15 ਸਤੰਬਰ ਦੇ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਉਤੇ ਸਮੁੱਚੀ ਸਿੱਖ ਕੌਮ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਰਾਗੜ੍ਹੀ ਸਰਾਂ ਵਿਖੇ ਹੁੰਮ ਹੁੰਮਾਕੇ ਪਹੁੰਚਣ : ਮਾਨ

ਫ਼ਤਹਿਗੜ੍ਹ ਸਾਹਿਬ, 12 ਸਤੰਬਰ ( ) “ਕਿਉਂਕਿ ਇੰਡੀਆ ਤੇ ਪੰਜਾਬ ਦੇ ਹੁਕਮਰਾਨਾਂ ਨੇ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਦੇ ਗੁਰਦੁਆਰਾ ਐਕਟ ਰਾਹੀ ਹੋਦ ਵਿਚ ਆਈ ਸੀ, ਜਿਸ ਦੀ ਜਰਨਲ ਚੋਣ ਇੰਡੀਆ ਦੀਆਂ ਹੋਰ ਸੰਸਥਾਵਾਂ ਪਾਰਲੀਮੈਂਟ, ਅਸੈਬਲੀ, ਜਿ਼ਲ੍ਹਾ ਪ੍ਰੀਸਦ, ਪੰਚਾਇਤਾਂ, ਨਗਰ ਕੌਸਲਾਂ, ਕਾਰਪੋਰੇਸ਼ਨਾਂ ਦੀ ਤਰ੍ਹਾਂ ਹਰ 5 ਸਾਲ ਬਾਅਦ ਹੁੰਦੀਆ ਹਨ, ਉਸ ਧਾਰਮਿਕ ਸੰਸਥਾਂ ਦੀ ਬੀਤੇ 12 ਸਾਲਾਂ ਤੋਂ ਚੋਣਾਂ ਨਹੀ ਕਰਵਾਈਆ ਜਾ ਰਹੀਆ । ਜੋ ਸਿੱਖਾਂ ਦੇ ਜ਼ਮਹੂਰੀ ਹੱਕਾਂ ਉਤੇ ਇਕ ਵੱਡਾ ਡਾਕਾ ਹੈ । ਇਸ ਲਈ ਹੀ ਅਸੀ ਹਰ ਸਾਲ 15 ਸਤੰਬਰ ਦੇ ਦਿਨ, ਜਿਸ ਦਿਨ ਕੌਮਾਂਤਰੀ ਜਮਹੂਰੀਅਤ ਦਿਹਾੜਾ ਮਨਾਇਆ ਜਾਂਦਾ ਹੈ, ਉਸ ਦਿਨ ਅੰਮ੍ਰਿਤਸਰ ਦੇ ਸਾਰਾਗੜ੍ਹੀ ਸਰਾਂ ਕੋਲ ਇਕੱਤਰ ਹੋ ਕੇ ਜਮਹੂਰੀਅਤ ਢੰਗਾਂ ਰਾਹੀ ਆਪਣੇ ਉਪਰੋਕਤ ਸਿੱਖ ਪਾਰਲੀਮੈਟ ਦੀ ਜਮਹੂਰੀਅਤ ਨੂੰ ਬਹਾਲ ਕਰਨ ਦੇ ਮੁੱਦੇ ਨੂੰ ਲੈਕੇ ਆਵਾਜ ਵੀ ਉਠਾਉਦੇ ਹਾਂ ਅਤੇ ਰੋਸ ਵਿਖਾਵਾ ਵੀ ਕਰਦੇ ਹਾਂ ਤਾਂ ਕਿ ਹੁਕਮਰਾਨ ਸਾਡੀ ਸਿੱਖ ਪਾਰਲੀਮੈਟ ਦੀਆਂ ਜਰਨਲ ਚੋਣਾਂ ਕਰਵਾਉਣ ਦਾ ਐਲਾਨ ਕਰਨ । ਪਰ ਤਾਨਾਸਾਹ ਹੁਕਮਰਾਨਾਂ ਵੱਲੋ ਇਸਨੂੰ ਬਹਾਲ ਨਹੀ ਕੀਤਾ ਜਾ ਰਿਹਾ । ਇਸ ਲਈ ਅਸੀ ਇਸ ਸਾਲ ਵੀ ਅੰਮ੍ਰਿਤਸਰ ਵਿਖੇ ਇਸ ਦਿਨ ਨੂੰ ਮਨਾਉਣ ਜਾ ਰਹੇ ਹਾਂ । ਸਮੁੱਚਾ ਖ਼ਾਲਸਾ ਪੰਥ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰ, ਮੈਬਰ ਸਾਹਿਬਾਨ ਹੁੰਮ ਹੁੰਮਾਕੇ ਅੰਮ੍ਰਿਤਸਰ ਵਿਖੇ ਪਹੁੰਚਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 15 ਸਤੰਬਰ ਦੇ ਜ਼ਮਹੂਰੀਅਤ ਦਿਹਾੜੇ ਨੂੰ ਮਨਾਉਣ ਲਈ ਸਿੱਖ ਕੌਮ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਅਮਨ-ਚੈਨ, ਜਮਹੂਰੀਅਤ, ਸਮਾਜਿਕ ਢੰਗਾਂ ਰਾਹੀ ਜਿੰਦਗੀ ਬਸਰ ਕਰਨ ਅਤੇ ਕਿਸੇ ਤਰ੍ਹਾਂ ਦੇ ਵੀ ਅਪਮਾਨ, ਬੇਇਨਸਾਫ਼ੀ ਨੂੰ ਨਾ ਸਹਿਣ, ਲੋੜਵੰਦ ਅਤੇ ਮਜਲੂਮਾਂ ਦੀ ਸਹਾਇਤਾ ਕਰਨ ਦੇ ਹੁਕਮ ਦਿੱਤੇ ਹੋਏ ਹਨ ਜਿਸ ਉਤੇ ਸਿੱਖ ਕੌਮ ਆਪਣੇ ਜਨਮ ਤੋ ਹੀ ਦ੍ਰਿੜਤਾ ਨਾਲ ਪਹਿਰਾ ਦਿੰਦੀ ਆ ਰਹੀ ਹੈ । ਖ਼ਾਲਸਾ ਪੰਥ ਨਾ ਤਾਂ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਹੀ ਕਿਸੇ ਵੀ ਤਾਕਤ ਦੀ ਭੈ ਪ੍ਰਵਾਨ ਕਰਦਾ ਹੈ । ਇਹੀ ਵਜਹ ਹੈ ਕਿ ਖ਼ਾਲਸਾ ਪੰਥ ਜਿਹੋ ਜਿਹੇ ਔਖੇ-ਸੌਖੇ ਸਮਿਆ ਵਿਚੋ ਗੁਜਰਿਆ ਹੈ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਅਤੇ ਆਪਣੀ ਸਿੱਖੀ ਪੰ੍ਰਪਰਾਵਾਂ ਉਤੇ ਹੀ ਪਹਿਰਾ ਦਿੰਦੇ ਹੋਏ ਵਿਚਰਦਾ ਆ ਰਿਹਾ ਹੈ । ਪਰ ਮੁਕਾਰਤਾ ਨਾਲ ਭਰਿਆ ਹੁਕਮਰਾਨ ਸਾਜਸੀ ਢੰਗਾਂ ਰਾਹੀ ਸਿੱਖ ਕੌਮ ਨੂੰ ਬਦਨਾਮ ਕਰਕੇ ਸਾਡੇ ਹੱਕਾਂ, ਅਧਿਕਾਰਾਂ ਉਤੇ ਹੀ ਡਾਕਾ ਨਹੀ ਮਾਰ ਰਿਹਾ, ਬਲਕਿ ਪਾੜੋ ਅਤੇ ਰਾਜ ਕਰੋ ਦੀ ਮੰਦਭਾਵਨਾ ਭਰੀ ਨੀਤੀ ਉਤੇ ਅਮਲ ਕਰਕੇ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਦੇ ਵੀ ਨਿੰਦਣਯੋਗ ਅਮਲ ਕਰਦਾ ਆ ਰਿਹਾ ਹੈ । ਜੋ ਸਾਡੀ ਐਸ.ਜੀ.ਪੀ.ਸੀ. ਦੀ ਜਮਹੂਰੀਅਤ ਢੰਗ ਨਾਲ ਚੋਣ ਦਾ ਅਧਿਕਾਰ ਹੈ, ਇਹ ਕਾਨੂੰਨ ਰਾਹੀ ਸਾਨੂੰ ਪ੍ਰਾਪਤ ਹੋਇਆ ਹੈ । ਇਸਨੂੰ ਕੁੱਚਲਕੇ ਹੁਕਮਰਾਨ ਨੇ ਖੁਦ ਪ੍ਰਤੱਖ ਕਰ ਦਿੱਤਾ ਹੈ ਕਿ ਦੁਨੀਆ ਵਿਚ ਆਪਣੇ ਆਪ ਨੂੰ ਲੋਕਤੰਤਰ ਦਾ ਵੱਡਾ ਦਾਅਵੇਦਾਰ ਪੇਸ ਕਰਦਾ ਹੈ ਜਦੋਕਿ ਅਸਲੀਅਤ ਵਿਚ ਤਾਨਾਸਾਹੀ ਅਮਲ ਹੋ ਰਹੇ ਹਨ । ਜਿਨ੍ਹਾਂ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ । ਇਸ ਲਈ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਅਤੇ ਆਪਣੇ ਜਮਹੂਰੀ ਹੱਕ ਨੂੰ ਬਹਾਲ ਕਰਵਾਉਣ ਲਈ ਹੀ ਅਸੀ 15 ਸਤੰਬਰ ਦੇ ਦਿਹਾੜੇ ਨੂੰ ਅੰਮ੍ਰਿਤਸਰ ਵਿਖੇ ਵੱਡੇ ਪੱਧਰ ਤੇ ਮਨਾਉਦੇ ਹਾਂ । ਜਿਸ ਹਰ ਗੁਰੂ ਨਾਨਕ ਨਾਮ ਲੇਵਾ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਆਪਣੇ ਸਾਥੀਆ ਨਾਲ ਪਹੁੰਚਕੇ ਆਪਣੀ ਕੌਮੀ ਆਵਾਜ ਨੂੰ ਬੁਲੰਦ ਕਰਨ ਵਿਚ ਯੋਗਦਾਨ ਪਾਉਣ ਅਤੇ ਖਾਲਸਾ ਪੰਥ ਦੀ ਮਨੁੱਖਤਾ ਪੱਖੀ ਸੋਚ ਨੂੰ ਦੁਨੀਆ ਵਿਚ ਉਜਾਗਰ ਕਰਨ ਦੀ ਜਿੰਮੇਵਾਰੀ ਨਿਭਾਉਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦਾ ਕੋਈ ਵੀ ਪਿੰਡ, ਸ਼ਹਿਰ, ਗਲੀ, ਮੁਹੱਲਾ ਅਜਿਹਾ ਨਹੀ ਰਹੇਗਾ ਜਿਥੋ ਸੰਗਤਾਂ ਆਪ ਮੁਹਾਰੇ ਇਸ ਕੌਮਾਂਤਰੀ ਜਮਹੂਰੀਅਤ ਦਿਹਾੜੇ ਵਿਚ ਸਮੂਲੀਅਤ ਕਰਨ ਲਈ ਨਾ ਪਹੁੰਚਣ ।

Leave a Reply

Your email address will not be published. Required fields are marked *