ਕਿਸੇ ਵੀ ਧਰਮ, ਮਜ੍ਹਬ ਵਿਰੁੱਧ ਕਿਸੇ ਨੂੰ ਨਾ ਤਾਂ ਦਖਲ ਅੰਦਾਜੀ ਦੇਣੀ ਚਾਹੀਦੀ ਹੈ ਅਤੇ ਨਾ ਹੀ ਕੁਝ ਮੰਦਾ ਬੋਲਣਾ ਚਾਹੀਦਾ ਹੈ : ਮਾਨ

ਸਨਾਤਨ ਧਰਮ ਦੇ ਉੱਠੇ ਮੁੱਦੇ ਉਤੇ ਸਮੁੱਚੇ ਧਰਮਾਂ ਦੇ ਮੁੱਖੀਆਂ ਦੀ ਇਕੱਤਰਤਾ ਹੋਵੇ, ਜਿਸ ਵਿਚ ਇਕ-ਦੂਸਰੇ ਧਰਮ ਵਿਚ ਦਖਲ ਨਾ ਦੇਣ ਸੰਬੰਧੀ ਫੈਸਲਾ ਹੋਵੇ

ਫ਼ਤਹਿਗੜ੍ਹ ਸਾਹਿਬ, 06 ਸਤੰਬਰ ( ) “ਸਨਾਤਨ ਧਰਮ ਦੇ ਮੁੱਦੇ ਉਤੇ ਜੋ ਤਾਮਿਲਨਾਡੂ ਦੇ ਵਜ਼ੀਰ ਉਧੇਨਿਧੀ ਸਟਾਲਨ ਜੋ ਕਿਹਾ ਹੈ, ਉਹ ਇਸ ਤਰ੍ਹਾਂ ਨਹੀ ਕਹਿਣਾ ਚਾਹੀਦਾ ਕਿ ਨਾ ਹੀ ਕਿਸੇ ਧਰਮ ਵਿਚ ਆਂਸਥਾ-ਵਿਸਵਾਸ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚਣੀ ਚਾਹੀਦੀ ਹੈ । ਪਰ ਦੂਜੇ ਪਾਸੇ ਇਹ ਗੱਲ ਵੀ ਪ੍ਰਤੱਖ ਹੈ ਕਿ ਦੱਖਣੀ ਸੂਬਿਆਂ ਦੇ ਨਿਵਾਸੀ ਜੋ ਰਾਵਣ ਨੂੰ ਇਕ ਉੱਚ ਵਿਦਵਾਨ ਵੱਜੋ ਪੂਜਦੇ ਅਤੇ ਸਤਿਕਾਰ ਕਰਦੇ ਹਨ । ਉਨ੍ਹਾਂ ਨੂੰ ਹਿੰਦੂਤਵ ਸਨਾਤਨ ਧਰਮ ਵਾਲਿਆ ਵੱਲੋ ਹਰ ਸਾਲ ਰਾਵਣ ਦੇ ਪੁਤਲੇ ਫੂਕਣ ਦੇ ਇਵਜ ਵੱਜੋ ਜੋ ਠੇਸ ਪਹੁੰਚਦੀ ਹੈ, ਉਹ ਵੀ ਨਹੀ ਹੋਣੀ ਚਾਹੀਦੀ । ਸਾਇਦ ਉਧੇਨਿਧੀ ਸਟਾਲਨ ਨੂੰ ਇਹ ਠੇਸ ਪਹੁੰਚਣ ਦੀ ਬਦੌਲਤ ਹੀ ਅਜਿਹਾ ਕੁਝ ਕਹਿਣ ਲਈ ਮਜ਼ਬੂਰ ਹੋਣਾ ਪਿਆ । ਜੋ 262 ਉੱਚ ਅਹੁਦਿਆ ਤੋ ਰਿਟਾਇਰਡ ਸੀਨੀਅਰ ਸਿਟੀਜਨਾਂ ਨੇ ਉਧੇਨਿਧੀ ਸਟਾਲਨ ਵੱਲੋ ਕਹੀ ਗੱਲ ਵਿਰੁੱਧ ਮਜਬੂਤੀ ਨਾਲ ਰੋਸ਼ ਜਾਹਰ ਕੀਤਾ ਹੈ, ਅਜਿਹਾ ਅਮਲ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਬਾਬਰੀ ਮਸਜਿਦ ਉਤੇ ਹੋਏ ਸਾਜਸੀ ਹਮਲਿਆ ਸੰਬੰਧੀ ਇਹ ਲੋਕ ਕਿਉਂ ਨਾ ਬੋਲੇ, ਉਸ ਸਮੇ ਇਹ ਕਿਉਂ ਚੁੱਪ ਰਹੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸੇ ਵੀ ਧਰਮ ਨਾਲ ਸੰਬੰਧਤ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਠੇਸ ਨਾ ਪਹੁੰਚਾਉਣ, ਇਕ-ਦੂਸਰੇ ਦੇ ਧਰਮ ਵਿਚ ਦਖਲ ਦੇਣ ਜਾਂ ਕੁਝ ਵਿਰੁੱਧ ਬੋਲਣ ਦੇ ਗੰਭੀਰ ਮੁੱਦੇ ਉਤੇ ਸਮੁੱਚੇ ਧਰਮਾਂ ਦੇ ਮੁੱਖੀਆਂ ਦੀ ਇਕ ਸਾਂਝੀ ਇਕੱਤਰਤਾ ਬੁਲਾਉਣ ਅਤੇ ਉਸ ਵਿਚ ਅਜਿਹਾ ਕਿਸੇ ਵੀ ਧਰਮ ਵਿਚ ਦਖਲ ਨਾ ਦੇਣ ਜਾਂ ਕਿਸੇ ਧਰਮ ਵਿਰੁੱਧ ਬੋਲਣ ਦਾ ਸਰਬਸੰਮਤੀ ਨਾਲ ਫੈਸਲਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਉੱਦਮ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਇਹ ਉੱਦਮ ਉਹ ਪਹਿਲ ਦੇ ਆਧਾਰ ਤੇ ਕਰਦੇ ਹੋਏ ਸਮੁੱਚੇ ਧਰਮਾਂ ਦੇ ਮੁੱਖੀਆਂ ਦੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੀਟਿੰਗ ਸਤਿਕਾਰ ਸਹਿਤ ਸੱਦ ਲੈਣ ਤਾਂ ਇਹ ਸਮੁੱਚੇ ਇੰਡੀਆਂ ਦੇ ਸਮਾਜ, ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਦੇ ਨਿਵਾਸੀਆ ਲਈ ਬਹੁਤ ਹੀ ਅੱਛੇ ਨਤੀਜੇ ਕੱਢਣ ਵਾਲਾ ਅਮਲ ਹੋਵੇਗਾ । ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਹਕੂਮਤੀ ਅਮਲ ਹਨ ਕਿ 1984 ਵਿਚ ਸਿੱਖ ਕੌਮ ਦੇ ਸਭ ਤੋਂ ਉੱਚੇ-ਸੁੱਚੇ ਅਸਥਾਂਨ ਸ੍ਰੀ ਦਰਬਾਰ ਸਾਹਿਬ ਉਤੇ ਟੈਕਾਂ, ਤੋਪਾਂ ਰਾਹੀ ਬਰਤਾਨੀਆ, ਇੰਡੀਆ ਤੇ ਰੂਸ ਦੀਆਂ ਫ਼ੌਜਾਂ ਨੇ ਸਾਂਝਾ ਹਮਲਾ ਕਰਕੇ ਢਹਿ-ਢੇਰੀ ਕਰ ਦਿੱਤਾ ਅਤੇ 36 ਹੋਰ ਗੁਰੂਘਰਾਂ ਉਤੇ ਹਮਲੇ ਕੀਤੇ ਗਏ । ਰਾਜੀਵ ਗਾਂਧੀ ਨੇ ਸਿੱਖਾਂ ਦੀ ਨਸਲਕੁਸੀ ਕੀਤੀ । ਉਸ ਸਮੇ ਦੇ ਬੀਜੇਪੀ ਆਗੂ ਐਲ.ਕੇ.ਅਡਵਾਨੀ, ਮੁਰਲੀ ਮਨੋਹਰ ਜੋਸੀ, ਕਲਿਆਣ ਸਿੰਘ ਆਦਿ ਆਗੂਆਂ ਨੇ ਕਾਂਗਰਸੀ ਆਗੂਆਂ ਨਾਲ ਮਿਲੀਭੁਗਤ ਕਰਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਢਹਿ ਢੇਰੀ ਕੀਤੀ, ਦੱਖਣੀ ਸੂਬਿਆਂ ਵਿਚ ਇਸਾਈ ਚਰਚਾਂ ਨੂੰ ਅੱਗਾਂ ਲਗਾਈਆ, ਨਨਜ਼ਾਂ ਨਾਲ ਬਲਾਤਕਾਰ ਕੀਤੇ । ਜਿਵੇ ਮਨੀਪੁਰ, ਹਰਿਆਣੇ ਦੇ ਨੂਹ, ਦੱਖਣੀ ਸੂਬਿਆਂ ਦੇ ਇਸਾਈਆ ਦੀਆਂ ਚਰਚਾਂ ਉਤੇ ਹਮਲੇ, ਮੁਸਲਮਾਨਾਂ ਉਤੇ ਕਸਮੀਰ ਅਤੇ ਹੋਰਨਾਂ ਸੂਬਿਆਂ ਵਿਚ ਹੋ ਰਹੇ ਜ਼ਬਰ ਦੀ ਸੀ.ਬੀ.ਆਈ. ਜਾਂ ਕੌਮਾਂਤਰੀ ਸੰਸਥਾਂ ਤੋ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ । ਜਿਸ ਸੁਪਰੀਮ ਕੋਰਟ ਦੇ ਮੁੱਖ ਜੱਜ ਗੰਗੋਈ ਨੇ ਇਕ ਸੁਪਰੀਮ ਕੋਰਟ ਦੀ ਮਹਿਲਾ ਮੁਲਾਜਮ ਨਾਲ ਅਪਮਾਨਜਨਕ ਕਾਰਵਾਈ ਕੀਤੀ, ਉਸ ਵਿਰੁੱਧ ਸੰਬੰਧਤ ਥਾਣੇ ਵਿਚ ਐਫ.ਆਈ.ਆਰ. ਦਰਜ ਕਰਨ ਦੀ ਬਜਾਇ ਸੁਪਰੀਮ ਕੋਰਟ ਦੇ ਜੱਜਾਂ ਦੀ ਇਕ ਕਮੇਟੀ ਬਣਾ ਦਿੱਤੀ । ਜਿਸਨੇ ਜਸਟਿਸ ਗੰਗੋਈ ਨੂੰ ਇਸ ਲੱਗੇ ਦੋਸ ਵਿਚੋ ਬਰੀ ਕਰ ਦਿੱਤਾ । ਇਸੇ ਜਸਟਿਸ ਗੰਗੋਈ ਨੇ ਬਾਬਰੀ ਮਸਜਿਦ-ਰਾਮ ਮੰਦਰ ਦੇ ਚੱਲ ਰਹੇ ਕੇਸ ਵਿਚ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਕਰ ਦਿੱਤਾ । ਜਿਸਦੇ ਇਵਜ ਵੱਜੋ ਜਸਟਿਸ ਗੰਗੋਈ ਨੂੰ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੇ ਰਾਜ ਸਭਾ ਮੈਬਰ ਬਣਾ ਦਿੱਤਾ । 

ਜਦੋਂ ਹਰਿਆਣੇ ਦੇ ਖੇਡ ਵਜੀਰ ਸੰਦੀਪ ਸਿੰਘ ਨੇ ਇਕ ਮਹਿਲਾ ਕੋਚ ਨਾਲ ਛੇੜਛਾੜ ਕੀਤੀ ਤਾਂ ਉਸਦਾ ਕੇਸ ਥਾਣੇ ਵਿਚ ਦਰਜ ਹੋਇਆ । ਜਦੋ ਇੰਡੀਆ ਦੇ ਵਿਧਾਨ ਦੀ ਧਾਰਾ 14 ਅਨੁਸਾਰ ਕਾਨੂੰਨ ਦੀ ਨਜਰ ਵਿਚ ਸਭ ਬਰਾਬਰ ਹਨ, ਫਿਰ ਜਸਟਿਸ ਗੰਗੋਈ ਸੰਬੰਧੀ ਥਾਣੇ ਵਿਚ ਐਫ.ਆਈ.ਆਰ. ਦਰਜ ਕਿਉ ਨਾ ਕੀਤੀ ਗਈ ਅਤੇ ਜਸਟਿਸ ਗੰਗੋਈ ਦਾ ਕੇਸ ਪੁਲਿਸ ਨੂੰ ਕਿਉਂ ਨਾ ਦਿੱਤਾ ਗਿਆ ? ਉਨ੍ਹਾਂ ਕਿਹਾ ਕਿ ਇਹ ਵੀ ਦੁੱਖ ਤੇ ਅਫ਼ਸੋਸ ਵਾਲਾ ਵਰਤਾਰਾ ਹੁੰਦਾ ਆ ਰਿਹਾ ਹੈ ਕਿ ਜੋ ਹਿੰਦੂ ਧਰਮ ਦੇ ਧਾਰਮਿਕ ਅਸਥਾਂਨ ਹਨ, ਉਥੋ ਗੰਗਾ ਨਦੀ ਵਹਿੰਦੀ ਹੈ । ਜਿਸ ਵਿਚ ਇਹ ਲੋਕ ਆਪਣੇ ਘਰਾਂ, ਕਾਰੋਬਾਰਾਂ ਅਤੇ ਸੀਵਰੇਜ ਦਾ ਗੰਦ ਸੁੱਟ ਰਹੇ ਹਨ, ਮਿਊਸੀਪਲ ਕੌਸਲਾਂ ਦਾ ਗੰਦ ਵੀ ਇਨ੍ਹਾਂ ਪਵਿੱਤਰ ਦਰਿਆਵਾ ਵਿਚ ਆ ਰਿਹਾ ਹੈ ਇਹ ਤਾਂ ਬਹੁਤ ਹੀ ਸ਼ਰਮ ਤੇ ਤਹਿਜੀਬ ਦੇ ਵਿਰੁੱਧ ਅਮਲ ਹੋ ਰਿਹਾ ਹੈ । ਜਿਸਨੂੰ ਕਿ ਸਿੱਖ ਕੌਮ ਤੇ ਸਿੱਖ ਧਰਮ ਬਿਲਕੁਲ ਸਹੀ ਨਹੀ ਸਮਝਦਾ । ਇਨ੍ਹਾਂ ਪਵਿੱਤਰ ਦਰਿਆਵਾ ਤੇ ਨਦੀਆ ਵਿਚ ਅਜਿਹਾ ਗੰਦ ਬਿਲਕੁਲ ਨਹੀ ਜਾਣ ਦੇਣਾ ਚਾਹੀਦਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਹਿੰਦੂ ਧਰਮ ਦੇ ਉੱਚ ਰਿਗਵੇਦ ਹਨ, ਉਹ ਹਿਮਾਲਿਆ ਤੋ ਆਉਦੇ ਬਿਆਸ ਦੇ ਕਿਨਾਰੇ ਉਤੇ ਬੈਠਕੇ ਰਚਿਆ ਗਿਆ ਸੀ, ਇਹ ਹਿਮਾਲਿਆ ਦੇ ਮਨਾਲੀ, ਬਿਲਾਸਪੁਰ, ਸੁੰਦਰ ਨਗਰ, ਧਰਮਸਾਲਾ ਆਦਿ ਪਹਾੜੀਆ ਵਿਚੋ ਹੋ ਕੇ ਆਉਦਾ ਹੈ । ਅਸੀ ਵੀ ਇਸਦੀ ਇੱਜਤ ਕਰਦੇ ਹਾਂ । ਜੋ ਗੁਰਦਾਸਪੁਰ ਦੇ ਕੀੜੀ ਅਫਗਾਨਾਂ ਵਿਖੇ ਸੂਗਰ ਮਿਲ ਹੈ, ਉਸਦਾ ਗੰਦ ਵੀ ਇਸ ਵਿਚ ਸੁੱਟਿਆ ਜਾ ਰਿਹਾ ਹੈ । ਉਸਨੂੰ ਰੋਕਣ ਲਈ ਰਿਗਵੇਦ, ਸਨਾਤਨ ਧਰਮ ਵਿਚ ਵਿਸਵਾਸ ਰੱਖਣ ਵਾਲਿਆ ਨੇ ਅਜੇ ਤੱਕ ਕੋਈ ਅਮਲ ਨਹੀ ਕੀਤਾ ਜੋ ਹੋਰ ਵੀ ਅਫਸੋਸਨਾਕ ਹੈ ।

ਉਨ੍ਹਾਂ ਕਿਹਾ ਕਿ ਸ੍ਰੀ ਰਾਮ ਚੰਦਰ ਦੇ ਭਰਾ ਲਛਮਣ ਕੋਲ ਰਾਵਣ ਦੀ ਭੈਣ ਸਰੂਪਨਖਾ ਨੇ ਜਦੋਂ ਆਪਣੇ ਪਿਆਰ ਦਾ ਇਜਹਾਰ ਕੀਤਾ, ਜੋ ਕਿ ਕੋਈ ਵੀ ਮਾੜੀ ਗੱਲ ਨਹੀ । ਪਰ ਉਸਦਾ ਲਛਮਣ ਵੱਲੋ ਨੱਕ ਕੱਟ ਦੇਣ ਦੀ ਕਾਰਵਾਈ ਤਾਂ ਸਰੂਪਨਖਾ ਦੇ ਭਰਾ ਰਾਵਣ ਨੂੰ ਚਿੜਾਉਣ ਵਾਲੀ ਕਾਰਵਾਈ ਸੀ ਜਿਸਨੇ ਬਦਲੇ ਦੀ ਭਾਵਨਾ ਅਧੀਨ ਸੀਤਾ ਨੂੰ ਅਗਵਾਹ ਕਰ ਲਿਆ ਪਰ ਜਿੰਨਾ ਸਮਾਂ ਵੀ ਰੱਖਿਆ ਪੂਰੇ ਸਤਿਕਾਰ ਤੇ ਪਵਿੱਤਰਤਾ ਨਾਲ ਰੱਖਿਆ । ਉਨ੍ਹਾਂ ਕਿਹਾ ਕਿ ਜਦੋਂ ਸਭ ਇਨਸਾਨ, ਆਤਮਾਵਾ ਇਕ ਹਨ ਜਿਵੇ ਗੁਰਬਾਣੀ ਨੇ ‘ਰਾਮੁ ਗਇਓ, ਰਾਵਨੁ ਗਇਓ ਜਾ ਕਉ ਬਹੁ ਪਰਵਾਰੁ’ ਫਿਰ ਸਭਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਭ ਨੂੰ ਜਨਮ ਅਤੇ ਮੌਤ ਦੇਣ ਵਾਲਾ ਇਕੋ ਇਕ ਉਹ ਅਕਾਲ ਪੁਰਖ ਹੈ ਅਤੇ ਅਸੀ ਸਭ ਉਸਦੇ ਪੈਦਾ ਕੀਤੇ ਜੀਅ ਹਾਂ । ਜਿਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਨਫਰਤ, ਈਰਖਾ, ਦਵੈਤ ਦੀ ਭਾਵਨਾ ਬਿਲਕੁਲ ਉਤਪੰਨ ਨਹੀ ਹੋਣੀ ਚਾਹੀਦੀ ।

ਉਨ੍ਹਾਂ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਉਤੇ ਇੰਡੀਆ ਨੂੰ ਭਾਰਤ ਐਲਾਨ ਦੇਣ ਦੀ ਗੱਲ ਹੋ ਰਹੀ ਇਹ ਬਿਲਕੁਲ ਵੀ ਠੀਕ ਨਹੀ ਇਸ ਤਰ੍ਹਾਂ ਧਰਮਾਂ, ਕੌਮਾਂ ਵਿਚ ਲੜਾਈ ਪਾਉਣੀ ਠੀਕ ਨਹੀ । ਜਦੋਕਿ ਰੂਸ ਅਤੇ ਚੀਨ ਨੇ ਜੀ-20 ਮੁਲਕਾਂ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ । ਇਹ ਇਕ ਵੱਡੀ ਘਟਨਾ ਹੈ । ਦੂਸਰੇ ਪਾਸੇ ਯੂ.ਐਨ. ਨੇ ਮਨੀਪੁਰ ਦੀ ਸ਼ਰਮਨਾਕ ਘਟਨਾ ਨੂੰ ਗਲਤ ਕਰਾਰ ਦਿੱਤਾ ਹੈ । ਲੇਕਿਨ ਇੰਡੀਆ ਦੇ ਹੁਕਮਰਾਨਾਂ ਵੱਲੋ ਉਸਨੂੰ ਰੱਦ ਕਰ ਦਿੱਤਾ ਗਿਆ ਹੈ । ਯੂ.ਐਨ. ਜਾਂ ਯੂ.ਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਵੱਲੋ ਕੀਤੇ ਫੈਸਲੇ ਜਾਂ ਰਿਪੋਰਟਾਂ ਨੂੰ ਰੱਦ ਕਰ ਦੇਣ ਜਾਂ ਨਾ ਮੰਨਣ ਦੇ ਅਮਲ ਤਾਂ ‘ਮੈ ਨਾ ਮਾਨੂੰ’ ਵਾਲੀ ਜਿੱਦੀ ਸਮਾਜ ਵਿਰੋਧੀ ਕਾਰਵਾਈਆ ਹਨ । ਅਜਿਹੀਆ ਕੌਮਾਂਤਰੀ ਰਿਪੋਰਟਾਂ ਤੇ ਫੈਸਲਿਆ ਨੂੰ ਕੌਣ ਰੱਦ ਕਰ ਸਕਦਾ ਹੈ ?

Leave a Reply

Your email address will not be published. Required fields are marked *