ਪੰਜਾਬ ਦੀ ਮਾਨ ਸਰਕਾਰ ਕਿਸਾਨਾਂ ਨਾਲ ਮੱਥਾ ਲਗਾਕੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਨਾ ਕਰੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 23 ਅਗਸਤ ( ) “ਲੌਗੋਵਾਲ ਵਿਖੇ ਕਿਸਾਨ ਜਥੇਬੰਦੀਆਂ ਦੇ ਆਪਣੀਆ ਮੰਗਾਂ ਦੇ ਹੱਕ ਵਿਚ ਕੀਤੇ ਜਾਣ ਵਾਲੇ ਇਕੱਠ ਨੂੰ ਰੋਕਣ ਹਿੱਤ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨਾਲ ਪੁਲਿਸ ਜ਼ਬਰ ਕਰਦੇ ਹੋਏ ਅੰਧਾ ਧੂੰਦ ਲਾਠੀਚਾਰਜ ਕਰਕੇ ਇਕ ਗਰੀਬ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ, ਅਨੇਕਾ ਨੂੰ ਡੂੰਘੇ ਜਖ਼ਮ ਦਿੱਤੇ ਹਨ ਅਤੇ ਵੱਡੀ ਗਿਣਤੀ ਵਿਚ ਕਿਸਾਨਾਂ ਉਤੇ ਜੋ ਇਰਾਦਾ ਕਤਲ ਕੇਸ ਦਰਜ ਕੀਤੇ ਗਏ ਹਨ । ਅਜਿਹਾ ਮਾਹੌਲ ਬਣਾਕੇ ਸਰਕਾਰ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੀ ਹੈ ਜਿਵੇ ਸ੍ਰੀ ਮੋਦੀ ਨੇ ਕਿਸਾਨਾਂ ਦੀਆਂ ਜਾਇਜ ਮੰਗਾਂ ਨਾ ਮੰਨਕੇ ਇਕ ਸਾਲ ਦੇ ਲੰਮੇ ਸਮੇ ਤੱਕ ਸਮੁੱਚੇ ਕਿਸਾਨਾਂ ਨੂੰ ਦਿੱਲੀ ਵਿਖੇ ਮੋਰਚਾ ਲਗਾਉਣ ਲਈ ਮਜਬੂਰ ਕੀਤਾ ਸੀ ਅਤੇ ਬਾਅਦ ਵਿਚ ਜਿਵੇ ਸ੍ਰੀ ਮੋਦੀ ਵੱਲੋ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਕਿਸਾਨੀ ਮੰਗਾਂ ਨੂੰ ਮੰਨਿਆ ਸੀ, ਉਸੇ ਤਰ੍ਹਾਂ ਭਗਵੰਤ ਮਾਨ ਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸਿਆਸੀ ਤਾਕਤ ਦੇ ਹਊਮੈ ਵਿਚ ਜ਼ਬਰ ਜੁਲਮ ਕੀਤਾ ਜਾ ਰਿਹਾ ਹੈ । ਜਿਸਦੇ ਨਤੀਜੇ ਕਦਾਚਿੱਤ ਪੰਜਾਬ ਦੇ ਅਮਨ ਚੈਨ ਅਤੇ ਜਮਹੂਰੀਅਤ ਲਈ ਅੱਛੇ ਨਹੀ ਹੋਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਲੌਗੋਵਾਲ ਵਿਖੇ ਪੰਜਾਬ ਦੇ ਕਿਸਾਨਾਂ ਵੱਲੋ ਹੜ੍ਹਾਂ ਦੀ ਬਦੌਲਤ ਹੋਏ ਫਸਲੀ, ਜਾਨੀ, ਮਾਲੀ ਨੁਕਸਾਨ ਦੇ ਮੁਆਵਜੇ ਦੀ ਪੂਰਤੀ ਲਈ ਅਤੇ ਹੋਰ ਕਿਸਾਨੀ ਮੰਗਾਂ ਲਈ ਕੀਤੇ ਜਾਣ ਵਾਲੇ ਇਕੱਠ ਨੂੰ ਰੋਕਣ ਲਈ ਸਰਕਾਰ ਵੱਲੋ ਕੀਤੇ ਗਏ ਜ਼ਬਰ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਬਣਾਈ ਜਾ ਰਹੀ ਵਿਸਫੋਟਕ ਸਥਿਤੀ ਦੇ ਖਤਰਨਾਕ ਨਤੀਜਿਆ ਤੋ ਹੁਕਮਰਾਨਾਂ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਕਿਸਾਨ ਸਮੁੱਚੇ ਮੁਲਕ ਦਾ ਅੰਨਦਾਤਾ ਹੈ, ਜੋ ਸਰਦੀ-ਗਰਮੀ ਦੀਆਂ ਰਾਤਾਂ ਵਿਚ ਸੱਪਾਂ ਦੀਆਂ ਸਿਰੀਆ ਮਿੱਧਦੇ ਹੋਏ ਬਹੁਤ ਮਿਹਨਤ ਨਾਲ ਫ਼ਸਲ ਪਾਲ ਕੇ ਸਮੁੱਚੇ ਮੁਲਕ ਨਿਵਾਸੀਆ ਦਾ ਢਿੱਡ ਭਰਦਾ ਹੈ, ਉਸ ਨਾਲ ਕੀਤਾ ਜਾ ਰਿਹਾ ਦੁਰਵਿਹਾਰ ਕਦਾਚਿਤ ਸਹਿਣਯੋਗ ਨਹੀ ਹੈ । ਬਲਕਿ ਕਿਸਾਨਾਂ ਨੂੰ ਕਿਸਾਨ-ਮਜਦੂਰ ਨੂੰ ਹੜ੍ਹਾਂ ਦੀ ਬਦੌਲਤ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਆਪਣੀ ਜਿੰਮੇਵਾਰੀ ਫੌਰਨ ਨਿਭਾਏ ਅਤੇ ਮਾਹੌਲ ਨੂੰ ਖੁਸਗਵਾਰ ਬਣਾਈ ਰੱਖੇ, ਤਦ ਹੀ ਬਿਹਤਰ ਹੋਵੇਗਾ । ਉਨ੍ਹਾਂ ਮੰਗ ਕੀਤੀ ਕਿ ਜੋ ਕਿਸਾਨ ਪ੍ਰੀਤਮ ਸਿੰਘ ਲਾਠੀਚਾਰਜ ਦੌਰਾਨ ਸ਼ਹੀਦ ਕੀਤੇ ਗਏ ਹਨ, ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੂੰ ਘੱਟੋ ਘੱਟ 1 ਕਰੋੜ ਰੁਪਏ ਦੀ ਮਾਲੀ ਸਹਾਇਤਾ, ਇਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ । ਜਿਨ੍ਹਾਂ ਕਿਸਾਨਾਂ ਉਤੇ ਝੂਠੇ ਇਰਾਦਾ ਕਤਲ ਬਣਾਏ ਗਏ ਹਨ, ਉਹ ਝੂਠੇ ਕੇਸ ਤੁਰੰਤ ਵਾਪਸ ਲੈਕੇ ਕਿਸਾਨ ਵਰਗ ਵਿਚ ਪਾਏ ਜਾਣ ਵਾਲੇ ਵੱਡੇ ਰੋਸ ਨੂੰ ਸ਼ਾਂਤ ਕੀਤਾ ਜਾਵੇ ਤਾਂ ਕਿ ਕੋਈ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਤਾਕਤ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਦੇ ਅਮਨਮਈ ਮਾਹੌਲ ਨੂੰ ਲਾਬੂ ਲਗਾਉਣ ਦੀ ਗੁਸਤਾਖੀ ਨਾ ਕਰ ਸਕੇ ।

Leave a Reply

Your email address will not be published. Required fields are marked *