ਹਰਿਆਣੇ ਦੇ ਚੌਧਰੀ ਦੇਵੀ ਲਾਲ ਪਰਿਵਾਰ ਦੇ ਹਰਮਨ ਪਿਆਰੇ ਆਗੂ ਸ੍ਰੀ ਅਦਿੱਤਿਆ ਚੋਟਾਲਾ ਚੌਧਰੀ ਨੇ ਅੱਜ ਸ. ਸਿਮਰਨਜੀਤ ਸਿੰਘ ਮਾਨ ਨਾਲ ਪਰਿਵਾਰਿਕ ਮਿਲਣੀ ਕੀਤੀ 

ਫ਼ਤਹਿਗੜ੍ਹ ਸਾਹਿਬ, 30 ਸਤੰਬਰ ( ) “ਹਰਿਆਣੇ ਅਤੇ ਇੰਡੀਆ ਦੇ ਬੀਤੇ ਸਮੇ ਦੇ ਆਗੂ ਚੌਧਰੀ ਦੇਵੀ ਲਾਲ ਦੇ ਪੋਤੇ ਸ੍ਰੀ ਅਦਿੱਤਿਆ ਚੋਟਾਲਾ ਚੌਧਰੀ ਜੋ ਇਸ ਸਮੇ ਹਰਿਆਣੇ ਦੀ ਸਿਆਸਤ ਵਿਚ ਚੌਖਾ ਪ੍ਰਭਾਵ ਰੱਖਦੇ ਹਨ ਅਤੇ ਹਰਿਆਣਾ ਸਟੇਟ ਐਗਰੀਕਲਚਰ ਮਾਰਕਿਟ ਬੋਰਡ ਦੇ ਮੌਜੂਦਾ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਕੌਸਲ ਆਫ ਸਟੇਟ ਐਗਰੀਕਲਚਰ ਮਾਰਕਿਟਿੰਗ ਬੋਰਡ ਅਤੇ ਜਿ਼ਲ੍ਹਾ ਸਿਰਸਾ ਬੀਜੇਪੀ ਹਰਿਆਣਾ ਦੇ ਮੌਜੂਦਾ ਪ੍ਰਧਾਨ ਦੀ ਸੇਵਾ ਵੀ ਨਿਭਾਅ ਰਹੇ ਹਨ । ਉਨ੍ਹਾਂ ਨੇ ਅੱਜ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਵਿਖੇ ਆਪਣੇ ਪਿਛੋਕੜ ਪਰਿਵਾਰ ਦੀਆਂ ਸਾਂਝਾ ਨੂੰ ਲੰਮਾਂ ਸਮਾਂ ਸ. ਮਾਨ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਸਾਂਝੀਆ ਕੀਤੀਆ । ਉਥੇ ਇਨ੍ਹਾਂ ਦੋਵਾਂ ਨੇ ਇੰਡੀਆ, ਪੰਜਾਬ ਅਤੇ ਹਰਿਆਣੇ ਦੀ ਸਿਆਸਤ ਦੀ ਆਉਣ ਵਾਲੀਆ ਰਣਨੀਤੀਆ ਉਤੇ ਵੀ ਡੂੰਘੀਆ ਵਿਚਾਰਾਂ ਕੀਤੀਆ । ਜਿਸ ਨਾਲ ਆਉਣ ਵਾਲੇ ਸਮੇ ਵਿਚ ਪੰਜਾਬ ਤੇ ਹਰਿਆਣਾ ਦੀ ਸਿਆਸਤ ਵਿਚ ਕਿਸਾਨਾਂ-ਖੇਤ ਮਜ਼ਦੂਰ, ਪੰਜਾਬ ਦੀਆਂ ਖੇਤੀ ਜਿਨਸਾਂ ਤੇ ਉਦਯੋਗਾਂ ਦੇ ਵਪਾਰ ਵਿਚ ਅਤੇ ਇਨ੍ਹਾਂ ਦੋਵਾਂ ਸੂਬਿਆਂ ਦੀ ਮਾਲੀ ਹਾਲਤ ਪ੍ਰਫੁੱਲਿਤ ਹੋਣ ਦੀ ਗੱਲ ਦੀ ਵੱਡੀ ਉਮੀਦ ਕੀਤੀ ਜਾ ਸਕਦੀ ਹੈ । ਕਿਉਂਕਿ ਸ੍ਰੀ ਅਦਿੱਤਿਆ ਚੋਟਾਲਾ ਚੌਧਰੀ ਨੂੰ ਇਹ ਸਿਆਸੀ ਗੁੜ੍ਹਤੀ ਆਪਣੇ ਬਜੁਰਗਾਂ ਤੋਂ ਪ੍ਰਾਪਤ ਹੋਈ ਹੈ । ਜਿਸ ਰਾਹੀ ਉਹ ਧਾਰਮਿਕ, ਸਿਆਸੀ, ਰਾਜਨੀਤਿਕ ਤੌਰ ਤੇ ਪੂਰੀ ਸਰਗਰਮੀ ਨਾਲ ਸੇਵਾ ਵੀ ਕਰ ਰਹੇ ਹਨ । ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਸਿਆਸਤ ਵਿਚ ਆਪਣੇ ਪ੍ਰਭਾਵ ਨੂੰ ਵੀ ਛੱਡ ਰਹੇ ਹਨ ।”

ਬੇਸੱਕ ਇਹ ਮਿਲਣੀ ਮਾਨ ਤੇ ਚੋਟਾਲਾ ਪਰਿਵਾਰ ਦੀ ਪੁਰਾਤਨ ਬਜੁਰਗਾਂ ਦੀ ਸਾਂਝ ਦੀ ਬਦੌਲਤ ਚੱਲਦੀ ਆ ਰਹੀ ਹੈ, ਪਰ ਜਿਸ ਸਿੱਦਤ ਨਾਲ ਸ. ਮਾਨ ਅਤੇ ਅਦਿੱਤਿਆ ਚੋਟਾਲਾ ਦੀ ਲੰਮੀ ਗੱਲਬਾਤ ਹੋਈ ਹੈ ਅਤੇ ਪਰਿਵਾਰ ਦੀ ਤਰ੍ਹਾਂ ਬੈਠਕੇ ਖਾਣੇ ਦੀ ਸਾਂਝ ਵੀ ਪਾਈ ਹੈ, ਇਸ ਮਹੱਤਵਪੂਰਨ ਮਿਲਣੀ ਦੇ ਆਉਣ ਵਾਲੇ ਸਮੇ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਸਿਆਸਤ ਵਿਚ ਤਬਦੀਲੀ ਹੋਣ ਅਤੇ ਦੋਵਾਂ ਸੂਬਿਆਂ ਦੇ ਨਿਵਾਸੀਆ ਲਈ ਹਰ ਖੇਤਰ ਵਿਚ ਅੱਛੇ ਨਤੀਜੇ ਨਿਕਲਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਥੇ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਕੁਝ ਸਮੇ ਬਾਅਦ ਹਰਿਆਣੇ ਦੀ ਸਿੱਖ ਕੌਮ ਨਾਲ ਸੰਬੰਧਤ ਐਸ.ਜੀ.ਪੀ.ਸੀ. ਦੀਆਂ ਚੋਣਾਂ ਆ ਰਹੀਆ ਹਨ ਜਿਸ ਸੰਬੰਧੀ ਹਰਿਆਣਾ ਦੇ ਸਿੱਖ ਪੂਰੇ ਜੋਸ ਖਰੋਸ ਨਾਲ ਆਪਣੀਆ ਨਵੀਆ ਵੋਟਾਂ ਬਣਾਉਣ ਲਈ ਤੱਤਪਰ ਹਨ । ਹਰਿਆਣੇ ਦੀ ਇਸ ਸਿੱਖ ਰਾਜਨੀਤੀ ਵਿਚ ਵੀ ਸ੍ਰੀ ਅਦਿੱਤਿਆ ਚੋਟਾਲਾ ਤੇ ਉਨ੍ਹਾਂ ਦਾ ਪਰਿਵਾਰ ਜੋ ਹਰਿਆਣੇ ਦੇ ਸਮੁੱਚੇ ਵਰਗਾਂ ਦੇ ਨਿਵਾਸੀਆਂ ਵਿਚ ਹਰ ਪੱਖੋ ਚੌਖਾ ਪ੍ਰਭਾਵ ਰੱਖਦਾ ਹੈ, ਇਨ੍ਹਾਂ ਚੋਣਾਂ ਵਿਚ ਵੀ ਸਿੱਖ ਕੌਮ ਅਤੇ ਹਰਿਆਣਵੀਆ ਲਈ ਇਹ ਸੰਬੰਧ ਕਾਰਗਰ ਸਾਬਤ ਹੋਣਗੇ । ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸ੍ਰੀ ਅਦਿੱਤਿਆ ਚੋਟਾਲਾ ਜੋ ਆਪਣੀ ਜਵਾਨੀ ਉਮਰ ਵਿਚ ਸਿਆਸਤ ਤੇ ਸਮਾਜ ਵਿਚ ਕਾਫ਼ੀ ਅੱਗੇ ਵੱਧ ਚੁੱਕੇ ਹਨ, ਉਹ ਸ. ਮਾਨ ਨਾਲ ਪ੍ਰਪੱਕ ਕੀਤੀ ਗਈ ਸਾਂਝ ਦੀ ਬਦੌਲਤ ਜਿਥੇ ਆਪਣੇ ਅਗਲੇ ਖੇਤਰ ਨੂੰ ਵੀ ਸਹੀ ਦਿਸ਼ਾ ਵੱਲ ਮਜਬੂਤ ਕਰਨ ਵਿਚ ਕਾਮਯਾਬ ਹੋਣਗੇ, ਉਥੇ ਉਹ ਸ. ਮਾਨ ਤੇ ਉਨ੍ਹਾਂ ਦੀ ਪਾਰਟੀ ਅਤੇ ਸਿੱਖ ਕੌਮ ਲਈ ਵੀ ਭਵਿੱਖ ਵਿਚ ਚੰਗੇਰੇ ਨਤੀਜੇ ਦੇਣ ਵਿਚ ਪਿੱਛੇ ਨਹੀ ਰਹਿਣਗੇ । ਇਸ ਮਹੱਤਵਪੂਰਨ ਮਿਲਣੀ ਦੌਰਾਨ ਸ. ਮਾਨ ਅਤੇ ਸ੍ਰੀ ਚੋਟਾਲਾ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਤੇ ਸਿਆਸੀ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਐਡਵੋਕੇਟ ਸ. ਕਰਨਰਾਜ ਸਿੰਘ, ਲਖਵੀਰ ਸਿੰਘ ਕੋਟਲਾ ਆਗੂ ਮੌਜੂਦ ਸਨ ।

Leave a Reply

Your email address will not be published. Required fields are marked *