ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਾਂ ਸੁਰੂ ਤੋਂ ਹੀ ‘ਮੌਤ ਦੀ ਸਜ਼ਾ’ ਦੇ ਵਿਰੁੱਧ ਰਿਹਾ ਹੈ, ਭਾਈ ਰਾਜੋਆਣਾ ਦੇ ਸੰਬੰਧ ਵਿਚ ਸਮੂਹਿਕ ਰੂਪ ਵਿਚ ਉੱਦਮ ਹੋਣੇ ਬਣਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 06 ਦਸੰਬਰ ( ) “ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੋ ਐਸ.ਜੀ.ਪੀ.ਸੀ ਦੀਆਂ ਕਾਰਵਾਈਆ ਤੋਂ ਅਸੰਤੁਸਟ ਹੋ ਕੇ ਜੇਲ੍ਹ ਵਿਚ ਭੁੱਖ ਹੜਤਾਲ ਰੱਖੀ ਹੈ, ਉਸਦਾ ਕਾਰਨ ਕਿਤੇ ਨਾ ਕਿਤੇ ਸਿੱਖ ਕੌਮ ਦੀ ਸੰਸਥਾਂ ਅਤੇ ਹੋਰਨਾਂ ਪੰਥਕ ਆਗੂਆਂ ਵੱਲੋ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਆਪਣੀਆ ਕੌਮੀ ਅਤੇ ਪੰਥਕ ਜਿੰਮੇਵਾਰੀਆ ਨੂੰ ਨਾ ਪੂਰਨ ਕਰਨਾ ਹੈ । ਜਦੋਕਿ ਅਸੀਂ ਸਜਾ-ਏ-ਮੌਤ ਦੇ ਸਖ਼ਤ ਵਿਰੁੱਧ ਹਾਂ । ਜਦੋਂ ਕਸ਼ਮੀਰੀ ਆਗੂ ਜਨਾਬ ਯਾਸੀਨ ਮਲਿਕ ਨੂੰ ਹੁਕਮਰਾਨਾਂ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਤਾਂ ਅਸੀਂ ਉਸ ਸਮੇ ਵੀ ਇਸ ਮਨੁੱਖਤਾ ਵਿਰੋਧੀ ਅਮਲ ਵਿਰੁੱਧ ਜੋਰਦਾਰ ਰੋਸ਼ ਵਿਖਾਵਾ ਵੀ ਕੀਤਾ ਸੀ ਅਤੇ ਇੰਡੀਅਨ ਹੁਕਮਰਾਨਾਂ ਕੋਲ ਮਜਬੂਤੀ ਨਾਲ ਰੋਸ਼ ਦਰਜ ਕਰਵਾਇਆ ਸੀ । ਇਸ ਲਈ ਸਾਨੂੰ ਸਾਰਿਆ ਨੂੰ ਆਪਣੇ ਵੱਖਰੇਵਿਆ ਤੋ ਉਪਰ ਉੱਠਕੇ ਅਜਿਹੇ ਕੌਮੀ ਉੱਦਮਾਂ ਲਈ ਸਮੂਹਿਕ ਤੌਰ ਤੇ ਹੁਕਮਰਾਨਾਂ ਵਿਰੁੱਧ ਰੋਸ਼ ਵੀ ਜਾਹਰ ਕਰਨਾ ਚਾਹੀਦਾ ਹੈ ਅਤੇ ਆਪਣੇ ਜੇਲ੍ਹਾਂ ਵਿਚ ਸਜਾ-ਏ-ਮੌਤ ਅਤੇ 35-35 ਸਾਲਾਂ ਤੋ ਬੰਦੀ ਬਣਾਏ ਗਏ ਨੌਜਵਾਨਾਂ ਦੀ ਰਿਹਾਈ ਲਈ ਇਸੇ ਤਰਜ ਉਤੇ ਅਮਲ ਹੋਣੇ ਚਾਹੀਦੇ ਹਨ ਜਿਸ ਵਿਚ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਨੂੰ ਆਪਣੀ ਜਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋ ਪੰਥਕ ਆਗੂਆਂ ਦੀ ਤਰਫੋ ਕੌਮ ਦੇ ਬਿਨ੍ਹਾਂ ਤੇ ਪੂਰਾ ਨਾ ਉੱਤਰਣ ਅਤੇ ਆਪਣੀਆ ਕੌਮੀ ਜਿੰਮੇਵਾਰੀਆ ਨੂੰ ਸੰਜੀਦਗੀ ਨਾਲ ਪੂਰਨ ਨਾ ਕਰਨ ਉਤੇ ਜੇਲ੍ਹ ਵਿਚ ਭੁੱਖ ਹੜਤਾਲ ਕਰਨ ਦੇ ਅਮਲਾਂ ਉਤੇ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਮੌਤ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਸੀ, ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਸੀਂ ਸਾਰਿਆ ਨੇ ਇਕੱਤਰ ਹੋ ਕੇ ਉਸ ਸਮੇ ਦੇ ਗ੍ਰਹਿ ਵਜੀਰ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕਰਕੇ ਸਿੱਖ ਕੌਮ ਵਿਰੁੱਧ ਹੁਕਮਰਾਨਾਂ ਵੱਲੋ ਕੀਤੀ ਜਾ ਰਹੀ ਬੇਇਨਸਾਫ਼ੀ ਵਿਰੁੱਧ ਸੈਂਟਰ ਕੋਲ ਰੋਸ਼ ਦਰਜ ਕੀਤਾ ਸੀ । ਜਿਸਦੀ ਬਦੌਲਤ ਇਸ ਦਿਸ਼ਾ ਵੱਲ ਕੁਝ ਸੁਧਾਰ ਹੋ ਗਿਆ ਸੀ । ਇਸ ਲਈ ਜਦੋ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਇਹ ਸੰਸਥਾਂ ਅਗਵਾਈ ਕਰਦੀ ਹੈ, ਤਾਂ ਹੁਣ ਵੀ ਸ. ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹਕੂਮਤੀ ਸਜ਼ਾ ਨੂੰ ਪੂਰਨ ਰੂਪ ਵਿਚ ਖਤਮ ਕਰਵਾਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਹਿੱਤ ਇੰਡੀਆ ਦੇ ਵਜੀਰ-ਏ-ਆਜਮ ਸ੍ਰੀ ਮੋਦੀ ਜਾਂ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਨੂੰ ਸਮੂਹਿਕ ਰੂਪ ਵਿਚ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਡੈਪੂਟੇਸ਼ਨ ਲੈਕੇ ਮਿਲਣ । ਅਸੀ ਵੀ ਇਸ ਨੇਕ ਉੱਦਮ ਵਿਚ ਪਹਿਲੇ ਦੀ ਤਰ੍ਹਾਂ ਸੰਜ਼ੀਦਗੀ ਨਾਲ ਸਹਿਯੋਗ ਵੀ ਦੇਵਾਂਗੇ ਅਤੇ ਜੇਕਰ ਇਸ ਗੰਭੀਰ ਮੁੱਦੇ ਉਤੇ ਕੋਈ ਸਖ਼ਤ ਕੌਮੀ ਐਕਸਨ ਪ੍ਰੋਗਰਾਮ ਉਲੀਕਣ ਦੀ ਲੋੜ ਮਹਿਸੂਸ ਹੋਈ ਤਾਂ ਉਸ ਵਿਚ ਵੀ ਆਪਣਾ ਯੋਗਦਾਨ ਹਰ ਕੀਮਤ ਉਤੇ ਪਾਵਾਂਗੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਐਸ.ਜੀ.ਪੀ.ਸੀ ਅਤੇ ਸ. ਸੁਖਬੀਰ ਸਿੰਘ ਬਾਦਲ ਭਾਵੇ ਸਿਆਸੀ, ਧਾਰਮਿਕ ਤੌਰ ਤੇ ਕਿਸੇ ਵੀ ਸਥਾਂਨ ਤੇ ਖੜ੍ਹੇ ਹੋਣ, ਪਰ ਉਹ ਆਪਣੀ ਕੌਮੀ ਜਿੰਮੇਵਾਰੀ ਨੂੰ ਸਮਝਦੇ ਹੋਏ ਇਸ ਦਿੱਤੇ ਗਏ ਸੁਝਾਅ ਅਨੁਸਾਰ ਇਸ ਗੰਭੀਰ ਵਿਸੇ ਉਤੇ ਕੌਮੀ ਸਮੂਹਿਕ ਪੰਥਕ ਉੱਦਮ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡਣਗੇ ।

Leave a Reply

Your email address will not be published. Required fields are marked *