ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਸਿੰਘ ਮਾਨ ਵੱਲੋਂ ਅਹਿਮਦਗੜ੍ਹ ਅਤੇ ਮਲੇਰਕੋਟਲਾ ਵਿਖੇ ਪਹੁੰਚਣ ਤੇ ਵੀ ‘ਹਿਜਾਬ’ ਦੀ ਗੱਲ ਨਾ ਕਰਨਾ ਅਤਿ ਮੰਦਭਾਗਾ : ਮਾਨ

ਫ਼ਤਹਿਗੜ੍ਹ ਸਾਹਿਬ, 18 ਫਰਵਰੀ ( ) “ਬੀਤੇ 16 ਫਰਵਰੀ ਨੂੰ ਜਿਸ ਦਿਨ ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਦਾ ਡੂੰਘਾਂ ਦਰਦ ਰੱਖਣ ਵਾਲੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਅਣਖ-ਗੈਰਤ ਦੀ ਲੜਾਈ ਨੂੰ ਟੀਸੀ ਤੇ ਪਹੁੰਚਾਉਣ ਵਾਲੇ ਸ. ਦੀਪ ਸਿੰਘ ਸਿੱਧੂ ਸੋਨੀਪਤ ਦੇ ਨਜਦੀਕ ਇਕ ਐਕਸੀਡੈਟ ਦੌਰਾਨ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦਾ ਕੇਵਲ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਤੇ ਹੋਰ ਸੂਬਿਆਂ ਵਿਚ ਵਿਚਰ ਰਹੇ ਪੰਜਾਬੀ ਅਤੇ ਸਿੱਖਾਂ ਨੂੰ ਹੀ ਡੂੰਘਾਂ ਦੁੱਖ ਨਹੀਂ ਪਹੁੰਚਿਆ, ਬਲਕਿ ਸਮੁੱਚੇ ਸੰਸਾਰ ਦੇ ਸਮੁੱਚੇ ਮੁਲਕਾਂ ਵਿਚ ਵਿਚਰ ਰਹੇ ਪੰਜਾਬੀਆ ਤੇ ਸਿੱਖ ਕੌਮ ਨੂੰ ਗਹਿਰਾ ਸਦਮਾ ਪਹੁੰਚਿਆ ਹੈ ਅਤੇ ਸਭਨਾਂ ਨੇ ਇਸ ਘਟਨਾ ਨੂੰ ਐਕਸੀਡੈਟ ਨਾ ਹੋਕੇ ਹੁਕਮਰਾਨ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲ ਅਤੇ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ, ਜਿਸਨੂੰ ਹਕੂਮਤੀ ਪ੍ਰਭਾਵ ਹੇਠ ਅਦਾਲਤਾਂ ਵੱਲੋ ਐਨ ਚੋਣਾਂ ਮੌਕੇ ਰਿਹਾਅ ਕੀਤਾ ਗਿਆ ਹੈ, ਉਨ੍ਹਾਂ ਦੀ ਇਕ ਸਾਂਝੀ ਵੱਡੀ ਸਾਜਿ਼ਸ ਗਰਦਾਨਦੇ ਹੋਏ ਡੂੰਘੀ ਸੰਕਾ ਜਾਹਰ ਕੀਤੀ ਹੈ । ਇਨ੍ਹਾਂ ਉਪਰੋਕਤ ਕੈਪਟਨ ਅਮਰਿੰਦਰ ਸਿੰਘ, ਸ. ਭਗਵੰਤ ਸਿੰਘ ਮਾਨ, ਕੇਜਰੀਵਾਲ, ਸ. ਪ੍ਰਕਾਸ਼ ਸਿੰਘ ਬਾਦਲ, ਸੀ.ਪੀ.ਆਈ, ਸੀ.ਪੀ.ਐਮ, ਬੀ.ਐਸ.ਪੀ, ਸੰਤ-ਮਹਾਪੁਰਖ, ਦਮਦਮੀ ਟਕਸਾਲ ਆਦਿ ਹੋਰਨਾਂ ਨੇ ਐਨੀ ਵੱਡੀ ਦੁੱਖਦਾਇਕ ਘਟਨਾ ਵਾਪਰਨ ਉਤੇ ਇਕ ਸ਼ਬਦ ਵੀ ਜਾਣ ਵਾਲੇ ਲਈ ਨਾ ਕਹਿਣ ਦੇ ਅਮਲ ਗੈਰ-ਇਨਸਾਨੀਅਤ ਵਾਲੇ ਅਤੇ ਵੋਟਾਂ ਨੂੰ ਮੁੱਖ ਰੱਖਕੇ ਕਿ ਬਹੁਗਿਣਤੀ ਵੋਟ ਖਰਾਬ ਨਾ ਹੋਵੇ ਚੁੱਪ ਰਹਿਣ ਤੇ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਉਪਰੋਕਤ ਕੈਪਟਨ ਅਮਰਿੰਦਰ ਸਿੰਘ ਅਤੇ ਸ. ਭਗਵੰਤ ਸਿੰਘ ਮਾਨ ਵੱਲੋ ਕ੍ਰਮਵਾਰ 16 ਫਰਵਰੀ ਜਿਸ ਦਿਨ ਸ. ਦੀਪ ਸਿੰਘ ਸਿੱਧੂ ਦਾ ਦਿਹਾਂਤ ਹੋਇਆ ਹੈ, ਉਸ ਦਿਨ ਅਹਿਮਦਗੜ੍ਹ ਮੰਡੀ ਵਿਖੇ ਪਹੁੰਚੇ ਅਤੇ ਸ. ਭਗਵੰਤ ਸਿੰਘ ਮਾਨ ਅੱਜ ਮਲੇਰਕੋਟਲਾ ਵਿਖੇ ਪਹੁੰਚੇ । ਲੇਕਿਨ ਦੋਵਾਂ ਵੱਲੋ ‘ਹਿਜਾਬ’ ਦੇ ਅਤਿ ਗੰਭੀਰ ਮੁਸਲਿਮ ਕੌਮ ਦੀਆਂ ਭਾਵਨਾਵਾ ਨਾਲ ਜੁੜੇ ਮੁੱਦੇ ਉਤੇ ਇਕ ਵੀ ਸ਼ਬਦ ਨਾ ਕਹਿਣਾ ਅਤੇ ਹੁਕਮਰਾਨਾਂ ਦੀਆਂ ਕਾਰਵਾਈਆ ਦੀ ਨਿੰਦਾ ਨਾ ਕਰਨ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਨ੍ਹਾਂ ਵੋਟ ਸਿਆਸਤ ਵਿਚ ਉਲਝੇ ਸਵਾਰਥੀ ਆਗੂ ਇਖਲਾਕੀ ਤੌਰ ਤੇ ਐਨੇ ਨੀਵੇ ਚਲੇ ਗਏ ਹਨ ਕਿ ਕਿਸੇ ਜਾਣ ਵਾਲੇ ਉਤੇ ਵੋਟਾਂ ਦੇ ਡਰ ਤੋ ਅਫਸੋਸ ਕਰਨ ਤੋ ਵੀ ਡਰ ਰਹੇ ਹਨ ਅਤੇ ਹਿਜਾਬ ਦੀ ਗੱਲ ਕਰਨ ਤੋ ਕੰਨੀ ਕਤਰਾ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ. ਭਗਵੰਤ ਸਿੰਘ ਮਾਨ ਵੱਲੋ ਕ੍ਰਮਵਾਰ ਅਮਰਗੜ੍ਹ ਵਿਧਾਨ ਸਭਾ ਹਲਕੇ ਅਤੇ ਮਲੇਰਕੋਟਲਾ ਵਿਧਾਨ ਸਭਾ ਹਲਕੇ ਵਿਚ ਪਹੁੰਚਣ ਉਤੇ, ਹਿਜਾਬ ਦੀ ਕੋਈ ਵੀ ਗੱਲ ਨਾ ਕਰਨ ਅਤੇ ਪੰਜਾਬ ਤੇ ਸਿੱਖ ਕੌਮ ਦੇ ਡੂੰਘੇ ਦਰਦ ਨਾਲ ਜੁੜੇ ਲੰਮੇ ਸਮੇ ਤੋਂ ਸਿੱਖ ਕੌਮ ਦੀ ਅਣਖ-ਗੈਰਤ ਲਈ ਜੂਝਦੇ ਆ ਰਹੇ ਸ. ਦੀਪ ਸਿੰਘ ਸਿੱਧੂ ਦੇ ਅਕਾਲ ਚਲਾਣੇ ਉਤੇ ਕੋਈ ਦੋ ਸ਼ਬਦ ਨਾ ਕਹਿਣ ਨੂੰ ਅਤਿ ਸ਼ਰਮਨਾਕ ਅਤੇ ਗੈਰ ਇਖਲਾਕੀ ਕਰਾਰ ਦਿੰਦੇ ਹੋਏ ਇਨ੍ਹਾਂ ਆਗੂਆਂ ਦੀ ਜ਼ਮੀਰ ਨੂੰ ਝਿਜੋੜਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਸਿੱਖ ਕਿਸੇ ਵੀ ਸਿਆਸੀ ਜਮਾਤ ਨਾਲ ਕਿਉਂ ਨਾ ਸੰਬੰਧਤ ਹੋਈਏ, ਲੇਕਿਨ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਜਾਂ ਵਿਤਕਰੇ ਵਿਰੁੱਧ ਦ੍ਰਿੜਤਾਂ ਨਾਲ ਆਵਾਜ ਬੁਲੰਦ ਕਰੀਏ, ਭਾਵੇਕਿ ਪੀੜ੍ਹਤ ਕੌਮ, ਫਿਰਕਾ ਜਾਂ ਇਨਸਾਨ ਕਿਸੇ ਵੀ ਧਰਮ ਜਾਂ ਜਾਤ ਆਦਿ ਨਾਲ ਕਿਉਂ ਨਾ ਸੰਬੰਧਤ ਹੋਵੇ । ਫਿਰ ਸਿੱਖਾਂ ਨੂੰ ਇਹ ਵੀ ਹਦਾਇਤ ਹੈ ‘ਦੁਸ਼ਮਣ ਮਰੇ ਤਾਂ ਖੁਸ਼ੀ ਨਾ ਮਨਾਈਏ, ਸੱਜਣਾਂ ਵੀ ਮਰ ਜਾਣਾ’। ਫਿਰ ਉਪਰੋਕਤ ਆਪੋ-ਆਪਣੀਆ ਪਾਰਟੀਆ ਤੇ ਸਵਾਰਥਾਂ ਨਾਲ ਜੁੜੇ ਆਗੂਆਂ ਨੂੰ ਅਸੀਂ ਪੰਜਾਬ ਸੂਬੇ ਦੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪੁੱਛਣਾ ਚਾਹਵਾਂਗੇ ਕਿ ਸ. ਦੀਪ ਸਿੰਘ ਸਿੱਧੂ ਦੇ ਦਿਹਾਂਤ ਉਤੇ ਉਨ੍ਹਾਂ ਦੀ ਜੁਬਾਨ ਜਾਂ ਆਤਮਾ ਵਿਚੋ ਅਫਸੋਸ ਲਈ ਇਕ ਵੀ ਸ਼ਬਦ ਕਿਉਂ ਨਹੀਂ ਨਿਕਲਿਆ ਅਤੇ ਮੰਡੀ ਅਹਿਮਦਗੜ੍ਹ ਅਤੇ ਮਲੇਰਕੋਟਲਾ ਵਿਖੇ ਪਹੁੰਚਣ ਤੇ ਜਿਥੇ ਮੁਸਲਿਮ ਕੌਮ ਦੀ ਆਬਾਦੀ ਹੈ ਅਤੇ ਜਿਨ੍ਹਾਂ ਉਤੇ ਇਨੀ ਦਿਨੀ ‘ਹਿਜਾਬ’ ਉਤੇ ਜ਼ਬਰੀ ਪਾਬੰਦੀ ਲਗਾਉਣ ਦੀ ਬਦੌਲਤ ਮਨ-ਆਤਮਾ ਵਲੂੰਧਰੇ ਪਏ ਹਨ, ਉਸ ਘੱਟ ਗਿਣਤੀ ਕੌਮ ਉਤੇ ਹੁਕਮਰਾਨਾਂ ਵੱਲੋ ਹਿਜਾਬ ਨੂੰ ਲੈਕੇ ਕੀਤੇ ਜਾ ਰਹੇ ਜ਼ਬਰ-ਜੁਲਮ ਵਿਰੁੱਧ ਆਵਾਜ ਕਿਉਂ ਨਹੀਂ ਨਿਕਲੀ ? ਜਦੋਕਿ ਇਥੋ ਦੇ ਵਿਧਾਨ ਅਤੇ ਸਾਡੇ ਗੁਰੂ ਸਾਹਿਬਾਨ ਜੀ ਦੇ ਮਨੁੱਖਤਾ ਪੱਖੀ ਸਿਧਾਤਾਂ ਅਨੁਸਾਰ ਦੁਨੀਆ ਵਿਚ ਪੈਦਾ ਹੋਣ ਵਾਲੇ ਹਰ ਇਨਸਾਨ ਅਤੇ ਹਰ ਕੌਮ, ਧਰਮ, ਫਿਰਕਾ ਸਭ ਬਰਾਬਰ ਹਨ ਅਤੇ ਸਭਨਾਂ ਨੂੰ ਅਣਖ-ਗੈਰਤ ਨਾਲ ਜਿਊਣ ਅਤੇ ਆਪਣੀਆ ਧਾਰਮਿਕ ਰਵਾਇਤਾ ਦਾ ਪਾਲਣ ਕਰਨ ਅਤੇ ਇਕ-ਦੂਸਰੇ ਧਰਮ ਦਾ ਸਤਿਕਾਰ ਕਰਨ ਦਾ ਹੁਕਮ ਹੈ, ਫਿਰ ਮੁਸਲਿਮ ਕੌਮ ਦੀ ਹਿਜਾਬ ਪਹਿਨਣ ਦੀ ਧਾਰਮਿਕ ਰਵਾਇਤ ਉਤੇ ਇਹ ਆਗੂ ਅੱਜ ਤੱਕ ਚੁੱਪ ਕਿਉਂ ਹਨ ?

Leave a Reply

Your email address will not be published. Required fields are marked *