਨ ਸਿੰਘ ਨੂੰ ਸ਼ਹੀਦ ਕਰਨਾ, ਕੋਟਕਪੂਰਾ ਗੋਲੀ ਕਾਂਡ, ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰਨੌਨਿਹਾਲ ਸਿੰਘ ਨੇ ਬਣਵਾਈ ਸੀ, ਉਸਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਤੋ ਢੇਹ-ਢੇਰੀ ਕਰਵਾਉਣ ਦੇ ਅਮਲਾਂ ਆਦਿ ਦੇ ਕੀਤੇ ਗਏ ਬਜਰ ਗੁਨਾਹਾਂ ਲਈ ਖਾਲਸਾ ਪੰਥ ਅਜਿਹੇ ਪੰਥ ਦੋਖੀਆਂ ਨੂੰ ਕਤਈ ਮੁਆਫ਼ ਨਹੀ ਕਰ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦਾ ਸਮੁੱਚਾ ਪਰਿਵਾਰ ਆਪਣੀਆ ਸਿਆਸੀ, ਮਾਲੀ, ਪਰਿਵਾਰਿਕ ਖੁਦਗਰਜੀਆ ਦੇ ਗੁਲਾਮ ਬਣਕੇ ਆਪਣੇ ਰਾਜ ਭਾਗ ਦੇ ਸਮੇ ਦੌਰਾਨ ਪੰਜਾਬੀਆਂ ਅਤੇ ਖ਼ਾਲਸਾ ਪੰਥ ਨਾਲ ਘੋਰ ਵਧੀਕੀਆ ਤੇ ਜ਼ਬਰ ਜੁਲਮ ਕਰਦੇ ਰਹੇ ਹਨ ਅਤੇ ਜਿਨ੍ਹਾਂ ਨੇ ਖ਼ਾਲਸਾ ਪੰਥ ਦੇ ਉੱਚੇ-ਸੁੱਚੇ ਨਿਯਮਾਂ, ਮਰਿਯਾਦਾਵਾਂ ਦਾ ਘੋਰ ਉਲੰਘਣ ਕੀਤਾ ਹੈ, ਉਨ੍ਹਾਂ ਨੂੰ ਖ਼ਾਲਸਾ ਪੰਥ ਵੱਲੋ ਆਪਣੇ ਮਨ-ਆਤਮਾਵਾ ਵਿਚੋ ਦੁਰਕਾਰਨ ਉਪਰੰਤ ਬੀਤੇ ਕੱਲ੍ਹ ਆਪਣੀ ਸਿਆਸੀ ਸਾਹ ਲੱਭਣ ਦੀ ਸੋਚ ਅਧੀਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਰਿਯਾਦਾ ਦੇ ਉਲਟ ਮੁਆਫ਼ੀ ਮੰਗਦੇ ਹੋਏ ਪਾਖੰਡ ਕੀਤਾ ਗਿਆ ਹੈ ਅਤੇ ਖ਼ਾਲਸਾ ਪੰਥ ਨੂੰ ਫਿਰ ਤੋ ਗੁੰਮਰਾਹ ਕਰਨ ਦੀ ਅਸਫਲ ਕੋਸਿਸ਼ ਕੀਤੀ ਗਈ ਹੈ, ਉਸ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਖਾਲਸਾ ਪੰਥ ਦੇ ਇਨ੍ਹਾਂ ਗੁਨਾਹਗਾਰਾਂ ਨੂੰ ਕਤਈ ਵੀ ਮੁਆਫ਼ ਨਾ ਕਰਨ ਦੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਪੰਜਾਬ ਸੂਬੇ ਅਤੇ ਖਾਲਸਾ ਪੰਥ ਨਾਲ ਹੀ ਇਸ ਪਰਿਵਾਰ ਨੇ ਕੇਵਲ ਬਜਰ ਗੁਨਾਹ ਨਹੀ ਕੀਤੇ ਬਲਕਿ ਬੀਤੇ ਸਮੇ ਵਿਚ ਸਿੱਖ ਨੌਜਵਾਨੀ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਜਾਬਰ ਅਤੇ ਜਾਲਮ ਪੁਲਿਸ ਅਫਸਰਾਂ ਜਿਵੇ ਸੁਮੇਧ ਸੈਣੀ, ਇਜਹਾਰ ਆਲਮ ਆਦਿ ਕਾਤਲਾਂ ਨੂੰ ਤਰੱਕੀਆ ਦੇ ਕੇ ਪੰਜਾਬ ਦੇ ਡੀਜੀਪੀ ਆਦਿ ਬਣਾਉਣ ਦੇ ਦੋਸ਼ੀ ਵੀ ਹਨ । ਦੂਸਰਾ ਝੂਠੇ ਪੁਲਿਸ ਮੁਕਾਬਲਿਆ ਦੀ ਅਗਵਾਈ ਕਰਨ ਵਾਲੀ ਪੁਲਿਸ ਅਫਸਰਸਾਹੀ ਅਤੇ ਸੈਟਰ ਦੇ ਆਪਣੇ ਭਾਈਵਾਲ ਸਿਆਸਤਦਾਨਾਂ ਨਾਲ ਡੂੰਘੀ ਸਾਂਝ ਵੀ ਰੱਖਦੇ ਰਹੇ ਹਨ ਇਸ ਲਈ ਜਦੋ ਸਿੱਖ ਕੌਮ ਨੇ ਆਪਣੀ ਆਤਮਾ ਤੇ ਮਨਾਂ ਵਿਚੋ ਇਸ ਸਿੱਖ ਕੌਮ ਦੇ ਦੋਸ਼ੀ ਪਰਿਵਾਰ ਨੂੰ ਉਤਾਰ ਦਿੱਤਾ ਹੈ, ਤਾਂ ਹੁਣ ਗੈਰ ਮਰਿਯਾਦਾ ਢੰਗ ਨਾਲ ਅਤੇ ਸਿੱਖ ਕੌਮ ਨੂੰ ਫਿਰ ਤੋ ਮੂਰਖ ਬਣਾਉਣ ਦੀ ਸੋਚ ਅਧੀਨ ਇਨ੍ਹਾਂ ਵੱਲੋ ਮੁਆਫ਼ੀਆਂ ਮੰਗਣ ਦੇ ਪਾਖੰਡ ਕਰਨ ਦਾ ਹੁਣ ਨਾ ਤਾਂ ਕੋਈ ਮਹੱਤਵ ਰਹਿ ਗਿਆ ਹੈ ਅਤੇ ਨਾ ਹੀ ਇਨ੍ਹਾਂ ਵੱਲੋ ਆਪਣੇ ਆਪ ਨੂੰ ਖ਼ਾਲਸਾ ਪੰਥ ਦਾ ਵੱਡਾ ਗੁਨਾਹਗਾਰ ਮਨ-ਆਤਮਾ ਤੋ ਪ੍ਰਵਾਨ ਕਰਕੇ ਇਹ ਮੁਆਫ਼ੀ ਮੰਗੀ ਗਈ ਹੈ । 

ਉਨ੍ਹਾਂ ਕਿਹਾ ਕਿ ਇਥੋ ਤੱਕ ਕਿ ਇਨ੍ਹਾਂ ਨੇ ਜੋ ਇੰਡੀਆ ਦੀ ਮੋਦੀ ਹਕੂਮਤ ਤੇ ਉਸਦੀਆਂ ਏਜੰਸੀਆਂ ਵੱਲੋ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਪੰਥ ਦਾ ਦਰਦ ਰੱਖਣ ਵਾਲੇ ਸੰਜ਼ੀਦਾ ਸਿੱਖਾਂ ਜਿਨ੍ਹਾਂ ਵਿਚ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੋਏ ਕਤਲਾਂ ਉਤੇ ਕਦੀ ਵੀ ਹੁਕਮਰਾਨਾਂ ਦੀਆਂ ਇਨ੍ਹਾਂ ਜਾਲਮਨਾਂ ਅਣਮਨੁੱਖੀ ਨੀਤੀਆ ਤੇ ਅਮਲਾਂ ਦਾ ਨਾ ਤਾਂ ਵਿਰੋਧ ਕੀਤਾ ਹੈ ਅਤੇ ਨਾ ਹੀ ਇਨ੍ਹਾਂ ਕਤਲਾਂ ਵਿਰੁੱਧ ਖਾਲਸਾ ਪੰਥ ਵੱਲੋ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਕਦੀ ਸਮੂਲੀਅਤ ਕੀਤੀ ਹੈ । ਜਦੋ ਇਨ੍ਹਾਂ ਦੀ ਆਪ ਦੀ ਪੰਜਾਬ ਵਿਚ ਸਰਕਾਰ ਸੀ, ਸੈਟਰ ਵਿਚ ਬੀਜੇਪੀ ਭਾਈਵਾਲ ਸਰਕਾਰ ਸੀ ਉਸ ਸਮੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕੋਈ ਰਤੀਭਰ ਵੀ ਅਮਲ ਨਹੀ ਕੀਤਾ, ਹੁਣ ਦਿੱਲੀ ਵਿਖੇ ਜਾਂ ਹੋਰ ਸਥਾਨਾਂ ਤੇ ਵਿਖਾਵੇ ਕਰਕੇ ਕੇਵਲ ਆਉਣ ਵਾਲੇ ਸਮੇ ਦੀਆਂ 2024 ਦੀਆਂ ਚੋਣਾਂ ਵਿਚ ਆਪਣੀ ਆਖਰੀ ਸਵਾਸ ਲੈ ਰਹੀ ਬਾਦਲ ਦਲ ਪਾਰਟੀ ਨੂੰ ਸਾਹ ਦੇਣ ਲਈ ਅਤੇ ਆਪਣੇ ਪੁਰਾਤਨ ਭਾਈਵਾਲ ਬੀਜੇਪੀ ਦੇ ਫਿਰ ਤੋ ਪੰਜਾਬ ਵਿਚ ਪੈਰ ਜਮਾਉਣ ਲਈ ਤਰਲੋ ਮੱਛੀ ਹੋ ਰਹੇ ਹਨ । ਇਸ ਤੋ ਵੱਧ ਇਨ੍ਹਾਂ ਦਾ ਕੋਈ ਵੀ ਨਾ ਕੋਈ ਮਨੁੱਖਤਾ ਪੱਖੀ, ਨਾ ਇਨਸਾਨੀਅਤ ਪੱਖੀ ਅਤੇ ਨਾ ਹੀ ਪੰਜਾਬ ਸੂਬੇ ਤੇ ਖਾਲਸਾ ਪੰਥ ਪੱਖੀ ਕੋਈ ਸੋਚ ਤੇ ਅਮਲ ਹੈ । ਜਿਸ ਤੋ ਸਿੱਖ ਕੌਮ ਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ ।

Leave a Reply

Your email address will not be published. Required fields are marked *