ਸਿੱਖ ਕੌਮ ਦੇ ਧਾਰਮਿਕ ਕੰਮਾਂ ਵਿਚ ਰੁਕਾਵਟ ਪਾਉਣ ਦਾ ਹੁਕਮਰਾਨਾਂ ਨੂੰ ਕੋਈ ਹੱਕ ਨਹੀ : ਮਾਨ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ ( ) “ਖ਼ਾਲਸਾ ਪੰਥ ਦੀ ਲੰਮੇ ਸਮੇ ਤੋ ਜੋ ਖਾਲਸਾ ਵਹੀਰ ਦੀ ਇਤਿਹਾਸਿਕ ਰਵਾਇਤ ਜਿਸ ਨਾਲ ਕਿਸੇ ਵੀ ਕੌਮ, ਧਰਮ, ਵਰਗ ਜਾਂ ਕਬੀਲੇ ਆਦਿ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਨਹੀ ਪਹੁੰਚਦੀ । ਬਲਕਿ ਇਸ ਕੌਮੀ ਰਵਾਇਤ ਰਾਹੀ ਸਿੱਖ ਧਰਮ ਤੇ ਇਨਸਾਨੀਅਤ ਦਾ ਪ੍ਰਚਾਰ ਕਰਦੇ ਹੋਏ ਉਸ ਅਕਾਲ ਪੁਰਖ ਦੀ ਅਪਾਰ ਸ਼ਕਤੀ ਨਾਲ ਜੋੜਦੇ ਹੋਏ ਧਾਰਮਿਕ ਤੌਰ ਤੇ ਪ੍ਰਪੱਕਤਾ ਪ੍ਰਦਾਨ ਕਰਨ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਹਰ ਇਨਸਾਨੀ ਆਤਮਾ ਨੂੰ ਸਭ ਤਰ੍ਹਾਂ ਦੀਆਂ ਦੁਨਿਆਵੀ ਲਾਲਸਾਵਾਂ, ਰੁਤਬਿਆ ਤੋ ਨਿਰਲੇਪ ਰਹਿਕੇ ਅੰਮ੍ਰਿਤ ਦੀ ਦਾਤ ਰਾਹੀ ਇਕ ਅੱਛਾ ਇਨਸਾਨ ਬਣਾਉਣ ਲਈ ਤਿਆਰ ਕੀਤਾ ਜਾਂਦਾ ਹੈ । ਅਜਿਹਾ ਕਰਦੇ ਹੋਏ ਸਿੱਖ ਕਿਸੇ ਦੀਆਂ ਭਾਵਨਾਵਾ ਨੂੰ ਨਾ ਤਾਂ ਠੇਸ ਪਹੁੰਚਾਉਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾਂ ਲਈ ਕੋਈ ਰਤੀਭਰ ਵੀ ਕੋਈ ਰੁਕਾਵਟ ਪੈਦਾ ਕਰਦੇ ਹਨ । ਫਿਰ ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਜੀ ਵੱਲੋ 15 ਅਕਤੂਬਰ ਤੋ ਦੂਜੇ ਪੜਾਅ ਦੀ ਸੁਰੂ ਕੀਤੀ ਜਾਣ ਵਾਲੀ ਖਾਲਸਾ ਵਹੀਰ ਨੂੰ ਮੰਦਭਾਵਨਾ ਅਧੀਨ ਰੋਕਣ ਦੀ ਹਕੂਮਤੀ ਕਾਰਵਾਈ ਅਤੇ ਉਨ੍ਹਾਂ ਨੂੰ ਜ਼ਬਰੀ ਨਜਰਬੰਦ ਕਰਨ ਦੇ ਅਮਲ ਅਤਿ ਦੁੱਖਦਾਇਕ ਅਤੇ ਸਿੱਖ ਕੌਮ ਦੇ ਧਾਰਮਿਕ ਕੰਮਾਂ ਵਿਚ ਸਿੱਧੀ ਦਖਲ ਅੰਦਾਜੀ ਕਰਨ ਵਾਲੀਆ ਅਸਹਿ ਕਾਰਵਾਈਆ ਹਨ । ਅਜਿਹੇ ਅਮਲ ਅਬਦਾਲੀ ਤੇ ਔਰੰਗਜੇਬ ਵਰਗੇ ਜਬਰ ਨੂੰ ਪ੍ਰਤੱਖ ਕਰਦੇ ਹਨ ਜਿਸ ਨੂੰ ਸਿੱਖ ਕੌਮ ਨੇ ਨਾ ਤਾਂ ਬੀਤੇ ਸਮੇ ਵਿਚ ਸਹਿਣ ਕੀਤਾ ਹੈ ਅਤੇ ਨਾ ਹੀ ਅਜੋਕੇ ਸਮੇ ਵਿਚ ਅਜਿਹੀ ਧਾਰਮਿਕ ਦਖਲ ਅੰਦਾਜੀ ਨੂੰ ਬਰਦਾਸਤ ਕੀਤਾ ਜਾਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰਾਵਾਂ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਰਾਮ ਸਿੰਘ ਵੱਲੋ 15 ਅਕਤੂਬਰ ਤੋ ਦੂਜੇ ਪੜਾਅ ਦੀ ਖਾਲਸਾ ਵਹੀਰ ਸੁਰੂ ਕਰਨ ਮੌਕੇ ਪੰਜਾਬ ਦੀ ਹਕੂਮਤ ਤੇ ਪੁਲਿਸ ਵੱਲੋ ਉਨ੍ਹਾਂ ਨੂੰ ਨਜਰਬੰਦ ਕਰਨ ਅਤੇ ਸਿੱਖ ਕੌਮ ਦੇ ਧਾਰਮਿਕ ਮਾਮਲਿਆ ਵਿਚ ਬਿਨ੍ਹਾਂ ਵਜਹ ਜ਼ਬਰੀ ਦਖਲ ਦੇ ਕੇ ਅਮਨ ਸ਼ਾਂਤੀ ਚਾਹੁੰਣ ਵਾਲੇ ਸਿੱਖਾਂ ਦੇ ਰੋਹ ਨੂੰ ਪ੍ਰਚੰਡ ਕਰਨ ਦੀਆਂ ਹਕੂਮਤੀ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਬਾਬਾ ਰਾਮ ਸਿੰਘ ਜੀ ਦੀ ਨਜਰਬੰਦੀ ਨੂੰ ਤੁਰੰਤ ਖਤਮ ਕਰਕੇ ਆਪਣੀਆ ਧਾਰਮਿਕ ਰਵਾਇਤਾ ਅਨੁਸਾਰ ਜਿੰਮੇਵਾਰੀ ਨਿਭਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾ ਤਾਂ ਕਿਸੇ ਉਤੇ ਕਿਸੇ ਤਰ੍ਹਾਂ ਦਾ ਜ਼ਬਰ ਜੁਲਮ ਕਰਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਜ਼ਬਰ ਜੁਲਮ ਸਹਿਣ ਕਰਦੀ ਹੈ । ਇਸ ਲਈ ਇਹ ਬਿਹਤਰ ਹੋਵੇਗਾ ਕਿ ਸਿੱਖ ਕੌਮ ਦੇ ਆਪਣੇ ਧਾਰਮਿਕ ਉੱਦਮਾਂ, ਸਰਗਰਮੀਆ ਵਿਚ ਸਰਕਾਰ ਰੁਕਾਵਟਾ ਡਾਹਕੇ ਸਿੱਖਾਂ ਵਿਚ ਉਕਸਾਹਟ ਤੇ ਰੋਹ ਪੈਦਾ ਕਰਨ ਦੀ ਗੁਸਤਾਖੀ ਨਾ ਕਰੇ । ਉਨ੍ਹਾਂ ਕਿਹਾ ਕਿ ਜਦੋ ਇੰਡੀਆ ਦਾ ਵਿਧਾਨ, ਕੌਮਾਂਤਰੀ ਕਾਨੂੰਨ ਤੇ ਨਿਯਮ, ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜਾਦੀ ਦੀ ਪ੍ਰਤੱਖ ਗੱਲ ਕਰਦੇ ਹਨ, ਫਿਰ ਸਿੱਖ ਕੌਮ ਦੇ ਧਾਰਮਿਕ ਕੰਮਾਂ ਵਿਚ ਜਬਰੀ ਰੁਕਾਵਟਾ ਡਾਹਕੇ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਕੇ ਹੁਕਮਰਾਨ ਇਥੋ ਦੇ ਮਾਹੌਲ ਨੂੰ ਵਿਸਫੋਟਕ ਕਿਉਂ ਬਣਾ ਰਹੇ ਹਨ ? ਉਨ੍ਹਾਂ ਮੰਗ ਕੀਤੀ ਕਿ ਸਿੱਖ ਕੌਮ ਨੂੰ ਆਪਣੀਆ ਰਵਾਇਤਾ ਅਨੁਸਾਰ ਪੁਰ ਅਮਨ ਢੰਗ ਨਾਲ ਖਾਲਸਾ ਵਹੀਰ ਦੇ ਦੂਜੇ ਪੜਾਅ ਨੂੰ ਜਾਰੀ ਰੱਖਣ, ਆਪਣਾ ਧਰਮ ਪ੍ਰਚਾਰ ਕਰਨ ਅਤੇ ਸਿੱਖ ਨੌਵਾਨੀ ਨੂੰ ਅੰਮ੍ਰਿਤਧਾਰੀ ਬਣਾਉਣ ਦੀਆਂ ਧਾਰਮਿਕ ਤੇ ਕੌਮੀ ਜਿੰਮੇਵਾਰੀਆ ਨਿਰਵਿਘਨ ਨਿਭਾਉਣ ਦਿੱਤੀਆ ਜਾਣ । ਦੂਸਰਾ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਉਤੇ ਜੋ ਗੈਰ ਦਲੀਲ ਢੰਗ ਨਾਲ ਨਾਸਾ ਵਰਗਾਂ ਕਾਲਾ ਜਾਬਰ ਕਾਨੂੰਨ ਲਗਾਕੇ ਜੋ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦੀ ਬਣਾਕੇ ਮਾਨਸਿਕ ਤਸੱਦਦ ਦਿੱਤਾ ਜਾ ਰਿਹਾ ਹੈ, ਉਹ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਸਭਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਕੇ ਉਨ੍ਹਾਂ ਉਤੇ ਬਣਾਏ ਝੂਠੇ ਕੇਸਾਂ ਦੀ ਪੈਰਵੀ ਲਈ ਹਰ ਤਰ੍ਹਾਂ ਦੀ ਕਾਨੂੰਨੀ ਖੁੱਲ੍ਹ ਪ੍ਰਦਾਨ ਕੀਤੀ ਜਾਵੇ ਤਾਂ ਇਸ ਨਾਲ ਮੁਤੱਸਵੀ ਹੁਕਮਰਾਨਾਂ ਅਤੇ ਸਿੱਖ ਕੌਮ ਵਿਚਕਾਰ ਚੱਲ ਰਹੇ ਅਣਖ ਗੈਰਤ ਵਾਲੇ ਸੰਘਰਸ਼ ਵਿਚਕਾਰਲੀ ਕੁੜੱਤਣ ਤੇ ਨਫਰਤ ਘੱਟ ਸਕੇਗੀ ਅਤੇ ਸਮੁੱਚੇ ਇੰਡੀਆ ਦਾ ਮਾਹੌਲ ਖੁਸਗਵਾਰ ਰਹਿ ਸਕੇਗਾ । ਵਰਨਾ ਇਸ ਮਾਹੌਲ ਨੂੰ ਵਿਸਫੋਟਕ ਵਾਲੇ ਪਾਸੇ ਲਿਜਾਣ ਲਈ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੀਆਂ ਸਿੱਖ ਵਿਰੋਧੀ ਸਾਜਿਸਾਂ ਜਿੰਮੇਵਾਰ ਹੋਣਗੀਆ ।

Leave a Reply

Your email address will not be published. Required fields are marked *