ਜਦੋਂ ਮੋਦੀ ਪੰਜਾਬ ਆਏ, ਹੁਣ ਤਾਂ ਕੋਈ ਗੱਲ ਨਹੀਂ ਹੋਈ, ਲੇਕਿਨ ਫਿਰੋਜ਼ਪੁਰ ਦੌਰੇ ਸਮੇਂ ਮੰਦਭਾਵਨਾ ਅਧੀਨ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨਾ ਠੀਕ ਸੀ ? : ਮਾਨ
ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਜਦੋਂ ਬੀਤੇ ਦਿਨੀ ਸ੍ਰੀ ਮੋਦੀ ਪੰਜਾਬ ਦੇ ਦੌਰੇ ਤੇ ਆਏ, ਤਾਂ ਕੇਵਲ ਜਮਹੂਰੀਅਤ ਢੰਗ ਨਾਲ ਕਿਸਾਨਾਂ ਵੱਲੋਂ ਮੁਜਾਹਰੇ ਕਰਨ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ । ਲੇਕਿਨ ਜਦੋਂ ਫਿਰੋਜ਼ਪੁਰ ਦੌਰੇ ਸਮੇਂ ਮੋਦੀ ਹਕੂਮਤ ਨੇ, ਬੀਜੇਪੀ-ਆਰ.ਐਸ.ਐਸ. ਵੱਲੋ ਤੱਥਾਂ ਤੋਂ ਰਹਿਤ ਬਿਆਨਬਾਜੀ ਕਰਕੇ ਜੋ ਸ੍ਰੀ ਮੋਦੀ ਦੀ ਸੁਰੱਖਿਆ ਨੂੰ ਲੈਕੇ ਰੋਲਾ ਪਾਇਆ ਗਿਆ ਕੀ ਉਹ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇਕ ਹਕੂਮਤੀ ਸਾਜਿ਼ਸ ਨਹੀਂ ਸੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਪੰਜਾਬ ਦੌਰੇ ਉਤੇ ਆਉਣ ਤੇ ਫਿਰੋਜ਼ਪੁਰ ਦੌਰੇ ਸਮੇਂ ਹੁਕਮਰਾਨਾਂ ਵੱਲੋਂ ਗੈਰ-ਦਲੀਲ ਢੰਗ ਨਾਲ ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਕੀਤੀ ਗਈ ਬਿਆਨਬਾਜੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਬੰਦੀ ਸਿੰਘਾਂ ਦੀ ਰਿਹਾਈ, ਲਖੀਮਪੁਰ ਖੀਰੀ ਵਿਖੇ ਜਿ਼ੰਮੀਦਾਰਾਂ ਦੇ ਕਾਤਲ ਅਸੀਸ ਮਿਸਰਾ ਨੂੰ ਸਜ਼ਾ ਦਿਵਾਉਣ ਤੋਂ ਬਿਨ੍ਹਾਂ, ਸਿੱਖ ਕੌਮ ਦੇ ਦੋਸ਼ੀ ਸਿਰਸੇ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਬਣਦੀ ਸਜ਼ਾ ਦਿਵਾਉਣ ਦੇ ਅਮਲ ਕਰਨ ਤੋਂ ਬਿਨ੍ਹਾਂ, ਪੰਜਾਬ ਵਿਚ ਕੋਈ ਵੱਡੀ ਇੰਡਸਟਰੀ ਦੇਣ, ਪੰਜਾਬ ਸਿਰ ਚੜ੍ਹੇ ਕਰਜੇ 3 ਲੱਖ ਕਰੋੜ ਨੂੰ ਖਤਮ ਕਰੇ ਬਿਨ੍ਹਾਂ, ਪੰਜਾਬੀਆਂ ਦੀ ਆਰਥਿਕਤਾਂ ਨੂੰ ਮਜਬੂਤ ਕਰਨ ਲਈ ਪੰਜਾਬ ਦੀਆਂ ਸਰਹੱਦਾਂ ਵਪਾਰ ਲਈ ਖੋਲ੍ਹਣ ਦਾ ਐਲਾਨ ਕਰਨ ਤੋਂ ਬਿਨ੍ਹਾਂ, ਦਿੱਲੀ ਵਿਖੇ ਚੱਲੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਦੇ ਪਰਿਵਾਰਾਂ ਨੂੰ ਹਕੂਮਤ ਵੱਲੋਂ ਵੱਡੀ ਮਦਦ ਜਾਂ ਰੁਜਗਾਰ ਦੇਣ ਦੇ ਐਲਾਨ ਕਰਨ ਤੋ ਬਿਨ੍ਹਾਂ ਪੰਜਾਬ ਵਿਚ ਆਕੇ ਪੰਜਾਬੀਆਂ ਤੇ ਸਿੱਖ ਕੌਮ ਤੋਂ ਬੀਜੇਪੀ-ਆਰ.ਐਸ.ਐਸ. ਲਈ ਵੋਟਾਂ ਮੰਗਣ ਦਾ ਇਨ੍ਹਾਂ ਕੋਲ ਕੀ ਇਖਲਾਕੀ ਹੱਕ ਰਹਿ ਜਾਂਦਾ ਹੈ ? ਉਨ੍ਹਾਂ ਕਿਹਾ ਕਿ ਲਖੀਮਪੁਰ ਕਾਂਡ ਦੇ ਦੋਸ਼ੀ ਅਸੀਸ ਮਿਸਰਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਇਸੇ ਤਰ੍ਹਾਂ ਡੇਰਾ ਸਿਰਸਾ ਦੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ । ਸਿੱਖ ਕੌਮ ਤੇ ਪੰਜਾਬੀਆਂ ਦੇ ਵੱਡੇ ਦੋਸ਼ੀਆਂ ਪ੍ਰਤੀ ਹੁਕਮਰਾਨਾਂ ਅਤੇ ਅਦਾਲਤਾਂ ਵੱਲੋਂ ਕੀਤੀ ਜਾ ਰਹੀ ਹਮਦਰਦੀ ਕੇਵਲ ਤੇ ਕੇਵਲ ਇਨ੍ਹਾਂ ਦੀ ਵੋਟ ਸਿਆਸਤ ਦਾ ਹਿੱਸਾ ਹਨ । ਨਾ ਕਿ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਦੇ ਮਸਲਿਆ ਨੂੰ ਹੱਲ ਕਰਨ ਲਈ ਇਹ ਹੁਕਮਰਾਨ ਸੰਜ਼ੀਦਾ ਹਨ । ਇਸ ਲਈ ਸ੍ਰੀ ਮੋਦੀ, ਸ੍ਰੀ ਸ਼ਾਹ ਜਾਂ ਇਨ੍ਹਾਂ ਦੇ ਹੋਰ ਆਗੂਆਂ ਵੱਲੋਂ ਚੋਣਾਂ ਨੂੰ ਮੁੱਖ ਰੱਖਕੇ ਪੰਜਾਬ ਸੂਬੇ ਅਤੇ ਪੰਜਾਬੀਆਂ ਦੇ ਮਸਲੇ ਹੱਲ ਕਰਨ ਤੋ ਬਿਨ੍ਹਾਂ ਕੀਤੀਆ ਜਾ ਰਹੀਆ ਸਿਆਸੀ ਫੇਰੀਆ ਦਾ ਪੰਜਾਬ ਸੂਬੇ ਦੇ ਪੱਖ ਵਿਚ ਕੋਈ ਨਤੀਜਾ ਨਹੀਂ ਨਿਕਲੇਗਾ । ਇਸ ਲਈ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨ੍ਹਾਂ ਵੱਲੋ ਕੀਤੇ ਜਾਣ ਵਾਲੇ ਸਵਾਰਥੀ ਇਕੱਠਾਂ ਵਿਚ ਨਹੀ ਜਾਣਾ ਚਾਹੀਦਾ ਅਤੇ ਨਾ ਹੀ ਇਨ੍ਹਾਂ ਤਾਕਤਾਂ ਨੂੰ 20 ਫਰਵਰੀ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਕਰਕੇ ਉਭਰਨ ਦੇਣਾ ਚਾਹੀਦਾ ਹੈ ।