ਜੇ ਬੀਜੇਪੀ-ਆਰ.ਐਸ.ਐਸ ਹਿੰਦੂਤਵ ਰਾਸਟਰ ਅਤੇ ਹਿੰਦੂ ਧਰਮ ਦੀ ਗੱਲ ਕਰਦੀ ਹੈ, ਫਿਰ ਸਿੱਖ ਕੌਮ ਖ਼ਾਲਿਸਤਾਨ ਤੇ ਸਿੱਖ ਧਰਮ ਦੀ ਕਿਉਂ ਨਹੀਂ ? : ਮਾਨ

ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਇੰਡੀਆ ਇਕ ਜਮਹੂਰੀਅਤ ਪਸ਼ੰਦ ਮੁਲਕ ਹੈ ਇਸਦਾ ਵਿਧਾਨ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਕਬੀਲਿਆ ਆਦਿ ਨੂੰ ਬਰਾਬਰਤਾ ਦੇ ਆਧਾਰ ਤੇ ਆਪੋ ਆਪਣੇ ਧਰਮ ਵਿਚ ਆਸਥਾਂ, ਵਿਸਵਾਸ ਰੱਖਦੇ ਹੋਏ ਹਰ ਤਰ੍ਹਾਂ ਦੀ ਦਲੀਲ ਤੇ ਅਮਨਮਈ ਢੰਗ ਨਾਲ ਗੱਲ ਕਹਿਣ, ਵਿਚਾਰ ਪ੍ਰਗਟ ਕਰਨ ਅਤੇ ਆਪਣੇ ਹੱਕ-ਹਕੂਕਾ ਦੀ ਰੱਖਿਆ ਲਈ ਆਵਾਜ ਉਠਾਉਣ ਦੇ ਨਾਲ-ਨਾਲ ਸੰਘਰਸ਼ ਕਰਨ ਦੀ ਵੀ ਖੁੱਲ੍ਹ ਦਿੰਦਾ ਹੈ । ਪਰ ਇਸ ਇੰਡੀਆ ਮੁਲਕ ਦੇ ਹੁਕਮਰਾਨਾਂ ਨੇ ਵਿਧਾਨ ਬਣਾਉਦੇ ਹੋਏ ਮੰਦਭਾਵਨਾ ਅਧੀਨ ਆਰਟੀਕਲ 25 ਰਾਹੀ ਹਿੰਦੂ ਪਰਸਨਲ ਲਾਅ, ਹਿੰਦੂ ਮੈਰਿਜ ਐਕਟ, ਹਿੰਦੂ ਸੋਸੈਸਨ ਐਕਟ, ਹਿੰਦੂ ਮਨਿਆਰਟੀਜ ਅਤੇ ਗਾਰਡੀਅਨਸਿਪ ਐਕਟ ਅਤੇ ਹਿੰਦੂ ਅਡਪਸਨ ਐਂਡ ਮੈਨਟੇਨੀਅਸ ਐਕਟ ਦੀ ਧਾਰਾ 2 ਵਿਚ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਹੀ ਗਰਦਾਨਿਆ ਹੋਇਆ ਹੈ । ਜਦੋਕਿ ਸਿੱਖ ਕੌਮ ਤੇ ਸਿੱਖ ਧਰਮ ਨਿਵੇਕਲਾ ਵਿਲੱਖਣ, ਸਰਬੱਤ ਦੇ ਭਲੇ ਦੀ ਸੋਚ ਉਤੇ ਅਮਲ ਕਰਨ ਵਾਲੀ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦਭਾਵ ਤੋ ਬਿਹਤਰੀ ਕਰਨ ਵਾਲਾ ਧਰਮ ਅਤੇ ਕੌਮ ਹੈ । ਫਿਰ ਸਾਨੂੰ ਹਿੰਦੂ ਧਰਮ ਦਾ ਤਾਨਾਸਾਹੀ ਸੋਚ ਅਧੀਨ ਹਿੱਸਾ ਕਿਉਂ ਗਰਦਾਨਿਆ ਗਿਆ ਹੈ ? ਦੂਸਰਾ ਜੇਕਰ ਇਸ ਮੁਲਕ ਦੇ ਹੁਕਮਰਾਨ ਬੀਜੇਪੀ-ਆਰ.ਐਸ.ਐਸ ਹਿੰਦੂ ਰਾਸਟਰ, ਗਾਂਧੀਵਾਦੀਏ ਰਾਮ ਰਾਜ, ਹਿੰਦੀ ਅਤੇ ਹਿੰਦੂ ਦੀ ਗੱਲ ਕਰਨ ਦਾ ਕਾਨੂੰਨੀ ਅਧਿਕਾਰ ਰੱਖਦੇ ਹਨ ਤਾਂ ਸਿੱਖ ਫਿਰ ਖ਼ਾਲਸਾ, ਖ਼ਾਲਿਸਤਾਨ ਅਤੇ ਸਿੱਖ ਧਰਮ ਦੀ ਗੱਲ ਕਿਉਂ ਨਹੀਂ ਕਰ ਸਕਦੇ ? 

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਮੁਲਕ ਦੇ ਕੱਟੜਵਾਦੀ ਹਿੰਦੂਰਾਸਟਰ, ਰਾਮ ਰਾਜ, ਹਿੰਦੀ, ਹਿੰਦੂ ਦੀ ਗੱਲ ਕਰਨ ਵਾਲਿਆ ਨੂੰ ਕੌਮਾਂਤਰੀ ਪੱਧਰ ਦੇ ਪਲੇਟਫਾਰਮ ਉਤੇ ਗੰਭੀਰ ਸਵਾਲ ਕਰਦੇ ਹੋਏ ਅਤੇ ਸਿੱਖ ਕੌਮ ਵੱਲੋ, ਸਿੱਖ ਧਰਮ ਦੇ ਸਰਬੱਤ ਦੇ ਭਲੇ ਵਾਲੇ ਅਮਲਾਂ ਉਤੇ ਪਹਿਰਾ ਦੇਣ ਅਤੇ ਆਪਣੇ ਖ਼ਾਲਸਾਈ ਖ਼ਾਲਿਸਤਾਨ ਨੂੰ ਕਾਇਮ ਕਰਨ ਦੀ ਬਾਦਲੀਲ ਢੰਗ ਨਾਲ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਹਿੰਦੂਆਂ ਦਾ ਕਦੇ ਕਿਸੇ ਵੀ ਸਥਾਂਨ ਤੇ ਅੱਜ ਤੱਕ ਰਾਜ ਭਾਗ ਹੀ ਨਹੀ ਰਿਹਾ, ਜੇਕਰ ਕਿਤੇ ਜਿਕਰ ਅਯੁੱਧਿਆ ਦਾ ਆਉਦਾ ਹੈ ਜੋ ਕਿ ਉਹ ਵੀ ਮਿਥਿਹਾਸ ਹੈ, ਫਿਰ ਜਿਸ ਸਿੱਖ ਕੌਮ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਪਹਿਲੇ ਖ਼ਾਲਸਾ ਰਾਜ ਖ਼ਾਲਿਸਤਾਨ ਨੂੰ ਕਾਇਮ ਕੀਤਾ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਲੰਮਾਂ ਸਮਾਂ ਖ਼ਾਲਸਾ ਰਾਜ ਰਿਹਾ, ਜਿਸਨੂੰ ਦੁਨੀਆ ਦੇ ਇਤਿਹਾਸਕਾਰ ਸਭ ਤੋ ਉੱਤਮ, ਸਭਨਾਂ ਵਰਗਾਂ ਦੀ ਬਿਹਤਰੀ ਕਰਨ ਵਾਲਾ ਰਾਜ ਭਾਗ ਪ੍ਰਵਾਨ ਕਰਦੇ ਹਨ । ਫਿਰ ਖ਼ਾਲਸੇ ਤੇ ਸਿੱਖ ਕੌਮ ਦੇ ਖਾਲਸਾ ਰਾਜ ਜਾਂ ਖਾਲਿਸਤਾਨ ਉਤੇ ਇੰਡੀਆ ਦੇ ਮੁਕਾਰਤਾ ਭਰੇ ਹੁਕਮਰਾਨਾਂ ਨੂੰ ਤਕਲੀਫ਼ ਕਿਸ ਗੱਲ ਦੀ ਹੈ ? ਸਿੱਖ ਕੌਮ ਜਿਸਨੇ ਪਹਿਲੀ ਸੰਸਾਰ ਜੰਗ ਅਤੇ ਦੂਜੀ ਸੰਸਾਰ ਜੰਗ ਵਿਚ ਮੋਹਰੀ ਭੂਮਿਕਾ ਨਿਭਾਕੇ ਦੁਨੀਆ ਵਿਚ ਖ਼ਾਲਸੇ ਅਤੇ ਖਾਲਸਾਈ ਰਾਜ ਭਾਗ ਹੋਣ ਨੂੰ ਦਰਜ ਕਰਵਾਇਆ ਹੈ, ਜਿਸਨੇ ਅੰਗਰੇਜ਼ਾਂ ਤੋ ਇੰਡੀਆ ਨੂੰ ਆਜਾਦ ਕਰਵਾਉਣ ਲਈ 90% ਸ਼ਹੀਦੀਆਂ ਤੇ ਕੁਰਬਾਨੀਆ ਦਿੱਤੀਆ ਹਨ ਉਸ ਆਜਾਦ ਕੌਮ ਜੋ ਕਦੀ ਵੀ ਕਿਸੇ ਦੀ ਗੁਲਾਮ ਨਹੀ ਰਹੀ, ਉਸ ਵੱਲੋ ਆਪਣਾ ਖ਼ਾਲਸਾ ਰਾਜ ਖਾਲਿਸਤਾਨ ਕਾਇਮ ਕਰਨ ਦੇ ਉੱਦਮਾਂ ਉਤੇ ਹੁਕਮਰਾਨ ਗੈਰ-ਦਲੀਲ ਢੰਗ ਨਾਲ ਰੌਲਾ ਰੱਪਾ ਕਿਉਂ ਪਾ ਰਹੇ ਹਨ ? ਜਦੋਕਿ ਕੌਮਾਂਤਰੀ ਕਾਨੂੰਨ ਵੀ ਸਿੱਖ ਕੌਮ ਨੂੰ ਆਪਣੀ ਆਜਾਦ ਬਾਦਸਾਹੀ ਕਾਇਮ ਕਰਨ ਦੀ ਖੁੱਲ੍ਹ ਵੀ ਦਿੰਦਾ ਹੈ । ਜਦੋਂ ਸਿੱਖ ਧਰਮ ਤੇ ਸਿੱਖ ਕੌਮ ਆਜਾਦ ਫਿਜਾ ਵਿਚ ਬਿਨ੍ਹਾਂ ਕਿਸੇ ਡਰ-ਭੈ ਤੋ ਵੱਧਣਾ-ਫੁੱਲਣਾ ਚਾਹੁੰਦੀ ਹੈ ਅਤੇ ਆਪਣੇ ਧਰਮੀ ਕਾਇਦੇ-ਕਾਨੂੰਨਾਂ ਰਾਹੀ ਜਮਹੂਰੀਅਤ ਲੀਹਾਂ ਉਤੇ ਖਾਲਿਸਤਾਨ ਵੱਲ ਵੱਧ ਰਹੀ ਹੈ, ਜੋ ਕਿਸੇ ਤਰ੍ਹਾਂ ਵੀ ਕੌਮਾਂਤਰੀ ਜਾਂ ਇੰਡੀਅਨ ਕਾਨੂੰਨ ਦੀ ਉਲੰਘਣਾ ਨਹੀ, ਫਿਰ ਖਾਲਿਸਤਾਨ ਉਤੇ ਗੈਰ ਦਲੀਲ ਢੰਗ ਨਾਲ ਚੀਕ ਚਿਹਾੜਾ ਪਾ ਕੇ ਸਿੱਖ ਕੌਮ ਪ੍ਰਤੀ ਬਣਾਵਟੀ ਨਫਰਤ ਕਿਉਂ ਪੈਦਾ ਕੀਤਾ ਜਾ ਰਿਹਾ ਹੈ ?

ਜੇਕਰ ਇੰਡੀਅਨ ਹੁਕਮਰਾਨਾਂ ਨੇ ਕੋਈ ਮਨੁੱਖਤਾ ਵਿਰੋਧੀ ਜਾਂ ਕਾਨੂੰਨ ਵਿਰੋਧੀ ਗੱਲ ਹੀ ਨਹੀ ਕੀਤੀ, ਫਿਰ ਉਹ ਅਤੇ ਉਨ੍ਹਾਂ ਦੇ ਨੈਸ਼ਨਲ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਬਰਤਾਨੀਆ ਦੇ ਸੁਰੱਖਿਆ ਵਜੀਰ ਮਿਸਟਰ ਟੌਮ ਧੁਗੇਧਾਤ ਨਾਲ ਗੱਲਬਾਤ ਕਰਦੇ ਹੋਏ ਬਰਤਾਨੀਆ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਵਿਚ ਸਥਿਤ ਇੰਡੀਅਨ ਸਫਾਰਤਖਾਨਿਆ ਦੀ ਰੱਖਿਆ ਲਈ 95,000 ਪੌਡ ਦਾ ਸੌਦਾ ਕਿਸ ਲਈ ਕੀਤਾ ਹੈ ? ਇਨ੍ਹਾਂ ਦੇ ਸਫਾਰਤਖਾਨਿਆ ਦੇ ਸਫੀਰਾਂ ਨੇ ਜੇਕਰ ਸਾਡੇ ਬਾਹਰਲੇ ਸਿੱਖਾਂ ਦੇ ਕਤਲਾਂ ਵਿਚ ਕੋਈ ਭੂਮਿਕਾ ਹੀ ਨਹੀ ਨਿਭਾਈ, ਫਿਰ ਉਨ੍ਹਾਂ ਦੀ ਸੁਰੱਖਿਆ ਕਰਨ ਅਤੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਖ਼ਾਲਿਸਤਾਨੀਆਂ ਤੋ ਇਨ੍ਹਾਂ ਲਈ ਡਰ ਦਿਖਾਕੇ ਅਜਿਹਾ ਵੱਡੇ ਪੱਧਰ ਤੇ ਪ੍ਰਬੰਧ ਕਰਨ ਦੀ ਕੀ ਲੋੜ ਪੈ ਗਈ ਹੈ ? ਇਸਦਾ ਸਿੱਧਾ ਮਤਲਬ ਹੈ ਕਿ ਬਾਹਰਲੇ ਮੁਲਕਾਂ ਵਿਚ ਇੰਡੀਅਨ ਸਫਾਰਤਖਾਨਿਆ ਦੇ ਸਫੀਰਾਂ ਅਤੇ ਡਿਪਲੋਮੈਟਸ ਨੇ ਸਾਡੇ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਵਿਚ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ, ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਵਿਚ, ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਵਿਚ, ਅਵਤਾਰ ਸਿੰਘ ਖੰਡਾ ਨੂੰ ਯੂਕੇ ਵਿਚ ਅਤੇ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿਚ ਏਜੰਸੀਆ ਤੇ ਸਫੀਰਾਂ ਨੇ ਸਾਂਝੀ ਸਾਜਿਸ ਅਧੀਨ ਕਤਲ ਕਰਵਾਏ ਹਨ ।

ਉਨ੍ਹਾਂ ਕਿਹਾ ਕਿ ਜੋ ਬਾਹਰਲੇ ਮੁਲਕਾਂ ਵਿਚ ਹਿੰਦੂ ਧਰਮ ਦੇ ਮੰਦਰਾਂ ਉਤੇ ਖ਼ਾਲਿਸਤਾਨੀਆਂ ਵੱਲੋ ਹਮਲੇ ਕਰਨ ਜਾਂ ਪੋਸਟਰ ਲਗਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਗੋਦੀ ਮੀਡੀਆਂ ਤੇ ਉਨ੍ਹਾਂ ਪੱਖੀ ਅਖਬਾਰਾਂ ਦਾ ਪ੍ਰਚਾਰ ਹੈ ਤਾਂ ਕਿ ਅਜਿਹਾ ਮਾਹੌਲ ਤਿਆਰ ਕਰਕੇ ਬਾਹਰਲੇ ਮੁਲਕਾਂ ਵਿਚ ਕਾਨੂੰਨੀ ਅਤੇ ਜਮਹੂਰੀਅਤ ਢੰਗ ਨਾਲ ਖ਼ਾਲਿਸਤਾਨ ਨੂੰ ਕਾਇਮ ਕਰਨ ਦੇ ਅਮਲ ਕਰਨ ਵਾਲੇ ਸਿੱਖਾਂ ਤੇ ਖ਼ਾਲਿਸਤਾਨੀਆਂ ਨੂੰ ਇੰਡੀਅਨ ਹੁਕਮਰਾਨ ਖੁਦ ਵੀ ਨਿਸ਼ਾਨਾਂ ਬਣਾ ਸਕਣ ਅਤੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਨੂੰ ਵੀ ਇਸ ਦਿਸ਼ਾ ਵੱਲ ਗੁੰਮਰਾਹ ਕਰਕੇ ਸਿੱਖਾਂ ਨੂੰ ਹਵਾਲਗੀ ਸੰਧੀ ਰਾਹੀ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਸਕਣ । ਜਦੋਕਿ ਸਿੱਖ ਕੌਮ ਨੇ ਆਪਣੇ ਜਨਮ ਤੋ ਲੈਕੇ ਅੱਜ ਤੱਕ ਕਦੀ ਵੀ ਸੰਸਾਰ ਦੇ ਕਿਸੇ ਵੀ ਸਥਾਂਨ ਤੇ ਸਥਿਤ ਮੰਦਰ, ਮਸਜਿਦ, ਚਰਚ ਜਾਂ ਧਾਰਮਿਕ ਸਥਾਨਾਂ ਉਤੇ ਨਾ ਤਾਂ ਹਮਲਾ ਕੀਤਾ ਹੈ ਅਤੇ ਨਾ ਹੀ ਅਜਿਹੀ ਕੋਈ ਨਫਰਤ ਭਰੀ ਪੋਸਟਰਬਾਜੀ ਕੀਤੀ ਹੈ । ਇਹ ਸਭ ਕੁਝ ਸ੍ਰੀ ਡੋਵਾਲ ਦੀ ਅਗਵਾਈ ਹੇਠ ਕੰਮ ਕਰ ਰਹੀਆ ਇੰਡੀਅਨ ਏਜੰਸੀਆ ਅਤੇ ਬਾਹਰਲੇ ਮੁਲਕਾਂ ਦੇ ਇੰਡੀਅਨ ਸਫ਼ੀਰ ਤੇ ਡਿਪਲੋਮੈਟ ਕਰ ਰਹੇ ਹਨ । ਜਿਨ੍ਹਾਂ ਦੀ ਉਥੋ ਦੀਆਂ ਹਕੂਮਤਾਂ ਨੂੰ ਨਿਰਪੱਖਤਾ ਨਾਲ ਛਾਣਬੀਨ ਕਰਵਾਕੇ ਹਿਟਲਰੀ, ਮੋਸੋਲੀਨੀ ਤੇ ਤੋਜੋ ਵਰਗੇ ਇੰਡੀਅਨ ਤਾਨਾਸਾਹ ਦੇ ਚੇਹਰਿਆ ਨੂੰ ਨੰਗਾਂ ਕਰਨਾ ਬਣਦਾ ਹੈ ।

Leave a Reply

Your email address will not be published. Required fields are marked *